Now Reading
ਲੋਕ ਮਸਲੇ ਸਮੂਹਿਕ ਕਤਲੇਆਮ ਦੇ ਅਸਲ ਦੋਸ਼ੀਆਂ ਦੀ ਨਿਸ਼ਾਨਦੇਹੀ ਕਰੋ

ਲੋਕ ਮਸਲੇ ਸਮੂਹਿਕ ਕਤਲੇਆਮ ਦੇ ਅਸਲ ਦੋਸ਼ੀਆਂ ਦੀ ਨਿਸ਼ਾਨਦੇਹੀ ਕਰੋ

ਪੰਜਾਬ ਵਿੱਚ ਅੱਜ-ਕਲ੍ਹ ਮਨਹੂਸ ਖਬਰਾਂ ਦੀ ਭਰਮਾਰ ਹੈ। ਕਿਸਾਨ-ਮਜਦੂਰ ਖੁਦਕੁਸ਼ੀਆਂ ਦੀਆਂ ਸੁਰਖੀਆਂ ਦਿਨ ਚੜ੍ਹਦੇ ਸਾਰ ਹੀ  ਸੰਵੇਦਨਸ਼ੀਲ ਲੋਕਾਂ ਦਾ ਕਾਲਜਾ ਕੱਢ ਲੈਂਦੀਆਂ ਹਨ। ਹੁਣ, ਸਵੈਘਾਤ ਦਾ ਇਹ ਮਨਹੂਸ ਵਰਤਾਰਾ ਛੋਟੇ ਕਾਰੋਬਾਰੀਆਂ, ਬੇਰੁਜ਼ਗਾਰ ਅਤੇ ਨੌਕਰੀਓਂ ਕੱਢੇ ਨੌਜਵਾਨਾਂ ਦੀ ਵੀ ਬਲੀ ਲੈਣ ਲੱਗ ਪਿਆ ਹੈ। ਨਸ਼ੇ ਦੀ ਬੇਹਿਸਾਬ ਵਰਤੋਂ ( ਓਵਰਡੋਜ਼) ਨਾਲ ਮਰਨ ਵਾਲੇ ਨੌਜਵਾਨ ਧੀਆਂ-ਪੁੱਤਾਂ ਦੇ ਮਾਪਿਆਂ ਦੇ ਰੁਦਨ ਬਰਦਾਸ਼ਤ ਦੀ ਪ੍ਰੀਖਿਆ ਲੈਂਦੇ ਹਨ। ਸੜਕੀ ਹਾਦਸੇ, ਖੇਤੀ ਹਾਦਸੇ ਆਦਿ ਬੇਸ਼ਕ ਅਚਨਚੇਤੀ ਦੁਰਘਟਨਾਵਾਂ ਦੇ ਖਾਤੇ ਪਾ ਦਿੱਤੇ ਜਾਂਦੇ ਹਨ ਪਰ ਇਨ੍ਹਾਂ ਵਿੱਚ ਵੀ ਨਸ਼ਿਆਂ ਦੀ ਮਾਰੂ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿਜਲੀ ਅਤੇ ਹੋਰਨਾਂ ਵਿਭਾਗਾਂ ਵਿੱਚ ਅਣਸਿਖਿਅਤ ਅਤੇ ਸੁਰੱਖਿਆ ਉਪਕਰਣਾਂ ਦੀ ਅਣਹੋਂਦ ਵਿੱਚ ਕੰਮ ਕਰ ਰਹੇ ਠੇਕਾ ਕਿਰਤੀਆਂ ਦੀਆਂ ਮੌਤਾਂ ਨੂੰ ਵੀ ਹਾਦਸਾ ਕਹਿ ਦਿੱਤਾ ਜਾਂਦਾ ਹੈ ਪਰ ਅਸਲ ਵਿੱਚ ਇਨ੍ਹਾਂ ਮੌਤਾਂ, ਜਾਂ ਕਹਿ ਲਓ ਕਤਲਾਂ, ਲਈ ਸਰਕਾਰੀ ਨੀਤੀਆਂ ਅਤੇ ਅਫਸਰਸ਼ਾਹੀ ਦੀ ਬੇਰੁਖੀ ਮੁੱਖ ਦੋਸ਼ੀ ਹੈ।
ਉਕਤ ਸਭ ਕੁਝ ਤੋਂ ਉੱਪਰ ਹੈ ਪੰਜਾਬ ਨੂੰ ਚਾਰ ਚੁਫੇਰਿਓਂ ਨੂੜੀ ਬੈਠਾ ਨਸ਼ਿਆਂ ਦਾ ਤੰਦੂਆ ਜਾਲ। ਸਮਾਜਿਕ ਮਾਹਿਰਾਂ ਅਨੁਸਾਰ ਪੰਜਾਬ ਵਿੱਚ 90 ਦੇ ਦਹਾਕੇ ‘ਚ ਚੱਲੇ ਅੱਤਵਾਦ ਦੇ ਖੂੰਨੀ ਦੌਰ ਵਿੱਚ ਐਨੇ ਕਤਲ ਨਹੀਂ ਸਨ ਹੋਏ ਜਿੰਨੇ ਲੋਕ ਪਿਛਲੇ ਕੋਈ ਤੇਰਾਂ ਕੁ ਸਾਲਾਂ ਵਿੱਚ ਨਸ਼ੇ ਕਾਰਣ ਮਾਰੇ ਗਏ ਹਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਉਪਰੋਥਲੀ ਦੋ ਕਾਰਜਕਾਲਾਂ ਅਤੇ ਕਾਂਗਰਸ ਦੇ ਮੌਜੂਦਾ ਕਾਰਜ ਕਾਲ ਵਿੱਚ ਇਹਨਾਂ ਨਾਮੁਰਾਦ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹਾਲਾਂਕਿ ਦੋਹੇਂ ਪਾਰਟੀਆਂ ਨਸ਼ਾ ਕਾਰੋਬਾਰ ਨੂੰ ਸਰਕਾਰੀ ਥਾਪੜਾ ਦੇਣ ਦੇ ਆਪਣੇ ਗੁਨਾਹ ਦੀ ਪਰਦਾਪੋਸ਼ੀ ਕਰ ਰਹੀਆਂ ਹਨ ਪਰ ਲੋਕਾਂ ਤੋਂ ਕੁੱਝ ਵੀ ਲੁਕਿਆ-ਛਿਪਿਆ ਨਹੀਂ। ਇਸ ਕਾਰੋਬਾਰ ਨਾਲ ਜੁੜਿਆ ਅਤਿ ਦੁਖਦਾਈ ਪਹਿਲੂ ਇਹ ਹੈ ਕਿ ਨਸ਼ੇੜੀ ਹੀ ਨਸ਼ੇ ਦੀਆਂ ਖੇਪਾਂ ਪੁਚਾਉਣ ਲੱਗ ਪਏ ਹਨ। ਇਸ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਨਸ਼ੇ ਦੀ ਵਰਤੋਂ ਦੇ ਮਾਮਲੇ ‘ਚ ਮੁੰਡੇ-ਕੁੜੀਆਂ ਦਾ ਫਰਕ ਮਿਟਦਾ ਜਾ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਧਾਰਮਿਕ ਵਖਰੇਵੇਂ ਵੀ ਬੇਮਾਅਨਾ ਹੋ ਗਏ ਹਨ।
ਤਾਜਾ ਮਾਮਲਾ, ਜਿਸ ਨੇ ਪੰਜਾਬੀ ਸਮਾਜ ਨੂੰ ਇੱਕ ਫਿਰ ਡਾਢਾ ਗਮਜ਼ਦਾ ਕੀਤਾ ਹੈ ਉਹ ਨਾਜਾਇਜ ਸ਼ਰਾਬ ਦਾ ਹੈ। ਅਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜਿਲ੍ਹਿਆਂ ਵਿੱਚ ਜੁਲਾਈ ਦੇ ਅੰਤ ਅਤੇ ਅਗਸਤ ਦੇ ਸ਼ੁਰੂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਅਨੇਕਾਂ ਲੋਕ ਮੌਤ ਦੇ ਮੂੰਹ ਜਾ ਪਏ ਅਤੇ ਹੁਣ ਤੱਕ 120 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਅੰਨ੍ਹੇਪਣ ਦਾ ਸ਼ਿਕਾਰ ਹੋ ਕੇ ‘ਨਾ ਜਿਉਂਦਿਆਂ ‘ਚ ਨਾ ਮਰਦਿਆਂ ‘ਚ’ ਵਾਲੀ ਸਥਿਤੀ ਵਿੱਚ ਪੁੱਜ ਚੁੱਕੇ ਹਨ। ਦਸਣਾ ਬਣਦਾ ਹੈ ਕਿ ਇਹ ਘਰ ਦੀ ਕੱਢੀ ਰੂੜੀ ਮਾਰਕਾ ਸ਼ਰਾਬ ਨਹੀਂ ਬਲਕਿ ਕੈਮੀਕਲਜ਼ ਨਾਲ ਤਿਆਰ ਕੀਤਾ ਜਾਂਦਾ ਜ਼ਹਿਰੀਲਾ ਮਿਸ਼ਰਣ ਹੈ ਜਿਸ ਦੀ ਸਪਲਾਈ ਸਰਹੱਦੀ ਜਿਲ੍ਹਿਆਂ ਵਿੱਚ ਦਹਾਕਿਆਂ ਤੋਂ ਬੇਰੋਕ ਟੋਕ ਜਾਰੀ ਹੈ। ਪੰਡੋਰੀ ਗੋਲਾ (ਤਰਨਤਾਰਨ) ਅਤੇ ਮੁੱਛਲ (ਅਮ੍ਰਿਤਸਰ)  ਪਿੰਡਾਂ ਵਿੱਚ ਮੌਤਾਂ ਦੀ ਗਿਣਤੀ ਦਰਜਨ ਤੋਂ ਵੱਧ ਹੈ। ਮੁੱਛਲ ਪਿੰਡ ਵਿੱਚ ਇਨ੍ਹਾਂ ਦਰਦਨਾਕ ਮੌਤਾਂ/ਕਤਲਾਂ ਖਿਲਾਫ਼ ਲੱਗੇ ਮੋਰਚੇ ਵਿੱਚ ਬੋਲਦਿਆਂ ਕਮਿਊਨਿਸਟ ਆਗੂਆਂ ਨੇ ਕਿਹਾ, ”ਔਹ ਫਲਾਨਾ ਪਰਿਵਾਰ ਨਸ਼ੇ ਵੇਚਦਾ ਹੈ, ਚਾਰ ਵਿਧਾਇਕ, ਪੰਜ ਸਰਪੰਚ, ਅਨੇਕਾਂ ਐਸ.ਐਚ.ਓ., ਡਿਪਟੀ ‘ਤੇ ਉੱਚ ਅਫਸਰ ਬਦਲ ਗਏ ਪਰ ਇਸ ਟੱਬਰ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ।” ਉਨ੍ਹਾਂ ਦੇ ਇਸ ਕਥਨ ਉਪਰੰਤ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਨਸ਼ੇ ਕਾਰੋਬਾਰੀਆਂ ਦੇ ਗੱਠਜੋੜ ਵਿੱਚ ਕਿਹੜੀਆਂ ਧਿਰਾਂ ਸ਼ਾਮਲ ਹਨ। ਮੁੱਛਲ ਪਿੰਡ ਵਿੱਚ ਰਾਜ ਕਰਦੀਆਂ ਆ ਰਹੀਆਂ ਸਿਆਸੀ ਪਾਰਟੀਆਂ ਦੇ ਪਿੰਡ ਅਤੇ ਇਲਾਕਾ ਪੱਧਰ ਦੇ ਸਿਆਸੀ ਆਗੂਆਂ ਨੇ ਇਨ੍ਹਾਂ ਮੌਤਾਂ ਨੂੰ ਸਾਧਾਰਨ ਮੌਤਾਂ ਸਿੱਧ ਕਰਨ ਲਈ ਅੱਡੀ-ਚੋਟੀ ਦਾ ਜੋਰ ਲਾਇਆ। ਖੈਰ ਲੋਕਾਂ ਦੇ ਸੰਘਰਸ਼ ਸਦਕਾ ਮ੍ਰਿਤਕਾਂ ਦੇ ਵਾਰਿਸਾਂ ਅਤੇ ਸ਼ਰਾਬ ਦੇ ਰੂਪ ਵਿੱਚ ਜ਼ਹਿਰ ਦਾ ਸੇਵਨ ਕਰਕੇ ਨਕਾਰਾ ਹੋ ਚੁਕਿਆਂ ਲਈ ਨਗਦ ਮੁਆਵਜ਼ਾ, ਪੈਨਸ਼ਨਾਂ, ਇਲਾਜ ਆਦਿ ਦਾ ਐਲਾਨ ਹੋ ਗਿਆ ਜੋ ਮਿਲ ਵੀ ਗਿਆ ਹੈ। ਹੇਠ ਪੱਧਰ ਦੇ ਨਸ਼ਾ ਵੇਚਣ ਵਾਲੇ ਫੜ੍ਹ ਵੀ ਲਏ ਹਨ। ਪਰ ਐਨੇ ਵੱਡੇ ਰਾਕੇਟ ਦੇ ਸੰਚਾਲਕਾਂ ‘ਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਸਿਆਸੀ ਆਗੂਆਂ ਅਤੇ ਅਫਸਰਸ਼ਾਹੀ ਵਿਚਲੇ ਭ੍ਰਿਸ਼ਟ ਤੱਤਾਂ ਦੀ ਤਾਂ ਨਿਸ਼ਾਨਦੇਹੀ ਵੀ ਨਹੀਂ ਹੋਈ ਇਨ੍ਹਾਂ ਨੂੰ ਸਜ਼ਾ ਮਿਲਣੀ ਤਾਂ ਦੂਰ ਦੀ ਗੱਲ ਹੈ।
ਹਾਲਾਤ ਦਾ ਸਭ ਤੋਂ ਦੁਖਦਾਈ ਵਿਅੰਗ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਸ਼ਿਆਂ ਖਿਲਾਫ਼ ਬਿਆਨ ਦਾਗ ਰਿਹਾ ਹੈ ਜਿਸ ਦੇ ਵਾਰੇ-ਪਹਿਰੇ ਨਸ਼ਾ ਕਾਰੋਬਾਰ ਰੱਜ ਕੇ ਵਧਿਆ-ਫੁੱਲਿਆ। ਆਮ ਆਦਮੀ ਪਾਰਟੀ ਜਿਸ ਦੇ ਮੁਖੀ ਨੇ ਨਸ਼ਾ ਤਸਕਰਾਂ ਨੂੰ ਥਾਪੜਾ ਦੇਣ ਵਾਲਿਆਂ ਤੋਂ ਜਨਤਕ ਤੌਰ ਤੇ ਮੁਆਫ਼ੀ ਮੰਗੀ ਸੀ ਉਹ ਵੀ ਮੈਦਾਨ ‘ਚ ਹੈ। ਬਹਰਹਾਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਨਸ਼ਾ ਕਾਰੋਬਾਰ ਹਾਕਮ ਜਮਾਤੀ ਵਰਤਾਰਾ ਹੈ। ਸਿਰਫ ਬੇਬਹਾ ਮੁਨਾਫਿਆਂ ਦੀ ਹਵਸ ਦੀ ਪੂਰਤੀ ਲਈ ਹੀ ਨਹੀਂ ਬਲਕਿ ਭਵਿੱਖ ਦੀ ਪੀੜੀ ਨੂੰ ਜਮਹੂਰੀ ਅੰਦੋਲਨ ਦੀ ਚਾਲਕ ਸ਼ਕਤੀ ਬਨਣੋਂ ਰੋਕਣ ਅਤੇ ਸੌੜੇ ਸਿਆਸੀ ਹਿਤਾਂ ਲਈ ਯੁਵਕਾਂ ਦੀ ਦੁਰਵਰਤੋਂ ਦਾ ਵੀ ਨਸ਼ਾ ਕਾਰੋਬਾਰ ਬਹੁਤ ਵੱਡਾ ਜ਼ਰੀਆ ਹੈ। ਸੱਤਾ ਪ੍ਰਾਪਤੀ ਦੀ ਲਾਲਸਾ ਅਧੀਨ ਵਕਤੀ ਤੌਰ ਤੇ ਨਸ਼ਾ ਤਸਕਰਾਂ ਵਿਰੁੱਧ ਚੀਕਦੀਆਂ ਅਜਿਹੀਆਂ ਪਾਰਟੀਆਂ ਆਪਣੀ ਵਾਰੀ ਆਉਣ ਨਸ਼ਾ ਤਸਕਰਾਂ ਦੀਆਂ ਸਰਪ੍ਰਸਤ ਬਣ ਜਾਂਦੀਆਂ ਹਨ। ਅਸੀਂ ਸਮਝਦੇ ਹਾਂ ਕਿ ਨਸ਼ੇ ਦੇ ਮੁੱਦੇ ਨੂੰ ਚੋਣ ਪੈਂਤੜਾ ਬਣਾ ਕੇ ਸੱਤਾ ਪ੍ਰਾਪਤੀ ਦੀ ਲਾਲਸਾ ਪਾਲਣ ਵਾਲੀ ਕੋਈ ਵੀ ਧਿਰ ਨਸ਼ਾ ਵਿਰੋਧੀ ਘੋਲ ਨੂੰ ਸਿਰੇ ਨਹੀਂ ਲਾ ਸਕਦੀ। ਇਹ ਸੰਘਰਸ਼ ਸਪਸ਼ਟ ਜਮਾਤੀ ਨਜ਼ਰੀਏ ਤੋਂ ਬਗੈਰ ਲੜਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਲੋਕਾਂ ਦਾ ਵੀ ਹੌਂਸਲਾ ਇਸੇ ਸੋਚ ਦੇ ਲੋਕਾਂ ਦੇ ਮੈਦਾਨ ਵਿੱਚ ਨਿੱਤਰਨ ਨਾਲ ਵਧਦਾ ਹੈ। ਮੁੱਛਲ ਪਿੰਡ ਦਾ ਤਜਰਬਾ ਇਸ ਸਮਝਦਾਰੀ ‘ਤੇ ਮੋਹਰ ਲਾਉਂਦਾ ਹੈ। ਆਰ ਐਮ ਪੀ ਆਈ,  ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੇ ਬੇਲਾਗ ਤੇ ਨਿਡਰ ਸਾਥੀਆਂ ਦੇ ਜਾਣ ਤੋਂ ਪਹਿਲਾਂ ਕਈ ਮ੍ਰਿਤਕਾਂ ਦੇ ਵਾਰਿਸਾਂ ਨੇ ਚੁੱਪ ਚਾਪ, ਭਾਣਾ ਮੰਨ ਕੇ ਸੰਸਕਾਰ ਕਰ ਦਿੱਤਾ ਸੀ। ਪਰ ਜਨਤਾ ਦੇ ਅਸਲੀ ਸੇਵਕਾਂ ਦੇ ਪੁੱਜਣ ਪਿਛੋਂ ਮੋਰਚਾ ਲੱਗਿਆ ਜੋ ਅੰਸ਼ਕ ਜਿੱਤਾਂ ਪਿਛੋਂ ਸਮਾਪਤ ਹੋਇਆ।  ਇਹ ਜਿੱਤੀਆਂ ਮੰਗਾਂ ਸਾਰੇ ਥਾਈਂ ਲਾਗੂ ਹੋਈਆਂ। ਪਰ ਸਾਨੂੰ ਇਹ ਮੰਨਣ ‘ਚ ਕੋਈ ਝਿਜਕ ਨਹੀਂ ਕਿ ਅਸਲੀ ਸੰਘਰਸ਼ ਮੁਆਵਜ਼ੇ ਦਾ ਨਹੀਂ ਨਸ਼ਾ ਤਸਕਰੀ ਦੇ ਖਾਤਮੇ ਦਾ ਹੈ।  ਦੇਸ਼ ਤੇ ਸੂਬੇ ਦੀਆਂ ਖੱਬੀਆਂ, ਸੰਘਰਸ਼ਸ਼ੀਲ, ਅਗਾਂਹਵਧੂ ਧਿਰਾਂ ਨੂੰ ਇਸ ਦਿਸ਼ਾ ਵਿੱਚ ਨਿੱਗਰ ਪਹਿਲਕਦਮੀਆਂ ਕਰਨ ਦੀ ਲੋੜ ਹੈ।

ਗੁਰਨਾਮ ਸਿੰਘ ਦਾਊਦ

Scroll To Top