Now Reading
ਵਿਅਰਥ ਨਹੀਂ ਜਾਵੇਗੀ ਫਾਦਰ ਸਟੈਨ ਸਵਾਮੀ ਦੀ ਕੁਰਬਾਨੀ

ਵਿਅਰਥ ਨਹੀਂ ਜਾਵੇਗੀ ਫਾਦਰ ਸਟੈਨ ਸਵਾਮੀ ਦੀ ਕੁਰਬਾਨੀ

ਪ੍ਰੋ. ਜੈਪਾਲ ਸਿੰਘ

ਗੁਰੂਆਂ-ਪੀਰਾਂ, ਮਨੁੱਖੀ ਸਵੈਮਾਣ ਦੀ ਰਾਖੀ ਲਈ ਮਰ ਮਿਟਣ ਵਾਲੇ ਜੰਗਜੂਆਂ, ਹਰ ਦੌਰ ਦੀਆਂ ਜ਼ਾਬਰ ਹਕੂਮਤ ਤੋਂ ਨਾਬਰਾਂ ਅਤੇ ਆਜ਼ਾਦੀ ਪ੍ਰਵਾਨਿਆਂ ਦੀ ਧਰਤੀ ਪੰਜਾਬ ਦੇ ਜੰਮਪਲ ਹੋਣ ਕਰਕੇ ਆਪਾਂ ਬਚਪਨ ਤੋਂ ਹੀ ਤੱਤੀਆਂ ਤਵੀਆਂ ’ਤੇ ਬਹਿਣ, ਸੀਸ ਕਲਮ ਕਰਾਉਣ, ਨੀਂਹਾਂ ’ਚ ਚਿਣੇ ਜਾਣ, ਬੰਦ-ਬੰਦ ਕਟਵਾਉਣ ਤੇ ਚਰਖੜੀਆਂ ’ਤੇ ਚਾੜ੍ਹੇ ਜਾਣ ਆਦਿ ਦੀਆਂ ਅਦੁੱਤੀ ਕੁਰਬਾਨੀਆਂ ਬਾਰੇ ਸੁਣਦੇ ਆਏ ਹਾਂ। ਇਹ ਸਭ ਸੁਣ ਕੇ ਹਰ ਦੌਰ ਦੇ ਜ਼ਾਲਮ ਹੁਕਮਰਾਨਾਂ ਵਿਰੁੱਧ ਅਕਸਰ ਹੀ ਆਪਾਂ ਅਥਾਹ ਗੁੱਸੇ ਨਾਲ ਭਰ ਜਾਂਦੇ ਹਾਂ ਤੇ ਦਿਲ ਕਰਦਾ ਹੈ ਕਿ ਹਰ ਜ਼ੁਲਮ ਕਮਾਉਣ ਵਾਲੇ ਦਾ ਕੋਹ-ਕੋਹ ਕੇ ਅੰਤ ਕੀਤਾ ਜਾਵੇ। ਇਸ ਦੇ ਨਾਲ ਹੀ ਜਦੋਂ ਆਪਾਂ ਦੇਸ਼- ਦੁਨੀਆਂ ਦੇ ਇਤਿਹਾਸ ’ਤੇ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਵੇਂ ਗੁਲਾਮਾਂ ਦੇ ਆਗੂ ਸਪਾਰਟਕਸ ਦੇ ਢਿੱਡ ਚੋਂ ਸੂਲੀ ਲੰਘਾਅ ਕੇ ਉਸ ਨੂੰ ਤੜਫ਼ਾ-ਤੜਫ਼ਾ ਕੇ ਮਾਰਿਆ ਗਿਆ ਤੇ ਸਿਟੇ ਵਜੋਂ ਗੁਲਾਮਦਾਰੀ ਵਿਰੁੱਧ ਵੱਡੀਆਂ ਬਗਾਵਤਾਂ ਉੱਠ ਖਲੋਤੀਆਂ। ਕਦੇ ਈਸਾ ਮਸੀਹ ਨੂੰ ਸਲੀਬ ’ਤੇ ਟੰਗਿਆ ਦੇਖਦੇ ਹਾਂ ਤੇ ਕਦੇ ਗ਼ਦਰੀ ਬਾਬਿਆਂ, ਭਗਤ-ਸਰਾਭਿਆਂ ਨੂੰ ਹੱਸ-ਹੱਸ ਕੇ ਫਾਂਸੀ ਦੇ ਰੱਸੇ ਚੁੰਮਦੇ ਦੇਖਦੇ ਹਾਂ ਤਾਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਹਰ ਦੌਰ, ਹਰ ਖਿੱਤੇ ਦੇ ਦੇਸੀ-ਬਦੇਸ਼ੀ ਹਾਕਮ ਕਿੰਨੇ ਅਸੱਭਿਅਕ ਅਤੇ ਨਿਰਦਈ ਹੁੰਦੇ ਹਨ।
ਆਜ਼ਾਦ ਭਾਰਤ ਦੇ ਵਰਤਮਾਨ ਦੌਰ ਵਿੱਚ ਸਰਕਾਰ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਜ਼ਿਬਾਹ ਕਰਨ ਲਈ ਅਜੋਕੇ ਹਾਕਮਾਂ ਨੇ ਸੂਲੀ-ਸਲੀਬ-ਫਾਂਸੀ ਦੀ ਥਾਂ ਪੁਲਸੀਆ ਜਬਰ, ਜੇਲ੍ਹਾਂ ਅੰਦਰ ਅਮਾਨਵੀ ਵਿਹਾਰ, ਅਦਾਲਤਾਂ ਰਾਹੀਂ ਕੀਤੇ ਜਾਂਦੇ ਜ਼ਲਾਲਤ ਭਰਪੂਰ ਵਤੀਰੇ ਨੂੰ ਹਥਿਆਰ ਬਣਾ ਲਿਆ ਹੈ। ਅਜਿਹੀ ਹੀ ਦਾਸਤਾਨ 84 ਸਾਲਾਂ ਦੇ ਬਜੁਰਗ ਪਾਦਰੀ, ਫਾਦਰ ਸਟੈਨ ਸਵਾਮੀ ਦੀ ਹੈ। ਪਾਰਕਿਨਸਨ ਨਾਂ ਦੀ ਬਿਮਾਰੀ ਤੋਂ ਪੀੜਤ ਹੋਣ ਕਰਕੇ ਉਨ੍ਹਾਂ ਦੇ ਹੱਥ-ਪੈਰ ਕੰਬਦੇ ਰਹਿੰਦੇ ਸਨ ਅਤੇ ਉਹ ਬਿਨਾਂ ਕਿਸੇ ਦੀ ਸਹਾਇਤਾ ਤੋਂ ਆਪਣੇ ਆਪ ਕੁਝ ਵੀ ਖਾਣ-ਪੀਣ ਜਾਂ ਦੂਜੀਆਂ ਅਤਿ ਜਰੂਰ ਸ਼ਰੀਰਕ ਕਿਰਿਆਵਾਂ ਸੋਧਣ ਤੋਂ ਭਾਵ ਲੈਟਰੀਨ-ਬਾਥਰੂਮ ਜਾਣ, ਨਹਾਉਣ-ਧੋਣ ਅਤੇ ਕੱਪੜੇ ਬਦਲਣ ਆਦਿ ਦੇ ਪੂਰੀ ਤਰ੍ਹਾਂ ਅਯੋਗ ਸਨ। ਇਸ ਤੋਂ ਬਿਨਾਂ ਉਹ ਰੀੜ੍ਹ ਦੀ ਹੱਡੀ ਦੇ ਰੋਗ ਤੋਂ ਵੀ ਪੀੜਤ ਸਨ। ਫਿਰ ਵੀ ਉਨ੍ਹਾਂ ਨੂੰ ਬਿਨਾਂ ਮੁਕੱਦਮਾ ਚਲਾਏ ਜੇਲ੍ਹ ’ਚ ਰੱਖਿਆ ਗਿਆ। ਹੁਣ ਇਹ ਤੱਥ ਵੀ ਜਗ-ਜ਼ਾਹਿਰ ਹੋ ਗਏ ਹਨ ਕਿ ਉਨ੍ਹਾਂ ’ਤੇ ਲਗਾਏ ਗਏ ਪ੍ਰਧਾਨ ਮੰਤਰੀ ਦੇ ਕਤਲ ਦੀ ਸਾਜ਼ਿਸ਼ ਘੜਣ ਦੇ ਇਲਜ਼ਾਮ ਸਰਾਸਰ ਬੇਬੁਨਿਆਦ ਸਨ।
ਕਿਉਂਕਿ ਉਹ ਆਪਣੇ ਆਪ ਗਲਾਸ ਚੁੱਕ ਕੇ ਪਾਣੀ ਵੀ ਨਹੀਂ ਸਨ ਪੀ ਸਕਦੇ, ਇਸ ਲਈ ਉਨ੍ਹਾਂ ਨੇ 6 ਨਵੰਬਰ 2020 ਨੂੰ ਅਦਾਲਤ ਅੱਗੇ ਗੁਹਾਰ ਲਾਈ ਕਿ ਉਨ੍ਹਾਂ ਨੂੰ ਸਿੱਪਰ (ਛੋਟੇ ਬੱਚਿਆਂ ਦੇ ਪਾਣੀ ਪੀਣ ਵਾਲੀ ਬੋਤਲ) ਤੇ ਸਟਰਾਅ (ਪਾਣੀ ਜਾਂ ਸੋਡਾ ਆਦਿ ਪੀਣ ਵਾਲੀ ਨਲਕੀ) ਦਿੱਤੇ ਜਾਣ। ਸਿਰੇ ਦੀ ਨਿਰਦਈ ਪਹੁੰਚ ਤੋਂ ਕੰਮ ਲੈਂਦਿਆਂ ਜੱਜਾਂ ਨੇ ਇਹ ਮਾਮੂਲੀ ਚੀਜਾਂ ਮੁਹੱਈਆ ਕਰਵਾਉਣ ਲਈ ਵੀ ਕੌਮੀ ਜਾਂਚ ਏਜੰਸੀ ਨੂੰ 20 ਦਿਨ ਦਾ ਸਮਾਂ ਦੇ ਦਿੱਤਾ। 20 ਦਿਨਾਂ ਬਾਅਦ 26 ਨਵੰਬਰ ਨੂੰ ਏਜੰਸੀ ਨੇ ਬੜੀ ਬੇਸ਼ਰਮੀ ਨਾਲ ਅਦਾਲਤ ਨੂੰ ਕਹਿ ਦਿੱਤਾ ਕਿ ਉਸ ਕੋਲ ਤਾਂ ਸਿੱਪਰ ਤੇ ਨਲਕੀ ਹੈ ਹੀ ਨਹੀਂ। ਅਦਾਲਤ ਨੇ ਇਸ ਵਾਰ ਵਧੇਰੇ ‘ਦਰਿਆਦਿਲੀ’ ਦਿਖਾਉਂਦੇ ਹੋਏ ਇਸ ਬਦਨਾਮ ਏਜੰਸੀ ਨੂੰ ਇਹ ‘ਦੁਰਲੱਭ’ ਵਸਤਾਂ ਉਪਲਬੱਧ ਕਰਵਾਉਣ ਲਈ ਅੱਠ ਦਿਨਾਂ ਦਾ ਸਮਾਂ ਹੋਰ ਦੇ ਦਿੱਤਾ। ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਕੋਰੋਨਾ ਤੋਂ ਬਚਾਅ ਲਈ ਜੇਲ੍ਹਾਂ ’ਚੋਂ ਭੀੜ ਘਟਾਉਣ ਦੇ ਨਾਂ ਤੇ ਉਨ੍ਹਾਂ ਅਪਰਾਧੀਆਂ ਨੂੰ ਵੀ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਨੂੰ ਕਤਲ, ਡਕੈਤੀ, ਰੇਪ ਤੇ ਹੋਰ ਸੰਗੀਨ ਅਪਰਾਧਾਂ ਕਾਰਨ ਸਜ਼ਾਵਾਂ ਹੋਈਆਂ ਸਨ। ਪਰ ਸਟੈਨ ਸਵਾਮੀ ਸਮੇਤ ਭੀਮਾ ਕੋਰੇਗਾਉਂ ਦੇ ਕੇਸ ਚ ਝੂਠੇ ਫਸਾਏ ਬੁੱਧੀਜੀਵੀਆਂ, ਲੇਖਕਾਂ, ਕਵੀਆਂ ਤੇ ਸੀਏਏ (ਨਾਗਰਿਕਤਾ ਸੋਧ ਕਾਨੂੰਨ) ਵਿਰੋਧੀਆਂ ਨੂੰ ਜਮਾਨਤਾਂ ਵੀ ਨਹੀਂ ਦਿੱਤੀਆਂ।
ਫਾਦਰ ਸਟੈਨ ਸਵਾਮੀ ਨੇ ਬਹੁਤ ਕਮਜ਼ੋਰੀ ਹੋ ਜਾਣ ਕਰਕੇ 23 ਫਰਵਰੀ 2021 ਨੂੰ ਕੌਮੀ ਜਾਂਚ ਏਜੰਸੀ ਦੀ ਅਦਾਲਤ ਵਿੱਚ ਮੈਡੀਕਲ ਆਧਾਰ ’ਤੇ ਜ਼ਮਾਨਤ ਦੀ ਅਰਜ਼ੀ ਲਗਾਈ ਤਾਂ ਇਕ ਮਹੀਨੇ ਬਾਅਦ 23 ਮਾਰਚ ਨੂੰ ਉਨ੍ਹਾਂ ਦੀ ਅਰਜ਼ੀ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਕਿ “ਫਾਦਰ ਸਟੈਨ ਸਵਾਮੀ ਨੇ ਸਾਰੇ ਦੇਸ਼ ’ਚ ਅਫਰਾ-ਤਫਰੀ ਫੈਲਾਉਣ ਦੀ ਇਕ ਵੱਡੀ ਸਾਜ਼ਿਸ਼ ਘੜੀ ਹੈ ਤੇ ਉਹ ਡੰਡੇ ਦੇ ਜ਼ੋਰ ਨਾਲ ਰਾਜਨੀਤਕ ਤੌਰ ’ਤੇ ਸਰਕਾਰ ’ਤੇ ਕਾਬਜ਼ ਹੋਣਾ ਚਾਹੁੰਦਾ ਹੈ।’’ ਉਕਤ ਟਿੱਪਣੀ ਅਦਾਲਤ ਦੇ ਪੱਖਪਾਤੀ ਨਜ਼ਰੀਏ ਦਾ ਮੂੰਹ ਬੋਲਦਾ ਸਬੂਤ ਹੈ। ਇਸ ਪਿੱਛੋਂ, ਕਰੋਨਾ ਬਿਮਾਰੀ ਦੇ ਲੱਛਣ ਉਭਰ ਆਉਣ ਤੇ ਉਨ੍ਹਾਂ ਦੀ ਹਾਲਤ ਹੋਰ ਗੰਭੀਰ ਹੋ ਜਾਣ ਕਰਕੇ ਉਨ੍ਹਾਂ ਨੇ ਯੋਗ ਇਲਾਜ ਦੀ ਬੇਨਤੀ ਕੀਤੀ। ਉਨ੍ਹਾਂ ਨੂੰ ਸਰਕਾਰੀ ਜੇਜੇ ਹਸਪਤਾਲ ’ਚ ਭਰਤੀ ਕਰਨ ਦੀ ਜ਼ਿੱਦ ਕੀਤੀ ਗਈ। ਉਨ੍ਹਾਂ ਨੇ ਸਾਫ ਇਨਕਾਰ ਕਰਦਿਆਂ ਕਿਹਾ ਕਿ, ‘ਉਹ ਸਰਕਾਰੀ ਹਸਪਤਾਲ ਜਾਣ ਦੀ ਬਜਾਏ ਜੇਲ੍ਹ ’ਚ ਹੀ ਮਰਨਾ ਪਸੰਦ ਕਰਨਗੇ।’ ਤਾਂ ਕਿਤੇ ਜਾ ਕੇ ਉਨ੍ਹਾਂ ਨੂੰ ਹੋਲੀ ਹਾਰਟ ਹਸਪਤਾਲ ਬੰਬਈ ’ਚ ਦਾਖਲ ਕਰਵਾਇਆ ਗਿਆ, ਜਿੱਥੇ ਦੋ ਦਿਨਾਂ ਬਾਅਦ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ। ਨਿਰਦੈਤਾ ਦੀਆਂ ਸੱਭੇ ਹੱਦ ਟਪਦਿਆਂ, ਉਹਨਾਂ ਨੂੰ ਫਿਰ ਵੀ ਜਮਾਨਤ ’ਤੇ ਰਿਹਾਅ ਨਹੀਂ ਕੀਤਾ ਗਿਆ। ਇਸ ਤੋਂ ਸਿਰਫ 10 ਦਿਨ ਪਹਿਲਾਂ ਉਨ੍ਹਾਂ ਨੇ ਬੰਬੇ ਹਾਈ ਕੋਰਟ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕਿਹਾ ਸੀ ਕਿ ਉਹ ਖਾ-ਪੀ ਨਹੀਂ ਸਕਦੇ, ਤੁਰ ਨਹੀਂ ਸਕਦੇ ਤੇ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇ ਤਾਂ ਕਿ ਉਹ ਰਾਂਚੀ ਵਿੱਚ ਆਪਣੇ ਲੋਕਾਂ ਨਾਲ ਰਹਿ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ‘ਹੋ ਸਕਦਾ ਹੈ ਕਿ ਜਲਦੀ ਹੀ ਮੇਰੀ ਮੌਤ ਹੋ ਜਾਵੇ।’
ਆਖ਼ਿਰਕਾਰ, ਬੀਤੀ 5 ਜੁਲਾਈ ਨੂੰ ਭਾਰਤੀ ਸਟੇਟ (ਸਰਕਾਰ, ਪੁਲੀਸ, ਜਾਂਚ ਏਜੰਸੀਆਂ ਅਤੇ ਅਦਾਲਤਾਂ) ਨੇ ਤੜਫਾ-ਤੜਫਾ ਕੇ ਉਨ੍ਹਾਂ ਦੇ ਪ੍ਰਾਣ ਲੈ ਹੀ ਲਏ। ਉਨ੍ਹਾਂ ਦੀ ਇਸ ਵਿਉਂਤਬੱਧ ਮੌਤ (ਸੰਸਥਾਗਤ ਕਤਲ) ਉਪਰੰਤ ਦੇਸ਼-ਵਿਦੇਸ਼ ਤੋਂ ਭਾਰਤ ਸਰਕਾਰ ਦੀ ਭਰਪੂਰ ਨਿੰਦਾ ਦਾ ਹੜ੍ਹ ਜਿਹਾ ਹੀ ਆ ਗਿਆ। ਸੰਯੁਕਤ ਰਾਸ਼ਟਰ (ਯੂਐਨਓ) ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਦੇ ਮੁਖੀ ਮਿਸ਼ੇਲ ਬੈਚਲੇਟ ਨੇ ਕਿਹਾ, ‘ਉਨ੍ਹਾਂ ਨੂੰ ਅਤਿਵਾਦ ਦੇ ਝੂਠੇ ਦੋਸ਼ ਲਗਾ ਕੇ ਗਿ੍ਰਫ਼ਤਾਰ ਕੀਤਾ ਗਿਆ ਸੀ।’ ਇਕ ਹੋਰ ਅਧਿਕਾਰੀ ਲੇਜ਼ ਬਰੋਸੈੱਲ ਨੇ ਕਿਹਾ, ‘ਪਿਛਲੇ ਤਿੰਨ ਸਾਲਾਂ ਦੌਰਾਨ ਹਾਈ ਕਮਿਸ਼ਨਰ ਮਿਸ਼ੇਲ ਬੈਚਲੇਟ ਅਤੇ ਸੰਯੁਕਤ ਰਾਸ਼ਟਰ ਦੇ ਨਿਰਪੱਖ ਮਾਹਰਾਂ ਨੇ ਫਾਦਰ ਸਟੈਨ ਸਵਾਮੀ ਅਤੇ ਇਸ ਕੇਸ ਨਾਲ ਜੁੜੇ ਪੰਦਰਾਂ ਹੋਰ ਮੁਲਜ਼ਮਾਂ ਦੇ ਕੇਸਾਂ ਬਾਰੇ ਭਾਰਤ ਸਰਕਾਰ ਨਾਲ ਕਈ ਵਾਰ ਚਰਚਾ ਕਰਕੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਮੁਕੱਦਮੇ ਤੋਂ ਪਹਿਲਾਂ ਜੇਲ੍ਹ ’ਚ ਨਾ ਰੱਖਿਆ ਜਾਵੇ।’ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਦਨ ਬੀ. ਲੋਕੁਰ ਨੇ ਵੀ ਬੜਾ ਸਖਤ ਲੇਖ ਲਿਖਿਆ। ਅਮਰਤਿਆ ਸੇਨ ਸਮੇਤ ਕਈ ਨੋਬੇਲ ਇਨਾਮ ਜੇਤੂਆਂ ਨੇ ਇਸ ਗਿਣੀ-ਮਿਥੀ ਮੌਤ ਨੂੰ ਸਰਕਾਰ ਦੁਆਰਾ ਕੀਤਾ ਗਿਆ ਕਤਲ ਕਰਾਰ ਦਿੱਤਾ। ਉੱਘੇ ਇਤਿਹਾਸਕਾਰ ਰਾਮਚੰਦਰ ਗੂਹਾ ਨੇ ਫਾਦਰ ਸਟੈਨ ਸਵਾਮੀ ਦੀ ਮੌਤ ਨੂੰ ਅਦਾਲਤੀ ਕਤਲ ਅਤੇ ਉੱਘੇ ਅਰਥ ਸ਼ਾਸਤਰੀ ਜੀਨ ਡਰੇਜ ਨੇ ਇਸ ਨੂੰ ਭਾਰਤੀ ਰਾਜ ਦਾ ਜ਼ੁਲਮ ਕਿਹਾ। ਮਨੁੱਖੀ ਅਧਿਕਾਰਾਂ ਦੇ ਕਾਰਕੁਨ ਵਾਲਟਰ ਫਰਨਾਂਡੇਸ ਤੇ ਇਨਾਕਸ਼ੀ ਗਾਂਗੁਲੀ ਨੇ ਕਿਹਾ ਕਿ ਉਨ੍ਹਾਂ ਦਾ ਸਿਰਫ ਇਹੀ ਕਸੂਰ ਸੀ ਕਿ ਉਹ ਆਪਣੇ ਹੱਕਾਂ ਲਈ ਲੜਣ ਕਰਕੇ ਜੇਲ੍ਹੀਂ ਸੁੱਟੇ ਆਦਿਵਾਸੀ ਆਗੂਆਂ ਦੀ ਰਿਹਾਈ ਅਤੇ ਆਦਿਵਾਸੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਲੜੇ। ਸਮਾਜਿਕ ਕਾਰਕੁੰਨ ਨਿਖਿਲ ਡੇਅ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤਕ ਬਦਲਾਖੋਰੀ ਦੀ ਭਾਵਨਾ ਨਾਲ ਜੇਲ੍ਹ ’ਚ ਡੱਕਿਆ ਗਿਆ। ਹੋਰ ਹਜ਼ਾਰਾਂ ਵਿਅਕਤੀਆਂ ਤੇ ਸੰਸਥਾਵਾਂ ਨੇ ਉਨ੍ਹਾਂ ਦੀ ਮੌਤ ਲਈ ਭਾਰਤ ਸਰਕਾਰ, ਕੌਮੀ ਜਾਂਚ ਏਜੰਸੀ ਤੇ ਅਦਾਲਤਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇੱਥੋਂ ਤੱਕ ਕਿ ਉਨ੍ਹਾਂ ਦੀ ਮੌਤ ਪਿਛੋਂ ਉਨ੍ਹਾਂ ਨਾਲ ਅਮਾਨਵੀ ਵਿਹਾਰ ਦੇ ਜ਼ਿੰਮੇਵਾਰ ਜੱਜਾਂ ਨੇ ਵੀ ਕਿਹਾ, ‘‘ਕਾਨੂੰਨੀ ਪ੍ਰਕਿਰਿਆ ਆਪਣੀ ਆਪਣੀ ਥਾਂ, ਪਰ ਉਂਝ ਫ਼ਾਦਰ ਸਟੇਨ ਸਵਾਮੀ ਬਹੁਤ ਹੀ ਸ਼ਾਨਦਾਰ ਮਨੁੱਖ ਸਨ।’’
ਆਖ਼ਰ ਫਾਦਰ ਸਟੈਨ ਸਵਾਮੀ ਕੌਣ ਸਨ? ਉਹ ਇੱਕ ਜੈਸੂਇਟ ਪਾਦਰੀ ਸਨ ਤੇ ਇਸਾਈ ਮੱਤ ਦੀ ਮੁਕਤੀ-ਧਰਮ ਸ਼ਾਸਤਰ ਧਾਰਾ ਨਾਲ ਜੁੜੇ ਹੋਏ ਸਨ ਜੋ ਦੱਬੇ-ਕੁਚਲੇ, ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਗਰੀਬੀ, ਅਨਪੜ੍ਹਤਾ, ਭੁੱਖਮਰੀ, ਕੰਗਾਲੀ ਤੇ ਤੰਗੀਆਂ ਤੁਰਸ਼ੀਆਂ ਤੋਂ ਮੁਕਤੀ ਲਈ ਕਾਰਜਸ਼ੀਲ ਹੈ।
ਇਸ ਦੀਆਂ ਅੱਗੋਂ ਪੰਜ ਹੋਰ ਧਾਰਾਵਾਂ ਹਨ।

  1. ਪਹਿਲੀ ਧਾਰਾ ਬਾਈਬਲ ’ਤੇ ਆਧਾਰਤ ਹੈ ਜਿਸ ਦੇ ਧਾਰਮਿਕ ਸ਼ਲੋਕਾਂ ’ਚ ਗ਼ਰੀਬਾਂ ਦਾ ਕੇਂਦਰੀ ਸਥਾਨ ਹੈ ਤੇ ਇਹ ਸਥਾਪਤ ਕਰਦੀ ਹੈ ਕਿ ਗਰੀਬੀ ਦਾ ਕਾਰਨ ਲੁੱਟ ਤੇ ਦਾਬਾ ਹੈ ਜਿਸ ਤੋਂ ਮੁਕਤ ਹੋਣਾ ਜ਼ਰੂਰੀ ਹੈ, ਦੇ ਉਲਟ ਬ੍ਰਹਮਣਵਾਦ ਕਹਿੰਦਾ ਹੈ ਕਿ ਗਰੀਬੀ ਪਿੱਛਲੇ ਜਨਮ ਦੇ ਕਰਮਾਂ ਦਾ ਫਲ ਹੈ।
  2. ਦੂਸਰੀ ਧਾਰਾ ਪਾਦਰੀਆਂ ਦੀ ਹੈ ਜਿਸ ਦਾ ਮਕਸਦ ਹੈ ਗ਼ਰੀਬੀ, ਬਿਮਾਰੀ, ਕੁਪੋਸ਼ਣ, ਦਵਾਈਆਂ ਦੀ ਘਾਟ, ਅਨਪੜ੍ਹਤਾ, ਜ਼ੁਲਮ, ਬੇਇਨਸਾਫ਼ੀ ਤੇ ਰਿਸ਼ਵਤਖੋਰੀ ਵਿਰੁੱਧ ਆਬਾਦੀ ਸਮੂਹਾਂ ਦੀ ਮਦਦ ਕਰਨ ਦੇ ਤੌਰ ਤਰੀਕੇ ਲੱਭਣੇ।
    3.ਧਰਮ ਸ਼ਾਸਤਰ-ਮਾਰਕਸਵਾਦ ਦੇ ਆਧਾਰ ’ਤੇ ਧਰਮ ਸ਼ਾਸਤਰ ਦੀ ਸਥਾਪਨਾ ਕਰਨਾ, ਜਿਸ ਰਾਹੀਂ ਗਰੀਬ, ਲੁੱਟੇ-ਪੁੱਟੇ ਲੋਕਾਂ ਨੂੰ ਤਰਜੀਹ ਦੇਣਾ ਤੇ ਦੱਸਣਾ ਕਿ ਚਰਚ ਦਾ ਮਕਸਦ ਗ਼ਰੀਬਾਂ ਦੀ ਲੋਟੂ ਲੋਕਾਂ ਤੋਂ ਮੁਕਤੀ ਕਰਾਉਣਾ ਹੈ, ਜਿਵੇਂ ਸਿੱਖ ਧਰਮ ਵਿੱਚ ਵੀ ਅਕਸਰ ਕਿਹਾ ਜਾਂਦਾ ਹੈ ਕਿ ਗੁਰੂ ਦੀ ਗੋਲਕ, ਗਰੀਬ ਦਾ ਮੂੰਹ। ਇਹ ਧਾਰਾ ਇਹ ਵੀ ਕਹਿੰਦੀ ਹੈ ਕਿ ਜੇ ਅੱਜ ਈਸਾ ਮਸੀਹ ਜਿਊਂਦੇ ਹੁੰਦੇ ਤਾਂ ਉਹ ਇੱਕ ਗੁਰੀਲਾ ਯੋਧੇ ਹੁੰਦੇ।
  3. ਇਨਕਲਾਬੀ ਧਰਮ ਸ਼ਾਸਤਰ-ਜਿਸ ਰਾਹੀਂ ਇਨਕਲਾਬੀ ਤੌਰ-ਤਰੀਕਿਆਂ ਰਾਹੀਂ ਗਰੀਬ ਲੋਕਾਂ ਨੂੰ ਮੁਕਤ ਕਰਵਾਇਆ ਜਾ ਸਕੇ।
  4. ਨਸਲ, ਰੰਗ ਤੇ ਲਿੰਗ ਆਧਾਰਿਤ ਭੇਦ-ਭਾਵ ਦੇ ਸ਼ਿਕਾਰ ਲੋਕਾਂ ਅਤੇ ਵਾਤਾਵਰਨ ਦੇ ਵਿਗਾੜ ਦੇ ਸ਼ਿਕਾਰ ਲੋਕਾਂ ਦੀ ਬੰਦ ਖਲਾਸੀ ਲਈ ਲੜਨਾ।
    ਈਸਾ ਮਸੀਹ ਦੇ ਪਹਿਲੇ 12 ਚੇਲਿਆਂ ਚੋਂ ਇਕ, ਸੇਂਟ ਥਾਮਸ ਪਹਿਲੀ ਈਸਵੀ ’ਚ ਫਲਸਤੀਨ ਤੋਂ ਸਾਡੇ ਅੱਜ ਦੇ ਤਾਮਿਲਨਾਡੂ ’ਚ ਆਇਆ ਅਤੇ ਮਨੁੱਖਤਾ ਨੂੰ ਪਾਪ, ਗੁਲਾਮੀ, ਅਗਿਆਨਤਾ ਅਤੇ ਵਹਿਮ ਪ੍ਰਸਤੀ ਤੋਂ ਮੁਕਤੀ ਦਾ ਸੁਨੇਹਾ ਦੇਣਾ ਸ਼ੁਰੂ ਕੀਤਾ। ਉਹ ਜਾਤ-ਪਾਤ ਆਧਾਰਤ ਵਿਤਕਰੇ ਵਿਰੁੱਧ ਮਨੁੱਖੀ ਬਰਾਬਰੀ ਦਾ ਸੁਨੇਹਾ ਦਿੰਦਾ ਸੀ। ਅੱਜਕੱਲ੍ਹ ਦੇ ਹਿੰਦੂਤਵੀ ਲਾਣੇ ਦੇ ਪੂਰਵਜ ਜੋ ਕਿ ਬ੍ਰਾਹਮਣਵਾਦੀ ਦਰਿੰਦਗੀ ਭਰੇ ਵਰਨ-ਸਿਸਟਮ ਦੇ ਹਾਮੀ ਸਨ ਤੇ ਜਿਨ੍ਹਾਂ ਨੇ ਮਿਹਨਤੀ ਲੋਕਾਂ ਵਲੋਂ ਹੱਡ ਭੰਨਵੀਂ ਮਿਹਨਤ ਕਰਕੇ ਉਸਾਰੀ ਹੜੱਪਾ ਸੱਭਿਅਤਾ ਦਾ ਜਾਤ-ਪਾਤ ਤੇ ਛੂਆ-ਛਾਤ ਰਾਹੀਂ ਸੱਤਿਆਨਾਸ ਕੀਤਾ ਸੀ, ਉਹ ਸੇਂਟ ਥਾਮਸ ਦੀ ‘ਬਾਗ਼ੀ’ ਵਿਚਾਰਧਾਰਾ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ? ਇਸ ਲਈ ਉਨ੍ਹਾਂ ਉਸ ਦਾ ਕਤਲ ਕਰ ਦਿੱਤਾ। ਉਸੇ ਤਾਮਿਲਨਾਡੂ ’ਚ ਫਾਦਰ ਸਟੈਨ ਸਵਾਮੀ ਨੇ 26 ਅਪ੍ਰੈਲ 1937 ਨੂੰ ਤਿਰੂਚਿਰਾਪੱਲੀ ’ਚ ਜਨਮ ਲਿਆ। ਉਨ੍ਹਾਂ ਫਿਲਪੀਨਜ਼ ਅਤੇ ਬੈਲਜ਼ੀਅਮ ਤੋਂ ਸਮਾਜ ਵਿਗਿਆਨ ਦੀ ਪੜ੍ਹਾਈ ਕੀਤੀ ਤੇ ਬਰਾਜ਼ੀਲ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਪਾਲ ਫਰੇਰੇ ਤੋਂ ਪ੍ਰਭਾਵਤ ਹੋਏ, ਜਿਨ੍ਹਾਂ ਦੀ ਇਹ ਟੂਕ ਬਹੁਤ ਪ੍ਰਸਿੱਧ ਹੈ ਕਿ, “ਪੜ੍ਹਾਈ-ਲਿਖਾਈ ਸਿਰਫ਼ ਅੱਖਰ (ਵਰਡ) ਨੂੰ ਜਾਣਨਾ ਹੀ ਨਹੀਂ, ਸਗੋਂ ਸਾਰੀ ਦੁਨੀਆਂ (ਵਰਲਡ) ਨੂੰ ਜਾਨਣਾ ਹੈ।’’ 15 ਕੁ ਸਾਲ ਬੈਂਗਲੌਰ ਸਥਿਤ ਇੰਡੀਅਨ ਸੋਸ਼ਲ ਇੰਸਟੀਚਿਊਟ ’ਚ ਕੰਮ ਕਰਨ ਉਪਰੰਤ ਉਹਨਾਂ ਨੇ 1990 ’ਚ ਝਾਰਖੰਡ (ਉਸ ਵੇਲੇ ਬਿਹਾਰ) ਸੂਬੇ ’ਚ ਉਥੋਂ ਦੇ ਸਭ ਤੋਂ ਗਰੀਬ, ਆਦਿਵਾਸੀ ਤੇ ਸ਼ੂਦਰ ਸਮਾਜ ਦੇ ਲੋਕਾਂ ਦੀ ਸੇਵਾ ਲਈ ਡੇਰੇ ਲਾ ਲਏ।
    ਇੰਨਾ ਪੜ੍ਹਨ-ਪੜ੍ਹਾਉਣ ਉਪਰੰਤ ਵੀ ਲੋਕਾਂ ਤੋਂ ਸਿੱਖਣ ਦਾ ਸਬਕ ਦਿੰਦਿਆਂ ਆਦਿਵਾਸੀ ਲੋਕਾਂ ’ਚ ਵਿਚਰਦਿਆਂ ਉਹ ਲਿਖਦੇ ਹਨ, ‘ਬਰਾਬਰੀ, ਭਾਈਚਾਰੇ ਅਤੇ ਸਰਬਸੰਮਤੀ ਨਾਲ ਫੈਸਲੇ ਲੈਣ ਦੀਆਂ ਆਦਿਵਾਸੀ ਕਦਰਾਂ-ਕੀਮਤਾਂ ਨੂੰ ਦੇਖਦੇ ਹੋਏ, ਮੈਂ ਇਕ ਤਰ੍ਹਾਂ ਦੀ ਜਾਗਿ੍ਰਤੀ ਦੇ ਅਮਲ ਚੋਂ ਗੁਜ਼ਰਿਆ ਹਾਂ।’ ਉਹ ਜ਼ਮੀਨ ਕਾਨੂੰਨਾਂ ਅਤੇ ਜ਼ਮੀਨ ਅਧਿਗ੍ਰਹਿਣ ਕਾਨੂੰਨਾਂ ’ਚ ਲੋਕ ਮਾਰੂ ਸੋਧਾਂ ਦੇ ਬੇਬਾਕ ਆਲੋਚਕ ਸਨ ਅਤੇ ਜੰਗਲਾਤ ਹੱਕ ਕਾਨੂੰਨ (ਪੇਸਾ) ਤੇ ਸੂਚੀ ਦਰਜ਼ ਇਲਾਕਿਆਂ ’ਚ ਪੰਚਾਇਤੀ ਸੰਸਥਾਵਾਂ ਦਾ ਵਿਸਥਾਰ ਕਾਨੂੰਨ ਦੇ ਜ਼ੋਰਦਾਰ ਹਮਾਇਤੀ ਸਨ।
    ਉਨ੍ਹਾਂ ਨੇ 1996 ’ਚ ਝਾਰਖੰਡ ਆਰਗੇਨਾਈਜੇਸ਼ਨ ਅਗੇਂਸਟ ਯੂਰੇਨੀਅਮ ਰੇਡੀਏਸ਼ਨ (ਜੋਆਰ) ਬਣਾ ਕੇ ਚਾਇਬਾਸਾ ਵਿਖੇ ਬਣਾਏ ਜਾ ਰਹੇ ਟੇਲਿੰਗ ਡੈਮ ਨੂੰ ਰੋਕਣ ’ਚ ਕਾਮਯਾਬੀ ਹਾਸਿਲ ਕੀਤੀ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਜਾੜੇ ਦੇ ਨਾਲ-ਨਾਲ ਖਤਰਨਾਕ ਕਿਰਨਾਂ ਜ਼ਰੀਏ ਹੋਣ ਵਾਲੇ ਭਿਆਨਕ ਰੋਗਾਂ ਤੋਂ ਵੀ ਬਚਾਇਆ। ਉਸ ਤੋਂ ਬਾਅਦ ਉਨ੍ਹਾਂ ਨੇ ਬੋਕਾਰੋ, ਸੰਥਾਲ ਪਰਗਨਾ ਤੇ ਕੋਡਰਮਾ ’ਚ ਉਜਾੜੇ ਜਾ ਰਹੇ ਲੋਕਾਂ ਲਈ ਕੰਮ ਕੀਤਾ। ਉਹ ਸੁਪਰੀਮ ਕੋਰਟ ਦੀ 1997 ਦੀ ਸਮਤਾ ਜੱਜਮੈਂਟ ਨੂੰ ਅਮਲ ’ਚ ਲਿਆਉਣ ਵਾਲੇ ਜਾਗਰੂਕ ਬੁੱਧੀਜੀਵੀਆਂ ’ਚੋਂ ਇਕ ਸਨ। ਇਸ ਫੈਸਲੇ ਨੇ ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਦੁਨੀਆਂ ਭਰ ਦੇ ਕਾਰਪੋਰੇਟਾਂ ਵੱਲੋਂ ਹਾਬੜੇ ਸ਼ੇਰਾਂ ਵਾਂਗ ਆਦਿਵਾਸੀਆਂ ਦੇ ਜੰਗਲਾਂ ਹੇਠਲੇ ਖਣਿਜਾਂ ਦੀ ਲੁੱਟ ’ਤੇ ਰੋਕ ਲਾਈ ਸੀ ਤੇ ਕਿਹਾ ਸੀ, ‘ਜੋ ਜੰਗਲਾਂ ਦੇ ਮਾਲਕ ਹਨ, ਉਹ ਹੀ ਜੰਗਲਾਂ ਹੇਠਲੇ ਖਣਿਜੀ ਖ਼ਜ਼ਾਨੇ ਦੇ ਵੀ ਮਾਲਕ ਹਨ।’ ਪਹਿਲੀ ਵਾਰ 1996 ’ਚ ‘ਪੇਸਾ’ ਨਾਂ ਹੇਠ ਇਸ ਤੱਥ ਨੂੰ ਮਾਨਤਾ ਮਿਲੀ ਕਿ ਭਾਰਤ ਵਿੱਚ ਆਦਿਵਾਸੀ ਭਾਈਚਾਰਿਆਂ ਦੀ ਗਰਾਮ ਸਭਾਵਾਂ ਰਾਹੀਂ ਸਵੈ ਰਾਜ ਦੀ ਅਮੀਰ ਸਮਾਜੀ ਤੇ ਸੱਭਿਆਚਾਰਕ ਪਰੰਪਰਾ ਰਹੀ ਹੈ।
    ਫ਼ਾਦਰ ਸਟੈਨ ਸਵਾਮੀ ਦੇ ਪ੍ਰੇਰਕ ਅਗਵਾਈ ਸਦਕਾ ਪੱਥਲਗੜ੍ਹੀ ਨਾਂ ਦੇ ਅੰਦੋਲਨ ਰਾਹੀਂ ਆਦਿਵਾਸੀ ਲੋਕ, ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵੱਲੋਂ ਉਨ੍ਹਾਂ ਦੇ ਜਲ-ਜੰਗਲ-ਜ਼ਮੀਨ ਤੇ ਜਬਰੀ ਕਬਜ਼ਿਆਂ ਅੱਗੇ ਦੀਵਾਰ ਬਣ ਕੇ ਖੜ੍ਹੇ ਹੋ ਗਏ। ਬੀ ਜੇ ਪੀ ਦੀ ਸੂਬਾ ਸਰਕਾਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (”11) ਵਰਗੇ ਕਾਨੂੰਨਾਂ ਅਧੀਨ ਝੂਠੇ ਕੇਸਾਂ ਚ ਲੋਕਾਂ ਦੀਆਂ ਧੜਾਧੜ ਗਿ੍ਰਫਤਾਰੀਆਂ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਚ ਡੱਕ ਦਿੱਤਾ। ਗਰੀਬੀ ਤੇ ਕੰਗਾਲੀ ਨਾਲ ਜੂਝਦੇ ਇਨ੍ਹਾਂ ਲੋਕਾਂ ਕੋਲ ਅਦਾਲਤਾਂ ਚ ਖਰਚਣ ਲਈ ਧੇਲਾ ਵੀ ਨਹੀਂ ਸੀ ਇਸ ਲਈ ਫਾਦਰ ਸਟੈਨ ਸਵਾਮੀ ਨੇ ਵਕੀਲ ਸੁਧਾ ਭਾਰਦਵਾਜ ਨਾਲ ਰਲ ਕੇ ‘ਜ਼ੁਲਮਾਂ ਦੇ ਸ਼ਿਕਾਰ ਕੈਦੀਆਂ ਨਾਲ ਇਕਮੁੱਠਤਾ ਕਮੇਟੀ’ ਬਣਾਈ ਅਤੇ 2017 ਵਿਚ ਝਾਰਖੰਡ ਹਾਈਕੋਰਟ ਚ 3000 ਤੋਂ ਵੱਧ ਕੈਦੀ, ਜਿਨ੍ਹਾਂ ਚ 98% ਤੋਂ ਵੱਧ ਬਿਲਕੁਲ ਨਿਰਦੋਸ਼ ਸਨ, ਦੀ ਰਿਹਾਈ ਲਈ ਜਨਹਿੱਤ ਪਟੀਸ਼ਨ ਦਾਖਲ ਕੀਤੀ, ਜਿਸ ’ਤੇ ਸੁਣਵਾਈ ਕਰਦਿਆਂ 2018 ’ਚ ਹਾਈ ਕੋਰਟ ਨੇ ਸਰਕਾਰ ਤੋਂ ਅਜਿਹੇ ਕੈਦੀਆਂ ਦੀ ਵਿਸਥਾਰਤ ਰਿਪੋਰਟ ਮੰਗੀ ਸੀ। ਸਰਕਾਰ ਦੇ ਗ੍ਰਹਿ ਸਕੱਤਰ ਵੱਲੋਂ ਰਿਪੋਰਟ ਦੇਣ ਤੋਂ ਟਾਲ ਮਟੋਲ ਕਰਨ ’ਤੇ ਹਾਈ ਕੋਰਟ ਨੇ ਉਸ ਨੂੰ ਤਨਖਾਹ ਕੱਟਣ ਦੀ ਸਖਤ ਚਿਤਾਵਨੀ ਦਿੱਤੀ ਸੀ।
    ਫਾਦਰ ਸਟੇਨ ਸਵਾਮੀ ਨੇ ਆਪਣੇ ’ਤੇ ਲੱਗੇ ਸਾਰੇ ਇਲਜ਼ਾਮਾਂ ਦਾ ਬਾਦਲੀਲ ਤੇ ਤੱਥਾਂ ’ਤੇ ਆਧਾਰਤ ਜਵਾਬ ਦਿੱਤਾ। ਪਰ ਕਾਰਪੋਰੇਟਾਂ ਦੇ ਹੱਕ ’ਚ ਭੁਗਤਣ ਵਾਲੀ ਸਟੇਟ ਫਿਰ ਸਟੇਟ ਹੀ ਕੀ ਹੋਈ ਜੇ ਉਹ ਜਬਰ ਨਾ ਕਰੇ! ਦਰਅਸਲ ਸਟੈਨ ਸਵਾਮੀ ਦੀ ਲੜਾਈ ਜਮਾਤੀ ਲੜਾਈ ਹੈ। ਇਸੇ ਕਰਕੇ ਕਾਮਰੇਡ ਲੈਨਿਨ ਨੇ “ਰਾਜ ਤੇ ਇਨਕਲਾਬ’’ ਨਾਂ ਦੇ ਇਤਿਹਾਸਕ ਦਸਤਾਵੇਜ਼ ਵਿੱਚ ਸਟੇਟ ਨੂੰ “ਵਿਰੋਧੀ ਜਮਾਤ ਨੂੰ ਹਿੰਸਾ ਰਾਹੀਂ ਦਬਾ ਕੇ ਰੱਖਣ ਵਾਲੀ ਸਪੈਸ਼ਲ ਜਥੇਬੰਦੀ’’ ਦਾ ਨਾਂ ਦਿੱਤਾ ਹੈ।
    ਕੈਥੋਲਿਕ ਚਰਚ ਦੇ ਈਸਾਈ ਮੱਤ ’ਚ ਕਿਸੇ ਟਾਵੇਂ ਬੰਦੇ ਨੂੰ ਹੀ ਸੰਤ ਦੀ ਉਪਾਧੀ ਦਿੱਤੀ ਜਾਂਦੀ ਹੈ ਤੇ ਉਹ ਵੀ ਉਨ੍ਹਾਂ ਦੇ ਵੈਟੀਕਨ ਸਥਿਤ ਹੈੱਡਕੁਆਰਟਰ ਤੋਂ। ਪਰ ਸਟੈਨ ਸਵਾਮੀ ਨੂੰ ਝਾਰਖੰਡ ਦੇ ਆਦਿਵਾਸੀਆਂ, ਸ਼ੂਦਰਾਂ, ਦੱਬੇ-ਕੁਚਲੇ ਲੋਕਾਂ ਨੇ ਖ਼ੁਦ ਹੀ ਸੰਤ ਦੀ ਉਪਾਧੀ ਦੇ ਦਿੱਤੀ ਹੈ। ਦਿੱਲੀ ਦੇ ਮਸ਼ਹੂਰ ਸੇਂਟ ਸਟੀਫਨਸ ਕਾਲਜ ਦੇ ਸਾਬਕਾ ਪਿ੍ਰੰਸੀਪਲ ਵਾਲਸਨ ਥੈਂਪੂ ਨੇ ਫਾਦਰ ਸਟੈਨ ਸਵਾਮੀ ਨੂੰ ਨਿਵੇਕਲੀ ਸ਼ਰਧਾਂਜਲੀ ਦਿੰਦਿਆਂ ਵਿਅੰਗ ਨਾਲ ਲਿਖਿਆ ਹੈ ਕਿ ‘ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਜੇਲ੍ਹਾਂ ’ਚ ਸੜਨ ਉਪਰੰਤ ਮਰੇ ਕੈਦੀਆਂ ਦੀਆਂ ਲਾਸ਼ਾਂ ਸਪੈਸ਼ਲ ਯੂਏਪੀਏ ਮਿਊਜ਼ੀਅਮ ’ਚ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ’ਤੇ ਸਖਤ ਸੁਰੱਖਿਆ ਪਹਿਰਾ ਲਾ ਦਿੱਤਾ ਜਾਣਾ ਚਾਹੀਦਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਲਾਸ਼ਾਂ ਉਥੋਂ ਭੱਜ ਜਾਣ ਤੇ ਗ਼ਰੀਬ ਤੇ ਸਾਧਨਹੀਣ ਲੋਕਾਂ ਨਾਲ ਇਕਮੁੱਠਤਾ ਜ਼ਾਹਰ ਕਰਨ ਲੱਗ ਜਾਣ।’’ ਉਹ ਇਹ ਵੀ ਲਿਖਦੇ ਹਨ ਕਿ ਫਾਦਰ ਸਟੈਨ ਸਵਾਮੀ ਜੀ ਹੁਣ ਤੁਸੀਂ ਆਰਾਮ ਨਾਲ ਸੌਂ ਜਾਵੋ ਤੁਹਾਡਾ ਸੰਘਰਸ਼ ਖਤਮ ਹੋ ਚੁੱਕਾ ਹੈ ਤੇ ਹੁਣ ਸਾਡੀ ਵਾਰੀ ਹੈ।
    ਕੀ ਆਪਾਂ ਸਾਰੇ ਉਸ ਵਾਰੀ ਲਈ ਤਿਆਰ ਹਾਂ?
Scroll To Top