Now Reading
ਵਿਸ਼ੇਸ਼ : ਦੋ ਖੱਬੀਆਂ ਪਾਰਟੀਆਂ ਦੇ ਏਕੀਕਰਨ ਵੱਲ ਵੱਧਦੇ ਕਦਮ

ਵਿਸ਼ੇਸ਼ : ਦੋ ਖੱਬੀਆਂ ਪਾਰਟੀਆਂ ਦੇ ਏਕੀਕਰਨ ਵੱਲ ਵੱਧਦੇ ਕਦਮ

ਭਾਰਤੀ ਹਾਕਮਾਂ ਦੀਆਂ ਕਾਰਪੋਰੇਟ ਪੱਖੀ ਤੇ ਲੋਕ-ਮਾਰੂ ਆਰਥਕ ਨੀਤੀਆਂ ਅਤੇ ਭਾਜਪਾ ਸਰਕਾਰ ਦੀਆਂ ਧਰਮ-ਅਧਾਰਤ ਪਿਛਾਖੜੀ ਰਾਜ ਸਥਾਪਤ ਕਰਨ ਵੱਲ ਸੇਧਤ ਪਹੁੰਚਾਂ ਕਾਰਨ ਭਾਰਤੀ ਲੋਕਾਂ ਅੰਦਰ ਭਾਰੀ ਨਿਰਾਸ਼ਾ ਹੈ। ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਜ਼ੁਮਲੇਬਾਜ਼ੀਆਂ ਨਾਲ ਠਗੇ ਗਏ ਮਹਿਸੂਸ ਕਰ ਰਹੇ ਹਨ। ਜਦੋਂਕਿ ਕਿਰਤੀ ਜਨਸਮੂਹਾਂ ਦੇ ਜਥੇਬੰਦ ਭਾਗਾਂ ਅੰਦਰ ਸਰਕਾਰਾਂ ਦੀਆਂ ਅਜੇਹੀਆਂ ਲੋਕ ਵਿਰੋਧੀ ਕਾਰਵਾਈਆਂ ਪ੍ਰਤੀ ਰੋਹ ਵੱਧ ਰਿਹਾ ਹੈ। ਇਸ ਵਿਆਪਕ ਰੋਹ ਨੂੰ ਲੜਾਕੂ ਲੀਹਾਂ ‘ਤੇ ਅਗਵਾਈ ਦੇਣ ਅਤੇ ਲੋਕਾਂ ਦੇ ਸਨਮੁੱਖ ਇਕ ਲੋਕ ਪੱਖੀ ਆਰਥਕ-ਰਾਜਨੀਤਕ ਬਦਲ ਪੇਸ਼ ਕਰਨ ਲਈ ਖੱਬੀਆਂ ਸ਼ਕਤੀਆਂ ਦੀ ਪ੍ਰਭਾਵਸ਼ਾਲੀ ਤੇ ਮਜ਼ਬੂਤ ਇਕਜੁੱਟਤਾ ਸਮੇਂ ਦੀ ਇਤਿਹਾਸਕ ਲੋੜ ਬਣ ਚੁੱਕੀ ਹੈ।
ਇਸ ਲੋੜ ਦੀ ਪੂਰਤੀ ਵੱਲ ਅਗਾਂਹ ਵੱਧਣ ਲਈ ਐਮ.ਸੀ.ਪੀ.ਆਈ (ਯੂ) ਦੇ ਜਨਰਲ ਸਕੱਤਰ ਕਾਮਰੇਡ ਮੁਹੰਮਦ ਗੌਂਸ ਦੀ ਪਹਿਲ ਕਦਮੀ ‘ਤੇ ਆਰ.ਐਮ.ਪੀ.ਆਈ. ਦੀ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਅਤੇ ਐਮ.ਸੀ.ਪੀ.ਆਈ. (ਯੂ) ਦੇ ਪੀ.ਬੀ. ਮੈਂਬਰਾਂ ਵਿਚਕਾਰ ਜੁਲਾਈ ਮਹੀਨੇ ਵਿਚ ਇਕ ਸ਼ੁਰੂਆਤੀ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿਚ ਹੋਏ ਵਿਚਾਰ-ਵਟਾਂਦਰੇ ਉਪਰ ਅਗਲੇਰੇ ਨਿਰਣੇ ਲੈਣ ਲਈ ਆਰ.ਐਮ.ਪੀ.ਆਈ. ਦੀ ਕੇਂਦਰੀ ਦੀ ਮੀਟਿੰਗ 17 ਅਗਸਤ 2018 ਨੂੰ ਨਵੀਂ ਦਿੱਲੀ ਵਿਖੇ ਪਾਰਟੀ ਦੇ ਚੇਅਰਮੈਨ ਕਾਮਰੇਡ ਕੇ.ਗੰਗਾਧਰਨ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਵਿਚ ਦੋਹਾਂ ਪਾਰਟੀਆਂ ਦੇ ਏਕੀਕਰਨ ਬਾਰੇ ਆਈਆਂ ਤਜ਼ਵੀਜਾਂ ਉਪਰ ਲੋੜੀਂਦੀ ਗੰਭੀਰਤਾ ਸਹਿਤ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਨੇ ਇਸ ਨੂੰ ਇਕ ਵਧੀਆ ਤੇ ਹਾਂ-ਪੱਖੀ ਘਟਨਾ ਵਜੋਂ ਲਿਆ ਅਤੇ ਗੱਲਬਾਤ ਨੂੰ ਅੱਗੇ ਤੋਰਨ ਲਈ ਪਾਰਟੀ ਦੀ ਸਟੈਂਡਿੰਗ ਕਮੇਟੀ ਨੂੰ ਅਧਿਕਾਰਤ ਕਰ ਦਿੱਤਾ।
ਇਸ ਆਧਾਰ ‘ਤੇ ਅਗਲੇ ਹੀ ਦਿਨ ਭਾਵ 18 ਅਗਸਤ ਨੂੰ ਦੋਵਾਂ ਪਾਰਟੀਆਂ ਦੇ ਆਗੂਆਂ ਵਿਚਕਾਰ ਉਸੇ ਸਥਰਨ ‘ਤੇ ਮੁੜ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਉਪਰੰਤ ਨਿਮਨਲਿਖਤ ਪ੍ਰੈਸ ਬਿਆਨ ਜਾਰੀ ਕੀਤਾ ਗਿਆ।
”ਦੇਸ਼ ਦੀਆਂ ਦੋ ਖੱਬੀਆਂ ਪਾਰਟੀਆਂ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਇਟਡ) (ਐਮ.ਸੀ.ਪੀ.ਆਈ.(ਯੂ)) ਦੇ ਕੇਂਦਰੀ ਆਗੂਆਂ ਦੀ ਸਾਂਝੀ ਮੀਟਿੰਗ 18 ਅਗਸਤ ਨੂੰ ਦਿੱਲੀ ਵਿਖੇ ਹੋਈ।  ਮੀਟਿੰਗ ਵਿਚ ਮੌਜੂਦਾ ਚਿੰਤਾਜਨਕ ਰਾਜਸੀ ਅਵਸਥਾ ਬਾਰੇ ਗੰਭੀਰ ਵਿਚਾਰ ਵਟਾਂਦਰਾ ਹੋਇਆ। ਮੋਦੀ ਸਰਕਾਰ ਵਲੋਂ ਨਵਉਦਾਰਵਾਦੀ ਨੀਤੀ-ਚੌਖਟੇ ‘ਤੇ ਅਮਲ ਨੂੰ ਹੋਰ ਤਿੱਖਾ ਕਰ ਦੇਣ ਦੇ ਸਿੱਟੇ ਵਜੋਂ ਆਮ ਲੋਕਾਂ ਦੀਆਂ ਦਿਨੋ-ਦਿਨ ਵਧੇਰੇ ਮੁਸ਼ਕਲ ਹੋ ਰਹੀਆਂ ਜੀਵਨ ਹਾਲਤਾਂ ਅਤੇ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਅਤੇ ਹੋਰ ਮਿਹਨਤੀ ਤਬਕਿਆਂ ‘ਤੇ ਕੀਤੇ ਜਾ ਰਹੇ ਫਿਰਕੂ-ਫਾਸ਼ੀਵਾਦੀ ਹਮਲਿਆਂ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਕਿ ਨਵਉਦਾਰਵਾਦੀ ਨੀਤੀਆਂ ਦੇ ਪੈਰੋਕਾਰ ਰਾਜਸੀ ਦਲਾਂ ਦੇ ਮੁਕਾਬਲੇ ਵਿਚ ਇਕ ਭਰੋਸੇਯੋਗ ਰਾਜਸੀ ਬਦਲ ਉਸਾਰੇ ਜਾਣ ਦੇ ਮਕਸਦ ਨਾਲ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਕਰਨ ਦੇ ਯਤਨ ਹੋਰ ਤੇਜ਼ ਕੀਤੇ ਜਾਣਗੇ। ਇਸ ਫੈਸਲੇ ਦੀ ਰੌਸ਼ਨੀ ਵਿਚ ਕਾਮਰੇਡ ਕੇ.ਗੰਗਾਧਰਨ, ਮੰਗਤ ਰਾਮ ਪਾਸਲਾ, ਰਜਿੰਦਰ ਪਰਾਂਜਪੇ, ਹਰਕੰਵਲ ਸਿੰਘ, ਕੇ.ਐਸ. ਹਰੀਹਰਨ (ਸਾਰੇ ਆਰ.ਐਮ.ਪੀ.ਆਈ.) ਅਤੇ ਸਾਥੀ ਮੁਹੰਮਦ ਗੌਂਸ, ਅਸ਼ੋਕ ਓਮਕਾਰ, ਕਿਰਨਜੀਤ ਸਿੰਘ ਸੇਖੋਂ, ਅਨੁਭਵ ਦਾਸ ਸ਼ਾਸ਼ਤਰੀ, ਮਹਿੰਦਰ ਨੇਹ (ਸਾਰੇ ਐਮ.ਸੀ.ਪੀ.ਆਈ.(ਯੂ)) ‘ਤੇ ਅਧਾਰਿਤ ਇਕ ਤਾਲਮੇਲ ਕਮੇਟੀ ਬਣਾਈ ਗਈ। ਕਾਮਰੇਡ ਮੰਗਤ ਰਾਮ ਪਾਸਲਾ ਅਤੇ ਕਾਮਰੇਡ ਮੁਹੰਮਦ ਗੌਂਸ ਇਸ ਤਾਲਮੇਲ ਕਮੇਟੀ ਦੇ ਕਨਵੀਨਰ ਨਿਯੁਕਤ ਕੀਤੇ ਗਏ। ਇਹ ਕਮੇਟੀ, ਭਵਿੱਖ ਵਿਚ ਦੋਹਾਂ ਪਾਰਟੀਆਂ ਦੇ ਏਕੀਕਰਣ ਦੀ ਪ੍ਰਕਿਰਿਆ ਨੂੰ ਸਫਲ ਕਰਨ ਅਤੇ ਸਾਂਝੇ ਘੋਲ ਵਿੱਢਣ ਸਬੰਧੀ ਯੋਜਨਾਬੰਦੀ ਉਲੀਕਣ ਦਾ ਕੰਮ ਕਰੇਗੀ। ਤਾਲਮੇਲ ਕਮੇਟੀ ਦੀ ਅਗਲੀ ਮੀਟਿੰਗ ਸਤੰਬਰ ਦੇ ਆਖਰੀ ਹਫ਼ਤੇ ਹੈਦਰਾਬਾਦ ਵਿਖੇ ਸੱਦਣ ਦਾ ਫ਼ੈਸਲਾ ਵੀ ਕੀਤਾ ਗਿਆ।”
ਇਸ ਫੈਸਲੇ ਅਨੁਸਾਰ ਤਾਲਮੇਲ ਕਮੇਟੀ ਦੀ ਅਗਲੀ ਮੀਟਿੰਗ 2-3 ਅਕਤੂਬਰ ਨੂੰ ਹੈਦਰਾਬਾਦ ਵਿਖੇ ਹੋਵੇਗੀ।
ਰਿਪੋਰਟ : ਹਰਕੰਵਲ ਸਿੰਘ

Scroll To Top