Now Reading
ਵਿਲੱਖਣ ਹੋਵੇਗਾ ਇਸ ਵਾਰ ਦਾ ਕੌਮਾਂਤਰੀ ਇਸਤਰੀ ਦਿਵਸ

ਵਿਲੱਖਣ ਹੋਵੇਗਾ ਇਸ ਵਾਰ ਦਾ ਕੌਮਾਂਤਰੀ ਇਸਤਰੀ ਦਿਵਸ

ਮਹੀਪਾਲ

ਭਾਰਤ ਸਮੇਤ ਸੰਸਾਰ ਦੇ ਲਗਭੱਗ ਸਾਰੇ ਦੇਸ਼ਾਂ ਵਿੱਚ ਹਰ ਸਾਲ 8 ਮਾਰਚ ਦਾ ਦਿਹਾੜਾ ‘ਕੌਮਾਂਤਰੀ ਇਸਤਰੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਦਿਵਸ ਔਰਤਾਂ ਦੇ ਸਵੈਮਾਣ ਦੀ ਰਾਖੀ ਅਤੇ ਹਰ ਖੇਤਰ ਵਿੱਚ ਉਨ੍ਹਾਂ ਨੂੰ ਸਮਾਨ ਅਧਿਕਾਰਾਂ ਦੀ ਗਰੰਟੀ ਕੀਤੇ ਜਾਣ ਦੇ ਭਵਿੱਖ ਮੁਖੀ ਸੰਗਰਾਮ ਦਾ ਪ੍ਰਤੀਕ ਹੈ। ਸਾਡੇ ਦੇਸ਼ ਦੇ ਇਸਤਰੀ ਸੰਗਠਨ, ਜਮਹੂਰੀ ਅੰਦੋਲਨ ਨਾਲ ਜੁੜੀਆਂ ਤਬਕਾਤੀ ਜੱਥੇਬੰਦੀਆਂ ਅਤੇ ਪ੍ਰਗਤੀ ਹਾਮੀ ਧਿਰਾਂ ਇਹ ਦਿਵਸ ਹਰ ਸਾਲ ਮਨਾਉਂਦੀਆਂ ਹਨ। ਪੰਜਾਬ ਵੀ ਉਕਤ ਨਰੋਈ ਰਵਾਇਤ ਨਾਲ ਜੁੜੀਆਂ ਸੁਵੱਲੀਆਂ ਭਾਵਨਾਵਾਂ ਤੋਂ ਅਛੂਤਾਂ ਨਹੀਂ।                         
ਪਰ ਇਸ ਵਾਰ ਦਾ ਕੌਮਾਂਤਰੀ ਇਸਤਰੀ ਦਿਵਸ ਨਾ ਕੇਵਲ ਸਾਡੇ ਦੇਸ਼ ਦੀਆਂ ਇਸਤਰੀਆਂ ਬਲਕਿ ਸਮੁੱਚੇ ਦੇਸ਼ ਵਾਸੀਆਂ ਲਈ ਬਹੁਤ ਮਹੱਤਵ ਰਖਦਾ ਹੈ। ਕਿਉਂਕਿ ਅਜੋਕੇ ਸਮੇਂ ਸਾਡੇ ਦੇਸ਼ ਦੀਆਂ ਬਹਾਦਰ ਇਸਤਰੀਆਂ ਦੇਸ਼ ਦੇ ਸੰਵਿਧਾਨ, ਧਰਮ ਨਿਰਪੱਖ ਤੇ ਜਮਹੂਰੀ ਕਦਰਾਂ ਅਤੇ ਫੈਡਰਲਿਜ਼ਮ ਦੀ ਰਾਖੀ ਦਾ ਸੰਘਰਸ਼ ਲੜ ਰਹੀਆਂ ਹਨ।
ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐਸ ਐਸ) ਦੇ ਕੱਟੜ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਕੋਝੇ ਮਕਸਦ ਲਈ ਕਾਰਜਸ਼ੀਲ, ਮੋਦੀ-ਸ਼ਾਹ ਹੁਕੂਮਤ ਵਲੋਂ ਫਿਰਕੂ ਧਰੁਵੀਕਰਨ ਦੀ ਸਾਜਿਸ਼ ਅਧੀਨ ਘੜੇ ਗਏ ਨਾਗਰਿਕਤਾ ਸੋਧ ਕਾਨੂੰਨ-2019 (ਸੀਏਏ), ਅਤੇ ਕੌਮੀ ਨਾਗਰਿਕਤਾ ਸੂਚੀ (ਐਨਆਰਸੀ) ਤੇ ਕੌਮੀ ਜਨਸੰਖਿਆ ਰਜਿਸਟਰ (ਐਨ ਆਰ ਸੀ) ਤਿਆਰ ਕਰਨ ਦੇ ਕੀਤੇ ਗਏ ਐਲਾਨ ਵਿਰੁੱਧ ਚੱਲ ਰਹੇ ਇਸ ਸੰਗਰਾਮ ਦੀ ਅਗਵਾਈ ਦੇਸ਼ ਦੀਆਂ ਇਸਤਰੀਆਂ ਦੇ ਹੱਥ ਹੈ। ਦੂਰਦਰਸ਼ਨ ’ਤੇ ਇਸਤਰੀਆਂ ਦੇ ਯੋਗਦਾਨ ਅਤੇ ਕਾਬਲੀਅਤ ਨੂੰ ਵਡਿਆਉਂਦੀ ਇੱਕ ਮਸ਼ਹੂਰੀ ਆਇਆ ਕਰਦੀ ਸੀ ਜਿਸ ਦਾ ਥੀਮ ਸੌਂਗ ਸੀ ,‘‘ਹਮ ਭਾਰਤ ਕੀ ਬੇਟੀ ਹੈਂ।’’ ਅੱਜ ਬੀਬੀਆਂ ਦੇ ਦੇਸ਼ ਵਿਆਪੀ ਸੰਘਰਸ਼ ਦਾ ਵਿਸ਼ਲੇਸ਼ਣ ਕਰਦਿਆਂ ਉਹ ਧੁਨ ਅਤੇ ਨਗ਼ਮਾ ਵਧੇਰੇ ਸਾਰਥਕ ਅਤੇ ਪਿਆਰਾ ਲੱਗਣ ਲੱਗ ਪਿਆ ਹੈ ।
ਦਰਅਸਲ ਇਸ ਸੰਘਰਸ਼ ਦੇ ਸਿੱਟੇ ਹੀ ਇਹ ਤੈਅ ਕਰਨਗੇ ਕਿ ਭਵਿੱਖ ਵਿੱਚ ਸਾਡੇ  ਭਾਰਤ ਦੇਸ਼ ਦਾ ਸਰੂਪ ਕਿਹੋ ਜਿਹਾ ਹੋਵੇਗਾ। ਜੇ ਇਹ ਸੰਘਰਸ਼ ਜੇਤੂ ਹੋਇਆ ਤਾਂ ਭਾਰਤ ਇੱਕ ਉਦਾਰ, ਸੈਕੁਲਰ ਲੋਕ ਤੰਤਰ ਵਜੋਂ ਕਾਇਮ ਰਹੇਗਾ ਅਤੇ ਭਵਿੱਖ ਵਿੱਚ ਇਥੋਂ ਦੇ ਹਰ ਬਾਸ਼ਿੰਦੇ ਨੂੰ ਹਰ ਖੇਤਰ ਵਿੱਚ ਸਮਾਨ ਤਰੱਕੀ ਦੇ ਮੌਕੇ ਮੁਹੱਈਆ ਕਰਵਾਉਣ ਵਾਲੀ ਤਨਜ਼ੀਮ ਅਗੇ ਵਧੇਗੀ। ਇਸ ਦੇ ਉਲਟ ਜੇ ਇਹ ਸੰਘਰਸ਼ ਜੇਤੂ ਨਾ ਹੋ ਸਕਿਆ ਤਾਂ ਭਾਰਤ ਇੱਕ ਤੰਗ ਨਜ਼ਰ, ਧਰਮ ਆਧਾਰਿਤ ਕੱਟੜ ਹਿੰਦੂ ਰਾਸ਼ਟਰ ਵਿੱਚ ਤਬਦੀਲ ਹੋ ਜਾਵੇਗਾ ਅਤੇ ਘਰੋਗੀ ਅਫਰਾ-ਤਫਰੀ ਦਾ ਸ਼ਿਕਾਰ ਹੋ ਕੇ ਖਿੰਡ-ਪੁੰਡ ਜਾਵੇਗਾ। ਐਪਰ ਇਹ ਗੱਲ ਪੱਕੀ ਹੈ ਕਿ ਇਸ ਸੰਘਰਸ਼ ਸਦਕਾ ਲੋਕਾਈ ਦੀ ਮਾਨਸਿਕਤਾ ਨੂੰ ਝੰਜੋੜ ਰਹੇ ਅਗਾਂਹਵਧੂ ਤੇ ਵਿਗਿਆਨਕ ਵਿਚਾਰ, ਭਾਈਚਾਰਕ ਸਾਂਝ ਦੀ ਰਾਖੀ ਅਤੇ ਮਜ਼ਬੂਤੀ ਦੀਆਂ ਭਾਵਨਾਵਾਂ, ਸਰਕਾਰ ਦੀ ਬਦਨੀਅਤੀ  ਅਤੇ ਤੰਗ ਨਜ਼ਰ ਸ਼ਕਤੀਆਂ ਦਾ ਬੇਪਰਦ ਹੋਣਾ ਆਦਿ ਉਹ ਨਿੱਗਰ ਪ੍ਰਾਪਤੀਆਂ ਹਨ ਜੋ ਦੇਸ਼ ਦੇ ਜਮਹੂਰੀ ਅੰਦੋਲਨ ਲਈ ਭਵਿੱਖ ਵਿੱਚ ਡਾਢੇ ਮਦਦਗਾਰ ਸਾਬਤ ਹੋ ਸਕਦੇ ਹਨ। ਬਸ਼ਰਤੇ ਜਮਹੂਰੀ ਅੰਦੋਲਨ ਦੇ ਪਹਿਰੇਦਾਰ ਆਪਣੀ ਬਣਦੀ ਭੂਮਿਕਾ ਸੰਜੀਦਗੀ ਅਤੇ ਸਿਦਕਦਿਲੀ ਨਾਲ ਨਿਭਾਉਣ। ਦੇਸ਼ ਦੀਆਂ ਇਸਤਰੀਆਂ ਵਿੱਚ ਪੈਦਾ ਹੋਇਆ ਸਵੈ-ਵਿਸ਼ਵਾਸ ਅਤੇ ਚੇਤਨਾ ਇਸ ਸੰਘਰਸ਼ ਦੀ ਦੂਜੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਇਸ ਸੰਘਰਸ਼ ਦੇ ਸਿੱਟੇ ਚਾਹੇ ਜੋ ਵੀ ਹੋਣ ਪਰ ਇੱਕ ਗੱਲ ਪੱਕੀ ਹੈ ਕਿ ਦੇਸ਼ ਦੀਆਂ ਬੇਟੀਆਂ ਦੇ ਮਨ ਮਸਤਕ ਵਿੱਚ ਪ੍ਰਜਵਲਤ ਹੋਈ ਸੰਘਰਸ਼ ਦੀ ਚਿਣਗ ਦਾ ਭਾਰਤੀ ਸਮਾਜ ’ਤੇ ਹਾਂ-ਪੱਖੀ ਪ੍ਰਭਾਵ ਪੈਣਾ ਲਾਜ਼ਮੀ ਹੈ। ਐਪਰ ਸਵਾਲ ਫਿਰ ਇਹੋ ਹੈ ਕਿ ਇਸ ਹਾਂ ਪੱਖੀ ਸਮਝਦਾਰੀ ਨੂੰ ਦੇਸ਼ ਦੀ ਪ੍ਰਗਤੀਸ਼ੀਲ ਲਹਿਰ ਕਿਵੇਂ ਅਸਰਅੰਦਾਜ ਕਰੇਗੀ।
ਸ਼ਾਹੀਨ ਬਾਗ਼, ਜਾਮੀਆ, ਜੇਐਨਯੂ ਤੋਂ ਸ਼ੁਰੂ ਹੋਇਆ ਭਾਰਤ ਦੀਆਂ ਬੁੱਧੀਮਾਨ ਧੀਆਂ ਦਾ ਸੰਗਰਾਮ ਚਹੁੰ ਕੂਟਾਂ ਵਿੱਚ ਫੈਲ ਚੁੱਕਾ ਹੈ ਅਤੇ ਹਰ ਕਿਸਮ ਦੇ ਅੜਿੱਕਿਆਂ ਦਾ ਸਫਲਤਾ ਪੂਰਵਕ ਟਾਕਰਾ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਸੰਘਰਸ਼ ਦੇ ਦੋਖੀਆਂ ਵਲੋਂ ਗੋਲੀਆਂ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸਤਰੀਆਂ ਵਿਰੁੱਧ ਅਤਿ ਨੀਵੇਂ ਦਰਜੇ ਦੀ ਭਾਸ਼ਾ ਵਿੱਚ ਦੁਸ਼ਪ੍ਰਚਾਰ ਕੀਤਾ ਗਿਆ। ਖਰੂਦੀ ਕਾਰਕੁੰਨਾਂ ਰਾਹੀਂ ਸਮਾਨਅੰਤਰ ਮੁਜ਼ਾਹਰੇ ਕਰਵਾ ਕੇ ‘ਸ਼ਾਹੀਨ ਬਾਗ਼ ਖਾਲੀ ਕਰੋ’ ਦੇ ਨਾਅਰੇ ਲਵਾਏ ਗਏ। ਸ਼ਾਹੀਨ ਬਾਗ਼ ਅਤੇ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਸੰਘਰਸ਼ ਕਰ ਰਹੇ ਲੋਕਾਂ ਅਤੇ ਇਨ੍ਹਾਂ ਦੇ ਸਮਰਥਕਾਂ ਨੂੰ ਦੇਸ਼ ਦੇ ਗੱਦਾਰ, ਪਾਕਿਸਤਾਨ ਦੇ ਏਜੰਟ ਆਦਿ ਕਹਿ ਕੇ ਭੰਡਿਆ ਗਿਆ। ਇਸ ਦੇਸ਼ ਵਿਆਪੀ ਸਰਬ ਸਾਂਝੇ ਸੰਗਰਾਮ ਨੂੰ ਇੱਕ ਫਿਰਕੇ ਵਿਸ਼ੇਸ਼ ਦਾ ਘੋਲ ਕਹਿ ਕੇ ਸਾਬੋਤਾਜ ਕਰਨ ਦੇ ਹਰਬੇ ਵਰਤੇ ਗਏ । ਕੇਂਦਰੀ ਵਜ਼ੀਰਾਂ ਅਤੇ ਸਾਂਸਦਾਂ ਨੇ ਆਪਣੇ ਸਮਰਥਕਾਂ ਨੂੰ ਸੰਘਰਸ਼ੀ ਲੋਕਾਂ ’ਤੇ ਮਾਰੂ ਹਮਲੇ ਕਰਨ ਲਈ ਉਕਸਾਇਆ।
ਫਿਰਕੂ ਜ਼ਹਿਨੀਅਤ ਸਦਕਾ ਸੋਚਣ ਸਮਝਣ ਦੀ ਸ਼ਕਤੀ ਗੁਆ ਚੁੱਕੇ ਸਰਕਾਰੀ ਨੁਮਾਇੰਦਿਆਂ ਨੇ ਇੱਥੋਂ ਤੱਕ ਕਿਹਾ ਕਿ ਜੇ ਉਕਤ ਲੋਕ ਸੰਘਰਸ਼ ਨੂੰ ਸਖ਼ਤੀ ਨਾਲ ਨਾ ਦਬਾਇਆ ਗਿਆ ਤਾਂ ਸੰਘਰਸ਼ ਕਰ ਰਹੇ ਲੋਕ ਦਿੱਲੀ ਵਾਸੀਆਂ ਦੇ ਘਰਾਂ ਵਿੱਚ ਦਾਖਲ ਹੋ ਕੇ ਔਰਤਾਂ ਨਾਲ ਦੁਰਾਚਾਰ ਕਰਨਗੇ। ਦਰਅਸਲ ਇਹ ਸਰਕਾਰੀ ਨੁਮਾਇੰਦੇ ਇਸ ਕਿਸਮ ਦੇ ਬਿਆਨਾਂ ਰਾਹੀਂ ਇਸ ਆਵਾਮੀ ਸੰਘਰਸ਼ ਨੂੰ ਹਿੰਦੂ-ਮੁਸਲਮਾਨ ਵਖਰੇਵੇਂ ਦੇ ਕੋਝੇ ਹਥਿਆਰ ਰਾਹੀਂ ਮਲਿਆਮੇਟ ਕਰ ਦੇਣਾ ਚਾਹੁੰਦੇ ਸਨ। ਪੱਖਪਾਤੀ ਅਤੇ ਗੈਰ ਜਿੰਮੇਵਾਰ ਮੀਡੀਆ ਦੀ ਇਸ ਘੋਲ ਪ੍ਰਤੀ ਦੋਖੀ ਪਹੁੰਚ ਬਾਰੇ ਤਾਂ ਜਿੰਨਾ ਲਿਖਿਆ-ਕਿਹਾ ਜਾਵੇ, ਉਹ ਥੋੜ੍ਹਾ ਹੈ। ਸੰਘ ਭਾਜਪਾ ਆਗੂਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਨੇਕਾਂ ਕੇਂਦਰੀ ਵਜ਼ੀਰਾਂ ਯੂ ਪੀ ਦੇ ਮੁੱਖ ਮੰਤਰੀ ਅਤੇ  ਕਈ ਸੰਸਦ ਮੈਂਬਰਾਂ ਵਲੋਂ ਧੜਾਧੜ ਕੀਤੀਆਂ ਗਈਆਂ ਮਰਯਾਦਾਹੀਣ, ਗੈਰ ਇਖਲਾਕੀ, ਗੈਰ ਸੰਵਿਧਾਨਕ ਟਿੱਪਣੀਆਂ ਨੇ ਸਮੁੱਚੇ ਸੰਘ ਪਰਿਵਾਰ ਦਾ ਹੀਜ਼ ਪਿਆਜ ਨੰਗਾ ਕਰ ਦਿੱਤਾ ਹੈ। ਸਾਰੇ ਸਾਜ਼ਿਸ਼ੀ ਹਥਕੰਡਿਆਂ ਨੂੰ ਫੇਲ੍ਹ ਕਰਦਿਆਂ ਇਹ ਸੰਘਰਸ਼ ਨਾ ਕੇਵਲ  ਜਾਰੀ ਹੈ ਬਲਕਿ ਦਿਨੋਂ ਦਿਨ ਹੋਰ ਮਜਬੂਤੀ ਫੜ ਰਿਹਾ ਹੈ। ‘ਦਿ ਵਾਇਰ’ ਦੀ ਇੱਕ ਰੀਪੋਰਟ ਅਨੁਸਾਰ ਇਸ ਵੇਲੇ ਇਹ ਸੰਘਰਸ਼ ਦੇਸ਼ ਦੇ ਸਾਰੇ ਸੂਬਿਆਂ ਦੇ 100 ਦੇ ਕਰੀਬ ਸ਼ਹਿਰਾਂ ਵਿੱਚ ਚੱਲ ਰਿਹਾ ਹੈ। ਇਕੱਲੇ ਦਿੱਲੀ ਸ਼ਹਿਰ ਵਿੱਚ ਹੀ ਇਹ ਸੰਘਰਸ਼ ਦਰਜਨ ਦੇ ਕਰੀਬ ਥਾਂਵਾਂ ਉੱਤੇ ਜਾਰੀ ਹੈ। ਕਰਨਾਟਕਾ ਅਤੇ ਯੂ.ਪੀ., ਜਿੱਥੇ ਅੰਦੋਲਨਕਾਰੀਆਂ, ਖਾਸ ਕਰਕੇ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ ਨੂੰ ਅਣਕਿਆਸੇ ਜਬਰ ਦਾ ਨਿਸ਼ਾਨਾ ਬਣਾਇਆ ਗਿਆ, ਵਿਖੇ ਵੀ ਇਹ ਸੰਘਰਸ਼ ਆਨ-ਬਾਨ-ਸ਼ਾਨ ਨਾਲ ਅੱਗੇ ਵੱਧ ਰਿਹਾ ਹੈ। ਦੇਸ਼ ਦੇ ਚਾਰੇ ਮਹਾਂਨਗਰਾਂ ਵਿੱਚ ਲਾਮਿਸਾਲ ਮੁਜਾਹਰੇ ਹਰ ਰੋਜ ਹੋ ਰਹੇ ਹਨ। ਅੰਬੇਦਕਰਵਾਦੀ, ਗਾਂਧੀਵਾਦੀ, ਖੱਬੇ ਪੱਖੀ, ਵਿਗਿਆਨਕ ਵਿਚਾਰਧਾਰਾ ਨੂੰ ਪ੍ਰਣਾਏ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਕਾਰਕੁੰਨ, ਨਾਮਵਰ ਬੁੱਧੀਜੀਵੀ, ਫਿਲਮ ਉਦਯੋਗ ਦੀਆਂ ਵੱਡੀਆਂ ਹਸਤੀਆਂ ਸਭ ਇਸ ਸੰਘਰਸ਼ ਦਾ ਆਪੋ ਆਪਣੇ  ਢੰਗਾਂ ਨਾਲ  ਹਿੱਸਾ  ਬਣ ਗਏ ਹਨ । ਇਹ ਗੱਲ ਡਾਢੀ ਮਾਣ ਕਰਨ ਵਾਲੀ ਹੈ ਕਿ  ਹਰ ਥਾਂ ਇਸ ਸੰਘਰਸ਼ ਦੀ ਚਾਲਕ ਸ਼ਕਤੀ ਇਸਤਰੀਆਂ ਹੀ ਹਨ।
ਹਰ ਥਾਂ ਤੋਂ ਇਨ੍ਹਾਂ ਸੰਘਰਸ਼ਾਂ ਰਾਹੀਂ ਭਾਰਤ ਦੇ ‘ਅਨੇਕਤਾ ਵਿੱਚ ਏਕਤਾ’ ਦੇ ਖੂਬਸੂਰਤ ਸੰਕਲਪ ਅਤੇ ਬਣਤਰ ਦੀ ਰਾਖੀ ਦੀਆਂ ਆਵਾਜ਼ਾਂ ਬੁਲੰਦ ਕੀਤੀਆਂ ਜਾ ਰਹੀਆਂ ਹਨ। ਭਾਰਤ ਦਾ ਕੌਮੀ ਝੰਡਾ ਅਤੇ ਕੌਮੀ ਤਰਾਨਾ ਇਸ ਵਿਆਪਕ ਸੰਘਰਸ਼ ਦੀ ਮੁੱਖ ਪਛਾਣ ਬਣ ਚੁੱਕਾ ਹੈ। ਭਾਰਤੀ ਆਵਾਮ ਦੀ ਧਰਮਾਂ, ਜਾਤਾਂ, ਭਾਸ਼ਾਵਾਂ, ਇਲਾਕਿਆਂ ਆਦਿ ਦੇ ਵਖਰੇਵਿਆਂ ਤੋਂ ਉੱਪਰ ਉੱਠਕੇ ਵਿਸ਼ਾਲ ਏਕਤਾ ਦਾ ਸੁਨੇਹਾ ਪ੍ਰਚੰਡ ਕਰ ਰਿਹਾ ਹੈ ਬੇਟੀਆਂ, ਭੈਣਾਂ, ਨਾਨੀਆਂ, ਦਾਦੀਆਂ ਦਾ ਇਹ ਸੰਗਰਾਮ।
ਇਸ ਸੰਘਰਸ਼ ਨੇ ਮੋਦੀ ਹੁਕੂਮਤ ਅਤੇ ਇਸ ਦੇ ਕਥਿਤ ਮਾਰਗ ਦਰਸ਼ਕ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਫੁੱਟ ਪਾਊ ਮਨਸੂਬਿਆਂ ਅਤੇ ਫਿਰਕੂ ਵੰਡ ਤਿੱਖੀ ਕਰਨ ਦੇ ਨਾਅਰਿਆਂ ਦੀ ਧਾਰ ਵੱਡੀ ਹੱਦ ਤੱਕ ਖੁੰਢੀ ਕੀਤੀ ਹੈ। ਸੰਘ ਦੇ ਮਰਯਾਦਾ ਤੇ ਸੂਝ ਤੋਂ ਕੋਰੇ ਆਗੂਆਂ ਤੇ ਕਾਰਕੁੰਨਾਂ ਦੀ ਇਖਲਾਕ ਤੋਂ ਗਿਰੀ ਅਤੇ ਦਬਕਾਊ ਭਾਸ਼ਾ ਤੋਂ ਭੜਕਾਹਟ ਵਿੱਚ ਆਉਣ ਦੀ ਥਾਂ ਇਸ ਸੰਘਰਸ਼ ਦੀ ਅਗਵਾਈ ਕਰ ਰਹੀਆਂ ਅਣਗੌਲੀਆਂ, ਪਰ ਜ਼ਹੀਨ ਤਰੀਮਤਾਂ ਨੇ ਸੰਘੀ ਊਜਾਂ ਦਾ ਬਾਦਲੀਲ ਟਾਕਰਾ ਕਰਦਿਆਂ ਸੰਘੀਆਂ ਨੂੰ ਬੈਕ ਫੁੱਟ ’ਤੇ ਜਾਣ ਲਈ ਮਜਬੂਰ ਕੀਤਾ ਹੈ। ਰੂੜ੍ਹੀਵਾਦੀ ਮੁਸਲਿਮ ਪਰਿਵਾਰਾਂ ਦੀਆਂ ਪਰਦੇ (ਬੁਰਕਾ ਜਾਂ ਹਿਜ਼ਾਬ) ਵਿੱਚ ਰਹਿਣ ਲਈ ਮਜਬੂਰ ਭੈਣਾਂ ਨੂੰ ਦੂਜੇ ਧਰਮਾਂ ਦੀਆਂ ਇਸਤਰੀਆਂ ਨਾਲ ਬਗਲਗੀਰ ਹੁੰਦਿਆਂ ਇਸ ਸੰਘਰਸ਼ ਦੀ ਸੁਚੱਜੀ ਅਗਵਾਈ ਕਰਦਿਆਂ ਦੇਖਣ ਤੋਂ ਵਧੇਰੇ ਸੁਖਦ ਦਿ੍ਰਸ਼ ਹੋਰ ਨਹੀਂ  ਹੋ ਸਕਦਾ। ਇਸ ਸੰਘਰਸ਼ ਦੀ ਸ਼ਾਨ ਸਮਝੀਆਂ ਜਾਂਦੀਆਂ  ਮੁਸਲਮਾਨ ਭਾਈਚਾਰੇ ਦੀਆਂ ਬੀਬੀਆਂ ਇਹ ਗੱਲ ਠੋਕ ਵਜਾ ਕੇ ਕਹਿ ਰਹੀਆਂ ਹਨ ਕਿ ਭਾਰਤ ਸਾਡਾ ਦੇਸ਼ ਹੈ ਅਤੇ ਅਸੀਂ ਇਸ ਨੂੰ ਛੱਡ ਕੇ ਜਾਣ ਨਾਲੋਂ ਇਥੋਂ ਦੀ ਮਿੱਟੀ ਵਿੱਚ ਦਫਨ ਹੋਣ ਨੂੰ ਤਰਜ਼ੀਹ ਦੇਵਾਂਗੀਆਂ। ਹਿੰਦੂ ਟੱਬਰਾਂ ਦੀਆਂ ਤਾਲੀਮ ਯਾਫਤਾ ਬੇਟੀਆਂ ਵਲੋਂ ਦਲੀਲਾਂ ਸਹਿਤ ਦੇਸ਼ਵਾਸੀਆਂ ਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਦੇ ਕੁਚੱਜੇ ਫੈਸਲੇ ਅਤੇ ਸਦਨ ਵਿੱਚ ਪ੍ਰਚੰਡ ਬਹੁਮਤ ਦੇ ਸਿਰ ’ਤੇ ਲੋਕ ਰਾਇ ਦੇ ਉਲਟ ਬਣਾਏ ਜਾ ਰਹੇ ਕਾਨੂੰਨ ਦੇਸ਼ ਦੇ ਸੈਂਕੜੇ ਕਰੋੜ ਗਰੀਬ ਹਿੰਦੂਆਂ ਅਤੇ ਹਾਸ਼ੀਆਗਤ ਆਬਾਦੀ ਸਮੂਹਾਂ ਦੇ ਹਿਤਾਂ ਨੂੰ ਗੰਭੀਰ ਸੱਟ ਮਾਰਨ ਵਾਲੇ ਹਨ। ‘ਨਾ ਹਿੰਦੂ ਨਾ ਮੁਸਲਮਾਨ ਹਮ ਹੈਂ ਸਾਵਿਤਰੀ-ਫਾਤਿਮਾ ਕੀ ਸੰਤਾਨ’ ਜਿਹੇ ਨਾਅਰੇ ਫਿਜ਼ਾ ਨੂੰ ਮਹਿਕਾਂ ਨਾਲ ਨਸ਼ਿਆ ਰਹੇ ਹਨ। ਇੱਥੇ ਲਗਾਤਾਰ ਚੱਲ ਰਹੇ ‘ਹੁਸੈਨੀ ਲੰਗਰ’ ਵਿੱਚ ਹਰ ਧਰਮ ਦੇ ਮੰਨਣ ਵਾਲੇ ਭੋਜਨ ਪਕਾ ਖਾ ਰਹੇ ਹਨ ਅਤੇ ਸਰਵ ਧਰਮ ਪ੍ਰਾਰਥਨਾ ਸਭਾਵਾਂ ਹੋ ਰਹੀਆਂ ਹਨ। ਸੰਘਰਸ਼ ਵਿੱਚ ਸ਼ਾਮਲ ਇਸਤਰੀਆਂ ਦੇ ਬੱਚਿਆਂ ਲਈ ਸਕੂਲ ਅਤੇ ਲਾਇਬ੍ਰੇਰੀ ਵੀ ਕਾਇਮ ਕੀਤੀ ਗਈ ਹੈ। ਏਸ਼ੀਆਈ ਖਿੱਤੇ ਦੇ ਜੰਮਪਲ, ਵਡੇਰੀ ਪ੍ਰਸਿੱਧੀ ਦੇ ਮਾਲਕ ਇਨਕਲਾਬੀ ਸ਼ਾਇਰਾਂ ਫ਼ੈਜ਼ ਅਹਿਮਦ ਫ਼ੈਜ਼, ਹਬੀਬ ਜਾਲਿਬ, ਦੁਸ਼ਿਅੰਤ ਕੁਮਾਰ, ਅਲੀ ਸਰਦਾਰ ਜਾਫਰੀ ਆਦਿ ਦੀਆਂ ਰਚਨਾਵਾਂ ਸੁਣਾਈਆਂ ਜਾ ਰਹੀਆਂ ਹਨ। ਹਰ ਵੰਨਗੀ ਦੀ ਲੋਕ ਪੱਖੀ ਕਲਾ ਦੇ ਨਵੇਂ ਦਿਸਹੱਦੇ ਪਾਰ ਕੀਤੇ ਜਾ ਰਹੇ ਹਨ। ਸੁਤੰਤਰਤਾ ਸੰਗਰਾਮ ਦੌਰਾਨ ਹੋਂਦ ਵਿੱਚ ਆਏ ਹਰ ਹਾਂ ਪੱਖੀ ਸਰੋਕਾਰਾਂ ਅਤੇ ਪ੍ਰਤੀਕਾਂ ਦੀ ਬਾਖੂਬੀ ਵਰਤੋਂ ਕੀਤੀ ਜਾ ਰਹੀ ਹੈ। ਅਸ਼ਫਾਕ ਉੱਲਾ ਅਤੇ ਰਾਮ ਪ੍ਰਸਾਦ ‘ਬਿਸਮਿਲ’ ਦੀਆਂ ਤਸਵੀਰਾਂ ਇਸ ਸੂਝ ਦਾ ਸਭ ਤੋਂ ਉੱਘੜਵਾਂ ਸਬੂਤ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਹੋਛੀ ਜਾਂ ਨਿਮਨ ਪੱਧਰੀ ਬਿਆਨਬਾਜ਼ੀ ਕਰਨ ਦੀ ਬਜਾਇ ਮੌਨ ਰੋਸ ਪ੍ਰਦਰਸ਼ਨ ਕਰਨਾ ਕਮਾਲ ਦਾ ਦਾਨਿਸ਼ਮੰਦਾਨਾ ਫੈਸਲਾ ਸੀ।  
ਥੋਥੀਆਂ ਸਰਕਾਰੀ ਦਲੀਲਾਂ, ਕੂੜ ਪ੍ਰਚਾਰ, ਧਮਕੀਆਂ, ਪ੍ਰਲੋਭਨ, ਸਾਬੋਤਾਜ ਦੀਆਂ ਸਾਜ਼ਿਸ਼ਾਂ ਬਹੁਤ ਹੀ ਸੂਝ-ਬੂਝ ਨਾਲ  ਬੇਪਰਦ ਅਤੇ ਅਸਫਲ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਬੀਆਂ ਨੇ ਲੋਕ ਹਿਤੂ ਸੰਗਰਾਮਾਂ ਦੇ ਮਾਨਵਵਾਦੀ ਖਾਸੇ ਦੇ ਲੋਕਾਈ ਨੂੰ ਬੜੀ ਖੂਬਸੂਰਤੀ ਨਾਲ ਦਰਸ਼ਨ ਦੀਦਾਰ ਕਰਵਾਏ ਹਨ। ਐਂਬੂਲੈਂਸ, ਸਕੂਲ ਵੈਨ ਅਤੇ ਸ਼ਵਯਾਤਰਾ ਨੂੰ ਬੜੇ ਅਦਬ ਨਾਲ ਲੰਘਾਉਣਾ ਇਸ ਦੀ ਸ਼ਾਨਦਾਰ ਮਿਸਾਲ ਹੈ। ਇਨ੍ਹਾਂ ਬੀਬੀਆਂ ਨੇ ਇਹ ਸਾਬਤ ਕੀਤਾ ਹੈ ਕਿ ਆਪਣੀਆਂ ਹੱਕੀ ਮੰਗਾਂ ਲਈ ਵਾਜਿਬ ਢੰਗ ਨਾਲ ਸੰਘਰਸ਼ ਕਰ ਰਹੇ ਜੁਝਾਰੂ ਲੋਕ ਸੰਘਰਸ਼ ਕਰਦੇ ਹੋਏ ਵੀ ਲੋਕਾਈ ਪ੍ਰਤੀ ਸੰਵੇਦਨਸ਼ੀਲ ਰਹਿੰਦੇ ਹਨ। ਇਸ ਸੰਘਰਸ਼ ਰਾਹੀਂ ਇਹ ਗੱਲ ਵੱਡੀ ਹੱਦ ਤੱਕ ਲੋਕ ਮਨਾਂ ਵਿੱਚ ਹਲਚਲ ਮਚਾ ਰਹੀ ਹੈ ਕਿ ਮੋਦੀ-ਸ਼ਾਹ ਹੁਕੂਮਤ ਦੇ ਫੈਸਲੇ ਦੇਸ਼ ਦੀ ਫਿਰਕੇਦਾਰਾਨਾ ਵੰਡ ਦਾ ਆਧਾਰ ਤਿਆਰ ਕਰਦੇ ਹਨ ।
ਸਰਕਾਰ ਦੇ ਹੱਥਠੋਕਾ ਅਨਸਰਾਂ ਵੱਲੋਂ ਬੁਰਕਾ ਆਦਿ ਪਾ ਕੇ ਸੰਘਰਸ਼ੀ ਲੋਕਾਂ ਵਿੱਚ ਸ਼ਾਮਲ ਹੋ ਕੇ ਸੰਘਰਸ਼ ਨੂੰ ਬਦਨਾਮ ਕਰਨ ਲਈ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ। ਸ਼ਾਹੀਨ ਬਾਗ਼ ਦੀਆਂ ਮੁਸਤੈਦ ਜਰਨੈਲਾਂ ਨੇ ਇਨ੍ਹਾਂ ਨੂੰ ਪਕੜਿਆ, ਮੀਡੀਆ ਰਾਹੀਂ ਬੇਪਰਦ ਕੀਤਾ ਅਤੇ ਬਿਨਾਂ ਕੋਈ ਝਰੀਟ ਲੱਗਿਆਂ ਛੱਡ ਦਿੱਤਾ ਗਿਆ। ਸਰਕਾਰੀ ਸਾਜ਼ਿਸ਼ਾਂ ਫੇਲ੍ਹ ਕਰਨ ਦਾ ਐਸਾ ਸਿਆਣਾ ਤਰੀਕਾ ਵੱਡੇ-ਵੱਡੇ ਧੁਨੰਤਰਾਂ ਨੂੰ ਹੈਰਾਨ ਕਰ ਰਿਹਾ ਹੈ। ਆਪਣੀ ਜਨਮ ਭੂਮੀ ਤੋਂ ਬੇਦਖਲ ਕਰ ਦਿੱਤੇ ਗਏ ਕਸ਼ਮੀਰੀ ਪੰਡਤਾਂ ਦਾ ਦਰਦ ਵੰਡਾਉਣਾ, ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ, ਸ਼ਾਨੋ-ਸ਼ੌਕਤ ਨਾਲ  ਗਣਤੰਤਰ ਦਿਵਸ ਮਨਾਉਣਾ ਆਦਿ ਸੰਘਰਸ਼ੀ ਬੀਬੀਆਂ ਦੀ ਬੁਲੰਦ ਸੋਚ ਦਾ ਪ੍ਰਤੀਕ ਤਾਂ ਹੈ ਹੀ। ਇਨ੍ਹਾਂ ਆਯੋਜਨਾਂ ਨਾਲ ਆਰ.ਐਸ.ਐਸ. ਵਲੋਂ ਮੁਸਲਿਮ ਭਾਈਚਾਰੇ ਖਿਲਾਫ਼ ਕੀਤੇ ਜਾਂਦੇ ਫਿਰਕੂ ਕੂੜ ਪ੍ਰਚਾਰ ਦੀ ਵੀ ਫੂਕ ਨਿਕਲੀ ਹੈ। ਸੰਘੀਆਂ ਨੇ ਇਹ ਗੰਦ ਵੀ ਉਗਲਿਆ ਕਿ ਇਹ ਬੀਬੀਆਂ ਪੈਸੇ ਲੈ ਕੇ ਧਰਨੇ ਆਦਿ ਵਿੱਚ ਆਉਂਦੀਆਂ ਹਨ। ਇਸ ਬਕੜਵਾਹ ਦਾ ਐਸਾ ਬਾਦਲੀਲ ਜਵਾਬ ਦਿੱਤਾ ਗਿਆ ਕਿ ਸੰਘੀਆਂ ਦੇ ਮੂੰਹੋਂ ਮੁੜ ਕੇ ਇਹ ਜੁਮਲਾ ਨਹੀਂ ਨਿਕਲਿਆ।
ਦੇਸ਼ ਦੀਆਂ ਅਖੌਤੀ ਵੱਡੀਆਂ, ਭਾਜਪਾ ਵਿਰੋਧੀ ਪਾਰਟੀਆਂ ਦੀ ਜੱਕੋ ਤੱਕੀ, ਉਦਾਸੀਨਤਾ ਅਤੇ ਅਵਸਰਵਾਦੀ ਚੁੱਪੀ ਨੂੰ ਵੀ ਬੀਬੀਆਂ ਦੇ ਇਸ ਮਾਣਮੱਤੇ  ਸੰਗਰਾਮ ਨੇ ਵੱਡੀ ਹੱਦ ਤੱਕ ਖੰਡਤ ਕੀਤਾ ਹੈ। ਦੇਸ਼ ਦਾ ਸਮੁੱਚਾ ਖੱਬਾ ਪੱਖ ਇਸ ਸੰਘਰਸ਼ ਦੇ ਸਮਰਥਨ ਵਿੱਚ ਡਟ ਗਿਆ ਹੈ। ਪਰ ਮੁਕੰਮਲ ਯਕਯਹਿਤੀ ਅਤੇ ਸਾਂਝੇ ਹੱਲੇ ਦੀ ਘਾਟ ਅਜੇ ਵੀ ਬਰਕਰਾਰ ਹੈ, ਜੋ ਭਵਿੱਖ ਵਿੱਚ ਬਹੁਤ ਬੱਜਰ ਗੁਨਾਹ ਸਾਬਤ ਹੋਵੇਗੀ।
ਦੇਸ਼ ਦੀ  ਸਰਵਉੱਚ ਅਦਾਲਤ ਵਲੋਂ ਨਿਯੁਕਤ ਕੀਤੇ ਗਏ ਸਾਲਿਸਾਂ ਨਾਲ ਜਿਵੇਂ ਆਗੂ ਬੀਬੀਆਂ ਨੇ ਬਾਦਲੀਲ ਗੱਲ ਕੀਤੀ ਹੈ ਉਹ ਕਹਿੰਦੇ ਕਹਾਉਂਦੇ ਵਾਰਤਾਕਾਰਾਂ ਲਈ ਕਾਬਲੇ ਰਸ਼ਕ ਹੈ।        
ਇਹ ਸਾਡੇ ਸਾਰਿਆਂ ਲਈ ਡਾਢੇ ਮਾਣ ਦੀ ਗੱਲ ਹੈ ਕਿ ਸਾਡੇ ਦੇਸ਼ ਦੀਆਂ ਬਹਾਦਰ ਧੀਆਂ ਵੱਲੋਂ ਲੜੇ ਜਾ ਰਹੇ ਇਸ ਸ਼ਾਨਾਮੱਤੇ ਦੇਸ਼ ਵਿਆਪੀ ਸੰਗਰਾਮ ਦੀ ਨਾ ਕੇਵਲ ਸੰਸਾਰ ਭਰ ਵਿੱਚ ਚਰਚਾ ਹੋ ਰਹੀ ਹੈ ਬਲਕਿ ਦੁਨੀਆ ਭਰ ਦੇ ਇਨਸਾਫ ਪਸੰਦ ਲੋਕਾਂ ਅਤੇ ਸੰਗਠਨਾਂ ਵਲੋਂ ਇਸ ਘੋਲ ਦਾ ਡਟਵਾਂ ਸਮਰਥਨ ਕੀਤਾ ਜਾ ਰਿਹਾ ਹੈ। ਔਰਤਾਂ ਬਾਰੇ ਘੜੀਆਂ ਗਈਆਂ ਅਨੇਕਾਂ ਨਾਂਹ ਪੱਖੀ ਮਿੱਥਾਂ ਅਤੇ ਹਿਕਾਰਤ ਪੂਰਨ ਅਖਾਣ ਇਸ ਸੰਗਰਾਮ ਨੇ ਘੱਟੇ-ਕੌਡੀਆਂ ਰੋਲ ਦਿੱਤੇ ਹਨ। ਅਸੀਂ ਬੇਝਿਜਕ ਕਹਿਣਾ ਚਾਹੁੰਦੇ ਹਾਂ ਕਿ ਸਾਰੀਆਂ ਬਣੀਆਂ-ਬਣਾਈਆਂ ਧਾਰਨਾਵਾਂ ਨੂੰ ਛਿੱਕੇ ਟੰਗਦਿਆਂ, ਸਾਧਾਰਨ ਸਮਝੀਆਂ ਜਾਂਦੀਆਂ ਔਰਤਾਂ ਇਸ ਸੰਗਰਾਮ ਦੀ ਕੁਸ਼ਲਤਾ ਪੂਰਵਕ, ਦਲੇਰੀ ਨਾਲ ਅਗਵਾਈ ਕਰ ਰਹੀਆਂ ਹਨ। ਹਰ ਗੰਭੀਰ ਮਸਲੇ ’ਤੇ ਇਨ੍ਹਾਂ ਆਮ ਦਸੀਂਦੀਆਂ ਅਸਾਧਾਰਨ ਇਸਤਰੀਆਂ ਨੇ ਬੇਮਿਸਾਲ ਦਲੇਰੀ, ਸੂਝ-ਬੂਝ  ਅਤੇ ਠਰ੍ਹਮੇ ਤੋਂ ਕੰਮ ਲੈਂਦਿਆਂ ਸਥਿਤੀ ਨੂੰ ਸੰਭਾਲਿਆ ਹੈ। ਇਸਤਰੀਆਂ ਦੀ ਅਗਵਾਈ ਸਮਰੱਥਾ ਅਤੇ ਸੂਝ-ਬੂਝ ਪ੍ਰਤੀ ਸ਼ੱਕੀ ਅਤੇ ਇਨ੍ਹਾਂ ਨੂੰ ਕਮਜੋਰ ਜਾਂ ਅਬਲਾ ਸਮਝਣ ਵਾਲੇ ਲੋਕਾਂ ਨੂੰ ਹੁਣ ਆਪਣੀਆਂ ਸਾਰੀਆਂ ਧਾਰਨਾਵਾਂ ਬਦਲ ਲੈਣੀਆਂ ਚਾਹੀਦੀਆਂ ਹਨ।
ਅਸੀਂ ਇਹ ਗੱਲ ਬੇਝਿਜਕ ਕਹਿਣਾ ਚਾਹੁੰਦੇ ਹਾਂ ਕਿ ਮੌਜੂਦਾ ਸੰਘਰਸ਼ ਦਰਮਿਆਨ ਹਾਸਲ ਕੀਤੇ ਤਜਰਬਿਆਂ ਅਤੇ ਪਕਿਆਈ ਦੇ ਆਸਰੇ ਇਸਤਰੀ ਅੰਦੋਲਨ ਤਾਂ ਭਵਿੱਖ ਵਿੱਚ ਅੱਗੇ ਵਧੇਗਾ ਹੀ, ਨਾਲ ਹੀ ਦੇਸ਼ ਦੇ ਜਮਹੂਰੀ ਅੰਦੋਲਨ ਲਈ ਵੀ ਭਾਰਤੀ ਇਸਤਰੀਆਂ ਦਾ ਮੌਜੂਦਾ ਸੰਗਰਾਮ ਡਾਢਾ ਲਾਹੇਵੰਦਾ ਰਹੇਗਾ। ਇਸ ਸਮੁੱਚੇ ਮਾਹੌਲ ਨੂੰ ਦੇਖਦਿਆਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਸ ਵਾਰ ਦਾ ‘ਇਸਤਰੀ ਦਿਵਸ’ ਵਿਸ਼ੇਸ਼ ਹੋਵੇਗਾ ਅਤੇ ਸ਼ਾਹੀਨ ਬਾਗ ਦਿੱਲੀ ਅਤੇ ਦੇਸ਼ ਦੇ ਅਨੇਕਾਂ ਭਾਗਾਂ ਵਿੱਚ ਚੱਲ ਰਹੇ ਕੌਮੀ ਸੰਘਰਸ਼ ਦੀ ਛਾਪ ਇਸ ਵਾਰ ਦੇ ਇਸਤਰੀ ਦਿਵਸ ਸਮਾਰੋਹਾਂ ਉੱਪਰ ਸਪਸ਼ਟ ਦਿਖਾਈ ਦੇਵੇਗੀ। ਸਾਨੂੰ ਵੀ  ਉਕਤ ਦਿਸ਼ਾ ਵਿੱਚ ਠੋਸ ਯਤਨ ਕਰਨੇ ਚਾਹੀਦੇ ਹਨ।

Scroll To Top