ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ 12 ਤੋਂ 21 ਨਵੰਬਰ ਤੱਕ ਪੰਜਾਬ ਅੰਦਰ ਜਥਾ ਮਾਰਚ ਕਰਕੇ ਲੋਕਾਂ ਨੂੰ ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ, ਇਹ ਐਲਾਨ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੱਲੋਂ ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਜਥਾ ਮਾਰਚ ਦਾ ਮੁੱਖ ਨਾਅਰਾ ਹੈ : ਲੋਕ ਜਗਾਓ-ਲੁਟੇਰੇ ਭਜਾਓ! ਹੋਵੇਗਾ। ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਪਾਰਟੀ ਆਗੂਆਂ ਦੀਆਂ ਦੋ ਟੀਮਾਂ ਜਲਿਆਂਵਾਲਾ ਬਾਗ, ਅੰਮਿ੍ਰਤਸਰ ਤੋਂ ਜਥਿਆਂ ਦੇ ਰੂਪ ’ਚ ਚੱਲਣਗੀਆਂ। ਇਕ ਜਥੇ ਦੀ ਅਗਵਾਈ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਕਰਨਗੇ ਅਤੇ ਦੂਜੇ ਜਥੇ ਦੀ ਅਗਵਾਈ ਉਹ ਖੁਦ ਕਰਨਗੇ। ਪਹਿਲਾ ਜਥਾ ਤਰਨ ਤਾਰਨ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਲੁਧਿਆਣਾ ਅਤੇ ਬਰਨਾਲਾ ਜਿਲ੍ਹਿਆਂ ’ਚ ਮਾਰਚ ਕਰੇਗਾ ਅਤੇ ਦਰਜਨਾਂ ਦੀ ਗਿਣਤੀ ਵਿਚ ਪਿੰਡ ਪੱਧਰੀ ਮੀਟਿੰਗਾਂ ਤੋਂ ਇਲਾਵਾ 30 ਵਿਸ਼ਾਲ ਜਲਸੇ ਕਰੇਗਾ। ਜਦੋਂਕਿ ਦੂਜਾ ਜਥਾ ਅੰਮਿ੍ਰਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਮੁਹਾਲੀ, ਜਲੰਧਰ ਤੇ ਕਪੂਰਥਲਾ ਜਿਲ੍ਹਿਆਂ ’ਚ¿; ਅਨੇਕਾਂ ਪਿੰਡ ਪੱਧਰੀ ਮੀਟਿੰਗਾਂ ਤੋਂ ਇਲਾਵਾ 30 ਤੋਂ 35 ਦੇ ਕਰੀਬ ਵੱਡੇ ਜਲਸੇ ਕਰਕੇ ਲੋਕਾਂ ਨੂੰ 10 ਦਸੰਬਰ ਨੂੰ ਪਾਰਟੀ ਵਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਅਧਿਕਾਰ ਰੈਲੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗਾ। ਸਾਥੀ ਪਾਸਲਾ ਨੇ ਕਿਹਾ ਕਿ ਇਸ ਜਥਾ ਮਾਰਚ ਰਾਹੀਂ ਕਿਰਤੀ ਜਨ ਸਮੂਹਾਂ ਨੂੰ ਮੌਜੂਦਾ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ, ਜੋ ਕਿ ਉਨ੍ਹਾਂ ਦੀ ਲਗਾਤਾਰ ਵਧ ਰਹੀ ਮੰਦਹਾਲੀ, ਬੇਰੁਜ਼ਗਾਰੀ, ਮਹਿੰਗਾਈ, ਕੁਪੋਸ਼ਣ ਤੇ ਭਿ੍ਰਸ਼ਟਾਚਾਰ ਆਦਿ ਲਈ ਜਿੰਮੇਵਾਰ ਹਨ, ਵਿਰੁੱਧ ਜਾਗਰੂਕ ਕਰਨ ਅਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਾਸਤੇ ਇਕਜੁੱਟ ਹੋ ਕੇ ਜਨਤਕ ਸੰਘਰਸ਼ ਤਿੱਖੇ ਕਰਨ ਦਾ ਸੱਦਾ ਦੇਵੇਗਾ। ਇਸ ਦੇ ਨਾਲ ਹੀ ਇਹ ਦੋਵੇਂ ਜਥੇ ਪ੍ਰਾਂਤ ਅੰਦਰ ਅਕਾਲੀ-ਭਾਜਪਾ ਅਤੇ ਕਾਂਗਰਸ ਵਰਗੀਆਂ ਸਰਮਾਏਦਾਰ ਪੱਖੀ ਪਾਰਟੀਆਂ ਦੀ ਥਾਂ ਇਕ ਲੋਕ ਪੱਖੀ ਖੱਬੇ-ਜਮਹੂਰੀ ਰਾਜਸੀ ਬਦਲ ਦੀਆਂ ਸੰਭਾਵਨਾਵਾਂ ਨੂੰ ਵੀ ਉਜ਼ਾਗਰ ਕਰਨਗੇ। । ਕਾਮਰੇਡ ਪਾਸਲਾ ਨੇ ਇਹ ਵੀ ਦੱਸਿਆ ਕਿ ਇਸ ਦਸ ਰੋਜ਼ਾ ਨਿਰੰਤਰ ਪ੍ਰੋਗਰਾਮ ਰਾਹੀਂ ਪਾਰਟੀ ਸਮੁੱਚੇ ਦੇਸ਼ ਅੰਦਰ ਵਧ ਰਹੇ ਫਿਰਕੂ ਤਣਾਅ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਕਰੇਗੀ। ਉਹਨਾਂ ਕਿਹਾ ਕਿ ਸੰਘ ਪਰਿਵਾਰ ਵਲੋਂ ਜ਼ਹਿਰੀਲੇ ਫਿਰਕੂ ਮੁੱਦੇ ਉਭਾਰਕੇ ਭਾਰਤ ਦੀ ਕੌਮੀ ਇਕਜੁੱਟਤਾ ਅਤੇ ਭਾਈਚਾਰਕ ਇਕਸੁਰਤਾ ਨੂੰ ਮਾਰੂ ਸੱਟ ਮਾਰੀ ਜਾ ਰਹੀ ਹੈ। ਐਪਰ, ਆਰ.ਐਸ.ਐਸ. ਦੇ ਸਿੱਧੇ ਦਿਸ਼ਾ-ਨਿਰਦੇਸ਼ਾਂ ਅਧੀਨ ਚਲ ਰਹੀ ਮੋਦੀ ਸਰਕਾਰ ਇਸ ਫਿਰਕੂ ਬੁਰਛਾਗਰਦੀ ਨੂੰ ਰੋਕਣ ਦੀ ਥਾਂ ਅਜੇਹੇ ਦੇਸ਼ ਧਰੋਹੀ ਕਾਰਿਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਦੂਜੇ ਪਾਸੇ ਇਸ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਕ ਨੀਤੀਆਂ ਨੇ, ਵਿਸ਼ੇਸ਼ ਤੌਰ ’ਤੇ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਮਾਰੂ ਤੇ ਮੂਰਖਤਾ ਭਰਪੂਰ ਕਦਮਾਂ ਨੇ ਛੋਟੇ ਕਾਰੋਬਾਰਾਂ ਸਮੇਤ ਰੁਜ਼ਗਾਰ ਦੇ ਕਰੋੜ ਵਸੀਲੇ ਬੁਰੀ ਤਰ੍ਹਾਂ ਤਬਾਹ ਕਰ ਦਿੱਤੇ ਹਨ। ਜਿਸ ਨਾਲ ਆਮ ਲੋਕਾਂ ਦੀਆਂ ਸਮਾਜਿਕ-ਆਰਥਕ ਮੁਸ਼ਕਲਾਂ ਵਿਚ ਤਿੱਖਾ ਵਾਧਾ ਹੋਇਆ ਹੈ। ਏਥੇ ਹੀ ਬਸ ਨਹੀਂ, ਇਸ ਸਰਕਾਰ ਨੇ ਦੇਸ਼ ਦੇ ਸਮੁੱਚੇ ਪ੍ਰਸ਼ਾਸ਼ਨਿਕ, ਸੁਰੱਖਿਆ ਤੇ ਸਿੱਖਿਆ ਢਾਂਚੇ ਨੂੰ ਵੀ ਫਿਰਕੂ ਰੰਗ ਵਿਚ ਰੰਗ ਦਿੱਤਾ ਹੈ, ਅਤੇ ਨਿਆਂਪਾਲਕਾ, ਸੀਬੀਆਈ. ਕੇਂਦਰੀ ਚੋਣ ਕਮਿਸ਼ਨ, ਆਰ.ਬੀ.ਆਈ. ਵਰਗੇ ਨਿਰਪੱਖ ਸੰਵਿਧਾਨਿਕ ਅਦਾਰਿਆਂ ਵਿਚ ਸੌੜੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਨਾਜਾਇਜ਼ ਦਖਲ ਅੰਦਾਜ਼ੀ ਕਰਕੇ ਇਹਨਾਂ ਅਦਾਰਿਆਂ ਦੀ ਅਜ਼ਾਦਾਨਾ ਹੋਂਦ ’ਤੇ ਭਰੋਸੇਯੋਗਤਾ ਨੂੰ ਵੱਡੀ ਢਾਅ ਲਾਈ ਹੈ। ਏਸੇ ਦਾ ਕਾਰਨ ਹੈ ਕਿ ਦੇਸ਼ ਅੰਦਰ ਅਰਾਜਕਤਾ ਦਾ ਮਾਹੌਲ ਦਿਨੋਂ ਦਿਨ ਵਧੇਰੇ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪੰਜਾਬ ਦੀ ਕਾਂਗਰਸੀ ਸਰਕਾਰ ਬਾਰੇ ਟਿੱਪਣੀ ਕਰਦਿਆਂ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਮਹਾਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਨੇ ਲੋਕਾਂ ਨਾਲ ਚੋਣਾਂ ਸਮੇਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੇ 10 ਸਾਲਾਂ ਦੇ ਰਾਜ ਦੌਰਾਨ ਹਾਕਮਾਂ ਦੀਆਂ ਧੱਕੇਸ਼ਾਹੀਆਂ ਅਤੇ ਲੁੱਟ-ਘਸੁੱਟ ਤੋਂ ਸਤਾਏ ਹੋਏ ਆਮ ਲੋਕਾਂ ਨੂੰ ਇਸ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਸਨ, ਪ੍ਰੰਤੂ ਇਸ ਸਰਕਾਰ ਨੇ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਉਹਨਾਂ ਉਪਰ ਟੈਕਸਾਂ, ਬਿਜਲੀ ਦਰਾਂ ਅਤੇ ਬਸ ਕਿਰਾਇਆਂ ਆਦਿ ਦੇ ਰੂਪ ਵਿਚ ਕਰੋੜਾਂ ਰੁਪਏ ਦਾ ਨਵਾਂ ਭਾਰ ਲੱਦ ਦਿੱਤਾ ਹੈ, ਜਿਸ ਕਾਰਨ ਪ੍ਰਾਂਤ ਅੰਦਰ ਲੋਕਾਂ ਦੇ ਹਰ ਵਰਗ ਵਿਚ ਅੱਜ ਭਾਰੀ ਬੇਚੈਨੀ ਹੈ। ਅਧਿਆਪਕਾਂ, ਮੁਲਾਜ਼ਮਾਂ, ਕਿਸਾਨਾਂ, ਦਿਹਾਤੀ ਮਜ਼ਦੂਰਾਂ ਤੇ ਹੋਰ ਮਿਹਨਤਕਸ਼ਾਂ ਦੇ ਚਲ ਰਹੇ ਸੰਘਰਸ਼ ਸਰਕਾਰ ਦੀ ਇਸ ਲੋਕਮਾਰੂ ਪਹੁੰਚ ਦਾ ਹੀ ਸਿੱਟਾ ਹਨ। ਇਸ ਤੋਂ ਇਲਾਵਾ ਇਹ ਸਰਕਾਰ ਆਪਣੀਆਂ ਪ੍ਰਸ਼ਾਸ਼ਨਿਕ ਘਾਟਾਂ-ਕਮਜ਼ੋਰੀਆਂ ਤੇ ਕਾਬੂ ਪਾਉਣ ਦੀ ਥਾਂ, ਆਪਣੇ ਸੌੜੇ ਸਿਆਸੀ ਹਿੱਤਾਂ ਲਈ, ਪ੍ਰਾਂਤ ਅੰਦਰਲੇ ਵੱਖਵਾਦੀ ਤੱਤਾਂ ਨੂੰ ਵੀ ਸਪੱਸ਼ਟ ਰੂਪ ਵਿਚ ਹਵਾ ਦੇ ਰਹੀ ਹੈ, ਜਿਸ ਨਾਲ ਖਾਲਿਸਤਾਨੀ ਦਹਿਸ਼ਤਗਰਦੀ ਦੇ ਕਾਲੇ ਦੌਰ ਵਰਗੇ ਖਤਰੇ ਮੁੜ ਉਭਰ ਸਕਦੇ ਹਨ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਇਹ ਜਥੇ ਇਹਨਾਂ ਸਾਰੇ ਮੁੱਦਿਆਂ ਬਾਰੇ ਲੋਕਾਂ ਨਾਲ ਪਾਰਟੀ ਦੀ ਪਹੰੁਚ ਸਾਂਝੀ ਕਰਨਗੇ ਅਤੇ ਉਹਨਾਂ ਨੂੰ ਇਕ ਖੱਬਾ ਤੇ ਜਮਹੂਰੀ ਰਾਜਸੀ ਬਦਲ ਉਭਾਰਨ ਦਾ ਸੱਦਾ ਦੇਣਗੇ। ਇਸ ਪ੍ਰੈਸ ਕਾਨਫਰੰਸ ’ਚ ਪਾਰਟੀ ਦੇ ਸੂਬਾ ਸਕੱਤਰ ਅਤੇ ਸਟੈਡਿੰਗ ਕਮੇਟੀ ਦੇ ਮੈਂਬਰ ਹਰਕੰਵਲ ਸਿੰਘ, ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾੳੂਦ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਸੰਧੂ ਵੀ ਹਾਜ਼ਰ ਸਨ।
ਲੋਕ ਜਗਾਓ-ਲੁਟੇਰੇ ਭਜਾਓ ਮੁਹਿੰਮ ਤਹਿਤ 12 ਤੋਂ 21 ਨਵੰਬਰ ਤੱਕ ਪੰਜਾਬ ਭਰ ’ਚ ਕੀਤਾ ਜਾਏਗਾ ਜਥਾ ਮਾਰਚ
