
ਫਿਲੌਰ, 18 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਤਹਿਸੀਲ ਕਮੇਟੀ ਫਿਲੌਰ ਦੀ ਇੱਕ ਮੀਟਿੰਗ ਤਹਿਸੀਲ ਪ੍ਰਧਾਨ ਸਾਥੀ ਜਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ।
ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ 9 ਤੋਂ 11 ਅਗਸਤ ਤੱਕ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ‘ਚ ਰਾਤ-ਦਿਨ ਦਾ ਧਰਨਾ ਲਾਉਣ ਦੀ ਤਿਆਰੀ ਲਈ ਕੀਤੀ ਇਸ ਮੀਟਿੰਗ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਪੱਕੇ ਮੋਰਚੇ ਦੀ ਤਿਆਰੀ ਲਈ 16 ਜੁਲਾਈ ਤੋਂ 25 ਜੁਲਾਈ ਤੱਕ ਪਿੰਡ ਪਿੰਡ ਮਟਿੰਗਾਂ ਕਰਕੇ ਤਿਆਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਧਰਨੇ ਦੌਰਾਨ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਜਾਵੇਗੀ ਕਿ ਮਜ਼ਦੂਰਾਂ ਸਿਰ ਚੜ੍ਹਿਆ ਹਰ ਤਰਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ, ਜਾਤ, ਧਰਮ, ਲੋਡ ਦੀ ਸ਼ਰਤ ਖਤਮ ਕਰਕੇ ਸਾਰੇ ਲੋੜਵੰਦਾਂ ਦੇ ਸਮੁੱਚੇ ਬਿਲ ਮੁਆਫ ਕੀਤੇ ਜਾਣ, ਪਿਛਲੇ ਬਕਾਇਆਂ ‘ਤੇ ਲਕੀਰ ਫੇਰੀ ਜਾਵੇ, ਮੀਟਰ ਪੁੱਟਣੇ ਬੰਦ ਕੀਤੇ ਜਾਣ। ਵਿਧਵਾ, ਬੁਢਾਪਾ, ਅੰਗਹੀਣ, ਆਸ਼ਰਿਤ ਪੈਨਸ਼ਨ ਘੱਟੋ ਘੱਟ 5000 ਰੁਪਏ ਪ੍ਰਤੀ ਮਹੀਨਾ ਬਿਨ੍ਹਾਂ ਨਾਗਾ ਦਿੱਤੀ ਜਾਵੇ। ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2020 ਰੱਦ ਕੀਤੇ ਜਾਣ। ਗਰੀਬਾਂ, ਮਜ਼ਦੂਰਾਂ ਤੇ ਹੋਰ ਲੋੜਵੰਦਾਂ ਨੂੰ 10-10 ਮਰਲੇ ਦੇ ਪਲਾਟ ਦੇਕੇ ਮਕਾਨ ਬਣਾਉਣ ਲਈ 5-5 ਲੱਖ ਰੁਪਏ ਦੀ ਗਰਾਂਟ ਦਿਤੀ ਜਾਵੇ। ਦਲਿਤਾਂ, ਔਰਤਾਂ ‘ਤੇ ਹੁੰਦਾ ਹਰ ਤਰ੍ਹਾਂ ਦਾ ਸਮਾਜਿਕ ਜਬਰ ਬੰਦ ਕੀਤਾ ਜਾਵੇ। ਕਿਰਤ ਕਾਨੂੰਨ ਮੁੜ ਬਹਾਲ ਕੀਤੇ ਜਾਣ। ਨਿੱਤ ਵਰਤੋਂ ਦੀਆਂ ਸਾਰੀਆਂ ਜ਼ਰੂਰੀ ਚੀਜਾਂ ਅਤਿ ਨਿਗੂਣੇ ਰੇਟਾਂ ‘ਤੇ ਦੇਣ ਦੀ ਗਰੰਟੀ ਕਰਦੀ ਜਨਤਕ ਵੰਡ ਪ੍ਰਣਾਲੀ ਕਾਇਮ ਕੀਤੀ ਜਾਵੇ ਅਤੇ ਐਫਸੀਆਈ ਦੇ ਖਾਤਮੇ ਦੀਆਂ ਸਾਜਿਸ਼ਾਂ ਬੰਦ ਕੀਤੀਆਂ ਜਾਣ।
ਮੀਟਿੰਗ ਵਲੋਂ ਫ਼ੈਸਲਾ ਕੀਤਾ ਗਿਆ ਕਿ ਜੇ ਸਰਕਾਰ ਨੇ ਗ਼ਰੀਬ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਮੀਟਿੰਗ ‘ਚ ਤਹਿਸੀਲ ਅੰਦਰ 15 ਤੋਂ 25 ਜੁਲਾਈ ਤੱਕ ਪਿੰਡਾਂ ‘ਚ 50 ਮੁਹੱਲਾਂ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗਾਂ ਦੌਰਾਨ ਮੁਹੱਲਿਆਂ ‘ਚ ਜਲਸੇ, ਜਾਗੋ, ਮੁਜ਼ਾਹਰੇ, ਪ੍ਰਭਾਤ ਫੇਰੀਆਂ, ਮਸ਼ਾਲ ਮਾਰਚ ਆਦਿ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ।
27-28-29 ਜੁਲਾਈ ਨੂੰ ਭਾਰੀ ਇਕੱਠ ਕਰਕੇ ਸੱਤਾਧਾਰੀਆਂ ਨੂੰ ਮੰਗ ਪੱਤਰ ਸੌਂਪਣ ਦਾ ਨਿਰਣਾ ਲਿਆ ਗਿਆ। ਪਟਿਆਲਾ ਮੋਰਚੇ ਦੀ ਸਫਲਤਾ ਲਈ ਫੰਡ ਇਕੱਤਰ ਕਰਨ ਤੇ ਲੰਗਰ ਆਦਿ ਲਈ ਰਸਦ ਇਕੱਠੀ ਕਰਨ ਦੀ ਵੀ ਯੋਜਨਾਬੰਦੀ ਕੀਤੀ ਗਈ।
ਇਸ ਸਮੇਂ ਮੀਟਿੰਗ ਵਿਚ ਮੇਜਰ ਫਿਲੌਰ, ਅਮ੍ਰਿਤ ਨੰਗਲ, ਬਨਾਰਸੀ ਦਾਸ ਘੁੜਕਾ, ਰਾਮਲੁਭਾਇਆ ਭੈਣੀ ਸਰਪੰਚ, ਸੁੱਖਰਾਮ ਦੁਸਾਂਝ, ਸੋਹਣ ਲਾਲ ਕੰਗ ਜਗੀਰ, ਰਾਮੂ ਦੁਸਾਂਝ ਕਲਾਂ, ਵਰਿੰਦਰ ਸੰਤੋਖਪੁਰਾ, ਮੰਗਾ ਸੰਗੋਵਾਲ, ਰਾਮਪਾਲ, ਜੀਤਾ ਸੰਗੋਵਾਲ ਆਦਿ ਹਾਜ਼ਰ ਸਨ।