10ਵੇਂ ਪਾਤਸ਼ਾਹ ਸਾਹਿਬ-ਇ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਡਾ. ਕਰਮਜੀਤ ਸਿੰਘ ਦਾ ਵਿਸ਼ੇਸ਼ ਲੇਖ
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪੰਜਾਬ ਦੇ ਇਤਿਹਾਸ ਵਿਚ ਇਕ ਵੱਖਰੀ ਤਰ੍ਹਾਂ ਦਾ ਵਿਕਾਸ ਨਜ਼ਰ ਆਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਇਹ ਚਿੰਨ੍ਹਤ ਕਰ ਦਿੱਤਾ ਕਿ ‘ਰਾਜੇ ਸੀਂਹ ਮੁਕਦਮ ਕੁੱਤੇ!’, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਪੀਰੀ ਦੇ ਨਾਲ ਮੀਰੀ ਦੀ ਤਲਵਾਰ ਪਾ ਕੇ ਇਨ੍ਹਾਂ ਰਾਜਿਆਂ ਖ਼ਿਲਾਫ਼ ਹਥਿਆਰਬੰਦ ਮੁਕਾਬਲੇ ਵੀ ਸ਼ੁਰੂ ਕਰ ਦਿੱਤੇ। ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਾਜਨਾ ਕੀਤੀ ਜੋ ਪੰਜਾਬੀ ਹੀ ਨਹੀਂ ਭਾਰਤੀ ਇਤਿਹਾਸ ਵਿਚ ਬਹੁਤ ਵੱਡੀ ਘਟਨਾ ਸੀ। ਇਸ ਸਮੇਂ ਜਿਹੜੇ ਲੋਕਰਾਜੀ ਤੱਤ ਸਾਹਮਣੇ ਆਏ ਉਸਨੇ ਹਰ ਇਤਿਹਾਸਕਾਰ ਦਾ ਧਿਆਨ ਖਿੱਚਿਆ ਹੈ। ਇੰਦੂਭੂਸ਼ਨ ਬੈਨਰਜੀ, ਮੈਕਾਲਿਫ਼ ਦੇ ਹਵਾਲੇ ਨਾਲ ਲਿਖਦਾ ਹੈ, ”ਉਨ੍ਹਾਂ ਨੇ ਇਕ ਨਵੀਂ ਕੌਮ ਨੂੰ ਹੋਂਦ ਵਿਚ ਲਿਆਂਦਾ ਅਤੇ ਨਵੀਂ ਗਤੀਸ਼ੀਲ ਸ਼ਕਤੀ ਨੂੰ ਭਾਰਤੀ ਇਤਿਹਾਸ ਦੇ ਪਿੜ ਵਿਚ ਨਿਤਾਰਿਆ। ਉਸ ਸ਼ਕਤੀ ਨੇ ਕੀ ਪ੍ਰਭਾਵ ਪਾਇਆ ਇਹ ਇਤਿਹਾਸਕ ਵਿਸ਼ਾ ਹੈ ਪ੍ਰੰਤੂ ਅਨੇਕਾਂ ਢੰਗ, ਜਿਨ੍ਹਾਂ ਦੁਆਰਾ ਉਨ੍ਹਾਂ ਦੇ ਦੱਬੇ ਅਤੇ ਲਿਤਾੜੇ ਹੋਏ ਲੋਕਾਂ ਨੂੰ ਉਤਾਂਹ ਚੁੱਕਣ ਦਾ ਜਤਨ ਕੀਤਾ, ਉਹ ਬਹੁਤ ਘੱਟ ਜਾਣੇ ਜਾਂਦੇ ਹਨ।” ਮੈਕਾਲਿਫ਼ ਕਹਿੰਦਾ ਹੈ : ”ਪੁਸ਼ਤਾਂ ਤੋਂ ਹੀ ਨੀਚ ਜਾਤੀਆਂ ਨੂੰ ਇਕ ਬਹਾਦਰ ਅਤੇ ਦ੍ਰਿੜ ਸਿਪਾਹੀ ਵਿਚ ਬਦਲਣ ਵਿਚ ਗੁਰੂ ਜੀ ਦੀ ਸਿੱਖਿਆ ਦਾ ਜਾਦੂਮਈ ਅਸਰ ਸੀ, ਜਿਵੇਂ ਕਿ ਮਜ਼੍ਹਬੀ ਸਿੱਖਾਂ ਦੀ ਰੈਜਮੈਂਟ ਦਾ ਗਠਨ ਕੀਤਾ ਜਾਣਾ ਨਿਰਣਈ ਤੌਰ ‘ਤੇ ਇਸ ਗੱਲ ਨੂੰ ਸਿੱਧ ਕਰਦਾ ਹੈ। ਇਹ ਕਾਇਆ ਕਲਪ ਪੁਰਾਤਨ ਹਿੰਦੂ ਧਾਰਮਿਕ ਪੱਧਤੀ ਦੇ ਪੁਰਾਣੇ ਕੱਟੜ ਪੱਖਪਾਤ ਅਤੇ ਰੂੜ੍ਹੀਵਾਦ ਵਿਰੁੱਧ ਪਰਿਪੂਰਨ ਕੀਤੀ ਗਈ ਸੀ। ਸਿੱਖ ਗੁਰੂਆਂ ਦੇ ਸਮੇਂ ਤੋਂ ਪਹਿਲਾਂ ਕਿਸੇ ਜਰਨੈਲ ਨੇ ਉਨ੍ਹਾਂ ਲੋਕਾਂ ਦੀ ਫੌਜ ਖੜ੍ਹੀ ਕਰਨ ਦਾ ਸੋਚਿਆ ਵੀ ਨਹੀਂ ਸੀ ਜਿਨ੍ਹਾਂ ਬਾਰੇ ਜਨਮ ਤੋਂ ਹੀ ਪਲੀਤ ਅਤੇ ਭਰਿਸ਼ਟ ਹੋਏ ਵਿਸ਼ਵਾਸ਼ ਕੀਤਾ ਜਾਂਦਾ ਸੀ।” (ਇੰਦੂ ਭੂਸ਼ਨ ਬੈਨਰਜੀ, ਖਾਲਸੇ ਦੀ ਉਤਪਤੀ, ਜਿਲਦ ਦੂਜੀ, ਪੰ.ਬਿ.ਪੰ.ਯੂ. ਪਟਿਆਲਾ, ਪੰਨਾ-159)
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖ ਦੀ ਪਹਿਚਾਣ ਸੀ ‘ਕਿਰਤ ਕਰਨਾ, ਵੰਡ ਛਕਣਾ ਤੇ ਨਾਮ ਜਪਣਾ’। ਇਨ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਇਕ ਹੋਰ ਪਰਿਭਾਸ਼ਾ ਜੋੜ ਦਿੱਤੀ, ‘ਮੁਖ ਤੇ ਹਰਿ ਚਿਤ ਮੈ ਜੁੱਧ ਬਿਚਾਰੈ’
ਧੰਨਿ ਜੀਓ ਤਿਹ ਕੋ ਜਗ ਮੈ, ਮੁਖ ਤੇ ਹਰਿ ਚਿੱਤ ਮੈ ਜੁੱਧੁ ਬਿਚਾਰੈ।
ਦੇਹ ਅਨਿੱਤ ਨ ਨਿੱਤ ਰਹੈ ਜਸੁ ਨਾਵ ਚੜ੍ਹੇ, ਭਵ ਸਾਗਰ ਤਾਰੈ।
ਧੀਰਜ-ਧਾਮ ਬਨਾਇ ਇਹੈ ਤਨ, ਬੁਧਿ ਸੁ ਦੀਪਕ ਜਿਉਂ ਉਜਿਆਰੈ।
ਗਿਆਨਹਿ ਕੀ ਬਡਨੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। (ਦਸਮ ਗ੍ਰੰਥ)’
ਨਾਲ ਹੀ ਗਿਆਨ ਦੀ ਕੈਂਚੀ ਤਿੱਖੀ ਕਰਨਾ ਵੀ ਖਾਲਸੇ ਦੇ ਨਿੱਤ ਕਰਮ ਵਿਚ ਸ਼ਾਮਲ ਕਰ ਦਿੱਤਾ ਗਿਆ ਤਾਂ ਕਿ ਬੁੱਧੀ ਦੀਵੇ ਵਾਂਗ ਲੋਅ ਦੇ ਸਕੇ। ਇਵੇਂ ਹੀ ਕਾਇਰਤਾ ਉਪਰ ਵਿਜੈ ਪਾਈ ਜਾ ਸਕਦੀ ਹੈ। ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਉਨ੍ਹਾਂ ਤੋਂ ਆਪ ਛਕਿਆ। ਇਤਿਹਾਸ ਵਿਚ ਇਹ ਲਾਮਿਸਾਲ ਘਟਨਾ ਸੀ। ਉਨ੍ਹਾਂ ਦੇ ਸਿੱਖਾਂ ਵਿਚ ਵਿਸ਼ਵਾਸ਼ ਦਾ ਪੂਰਨ ਜਲੌਅ ਖਾਲਸਾ ਮਹਿਮਾ ਵਿਚ ਦੇਖਿਆ ਜਾ ਸਕਦਾ ਹੈ ਜਿੱਥੇ ਉਹ ਆਪਣੇ ਆਪ ਨੂੰ ਸਿੱਖਾਂ ਵਲੋਂ ਸਜਾਏ ਆਗੂ ਮੰਨਦੇ ਹਨ :
‘ਜੁਧ ਜਿਤੇ ਇਨਹੀ ਕ ਪ੍ਰਸਾਦਿ, ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ।
ਅਘ ਓਘ ਟਰੈ ਇਨਹੀ ਕੇ ਪ੍ਰਸਾਦਿ, ਇਨਹੀ ਕੀ ਕ੍ਰਿਪਾ ਸਭ ਧਾਮ ਭਰੇ।
ਇਨਹੀ ਕੇ ਪ੍ਰਸਾਦ ਸੁਵਿਦਿਆ ਲਈ, ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ।
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹਿ ਮੋ ਸੇ ਗਰੀਬ ਕਰੋਰ ਪਰੇ।
ਸੇਵ ਕਰੀ ਇਨ ਹੀ ਕੀ ਭਾਵਤ, ਅਉਰ ਕੀ ਸੇਵ ਸੁਹਾਤ ਨ ਜੀ ਕੋ।
ਦਾਨ ਦਯੋ ਇਨ ਹੀ ਕੋ ਭਲੋ, ਅਰੁ ਆਨ ਕੋ ਦਾਨ ਨ ਲਾਗਤ ਨੀਕੋ।
ਆਗੈ ਫਲੈ ਇਨ ਹੀ ਕੋ ਦਯੋ, ਜਗ ਮੈ ਜਸੁ ਅਉਰ ਦਯੋ ਸਭ ਫੀਕੋ।
ਸੋ ਗ੍ਰਹ ਮੈ ਤਨ ਤੇ ਮਨ ਤੇ, ਸਿਰ ਲਉ ਧਨ ਹੈ ਸਭ ਹੀ ਇਨਹੀ ਕੋ। (ਦਸਮ ਗ੍ਰੰਥ, ਖਾਲਸਾ ਮਹਿਮਾ)’
ਖਾਲਸੇ ਨੂੰ ਬੌਧਿਕ ਤੌਰ ‘ਤੇ ਵਿਕਸਿਤ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਯੋਗਦਾਨ ਪਾਇਆ ਉਸਦਾ ਕੋਈ ਮੁੱਲ ਨਹੀਂ। ਜਿਵੇਂ ਕਿ ਪਾਉਂਟਾ ਸਾਹਿਬ ਵਿਖੇ 52 ਕਵੀਆਂ ਨੂੰ ਇਕੱਤਰ ਕਰਨਾ। ਇਹ ਕਵੀ ਰੁਮਾਂਟਿਕ ਕਵੀ ਨਹੀਂ ਸਨ ਸਗੋਂ ਪੁਰਾਤਨ ਗ੍ਰੰਥਾਂ ਦਾ ਅਧਿਐਨ ਕਰਕੇ ਉਸਦਾ ਕਾਵਿ ਵਿਚ ਅਨੁਵਾਦ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੀ ਰਾਹਨੁਮਾਈ ਵਿਚ ਜੰਗ ਯੁੱਧ ਨੂੰ ਪ੍ਰਧਾਨਤਾ ਦਿੰਦੀਆਂ ਰਚਨਾਵਾਂ ਦੀ ਰਚਨਾ ਵਧੇਰੇ ਹੋਈ। ਸਾਬੋ ਕੀ ਤਲਵੰਡੀ ਨੂੰ ਉਨ੍ਹਾਂ ਗੁਰੂ ਕਾਸ਼ੀ ਵਿਚ ਬਦਲ ਦਿੱਤਾ ਜਿੱਥੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਵਾਈ ਗਈ ਅਤੇ ਵਿਦਵਾਨਾਂ ਨੇ ਗੋਸ਼ਟੀਆਂ ਕੀਤੀਆਂ ਤੇ ਉਚ ਪੱਧਰ ਦੀਆਂ ਰਚਨਾਵਾਂ ਰਚੀਆਂ। ਇੱਥੇ ਹੀ ਗੁਰਮੁਖੀ ਦੇ ਪ੍ਰਚਾਰ ਪ੍ਰਸਾਰ ਦੀ ਨੀਂਹ ਰੱਖੀ। ਮੈਕਸ ਆਰਥਕਰ ਮੈਕਾਲਿਫ ਲਿਖਦਾ ਹੈ, ”ਗੁਰੂ ਜੀ ਚਾਹੁੰਦੇ ਸਨ ਕਿ ਉਨ੍ਹਾਂ ਦੇ ਸਿੱਖ ਹਿੰਦੂਆਂ ਦੇ ਪਵਿੱਤਰ ਧਰਮ ਗ੍ਰੰਥਾਂ ਤੋਂ ਜਾਣੂ ਹੋ ਕੇ ਆਪ ਗੁਰੂ ਜੀ ਦੀਆਂ ਰਚਨਾਵਾਂ ਦੀ ਸ੍ਰੇਸ਼ਟਤਾ ਤੋਂ ਹਿੰਦੂਆਂ ਦੀਆਂ ਰਚਨਾਵਾਂ ਦੀ ਤੁੱਛਤਾ ਦਾ ਅਨੁਮਾਨ ਲਾ ਸਕਣ।” (ਸਿੱਖ ਇਤਿਹਾਸ, ਭਾਗ ਤੀਜਾ, ਲਾਹੌਰ ਬੁੱਕ ਸ਼ਾਪ ਲੁਧਿਆਣਾ, ਪੰਨਾ-414)
ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪਹਿਲੇ ਗੁਰੂਆਂ ਵਾਂਗ ਹੀ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਈ ਹੈ। ਉਹ ਭੁੱਖੇ ਰਹਿਣ, ਤੀਰਥ ਕਰਨ ਅੱਖਾਂ ਬੰਦ ਕਰਕੇ ਬਹਿਣ, ਬੁੱਤ ਪੂਜਾ ਕਰਨ ਦੀ ਅਤੇ ਅਵਤਾਰਵਾਦ ਦੀ ਨਿਖੇਧੀ ਕਰਦੇ ਹਨ ਅਤੇ ਜਾਤਾਂ, ਧਰਮਾਂ ਤੋਂ ਉਪਰ ਉੱਠ ਕੇ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦਾ ਹੋਕਾ ਦਿੰਦੇ ਹਨ।
ਕੋਈ ਭਇਓ ਮੁੰਡੀਆ ਸੰਨਿਆਸੀ ਕੋਈ ਜੋਗੀ ਭਇਓ,
ਕੋਈ ਬ੍ਰਹਮਚਾਰੀ, ਕੋਈ ਜਤੀ ਅਨੁਮਾਨਬੋ।
ਹਿੰਦੂ ਤੁਰਕ ਕੋਈ ਰਾਫਿਜ਼ੀ, ਇਮਾਮ ਸਾਫ਼ੀ,
ਮਾਨਸ ਕੀ ਜਾਤਿ ਸਭੈ ਏਕੈ ਪਹਚਾਨਬੋ।
ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ।
ਬੇਦ ਪੁਰਾਨ ਕਤੇਬ ਕੁਰਾਨ, ਜਮੀਨ ਜਮਾਨ ਸਬਾਨ ਕੇ ਭੇਖੈ।
ਪਉਨ ਅਹਾਰ ਜਤੀ ਜਤ ਧਾਰ, ਸਬੈ ਸੁਬਿਚਾਰ ਹਜਾਰ ਕੇ ਦੇਖੈ।
ਸ੍ਰੀ ਭਗਵਾਨ ਭਜੇ ਬਿਨ ਭੂਪਤਿ ਏਕ ਰਤੀ ਬਿਨ ਏਕ ਨਾ ਲੇਖੈ।
ਕਹਾਂ ਭਯੋ ਜੋ ਦੋਊ ਲੋਚਨ ਮੂੰਦਕੇ ਬੈਠਿ ਰਹਿਓ ਬਕ ਧਿਆਨ ਲਗਾਇਓ।
ਸਾਂਤ ਫਿਰਿਓ ਲੀਏ ਸਾਤ ਸਮੁੰਦ੍ਰਨਿ, ਲੋਕ ਗਯੋ, ਪਰਲੋਕ ਗਵਾਇਓ।
ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸ ਸੁ ਬੈਸ ਬਿਤਾਇਓ।
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਇਹ ਪ੍ਰੇਮ ਦਾ ਸੰਦੇਸ਼ ਪੂਰਬਲੇ ਗੁਰੂ ਸਾਹਿਬਾਨ ਵਲੋਂ ਦਿੱਤੇ ਹੋਕੇ ਨੂੰ ਹੋਰ ਵੀ ਮਜ਼ਬੂਤੀ ਨਾਲ ਅਗਾਂਹ ਤੋਰਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਆਪਣੇ ਆਪ ਵਿਚ ਇਕ ਮਿਸਾਲ ਹੈ। ਪਿਤਾ ਦੀ ਸ਼ਹੀਦੀ, ਚਾਰੇ ਪੁੱਤਰਾਂ ਦੀ ਸ਼ਹੀਦੀ, ਮਾਤਾ ਦੀ ਸ਼ਹੀਦੀ ਅਤੇ ਆਪ ਜੰਗਲਾਂ ਵਿਚ ਉਠਾਏ ਕਸ਼ਟਾਂ ਦਾ ਕੋਈ ਸਾਨੀ ਨਹੀਂ। ਪਰ ਇਸਦੇ ਬਾਵਜੂਦ ‘ਯਾਰੜੇ ਦਾ ਸਾਨੂੰ ਸੱਥਰ ਚੰਗਾ’ ਗਾਉਣ ਵਾਲੇ ਗੁਰੂ ਗੋਬਿੰਦ ਸਿੰਘ ਹੀ ਹਨ :
‘ਮ੍ਰਿਤ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦਾ ਰਹਿਣਾ।
ਸੂਲ ਸੁਰਾਹੀ ਖੰਜਰ ਪਿਆਲਾ,
ਬਿੰਗ ਕਸਾਈਆਂ ਦਾ ਸਹਿਣਾ।
ਯਾਰੜੇ ਦਾ ਸਾਨੂੰ ਸੱਥਰ ਚੰਗਾ,
ਭੱਠ ਖੇੜਿਆਂ ਦਾ ਰਹਿਣਾ।’ (ਖਿਆਲ ਪਾਤਿਸ਼ਾਹੀ 10)
ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਪ੍ਰਾਪਤੀ ਦੀ ਗੱਲ ਕਰੀਏ ਤਾਂ ਇਤਿਹਾਸਕਾਰ ਇਹ ਮੰਨਦੇ ਹਨ ਕਿ ਉਨ੍ਹਾਂ ਦੀਆਂ ਥੋੜ੍ਹੀ ਉਮਰ ਵਿਚ ਬਹੁਤ ਵੱਡੀਆਂ ਪ੍ਰਾਪਤੀਆਂ ਹਨ। ਗੋਕਲ ਚੰਦ ਨਾਰੰਗ ਲਿਖਦਾ ਹੈ, ”ਉਹ ਪਹਿਲੇ ਭਾਰਤੀ ਨੇਤਾ ਸਨ ਜਿਨ੍ਹਾਂ ਨੇ ਲੋਕ ਰਾਜੀ ਨਿਯਮ ਸਿਖਾਏ ਅਤੇ ਆਪਣੇ ਅਨੁਯਾਈਆਂ ਨੂੰ ਭਰਾਵਾਂ ਵਾਂਗ ਰਹਿਣ ਦਾ ਪਾਠ ਪੜ੍ਹਾਇਆ ਅਤੇ ਗੁਰਮਤੇ ਅਨੁਸਾਰ ਅਮਲ ਕਰਨ ਦਾ ਸਬਕ ਸਿਖਾਇਆ।” (ਸਿੱਖ ਮਤ ਦਾ ਪਰਿਵਰਤਨ, ਪ.ਬਿ.ਪੰ.ਯੂ. ਪਟਿਆਲਾ, ਪੰਨਾ-95) ਇੰਦੂ ਭੂਸ਼ਨ ਬੈਨਰਜੀ ਨੇ ਜਾਦੂਨਾਥ ਸਰਕਾਰ ਦੇ ਹਵਾਲੇ ਨਾਲ ਗੁਰੂ ਸਾਹਿਬ ਦੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ, ”ਜਿਸ ਮੰਤਵ ਦੀ ਪੂਰਤੀ ਦਾ ਉਨ੍ਹਾਂ ਯਤਨ ਕੀਤਾ ਸੀ, ਉਹ ਮਹਾਨ ਅਤੇ ਸ਼ਲਾਘਾ ਯੋਗ ਸੀ। ਉਹ ਆਪਣੇ ਭਾਈਚਾਰੇ ਨੂੰ ਜ਼ੁਲਮ ਅਤੇ ਅਤਿਆਚਾਰ ਤੋਂ ਮੁਕਤ ਕਰਨਾ ਚਾਹੁੰਦੇ ਸਨ ਅਤੇ ਜਿਹੜੇ ਸਾਧਨ ਉਨ੍ਹਾਂ ਨੇ ਅਪਣਾਏ ਸਨ, ਉਨ੍ਹਾਂ ਨੂੰ ਉਨ੍ਹਾਂ ਵਰਗਾ ਸਰਬੰਗੀ ਮਨ ਹੀ ਸੁਝਾਅ ਸਕਦਾ ਸੀ।” (ਇੰਦੂ ਭੂਸ਼ਣ ਬੈਨਰਜੀ, ਪੰਨਾ-154)
ਅੱਜ ਗੁਰੂ ਸਾਹਿਬ ਦੀ ਲੋਕਮੁਖਤਾ ਅਤੇ ਲੋਕਰਾਜੀ ਵਿਚਾਰਾਂ ਨੂੰ ਹੋਰ ਦ੍ਰਿੜਤਾ ਨਾਲ ਅਪਨਾਉਣ ਦੀ ਲੋੜ ਹੈ। ਪਿਛਲੇ ਕਈ ਮਹੀਨਿਆਂ ਤੋਂ ਚਲ ਰਹੇ ਕਿਸਾਨੀ ਅੰਦੋਲਨ ਲਈ ਗੁਰੂ ਸਾਹਿਬ ਦੀਆਂ ਨਸੀਹਤਾਂ ਅਤੇ ਪਾਏ ਪੂਰਨਿਆਂ ਦਾ ਬੇਹੱਦ ਮਹੱਤਵ ਹੈ। ਉਨ੍ਹਾਂ ਦੀ ਪ੍ਰੇਰਣਾ ਸਾਡੇ ਅੰਗ ਸੰਗ ਹੈ। ਉਨ੍ਹਾਂ ਵਲੋਂ ਪਾਈਆਂ ਲੋਕ ਰਾਜੀ ਪਿਰਤਾਂ ਨੂੰ ਅਪਣਾਉਂਦਿਆਂ ਕਿਸਾਨ ਮੋਰਚੇ ਦੀ ਜਿੱਤ ਯਕੀਨੀ ਹੈ।