ਮਹੀਪਾਲ
ਦੇਸ਼ ਵਿੱਚ ਲੱਗਭੱਗ ਇੱਕੋ ਸਮੇਂ ਵਾਪਰੀਆਂ ਦੋ ਘਟਨਾਵਾਂ ਡੂੰਘੇ ਵਿਚਾਰ-ਵਟਾਂਦਰੇ ਦੀ ਮੰਗ ਕਰਦੀਆਂ ਹਨ । ਦਰਅਸਲ, ਇਹ ਦੋਵੇਂ ਘਟਨਾਵਾਂ ਸਾਡੇ ਰਾਜਕੀ ਢਾਂਚੇ ਦੀ ਦਲਿਤਾਂ/ਨਿਤਾਣੀਆਂ ਪ੍ਰਤੀ ਸਿਰੇ ਦੀ ਦੋਖੀ ਪਹੁੰਚ ਦੀ ਪਛਾਣ ਕਰਾਉਂਦੀਆਂ ਹਨ। ਪਹਿਲੀ ਘਟਨਾ ਦਾ ਸਬੰਧ ਦੱਖਣੀ ਸੂਬੇ ਤਾਮਿਲਨਾਡੂ ਨਾਲ ਹੈ । ਇੱਥੋਂ ਦੀ ਅੰਨਾ ਦ੍ਰਮੁਕ (ਏ.ਆਈ.ਏ.ਡੀ.ਐਮ.ਕੇ) ਸਰਕਾਰ ਨੇ ਪਿੱਛੇ ਜਿਹੇ ‘ਦਰਿਆਦਿਲੀ’ ਦਿਖਾਉਂਦਿਆਂ, ਮਦੁਰਾਇ ਜਿਲ੍ਹੇ ਦੇ ਪਿੰਡ ਮੇਲਵਲਾਵੂ ਦੀ ਪੰਚਾਇਤ ਦੇ ਚੁਣੇ ਹੋਏ ਦਲਿਤ ਪ੍ਰਧਾਨ ਸ਼੍ਰੀ ਮੁਰੁਗੇਸਨ ਸਮੇਤ ਛੇ ਦਲਿਤਾਂ ਦਾ, 1997 ਵਿੱਚ ਸਮੂਹਕ ਕਤਲੇਆਮ ਕਰਨ ਦੇ ਦੋਸ਼ ਵਿੱਚ ਉਮਰ ਕੈਦ ਭੁਗਤ ਰਹੇ 13 ਖੂੰਖਾਰ ਮੁਜ਼ਰਿਮਾਂ ਨੂੰ, ਇਨ੍ਹਾਂ ਦਾ ‘ਚੰਗਾ ਚਾਲ ਚਲਨ’ ਦੇਖਦੇ ਹੋਏ ਜੇਲ੍ਹ ‘ਚੋਂ ਰਿਹਾ ਕਰ ਦਿੱਤਾ ਹੈ । ਇਸ ਨਾਮੁਰਾਦ ਹਕੂਮਤ ਨੇ ਆਪਣੇ ਮਰਹੂਮ ਆਗੂ ਰਾਮਾਚੰਦਰਨ ਦੀ 100ਵੀਂ ਵਰ੍ਹੇਗੰਢ ਮੌਕੇ ਅਜਿਹੇ ਹੀ ‘ਨੇਕ ਚਾਲ ਚਲਨ’ ਵਾਲੇ ਸੈਂਕੜੇ ਹੋਰ ਅਪਰਾਧੀ ਵੀ ਰਿਹਾ ਕੀਤੇ ਹਨ । ਮੇਲਵਲਾਵੂ ਪਿੰਡ ਨਾਲ ਸਬੰਧਤ ਉਕਤ ਕਾਤਲ ਟੋਲੇ ਵਿੱਚ ਕੁਲ 17 ਦਰਿੰਦੇ ਸ਼ਾਮਲ ਸਨ । ਇਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨਾਂ ਨੂੰ 2008 ਵਿੱਚ ਵੇਲੇ ਦੀ ਦ੍ਰਮੁਕ (ਡੀ.ਐਮ.ਕੇ) ਸਰਕਾਰ ਨੇ ਰਿਹਾ ਕਰ ਦਿੱਤਾ ਸੀ । ਕਤਲ ਦੀ ਵਜਾਹ ਇਹ ਸੀ ਕਿ ਇਹ ਖੂੰਖਾਰ ਕਾਤਲ ਪਿੰਡ ਦੀ ਪੰਚਾਇਤ ਅਨੁਸੂਚਿਤ ਜਾਤੀਆਂ ਲਈ ਰਾਖਵੀਂ ਕਰਨ ਤੋਂ ਔਖੇ ਸਨ । ਸੰਵਿਧਾਨ ਅਨੁਸਾਰ ਲਏ ਗਏ ਪ੍ਰਸ਼ਾਸਕੀ ਫੈਸਲੇ ਦਾ ਬਦਲਾ ਇਨ੍ਹਾਂ ਕਾਤਲਾਂ ਨੇ ਛੇ ਬੇਗੁਨਾਹ ਮਨੁੱਖਾਂ ਦਾ ਖੌਫਨਾਕ ਕਤਲ ਕਰਕੇ ਲਿਆ । ਅਦਾਲਤੀ ਫੈਸਲੇ ਅਨੁਸਾਰ ਇਹ ਅਪਰਾਧੀ ਆਪਣੇ ਅੰਤਮ ਸਾਹਾਂ ਤੱਕ ਜੇਲ੍ਹ ਵਿੱਚ ਹੀ ਰਹਿਣ ਦੇ ਭਾਗੀ ਸਨ। ਇੱਥੇ ਇਹ ਤੱਥ ਵੀ ਗੌਰ ਕਰਨ ਯੋਗ ਹੈ ਕਿ ਤਾਮਿਲਨਾਡੂ ਦੀਆਂ ਦੋਵੇਂ ਤਾਕਤਵਰ ਪਾਰਟੀਆਂ ਡੀਐਮਕੇ ਅਤੇ ਅੰਨਾਡੀਐਮਕੇ ਆਪਣੇ ਆਪ ਨੂੰ ਦ੍ਰਾਵਿੜ ਹਿਤਾਂ ਦਾ ਸੱਭ ਤੋਂ ਵੱਡਾ ਝੰਡਾਬਰਦਾਰ ਕਹਿੰਦੀਆਂ ਹਨ । ਪਰ ਦਲਿਤਾਂ ਦੇ ਕਾਤਲਾਂ ਨੂੰ ਰਿਹਾਅ ਕਰਨ ਵੇਲੇ ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਦਾ ਕਿਰਦਾਰ ਇੱਕੋ ਜਿਹਾ ਭਾਵ ਦਲਿਤ ਵਿਰੋਧੀ ਸਾਬਤ ਹੋਇਆ । ਜ਼ਿੰਦਗੀ ਭਰ ਜਾਤੀ ਹੰਕਾਰ ਦੀ ਘਟੀਆ ਸੋਚ ‘ਚੋਂ ਉਪਜਦੇ ਜਾਤੀ-ਪਾਤੀ ਭੇਦਭਾਵ ਅਤੇ ਦਲਿਤਾਂ ‘ਤੇ ਕੀਤੇ ਜਾਂਦੇ ਅਮਾਨਵੀ ਅੱਤਿਆਚਾਰਾਂ ਵਿਰੁੱਧ ਜੂਝਣ ਵਾਲੇ ਮਹਾਨ ਵਿਦਵਾਨ ਪੇਰੀਆਰ ਦੀ ਜਨਮ ਭੂਮੀ ‘ਚ ਇਸ ਤਰ੍ਹਾਂ ਕਾਤਲਾਂ ਨੂੰ ਆਜ਼ਾਦ ਕਰਨਾ ਹੋਰ ਵੀ ਤਕਲੀਫਦੇਹ ਹੈ।
ਗੌਰ ਕਰਨ ਯੋਗ ਹੈ ਕਿ ਦੇਸ਼ ਭਰ ਵਿੱਚ ਦਲਿਤਾਂ ਦੇ ਉਕਤ ਕਿਸਮ ਦੇ ਅਨੇਕਾਂ ਖੌਫ਼ਨਾਕ ਸਮੂਹਕ ਕਤਲੇਆਮ ਹੋ ਚੁੱਕੇ ਹਨ। ਇਨ੍ਹਾਂ ਚੋਂ ਜ਼ਿਆਦਾਤਰ ਬਿਹਾਰ ਅਤੇ ਹੋਰਨਾਂ ਉੱਤਰੀ ਅਤੇ ਮੱਧ ਭਾਰਤ ਦੇ ਸੂਬਿਆਂ ਵਿੱਚ ਕੀਤੇ ਗਏ ਹਨ । ਅਜਿਹੇ ਘਿਰਣਾ ਯੋਗ ਅਪਰਾਧਾਂ ਵਿੱਚ ਤਾਮਿਲਨਾਡੂ ਦੇ ਕਿਲਵੇਮਾਨੀ, ਆਂਧਰਾ ਪ੍ਰਦੇਸ਼ ਦੇ ਕਰਮਚੇਦੂ ਤੇ ਤਸੁੰਦੁਰ ਅਤੇ ਬਿਹਾਰ ਦੇ ਬਾਰਾ, ਬਥਾਨੀ ਟੋਲਾ ਅਤੇ ਲਕਸ਼ਮਣਪੁਰ ਬਾਥੇ ਆਦਿ ਥਾਵਾਂ ‘ਤੇ ਕੀਤੇ ਗਏ ਸਮੂਹਕ ਦਲਿਤ ਕਤਲੇਆਮ ਪ੍ਰਮੁੱਖ ਹਨ । ਅਜਿਹੇ ਕਤਲੇਆਮਾਂ ਦੇ ਦੋਸ਼ੀ ਅਕਸਰ ਹੀ ਆਪਣੇ ਮਾਨਵਤਾ ਪ੍ਰਤੀ ਕੀਤੇ ਅਤਿ ਘਾਤਕ ਗੁਨਾਹਾਂ ‘ਚੋਂ ਬਰੀ ਹੋ ਜਾਂਦੇ ਰਹੇ ਹਨ । ਇਨ੍ਹਾਂ ਮਾਸਖੋਰਿਆਂ ਦੇ ਬਰੀ ਹੋਣ ਦਾ ਕਾਰਨ ਅਕਸਰ ਹੀ ਪੁਲਸ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਦਾ ਪੱਖਪਾਤੀ ਰਵੱਈਆ ਹੁੰਦਾ ਹੈ । ਦਲਿਤ ਔਰਤਾਂ ਨਾਲ ਸਮੂਹਿਕ ਬਲਾਤਕਾਰ ਜਿਹੇ ਕਈਆਂ ਘਿਨਾਉਣੇ ਅਪਰਾਧਾਂ ਸਮੇਂ ਤਾਂ ਅਦਾਲਤਾਂ ਵਲੋਂ ਵੀ ਕਈ ਵੇਰ ਜਾਤੀਵਾਦੀ ਪੱਖਪਾਤ ਵਾਲੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ । ਰਾਜਸਥਾਨ ਦੇ ਭੰਵਰੀ ਦੇਵੀ ਅਤੇ ਖੈਰਾਲਾਂਜੀ (ਮਹਾਰਾਸ਼ਟਰ) ਸਮੂਹਿਕ ਬਲਾਤਕਾਰ ਕਾਂਡ ਦੇ ਫੈਸਲੇ ਸੁਣਾਉਂਦਿਆਂ ‘ਮਾਨਯੋਗ’ ਜੱਜ ਲਿਖਤੀ ਰੂਪ ਵਿਚ ਜਾਤੀਵਾਦੀ ਟਿੱਪਣੀਆਂ ਕਰ ਚੁੱਕੇ ਹਨ ।
ਨੌਕਰਸ਼ਾਹੀ ਦਾ ਉਕਤ ਬਦਨੀਅਤੀ ਵਾਲਾ ਰਵੱਈਆ ਬਿਨਾਂ ਸ਼ੱਕ ਸਿਆਸੀ ਆਗੂਆਂ ਦੇ ਹਿਤਾਂ ਅਨੁਸਾਰ ਵੀ ਹੁੰਦਾ ਹੈ, ਪਰ ਇਸ ਰਵੱਈਏ ਪਿੱਛੇ ਮੁੱਖ ਕਾਰਨ ਨੌਕਰਸ਼ਾਹਾਂ ਅਤੇ ਹੇਠਲੇ ਅਮਲੇ-ਫੈਲੇ ਦੀ ਜਾਤੀਵਾਦੀ ਮਾਨਸਿਕਤਾ ਹੈ ਜਿਸ ਸਾਹਵੇਂ ਸਾਡੇ ਦੇਸ਼ ਵਿੱਚ ਸੰਵਿਧਾਨ-ਕਾਨੂੰਨ ਜਾਂ ਮਾਨਵਵਾਦੀ ਭਾਵਨਾਵਾਂ ਦੀ ਉੱਕਾ ਹੀ ਕੋਈ ਵੁੱਕਤ ਨਹੀਂ । ਜੇ ਕਿਤੇ ਇੱਕ-ਅੱਧ ਮਾਮਲੇ ਵਿੱਚ ਅਜਿਹੇ ਸਭਿਅਤਾ ਵਿਰੋਧੀ ਅਪਰਾਧਾਂ ਦੇ ਦੋਸ਼ੀਆਂ ਨੂੰ ਸਜਾਵਾਂ ਮਿਲ ਵੀ ਜਾਂਦੀਆਂ ਹਨ ਤਾਂ ਇਹ ਦੋਸ਼ੀ ਸਾਡੇ ਦੇਸ਼ ਦੀਆਂ ਮੰਨੂਵਾਦੀ ਮਾਨਸਿਕਤਾ ਦੀਆਂ ਸ਼ਿਕਾਰ ਪੂੰਜੀਵਾਦੀ ਪਾਰਟੀਆਂ ਦੀ ਮਿਹਰ ਸਦਕਾ ਬਾਹਰ ਆ ਜਾਂਦੇ ਹਨ, ਜਿਵੇਂ ਤਾਮਿਲਨਾਡੂ ਵਿੱਚ ਹੋਇਆ ਹੈ । ਇਨ੍ਹਾਂ ਅਣਮਨੁੱਖੀ ਅੱਤਿਆਚਾਰਾਂ ਅਤੇ ਦਲਿਤਾਂ ਦੇ ਸਮੂਹਿਕ ਕਤਲੇਆਮ ਦਾ ਵਰਤਾਰਾ ਹਜ਼ਾਰਾਂ ਸਾਲ ਪੁਰਾਣਾ ਹੈ । ਮਨੂੰ ਸਿਮਰਤੀ ਵਿੱਚ ਸੂਚੀਬੱਧ ਵਰਣ ਵਿਵਸਥਾ ਰਾਹੀਂ ਇਸ ਅਸੱਭਿਅਕ ਵਰਤਾਰੇ ਨੂੰ ‘ਕੁਦਰਤੀ ਕਾਨੂੰਨ’, ਇੱਥੋਂ ਤੱਕ ਕਿ ‘ਪਰਮੇਸ਼ਵਰੀ ਹੁਕਮ’ ਦਾ ਦਰਜਾ ਦੇ ਦਿੱਤਾ ਗਿਆ ਹੈ ।
ਇਹ ਮਨੁੱਖ ਮਾਰੂ ਵਰਤਾਰਾ ਸੁਤੰਤਰਤਾ ਪ੍ਰਾਪਤੀ ਪਿਛੋਂ ਵੀ ਜਾਰੀ ਰਿਹਾ । ਇਹ ਵੀ ਬਦਕਿਸਮਤੀ ਦੀ ਗੱਲ ਹੈ ਕਿ ਜਮਹੂਰੀ ਪੈਂਤੜੇ ਤੋਂ ਇਸ ਘਾਤਕ ਰੁਝਾਨ ਨੂੰ ਕਦੀ ਵੀ ਗੰਭੀਰ ਜੱਥੇਬੰਦਕ ਚੁਣੌਤੀ ਨਹੀਂ ਦਿੱਤੀ ਜਾ ਸਕੀ । ਜੇ ਦੇਸ਼ ਦੇ ਰਾਜਸੀ ਹਾਲਾਤ ਦਾ ਸੰਖੇਪ ਵਰਨਣ ਕਰਨਾ ਹੋਵੇ ਤਾਂ ਬੇਝਿਜਕ ਕਿਹਾ ਜਾ ਸਕਦਾ ਹੈ ਕਿ ਭਾਰਤ ਵਰਤਮਾਨ ਸਮੇਂ ਮੁਸਲਮਾਨਾਂ ਤੇ ਦੂਜੀਆਂ ਘੱਟ ਗਿਣਤੀਆਂ, ਲੁੱਟੇ-ਲਿਤਾੜੇ ਦਲਿਤਾਂ, ਆਦਿਵਾਸੀਆਂ ‘ਤੇ ਔਰਤਾਂ ਦੇ ਖ਼ੌਫ਼ਨਾਕ ਕਤਲਾਂ ਅਤੇ ਇਨ੍ਹਾਂ ਖਿਲਾਫ਼ ਅਮਾਨਵੀ ਅੱਤਿਆਚਾਰਾਂ ਦੀਆਂ ਘਟਨਾਵਾਂ ਦੀ ਧਰਤੀ ਵਿੱਚ ਤਬਦੀਲ ਹੋ ਚੁੱਕਾ ਹੈ । ਦੇਸ਼ ਦੇ ਦਲਿਤ ਇਨ੍ਹਾਂ ਅਤਿਆਚਾਰਾਂ ਦੇ ਸਭ ਤੋਂ ਵਧੇਰੇ ਅਤੇ ਸੌਖੇ ਸ਼ਿਕਾਰ ਬਣੇ ਹਨ । ਸੰਸਾਰ ਦੀ ਮਨੁੱਖੀ ਅਧਿਕਾਰਾਂ ਬਾਰੇ ਨਾਮਵਰ ਅਤੇ ਭਰੋਸੇਯੋਗ ਸੰਸਥਾ ਐਮਨੇਸਟੀ ਇੰਟਰਨੈਸ਼ਨਲ ਦੀ ਭਾਰਤੀ ਇਕਾਈ ਵਲੋਂ ਜਾਰੀ ਇੱਕ ਰੀਪੋਰਟ ਵਿੱਚ ਦਰਸਾਏ ਅੰਕੜੇ ਇਸ ਤੱਥ ਦੀ ਪੁਸ਼ਟੀ ਕਰਦੇ ਹਨ । ਇਸ ਨਾਲ ਮਿਲਦੇ-ਜੁਲਦੇ ਵਿਚਾਰ ਸਭ ਤੋਂ ਵਧੇਰੇ ਦਲਿਤ ਵਸੋਂ ਵਾਲੇ ਸੂਬੇ ਪੰਜਾਬ ਦੀ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਨੇ ਵੀ ਪ੍ਰਗਟ ਕੀਤੇ ਹਨ । ਸੰਗਰੂਰ ਜਿਲ੍ਹੇ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਹੌਲਨਾਕ ਕਤਲ ਦੇ ਪਿਛੋਕੜ ਵਿਚ ਅਖਬਾਰੀ ਪ੍ਰਤੀਨਿਧਾਂ ਨਾਲ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਦਲਿਤਾਂ ਖਿਲਾਫ਼ ਜ਼ੁਲਮਾਂ ਦੀਆਂ ਸੂਬੇ ਵਿੱਚ ਔਸਤਨ ਦੋ ਹਜਾਰ ਵਾਰਦਾਤਾਂ ਹਰ ਸਾਲ ਵਾਪਰਦੀਆਂ ਹਨ । ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਅਜਿਹੇ ਮਾਮਲੇ ਤਾਂ ਉਜਾਗਰ ਹੀ ਨਹੀਂ ਹੁੰਦੇ ।
ਭਾਰਤੀ ਉਪ ਮਹਾਦੀਪ ਦੇ ਦੇਸ਼ਾਂ ਖਾਸ ਕਰਕੇ ਭਾਰਤ ਦੀ ਪਛਾਣ ਉੱਪਰ ਭੱਦੇ ਧੱਬੇ ਵਜੋਂ ਅੰਕਿਤ ਇਸ ਵਰਤਾਰੇ ਖਿਲਾਫ਼ ਲੜਦਿਆਂ ਇਨ੍ਹਾਂ ਦੀ ਅਲਖ਼ ਮੁਕਾਉਣ ਦੇ ਸੰਗਰਾਮ ਵਿੱਢਣ ਪੱਖੋਂ ਅਜੋਕੇ ਦੌਰ ਦੀਆਂ ਸਭ ਤੋਂ ਪ੍ਰਗਤੀਸ਼ੀਲ ਖੱਬੀਆਂ ਰਾਜਸੀ ਧਿਰਾਂ ਅਤੇ ਸਮੁੱਚੇ ਪ੍ਰਗਤੀਵਾਦੀ ਅੰਦੋਲਨ ਦੀ ਇਸ ਪੱਖੋਂ ਅਸਫਲਤਾ ਦੇ ਸਿੱਟੇ ਵਜੋਂ ਭਾਰਤ ਅਤੇ ਸਮੁੱਚੇ ਉਪ ਮਹਾਦੀਪ ਦੀ ਕਿਰਤੀ ਵਸੋਂ ਅੱਜ ਵੀ ਜਾਤੀ ਆਧਾਰ ‘ਤੇ ਵੰਡੀ ਹੋਈ ਹੈ ਅਤੇ ਇੱਥੇ ਸਮਾਜਿਕ ਤਬਦੀਲੀ ਦੇ ਸੰਗਰਾਮ ਦੀ ਮੰਜ਼ਿਲ ਤੱਕ ਨਾ ਪੁੱਜ ਸਕਣ ਦਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ।
ਅਜੋਕੇ ਦੌਰ ਵਿੱਚ ਦਲਿਤਾਂ ਖਿਲਾਫ਼ ਘਿਨਾਉਣੇ ਅੱਤਿਆਚਾਰਾਂ ਦਾ ਇਹ ਸ਼ਰਮਨਾਕ ਵਰਤਾਰਾ ਹੋਰ ਵੀ ਤੇਜ਼ੀ ਫੜ੍ਹ ਗਿਆ ਹੈ । ਅਜਿਹਾ ਕੋਈ ਦਿਨ ਨਹੀਂ ਲੰਘਦਾ ਜਿਸ ਦਿਨ ਦੇਸ਼ ਦੇ ਵੱਖੋ-ਵੱਖ ਭਾਗਾਂ ਵਿੱਚ ਦਲਿਤਾਂ ਖਾਸ ਕਰਕੇ ਦਲਿਤ ਔਰਤਾਂ ਅਤੇ ਬਾਲੜੀਆਂ ਨਾਲ ਜਾਤੀਵਾਦ ਦੇ ਮੰਦੇ ਹੰਕਾਰ ਨਾਲ ਮਨੋਰੋਗੀ ਹੋਏ ਅਨਸਰਾਂ ਵੱਲੋਂ ਬਲਾਤਕਾਰ ਅਤੇ ਜਿਸਮਾਨੀ ਗੁਨਾਹ ਨਾ ਕੀਤੇ ਜਾਂਦੇ ਹੋਣ । ਦਲਿਤਾਂ ਦੇ ਸਵੈਮਾਣ ਨੂੰ ਸੱਟ ਮਾਰਨ ਲਈ ਗਿਣ-ਮਿਥ ਕੇ ਜੱਥੇਬੰਦਕ ਸੰਗੀਨ ਗੁਨਾਹ ਕੀਤੇ ਜਾਂਦੇ ਹਨ । ਅਜਿਹੇ ਗੁਨਾਹਾਂ ਦੇ ਜਾਰੀ ਰਹਿਣ ਅਤੇ ਤੀਬਰ ਹੁੰਦੇ ਜਾਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਹ ਤਬਕੇ ਨਾ ਕੇਵਲ ਜਮੀਨ ਅਤੇ ਪੈਦਾਵਾਰ ਦੇ ਸਾਧਨਾਂ ਤੋਂ ਮਹਿਰੂਮ ਹਨ ਬਲਕਿ ਸਦੀਆਂ ਦੇ ਜ਼ੁਲਮਾਂ, ਚੌਤਰਫਾ ਵਿਤਕਰਿਆਂ ਅਤੇ ਗੁਲਾਮਾਂ ਵਰਗੀ ਜੂਨ ਨੇ ਇਨ੍ਹਾਂ ਦੇ ਸੋਚਣ-ਸਮਝਣ ਦੇ ਢੰਗਾਂ (ਪੈਟਰਨ) ਨੂੰ ਭਾਰੀ ਢਾਹ ਲਾਈ ਹੈ । ਪਰ ਇਹ ਗਨੀਮਤ ਹੈ ਕਿ ਹੁਣ ਇਨ੍ਹਾਂ ਤਬਕਿਆਂ ਦੀਆਂ ਅਗਲੇਰੀਆਂ ਨਸਲਾਂ ਜਾਗ੍ਰਿਤ ਅਤੇ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈ ਰਹੀਆਂ ਹਨ । ਪਰ ਦਲਿਤਾਂ ਖਿਲਾਫ਼ ਅੱਤਿਆਚਾਰਾਂ ਦੇ ਸ਼ਿਲਪੀਆਂ ਅਤੇ ਸੂਤਰਧਾਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ।
ਇਸ ਵਰਤਾਰੇ ਨਾਲ ਸਬੰਧਤ ਦੂਜੀ ਘਟਨਾ ਜਿੱਥੇ ਉਪਰੋਕਤ ਤੱਥ ਦੀ ਪੁਸ਼ਟੀ ਕਰਦੀ ਹੈ ਉੱਥੇ ਬਹੁਤ ਹੀ ਗੰਭੀਰ ਧਿਆਨ ਵੀ ਮੰਗਦੀ ਹੈ । ਪਿਛਲੇ ਦਿਨੀਂ ਸਾਧੂ ਭੇਖ ਧਾਰੀ ਉਦਯੋਗਪਤੀ-ਕੰਮ-ਵਿਉਪਾਰੀ, ਅਖੌਤੀ ਸਵਾਮੀ ਰਾਮ ਦੇਵ ਨੇ ਸੰਸਾਰ ਪ੍ਰਸਿੱਧ ਵਿਚਾਰਕ ਅਤੇ ਜਾਤੀਵਾਦ ਵਿਰੋਧੀ ਜੁਝਾਰੂ ਅੰਦੋਲਨ ਦੇ ਅਮਿੱਟ ਹਸਤਾਖਰ ਪੇਰਿਆਰ ਰਾਮਾਸਵਾਮੀ ਨਾਈਕਰ ਖਿਲਾਫ਼ ਬਹੁਤ ਹੀ ਭੱਦੀ ਅਤੇ ਉਕਸਾਊ ਭਾਸ਼ਾ ‘ਚ ਬਿਆਨ ਦਿੰਦਿਆਂ ਕਿਹਾ ਕਿ ਪੇਰਿਆਰ ਦੇ ਪੈਰੋਕਾਰ ਬੌਧਿਕ ਅੱਤਵਾਦ ਫੈਲਾ ਰਹੇ ਹਨ । ਇਸ ਸ਼ਾਤਿਰ ਕਾਰੋਬਾਰੀ ਨੇ ਬਦਜ਼ੁਬਾਨੀ ਦੀਆਂ ਸਾਰੀਆਂ ਹੱਦਾਂ ਉਲੰਘ ਕੇ ਇੱਥੋਂ ਤੱਕ ਕਿਹਾ ਕਿ ਜੇ ਪੇਰਿਆਰ ਹੁਣ ਮੌਜੂਦ ਹੁੰਦਾ ਤਾਂ ਮੈਂ ਉਸ ਦੇ ਜੁੱਤੀਆਂ ਮਾਰਨੀਆਂ ਸਨ । ਆਪਣੇ ਨਫਰਤੀ ਬਿਆਨ ਰਾਹੀਂ ਇਸ ਨਾਮ ਨਿਹਾਦ ਸਵਾਮੀ ਨੇ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਵਿਰੁੱਧ ਵੀ ਜ਼ਹਿਰ ਉੱਗਲੀ । ਰਾਮ ਦੇਵ ਦੇ ਇਸ ਵਤੀਰੇ ਤੋਂ ਝੱਟ ਹੀ ਘਿਰਣਾ ਦਾ ਵਾਹਕ ਉਹ ਰਿਸ਼ੀ ਯਾਦ ਆ ਜਾਂਦਾ ਹੈ ਜਿਸ ਦੀਆਂ ਉਕਸਾਊ ਗੱਲਾਂ ਦੇ ਪ੍ਰਭਾਵ ਹੇਠ ਸ਼੍ਰੀ ਰਾਮ ਨੇ ਸ਼ੰਭੂਕ ਰਿਸ਼ੀ ਦਾ ਵੱਧ (ਕਤਲ) ਕੀਤਾ ਸੀ । ਇੱਥੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਰਾਮ ਦੇਵ ਮੌਜੂਦਾ ਦੌਰ ਅੰਦਰ ਦੇਸ਼ ਦੇ ਰਾਜ ਭਾਗ ‘ਤੇ ਕਾਬਜ਼ ਹਿੰਦੂਤਵੀ ਟੋਲੇ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰ ਰਿਹਾ ਹੈ । ਆਪਣੀ ਹੱਥਠੋਕਾ ਮੋਦੀ ਸਰਕਾਰ ਦੇ ਦਿੱਲੀ ਦੀ ਰਾਜਗੱਦੀ ਉੱਤੇ ਕਾਬਜ਼ ਹੋਣ ਦਾ ਲਾਹਾ ਲੈਂਦਿਆਂ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐਸ ਐਸ), ਹਜ਼ਾਰਾਂ ਸਾਲ ਪੁਰਾਣੀ ਮੰਨੂਵਾਦੀ ਵਰਣ ਵਿਵਸਥਾ ਦੀ ਪੁਨਰ ਸਥਾਪਤੀ ਦੇ ਯਤਨਾਂ ਵਿੱਚ ਗਲਤਾਨ ਹੈ । ਰਾਮ ਦੇਵ ਦਾ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੇ ਸੰਗੀ ਸਾਥੀਆਂ ਤੇ ਇਨ੍ਹਾਂ ਦੇ ਕਥਿਤ ਮਾਰਗ ਦਰਸ਼ਕ ਸੰਘੀ ਆਗੂਆਂ ਦੇ ਘਿਨਾਉਣੇ ਇਰਾਦਿਆਂ ਦੀ ਤਰਜ਼ਮਾਨੀ ਕਰਦਾ ਹੈ।
ਸੰਘੀ ਤੇ ਭਾਜਪਾਈ, ਧਰਮਨਿਰਪੱਖ ਅਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਪ੍ਰਣਾਏ ਵਿਗਿਆਨਕ ‘ਤੇ ਅਗਾਂਹਵਧੂ ਸੋਚ ਦੇ ਧਾਰਣੀ ਲੋਕਾਂ, ਘੱਟ ਗਿਣਤੀਆਂ-ਦਲਿਤਾਂ-ਆਦਿਵਾਸੀਆਂ-ਔਰਤਾਂ ਵਿਰੁੱਧ ਅੱਤਿਆਚਾਰਾਂ ਦੇ ਮੁਖਰ ਆਲੋਚਕਾਂ, ਨਵਉਦਾਰਵਾਦੀ ਨੀਤੀਆਂ ਖਿਲਾਫ਼ ਸੰਗਰਾਮ ਕਰਨ ਵਾਲਿਆਂ ਅਤੇ ਸਰਕਾਰ ਦੀਆਂ ਚੌਤਰਫਾ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਡਟਣ ਵਾਲਿਆਂ ਨੂੰ ਰਾਸ਼ਟਰ ਧਰੋਹੀ, ਟੁਕੜੇ-ਟੁਕੜੇ ਗੈਂਗ, ਅਰਬਨ ਨਕਸਲ, ਮੁਸਲਮ ਪ੍ਰੇਮ ਮੇਂ ਅੰਧੇ ਹੂਏ, ਖਾਨ ਮਾਰਕੀਟ ‘ਚ ਬਹਿਸਾਂ ਕਰਨ ਵਾਲੇ , ਪਾਕਿਸਤਾਨ ਦੇ ਏਜੰਟ, ਰਾਸ਼ਟਰ ਪ੍ਰੇਮ ਤੋਂ ਸੱਖਣੇ ਆਦਿ ਕਹਿੰਦੇ ਆ ਰਹੇ ਹਨ । ਦਲਿਤ ਅੰਦੋਲਨਕਾਰੀਆਂ ਖਿਲਾਫ਼ ਰਾਮ ਦੇਵ ਦਾ ਮੌਜੂਦਾ ਬਿਆਨ ਉਪਰੋਕਤ ਸੰਘੀ ਬਿਆਨਾਂ ਦਾ ਹੀ ਵਿਸਤਾਰ ਹੈ।
ਦਲਿਤਾਂ ਅੰਦਰ ਪੈਦਾ ਹੋ ਰਹੀ ਚੇਤਨਾ ਅਤੇ ਸਮੁੱਚੇ ਪ੍ਰਗਤੀਵਾਦੀ ਅੰਦੋਲਨ ਨਾਲ ਇਸ ਵਰਗ ਦੇ ਵਧਦੇ ਮੇਲ-ਜੋਲ ਅਤੇ ਸੰਗਰਾਮੀ ਸਰਗਰਮੀ ਤੋਂ ਇਨ੍ਹਾਂ ਸਾਮਰਾਜੀ ਏਜੰਟਾਂ ਨੂੰ ਡਾਢਾ ਖੌਫ ਆ ਰਿਹਾ ਹੈ । ਜਿਸ ਤਰ੍ਹਾਂ ਦਲਿਤ ਭਾਈਚਾਰੇ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੇ, ਸਰਵਉੱਚ ਅਦਾਲਤ ਦੇ ਉਸ ਫੈਸਲੇ ਖਿਲਾਫ਼ ਫੈਸਲਾਕੁੰਨ ਸੰਘਰਸ਼ ਕੀਤਾ, ਜਿਸ ਰਾਹੀਂ ਅਨੁਸੂਚਿਤ ਜਾਤੀਆਂ-ਜਨਜਾਤੀਆਂ ਖਿਲਾਫ਼ ਅੱਤਿਆਚਾਰ ਰੋਕੂ ਕਾਨੂੰਨ ਨੂੰ ਉੱਕਾ ਹੀ ਪ੍ਰਭਾਵਹੀਣ ਕਰ ਦਿੱਤਾ ਗਿਆ ਸੀ, ਉਹ ਵੀ ਸੰਘੀਆਂ ਨੂੰ ਮੂਲੋਂ ਹੀ ਚੰਗਾ ਨਹੀਂ ਲੱਗਾ । ਇਸ ਤੋਂ ਇਲਾਵਾ ਦਿਲੀ ਦੇ ਤੁਗਲਕਾਬਾਦ ਮੰਦਰ ਨੂੰ ਤੋੜੇ ਜਾਣ ਖਿਲਾਫ਼ ਹੋਇਆ ਸਰਵ ਸਾਂਝਾ ਸੰਘਰਸ਼ ਵੀ ਮੰਨੂਵਾਦੀ ਵਰਣ ਵਿਵਸਥਾ ਦੇ ਹਾਮੀਆਂ ਨੂੰ ਚਿੰਤਾਤੁਰ ਕਰਦਾ ਹੈ । ਭੀਮਾ ਕੋਰੇਗਾਓਂ ਦੇ ਦਲਿਤ-ਪੇਸ਼ਵਾ ਯੁੱਧ ਦੌਰਾਨ ਮਹਾਰ (ਦਲਿਤ) ਫੌਜੀਆਂ ਦੀ ਬਹਾਦਰੀ ਨੂੰ ਸਨਮਾਨ ਦੇਣਾ ਵੀ ਸੰਘੀਆਂ ਦੇ ਸੰਘੋਂ ਨਹੀਂ ਉੱਤਰ ਰਿਹਾ । ਸੰਘੀ ਸੰਗਠਨਾਂ ਦੀ ਇਹ ਤੀਬਰ ਇੱਛਾ ਹੈ ਕਿ ਦਲਿਤ ਨੌਜਵਾਨ ਸ਼ੰਭੂ ਲਾਲ ਰੇਗਰ ਵਰਗੇ ਬਣ ਕੇ ਅਫਰਾਜ਼ੁਲ ਵਰਗੇ ਬੇਗੁਨਾਹ ਮੁਸਲਮਾਨਾਂ ਦੇ ਡੱਕਰੇ ਕਰ ਦੇਣ । ਦੇਸ਼ ਦੇ ਭਾਈਚਾਰੇ ਅਤੇ ਸਾਂਝੀਵਾਲਤਾ ਦੇ ਵੈਰੀ ਮੰਦਰ-ਮਸਜਿਦ ਦੇ ਕਾਲਪਨਿਕ ਝਗੜੇ ਜਿਹੇ ਮੁਦਿਆਂ ‘ਚ ਉਲਝਾ ਕੇ ਸੰਘ ਦਲਿਤ ਨੌਜਵਾਨਾਂ ਨੂੰ ਆਪਣੇ ਕੋਝੇ ਉਦੇਸ਼ਾਂ ਲਈ ਵਰਤਣਾ ਲੋਚਦਾ ਹੈ । ਸਭ ਤੋਂ ਵਧ ਕੇ ਸੰਘ ਭਾਰਤ ਦੇ ਪੇਂਡੂ ਸਮਾਜ ਨੂੰ ਜਾਤੀ ਆਧਾਰ ‘ਤੇ ਪੂਰੀ ਤਰ੍ਹਾਂ ਖੰਡਤ ਕਰਨਾ ਚਾਹੁੰਦਾ ਹੈ । ਇੰਝ ਕਰਦਿਆਂ ਭੁੱਖ ਨਾਲ ਕੁਲਬੁਲਾਉਂਦੇ ਹਿੰਦੂ ਗਰੀਬ, ਜਾਤੀ ਹੰਕਾਰ ਦੀ ਮੰਦੀ ਸੋਚ ਨਾਲ ਅੰਨ੍ਹੇ ਹੋ ਕੇ ਇੱਕ ਦੂਜੇ ਦੇ ਲਹੂ ਦੇ ਤਿਹਾਏ ਬਣ ਜਾਣਗੇ । ਦਲਿਤਾਂ ਖਿਲਾਫ਼ ਦਿਨੋਂ-ਦਿਨ ਵਧ ਰਹੇ ਅਤਿਆਚਾਰ ਉਕਤ ਤਬਾਹਕੁੰਨ ਸਮਝਦਾਰੀ ਦੀ ਪੈਦਾਇਸ਼ ਹਨ।