
ਮੰਗਤ ਰਾਮ ਪਾਸਲਾ
ਇਤਿਹਾਸ ਦਾ ਪਹੀਆ ਇਕ ਸਾਰ ਨਹੀਂ ਰਿੜ੍ਹਦਾ, ਬਲਕਿ ਉਤਰਾਅ-ਚੜ੍ਹਾਅ ਭਰੀਆਂ ਔਖੀਆਂ ਪ੍ਰਸਥਿਤੀਆਂ ਨਾਲ ਦੋ ਚਾਰ ਹੁੰਦਾ ਹੋਇਆ ਅੱਗੇ ਵਧਦਾ ਹੈ। ਕਈ ਵਾਰ ਘਟਨਾਵਾਂ ਦਾ ਵਹਿਣ ਇਸ ਕਦਰ ਤੇਜ਼ੀ ਫੜਦਾ ਹੈ ਕਿ ਦਹਾਕਿਆਂ ਦਾ ਸਫ਼ਰ ਸਾਲਾਂ ‘ਚ ਤੇ ਸਾਲਾਂ ਦਾ ਮਹੀਨਿਆਂ ਤੇ ਮਹੀਨਿਆਂ ਦਾ ਦਿਨਾਂ ‘ਚ ਤੈਅ ਕਰਕੇ ਇਤਿਹਾਸ ਨਵੇਂ ਸਿਰਹੱਦੇ ਵੀ ਕਾਇਮ ਕਰ ਦਿੰਦਾ ਹੈ। 20ਵੀਂ ਤੋਂ 21ਵੀਂ ਸਦੀ ‘ਚ ਦਾਖ਼ਲੇ ਸਮੇਂ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਸਮੁੱਚੇ ਦੇਸ਼ ਭਰ ‘ਚ ਜਿਸ ਰਫ਼ਤਾਰ ਨਾਲ ਫੈਲ ਰਿਹਾ ਹੈ, ਉਹ ਉਪਰੋਕਤ ਤੱਥ ਦੀ ਪੁਸ਼ਟੀ ਕਰਦਾ ਹੈ। ਇਕ ਸਾਲ ਪਹਿਲਾਂ ਜਦੋਂ ਮੋਦੀ ਸਰਕਾਰ ਦੂਸਰੀ ਵਾਰ ਸੱਤਾ ‘ਚ ਆਈ ਸੀ, ਤਾਂ ਬਹੁਤ ਸਾਰੇ ਲੋਕਾਂ ਦੀ ਮਾਨਤਾ ਸੀ ਕਿ ਸ਼ਾਇਦ ਹੁਣ ਲੰਮਾ ਸਮਾਂ ਮੋਦੀ ਸੱਤਾ ਦੇ ਖਿਲਾਫ਼ ਕੋਈ ਜਨਤਕ ਰੋਹ ਨਾ ਪਨਪ ਸਕੇ।
ਸਰਕਾਰ ਨੇ ਸੱਤਾ ਦੇ ਦਬਾਊ ਅੰਗਾਂ ਜਿਵੇਂ ਸੀ.ਬੀ.ਆਈ., ਈ.ਡੀ., ਇਨਕਮ ਟੈਕਸ ਵਿਭਾਗ, ਪੁਲਿਸ ਆਦਿ ਤੇ ਇਥੋਂ ਤੱਕ ਕਿ ਨਿਆਂਪਾਲਿਕਾ ਦੇ ਇਕ ਹਿੱਸੇ ਨੂੰ ਵੀ ਆਪਣੇ ਨਿਰਦੇਸ਼ਾਂ ਅਨੁਸਾਰ ਚੱਲਣ ਲਈ ਮਜਬੂਰ ਕਰ ਲਿਆ ਹੈ। ਰਾਜਸੀ ਵਿਰੋਧੀ ਧਿਰਾਂ, ਘੱਟ-ਗਿਣਤੀਆਂ, ਲੋਕ ਹਿਤਾਂ ਲਈ ਖੜ੍ਹਨ ਵਾਲੇ ਖੱਬੇ ਪੱਖੀ ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁੰਨਾਂ ਨੂੰ ਵੱਖ-ਵੱਖ ਢੰਗਾਂ ਨਾਲ ਡਰਾ ਲਿਆ ਗਿਆ ਹੈ ਤੇ ਜਾਂ ਜੇਲ੍ਹੀਂ ਡੱਕ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਹੁਕਮਰਾਨਾਂ ਨੇ ਦੇਸ਼ ਦੇ ਧਰਮ-ਨਿਰਪੱਖ ਖਾਸੇ ਲਈ ਵੀ ਖਤਰਾ ਖੜ੍ਹਾ ਕਰ ਦਿੱਤਾ ਗਿਆ ਹੈ। ਸੰਸਾਰ ਭਰ ਦੇ ਸਾਮਰਾਜੀ ਦੇਸ਼ਾਂ ਤੇ ਕਾਰਪੋਰੇਟ ਘਰਾਣਿਆਂ ਨੇ ਮੋਦੀ ਸਰਕਾਰ ਦੇ ਸੋਹਲੇ ਗਾ ਗਾ ਕੇ ਇਕ ਪਾਸੇ ਭਾਰਤ ਨੂੰ ਦੂਸਰੇ ਦਰਜੇ ਦਾ ਆਪਣਾ ਯੁੱਧਨੀਤਕ ਸੰਗੀ ਬਣਾ ਲਿਆ ਤੇ ਦੂਸਰੇ ਬੰਨੇ ਭਾਰਤ ਦੀ ਵਿਸ਼ਾਲ ਮੰਡੀ ਤੇ ਕੁਦਰਤੀ ਸਰੋਤਾਂ ਉੱਪਰ ਪੂਰੀ ਤਰ੍ਹਾਂ ਕਬਜ਼ਾ ਕਰਨ ਦਾ ਰਾਹ ਪੱਧਰਾ ਕਰ ਲਿਆ ਹੈ।
ਇਸੇ ਨਾਜ਼ੁਕ ਸਮੇਂ ਪੰਜਾਬ ਦੀ ਧਰਤੀ ਤੋਂ ਮੋਦੀ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਿਤ ਬਣਾਏ ਗਏ ਤਿੰਨ ਕਾਨੂੰਨਾਂ ਵਿਰੁੱਧ ਇਕ ਗਰਜਵੀਂ ਆਵਾਜ਼ ਉੱਠੀ, ਜਿਸ ਨੇ ਇਸ ਖਿੱਤੇ ਦੇ ਮਿਹਨਤਕਸ਼ ਤੇ ਸੂਰਮੇ ਲੋਕਾਂ ਦੀ ਜ਼ਾਲਮ ਹਾਕਮਾਂ ਖਿਲਾਫ਼ ‘ਨਾਬਰੀ’ ਦੀ ਰਵਾਇਤ ਨੂੰ ਹੋਰ ਚਾਰ ਚੰਦ ਲਾ ਦਿੱਤੇ ਹਨ। ਕਿਸਾਨਾਂ ਤੇ ਨੌਜਵਾਨਾਂ ਨੇ ਸੜਕਾਂ ਤੇ ਰੇਲਵੇ ਲਾਈਨਾਂ ਉੱਪਰ ਧਰਨਿਆਂ ਤੋਂ ਲੈ ਕੇ ਪੈਦਲ, ਟਰੈਕਟਰਾਂ ਤੇ ਮੋਟਰ ਸਾਈਕਲਾਂ ਦੀ ਸਵਾਰੀ ਕਰਕੇ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੇ ਲਾਭਾਂ ਲਈ ਪਾਸ ਕੀਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਹੋਕਾ ਘਰ ਘਰ ਦਿੱਤਾ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਵਲੋਂ ਲਾਏ ਗਏ ਹੱਕ ਸੱਚ ਦੇ ਇਨ੍ਹਾਂ ਨਾਅਰਿਆਂ ਨੂੰ ਸੁਣਨ ਦੀ ਥਾਂ ਕਿਸਾਨਾਂ ਨੂੰ ਕਾਨੂੰਨਾਂ ਦੀ ਪੂਰੀ ਸਮਝਦਾਰੀ ਨਾ ਹੋਣ ਦਾ ਪ੍ਰਚਾਰ ਕੀਤਾ, ਤਦ ਫਿਰ ਇਨ੍ਹਾਂ ਸੂਝਵਾਨ ‘ਧਰਤੀ ਦੇ ਪੁੱਤਰਾਂ’ ਨੇ ਮੋਰਚੇ ਦੀ ਸਫਲਤਾ ਲਈ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ। ਸਰਕਾਰ ਦੇ ਅੱਥਰੂ ਗੈਸ ਦੇ ਗੋਲੇ, ਗੰਦੇ ਪਾਣੀ ਦੀਆਂ ਬੁਛਾੜਾਂ ਤੇ ਪੁਲਿਸ ਦੀਆਂ ਸਖ਼ਤੀਆਂ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੰਗੀਆਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਪੁੱਜਣ ਤੋਂ ਰੋਕ ਨਾ ਸਕੀਆਂ। ਦਿੱਲੀ ਨੂੰ ਚਾਰਾਂ ਪਾਸਿਆਂ ਤੋਂ ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ, ਉੱਤਰਾਖੰਡ ਤੇ ਦੇਸ਼ ਦੇ ਕਈ ਹੋਰਨਾਂ ਭਾਗਾਂ ਤੋਂ ਆਏ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਤੇ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਨੇ ਪੁਰਅਮਨ ਢੰਗ ਨਾਲ ਘੇਰ ਕੇ ਸਿੱਧ ਕਰ ਦਿੱਤਾ ਹੈ ਕਿ :
‘ਕੋਈ ਦੂਰੀ ਕੋਈ ਟੀਸੀ, ਸਿਦਕ ਦੀ ਹਾਨਣ ਨਹੀਂ,
ਸਿਦਕੀ ਪੈਰਾਂ ਨੇ ਆਖਰ ਮੰਜ਼ਿਲਾਂ ਨੂੰ ਪਾ ਲਿਆ।’
ਬਸ ਫਿਰ ਕੀ ਸੀ! ਆਪਣੇ ਸ਼ਾਨਦਾਰ ਵਿਰਸੇ ਤੇ ਸਮਾਜੀ ਕਦਰਾਂ-ਕੀਮਤਾਂ ਨੂੰ ਬੁਲੰਦ ਰੱਖਦਿਆਂ ਸਮਾਜ ਦੇ ਹਰ ਹਿੱਸੇ ਦੇ ਲੋਕਾਂ ਨੇ ਦਿੱਲੀ ਦੀਆਂ ਬਰੂਹਾਂ ‘ਤੇ ਕੱਕਰੀਆਂ ਰਾਤਾਂ ‘ਚ ਟਰੈਕਟਰ-ਟਰਾਲੀਆਂ ਨੂੰ ਆਪਣਾ ਘਰ ਬਣਾਈ ਬੈਠੇ ਹਜ਼ਾਰਾਂ ਯੋਧਿਆਂ ਨੂੰ ਹਰ ਕਿਸਮ ਦੀ ਸਹਾਇਤਾ ਦੀ ਹਨੇਰੀ ਲਿਆ ਦਿੱਤੀ। ਪੈਸਾ, ਕੱਪੜਾ, ਖਾਣ-ਪੀਣ ਦਾ ਸਾਮਾਨ, ਸੁੱਕੇ ਮੇਵੇ, ਦਵਾਈਆਂ, ਦੁੱਧ, ਵੰਨ-ਸੁਵੰਨੇ ਲੰਗਰ ਭਾਵ ਦੁਨੀਆ ਦੀ ਹਰ ਨਿਆਮਤ ਸੰਘਰਸ਼ਸ਼ੀਲ ਕਿਸਾਨਾਂ ਦੀ ਖ਼ਿਦਮਤ ‘ਚ ਲਿਆ ਢੇਰੀ ਕਰ ਦਿੱਤੀ। ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਦਾ ਦਿਲ ਵੀ ਆਪਣੇ ਹਮਸਾਇਆਂ ਲਈ ਧੜਕਿਆ, ਜਿਨ੍ਹਾਂ ਨੇ ਬੁਲੰਦ ਆਵਾਜ਼ ‘ਚ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਦੀ ਸੁਰ ‘ਚ ਸੁਰ ਮਿਲਾਈ।
ਸੜਕਾਂ ਉੱਪਰ ਕਈ ਮੀਲਾਂ ਵਿਚ ਵਸੇ ਹੋਏ ਇਨ੍ਹਾਂ ‘ਕਿਸਾਨ ਨਗਰਾਂ’ ਅੰਦਰ ਠਹਿਰੇ ਹਰ ਔਰਤ ਤੇ ਮਰਦ ਦੇ ਚਿਹਰੇ ‘ਤੇ ਹੱਕ ਸੱਚ ਦੀ ਲੜਾਈ ਜਿੱਤਣ ਲਈ ਦ੍ਰਿੜ੍ਹਤਾ, ਜਨੂੰਨ ਤੇ ਕੁਰਬਾਨੀ ਕਰਨ ਦਾ ਵਲਵਲਾ ਨਜ਼ਰੀਂ ਆ ਰਿਹਾ ਹੈ। ਪੰਜਾਬ, ਹਰਿਆਣਾ, ਰਾਜਸਥਾਨ ਆਦਿ ਪ੍ਰਾਂਤਾਂ ਦੇ ਲੋਕਾਂ ਵਿਚਕਾਰ ਵੱਖ-ਵੱਖ ਬਹਾਨਿਆਂ ਨਾਲ ਫੁੱਟ ਪਾਉਣ ਦੀਆਂ ਚਾਲਾਂ ਅਸਫਲ ਬਣਾਉਂਦੇ ਹੋਏ ਸਾਰੇ ਰਾਜਾਂ ਦੇ ਕਿਸਾਨ ਇਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਤੇ ਸਤਿਕਾਰ ਕਰਦਿਆਂ ਹੋਇਆਂ ਆਪੋ ਆਪਣੇ ਢੰਗ ਦੀਆਂ ਖੁਰਾਕਾਂ, ਨਿੱਜੀ ਆਦਤਾਂ ਤੇ ਸਮਾਜਿਕ ਵਰਤਾਅ ਦਾ ਅਨੰਦ ਲੈਂਦੇ ਹੋਏ ਮਿੱਤਰਤਾ ਤੇ ਮਿਲਵਰਤੋਂ ਦੀ ਇਕ ਅਨੂਠੀ ਮਿਸਾਲ ਪੇਸ਼ ਕਰ ਰਹੇ ਹਨ। ‘ਗੋਦੀ ਮੀਡੀਆ’ ਵਲੋਂ ਇਸ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ‘ਖਾਲਿਸਤਾਨੀ’, ‘ਅੱਤਵਾਦੀ’, ‘ਟੁਕੜੇ ਟੁਕੜੇ ਗੈਂਗ’, ‘ਵਿਦੇਸ਼ੀ ਤਾਕਤਾਂ ਦੀ ਹਦਾਇਤ ‘ਤੇ ਕੰਮ ਕਰਨ ਵਾਲੇ ਗੱਦਾਰਾਂ’ ਵਰਗੇ ਗੰਦੇ ਤੇ ਝੂਠੇ ਪ੍ਰਚਾਰ ਦਾ ਪਰਦਾਫਾਸ਼ ਕਰਕੇ ਇਸ ਉਮੜੀ ਭੀੜ ‘ਚ ਕਿਸੇ ਵੀ ਥਾਂ ‘ਸਿੱਖਾਂ ਨਾਲ ਧੱਕਾ’, ‘ਹਰਿਆਣੇ ਨਾਲ ਬੇਇਨਸਾਫ਼ੀ’, ‘ਕਬਜ਼ਿਆਂ ਲਈ ਹਥਿਆਰ ਚੁੱਕਣ’ ਵਰਗੇ ਗੀਤਾਂ ਦੀ ਥਾਂ ‘ਮਜ਼ਦੂਰ-ਕਿਸਾਨ ਏਕਤਾ ਜ਼ਿੰਦਾਬਾਦ’, ‘ਇਨਕਲਾਬ ਜ਼ਿੰਦਾਬਾਦ’, ‘ਮੋਦੀ ਸਰਕਾਰ-ਮੁਰਦਾਬਾਦ’, ‘ਕਾਲੇ ਕਾਨੂੰਨ ਵਾਪਸ ਲਓ’, ਵਰਗੇ ਗੰਭੀਰ ਨਾਅਰਿਆਂ ਦੀ ਗੂੰਜ ਸੁਣਾਈ ਦਿੰਦੀ ਹੈ। ਨੌਜਵਾਨ ਧੀਆਂ ਦਿਨ-ਰਾਤ ਇਨਕਲਾਬੀ ਗੀਤ ਗਾਉਂਦੀਆਂ ਤੇ ਗਿੱਧਾ ਪਾਉਂਦੀਆਂ ਇੰਜ ਬੇਫ਼ਿਕਰ ਹੋ ਕੇ ਘੁੰਮਦੀਆਂ ਹਨ, ਜਿਵੇਂ ਪੇਕੇ ਪਿੰਡ ਆ ਕੇ ਮੁਟਿਆਰਾਂ ਆਪਣੇ ਮਾਪਿਆਂ ਦੇ ਘਰ ਟਹਿਲ ਰਹੀਆਂ ਹੋਣ।
ਮੋਦੀ ਸਰਕਾਰ ਦੀ ਕਿਸਾਨ ਘੋਲ ਦੀ ਅਗਵਾਈ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਤੇ ਕਿਸਾਨੀ ਸਫ਼ਾਂ ‘ਚ ਫੁੱਟ ਪਾਉਣ ਤੇ ਗੱਲਬਾਤ ਦੌਰਾਨ ਅਸਲ ਮੰਗਾਂ ਨੂੰ ਪਾਸੇ ਕਰਕੇ ਕਿਸਾਨੀ ਘੋਲ ਨੂੰ ਭੰਬਲ ਭੂਸੇ ‘ਚ ਪਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਕਿਸਾਨ ਲੀਡਰਸ਼ਿਪ ਨੇ ਸੂਝ-ਬੂਝ ਤੇ ਤਰਕਾਂ ਸਹਿਤ ਅਸਫਲ ਬਣਾ ਦਿੱਤਾ ਹੈ। ਕਿਸੇ ਕਿਸਮ ਦੀ ਭੜਕਾਊ ਤਕਰੀਰ ਜਾਂ ਗੈਰ ਜ਼ਿੰਮੇਵਾਰ ਹਿੰਸਕ ਹਰਕਤ ਇਸ ਮਹਾਨ ਅੰਦੋਲਨ ‘ਚ ਪੂਰੀ ਤਰ੍ਹਾਂ ਨਦਾਰਦ ਹੈ। ਇਸ ਸ਼ਾਨਾਮੱਤੇ ਸੰਘਰਸ਼ ਦੀ ਮਹਾਨਤਾ ਸਿਰਫ਼ ਕਿਸਾਨਾਂ ਦੀਆਂ ਮੰਗਾਂ ਨੂੰ ਮਨਾਉਣ ਤੱਕ ਹੀ ਸੀਮਤ ਨਹੀਂ, ਬਲਕਿ ਇਹ ਸੰਘਰਸ਼ ਰਾਜਨੀਤਕ ਫਿਜ਼ਾ ਅੰਦਰ ਲੋਕਤੰਤਰ ਵਿਰੋਧੀ ਤਾਕਤਾਂ ਦੀ ਬੋਲ ਰਹੀ ਤੂਤੀ ਨੂੰ ਚੁੱਪ ਕਰਾ ਕੇ ਇਸ ਦੇਸ਼ ਦੀ ਸਮੁੱਚੀ ਜਮਹੂਰੀ ਲਹਿਰ ਨੂੰ ਇਕ ਅਤੀ ਮਹੱਤਵਪੂਰਨ ਹਾਂ ਪੱਖੀ ਸੇਧ ਦੇਣ ‘ਚ ਵੀ ਲਾਮਿਸਾਲ ਸਿੱਧ ਹੋ ਰਿਹਾ ਹੈ। ਇਸ ਕਿਸਾਨੀ ਘੋਲ ਨੇ ਧਰਮ-ਨਿਰਪੱਖ ਸੰਘੀ, ਲੋਕ ਰਾਜੀ ਢਾਂਚੇ ਦੀ ਰਾਖੀ ਤੇ ਸਮਾਜਿਕ ਬਦਲਾਅ ਦੇ ਵਡਮੁੱਲੇ ਨਿਸ਼ਾਨੇ ਨੂੰ ਹਾਸਲ ਕਰਨ ਦੇ ਘੋਲ ਨੂੰ ਅਤਿਅੰਤ ਊਰਜਾ ਪ੍ਰਦਾਨ ਕੀਤੀ ਹੈ ਤੇ ਮੋਦੀ ਸਰਕਾਰ ਵਲੋਂ ਕੇਂਦਰ ਅੰਦਰ ਫ਼ਿਰਕੂ ਤੇ ਗ਼ੈਰ-ਜ਼ਰੂਰੀ ਮੁੱਦਿਆਂ ਬਾਰੇ ਪਰੋਸੇ ਜਾ ਰਹੇ ਏਜੰਡੇ ਨੂੰ ਤਬਦੀਲ ਕਰਕੇ ਕਿਰਤੀ ਲੋਕਾਂ ਦਾ ਧਿਆਨ ਉਨ੍ਹਾਂ ਨੂੰ ਦਰਪੇਸ਼ ਹਕੀਕੀ ਮੁਸ਼ਕਿਲਾਂ ਤੇ ਉਨ੍ਹਾਂ ਦੇ ਹੱਲ ਲਈ ਠੋਸ ਦਿਸ਼ਾ ਦੇ ਮੁੱਦਿਆਂ ਦੁਆਲੇ ਕੇਂਦਰਿਤ ਕਰ ਦਿੱਤਾ ਹੈ। ਦੇਸ਼ ਦੇ ਕੁੱਲ ਕਿਰਤੀ ਤੇ ਕਿਸਾਨ ਇਸ ਘੋਲ ‘ਚ ਆਪਣਾ ਹਿੱਸਾ ਪਾ ਕੇ ਇਸ ਦੀ ਸੰਪੂਰਨ ਸਫਲਤਾ ਦੀ ਉਡੀਕ ਕਰ ਰਹੇ ਹਨ।
Thanks to AJIT
http://beta.ajitjalandhar.com/news/20210105/4/3290951.cms#3290951