Now Reading
ਸ਼ਰਧਾਂਜਲੀਆਂ (ਸੰਗਰਮੀ ਲਹਿਰ-ਮਾਰਚ 2020)

ਸ਼ਰਧਾਂਜਲੀਆਂ (ਸੰਗਰਮੀ ਲਹਿਰ-ਮਾਰਚ 2020)

ਪੋ੍ਰ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ

ਪੰਜਾਬੀ ਸਾਹਿਤ ਜਗਤ ਦੀਆਂ ਦੋ ਵੱਡੀਆਂ ਹਸਤੀਆਂ, ਪ੍ਰੋਫੈਸਰ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਬੀਤੇ ਦਿਨੀਂ ਸਾਥੋਂ ਸਦਾ ਲਈ ਵਿਛੜ ਗਏ। ਪ੍ਰੋਫੈਸਰ ਟਿਵਾਣਾ ਜਿੱਥੇ ਪੰਜਾਬੀ ਮਾਂ ਬੋਲੀ ਦੇ  ਇਸਤਰੀ ਸਾਹਿਤਕਾਰਾਂ ਚੋਂ ਸਿਰਮੌਰ ਸਨ, ਉੱਥੇ ਜਸਵੰਤ ਸਿੰਘ ਕੰਵਲ ਦਾ ਸ਼ੁਮਾਰ ਵੀ ਪੰਜਾਬੀ ਦੇ ਸਭ ਤੋਂ ਮਕਬੂਲ ਨਾਵਲਕਾਰਾਂ ਵਿੱਚ ਕੀਤਾ ਜਾਂਦਾ ਹੈ। ਅਦਾਰਾ ‘ਸੰਗਰਾਮੀ ਲਹਿਰ’ ਵਲੋਂ  ਇਨ੍ਹਾਂ ਮਹਾਨ ਹਸਤੀਆਂ ਦੀ ਦੇਣ ਨੂੰ ਸਨਮਾਨ ਨਾਲ ਯਾਦ ਕਰਦਿਆਂ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।


ਕਾਮਰੇਡ ਬਲਬੀਰ ਸੂਦ
ਕਾਮਰੇਡ ਬਲਬੀਰ ਸੂਦ ਮਾਰਕਸੀ ਫਲਸਫੇ ਵਿਚ ਵਿਸ਼ਵਾਸ਼ ਰੱਖਣ ਵਾਲੇ ਵਿਗਿਆਨਕ ਵਿਚਾਰਾਂ ਦੇ ਧਾਰਨੀ ਸਾਥੀ ਸਨ। ਜੋ ਪੱਕੇ ਨਾਸਤਿਕ ਅਤੇ ਅਖੌਤੀ ਧਾਰਮਿਕ ਰਸਮਾਂ ਅਤੇ ਰੀਤੀ ਰਿਵਾਜਾਂ ਦੇ ਸਖਤ ਖਿਲਾਫ਼ ਸਨ। ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਬਹੁਤ ਮੁਸ਼ਕਲ ਆਰਥਿਕ ਹਾਲਤਾਂ ਵਿਚ ਆਪਣਾ ਬਚਪਨ ਗੁਜ਼ਾਰਦਿਆਂ ਆਪਣੀ ਮਾਤਾ ਦੇ ਅਥਾਹ ਪਿਆਰ ਅਤੇ ਆਪਣੀ ਮਿਹਨਤ ਨਾਲ ਐਲ.ਐਲ.ਬੀ. ਦੀ ਪੜ੍ਹਾਈ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਪੜ੍ਹਾਈ ਦੌਰਾਨ ਉਹ ਉਘੇ ਕਮਿਊਨਿਸਟ ਆਗੂ ਕਾਮਰੇਡ ਦੀਪਕ ਧਵਨ ਦਾ ਸਾਥ ਮਾਣਦਿਆਂ ਪਰਪੱਕ ਕਮਿਊਨਿਸਟ ਬਣੇ। ਉਨ੍ਹਾਂ ਜਿੱਥੇ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਦਾ ਕਾਰਜ ਕੀਤਾ ਉਥੇ ਟਰੇਡ ਯੂਨੀਅਨ ਵਿਚ ਕੰਮ ਕਰਦਿਆਂ ਭੱਠਾ ਮਜ਼ਦੂਰਾਂ ਨੂੰ ਵੀ ਜਥੇਬੰਦ ਕੀਤਾ। ਅੱਤਵਾਦ ਦੇ ਸਮੇਂ ਨਿਡਰਤਾ ਨਾਲ ਪਾਰਟੀ ਦੀ ਲਾਈਨ ਮੁਤਾਬਕ ਹਿੰਦੂ-ਸਿੱਖ ਭਾਈਚਾਰੇ ਦੀ ਰਾਖੀ ਲਈ ਕੰਮ ਕੀਤਾ। ਉਹ ਪਾਰਟੀ ਦੀ ਜ਼ਿਲ੍ਹਾ ਸਕੱਤਰੇਤ ਦੇ ਮੈਂਬਰ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਖਜਾਨਚੀ ਸਨ। ਉਹ ਪਾਰਟੀ ਫੰਡਾਂ ਦੀ ਵਰਤੋਂ ਦਾ ਹਿਸਾਬ ਬਹੁਤ ਹੀ ਇਮਾਨਦਾਰੀ ਨਾਲ ਰੱਖਦੇ ਸਨ ਅਤੇ ਪਾਰਟੀ ਫੰਡ ਉਗਰਾਹੀ ਦਾ ਕੈਂਸਰ ਪੀੜਤ ਹੋਣ ਤੋਂ ਬਾਵਜੂਦ ਭਰ ਗਰਮੀ ਵਿਚ ਸੁਹਿਰਦਤਾ ਨਾਲ ਯਤਨ ਕਰਦੇ ਸਨ। ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਦੀ ਧਰਮ ਪਤਨੀ, ਜਲਦੀ ਬਾਅਦ ਮਾਤਾ ਅਤੇ ਨਾਮੁਰਾਦ ਬਿਮਾਰੀ ਕਾਰਨ ਖ਼ੁਦ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਪਾਰਟੀ ਅਤੇ ਜਮਹੂਰੀ ਅੰਦੋਲਨ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਯੋਗ ਘਾਟਾ ਪਿਆ ਹੈ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ।



ਸ਼੍ਰੀ ਅਮਰੀਕ ਸਿੰਘ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੈਨੇਡਾ ਯੂਨਿਟ ਦੇ ਸਿਰਮੌਰ ਆਗੂ ਸਾਥੀ ਜਸਵੀਰ ਸਿੰਘ ਦਿਉਲ, ਵਾਸੀ ਹਰੀਪੁਰ (ਜਲੰਧਰ) ਦੇ ਸਤਿਕਾਰ ਯੋਗ ਪਿਤਾ ਜੀ ਸ਼੍ਰੀ ਅਮਰੀਕ ਸਿੰਘ ਜੀ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਨਮਿੱਤ ਅੰਤਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਹਰੀਪੁਰ ਵਿਖੇ ਹੋਈ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਕਾਰਜਕਾਰੀ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਇ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਅਤੇ ਸੂਬਾ ਕਮੇਟੀ ਮੈਂਬਰ ਸਾਥੀ ਗੁਰਦਰਸ਼ਨ ਬੀਕਾ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹੋਏ। ਸਾਥੀ ਪਾਸਲਾ ਨੇ ਇਸ ਮੌਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਸਤਿਕਾਰ ਨਾਲ ਯਾਦ ਕੀਤਾ। ਕੇਂਦਰੀ ਕਮੇਟੀ ਦੇ ਜਲੰਧਰ ਸਥਿਤ ਦਫਤਰ ਵਿੱਚ ਦਿਉਲ  ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਵਿੱਚ ਇੱਕ ਕਮਰੇ ਦੀ ਉਸਾਰੀ ਲਈ ਮਾਇਕ ਸਹਾਇਤਾ ਭੇਂਟ ਕੀਤੀ ਗਈ ।



ਕਿਸਾਨ ਆਗੂ ਦੀ ਬਰਸੀ ਮਨਾਈ
ਉੱਘੇ ਕਿਸਾਨ ਆਗੂ ਨਰੰਜਣ ਸਿੰਘ ਮੁਠੱਡਾ ਦੀ  41ਵੀਂ ਬਰਸੀ 4 ਫਰਵਰੀ ਨੂੰ ਪਿੰਡ ਮੁਠੱਡਾ ਕਲਾਂ ‘ਚ ਮਨਾਈ ਗਈ। ਇਸ ਮੌਕੇ  ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਮੋਦੀ ਦੇ ਰਾਜ ਦੌਰਾਨ ਲੋਕਾਂ ਦੇ ਮਸਲੇ ਹੱਲ੍ਹ ਕਰਨ ਦੀ ਥਾਂ ਹਿੰਦੂ, ਮੁਸਲਮਾਨ ਵਾਲੀ ਖ਼ਤਰਨਾਕ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੱਬੀਆਂ ਸ਼ਕਤੀਆਂ ਵੱਲੋਂ ਆਪਣੇ ਰੋਹ ਦਾ ਪ੍ਰਗਟਾਵਾ ਕਰਨ ਲਈ 25 ਮਾਰਚ ਨੂੰ ਲੁਧਿਆਣਾ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਵਜੋਂ ਜ਼ਿਲ੍ਹਾ ਪੱਧਰੀ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਆਰਐਮਪੀਆਈ ਦੇ ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਸਰਬਜੀਤ ਮੁਠੱਡਾ ਨੇ ਵੀ ਕਿਸਾਨ ਆਗੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ਦੀ ਪ੍ਰਧਾਨਗੀ ਕੁਲਦੀਪ ਫਿਲੌਰ ਅਤੇ ਗੁਰਨਾਮ ਮੁਠੱਡਾ ਨੇ ਕੀਤੀ। ਆਰੰਭ ’ਚ ਮਹਿੰਦਰ ਸਿੰਘ ਮਹਿਸਮਪੁਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

Scroll To Top