ਬਿਹਾਰ ਵਿੱਚ ਹੁਣ ਤੱਕ ਚਮਕੀ ਬੁਖਾਰ, ਅਕਯੂਟ ਇੰਸੈਫੇਲਾਈਟਸ ਸਿੰਡਰੋਮ ਭਾਵ ਏਆਈਐਸ ਨਾਂਅ ਦੀ ਮਹਾਮਾਰੀ ਨਾਲ ਤਿੰਨ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ 145 ਬੱਚਿਆਂ ਦੀ ਦੁਖਦਾਈ ਮੌਤ ਹੋ ਚੁੱਕੀ ਹੈ । ਇਹ 2014 ਪਿਛੋਂ ਸਿਹਤ ਸੇਵਾਵਾਂ ਦਾ ਸਭ ਤੋਂ ਵੱਡਾ ਦੁਖਾਂਤ ਹੈ। ਉਸ ਸਮੇਂ 355 ਮਾਸੂਮਾਂ ਦੀਆਂ ਜਾਨਾਂ ਗਈਆਂ ਸਨ । ਇਸ ਮਹਾਮਾਰੀ ਦੀ ਸ਼ੁਰੂਆਤ ਤਿਰਹੁਤ ਉਪ ਮੰਡਲ ਤੋਂ ਹੋਈ । ਇਸ ਤਰਾਸਦੀ ਦਾ ਕੇਂਦਰ ਮੁਜੱਫਰਪੁਰ ਬਣਿਆ ਹੈ ਜਿੱਥੇ ਹੁਣ ਤੱਕ 127 ਜਾਨਾਂ ਜਾ ਚੁੱਕੀਆਂ ਹਨ। ਇਸ ਪ੍ਰਕੋਪ ਤੋਂ ਪ੍ਰਭਾਵਿਤ ਬਾਕੀ ਜਿਲ੍ਹੇ ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਵੈਸ਼ਾਲੀ ਅਤੇ ਸੀਤਾਮੜ੍ਹੀ ਹਨ ।
Çੲਸ ਵੱਡੀ ਤਰਾਸਦੀ ਨੇ ਬਿਹਾਰ ਦੇ ਜਨਤਕ ਸਿਹਤ ਸੇਵਾਵਾਂ ਦੇ ਢਾਂਚੇ ਦੀ ਪੋਲ ਖੋਲ੍ਹ ਦਿੱਤੀ ਹੈ । ਬਿਹਾਰ, ਦੇਸ਼ ਵਿੱਚ ਸਭ ਤੋਂ ਵਧੇਰੇ ਖਰਾਬ ਡਾਕਟਰ-ਮਰੀਜ ਅਨੁਪਾਤ ਵਾਲਾ ਸੂਬਾ ਹੈ ਜਿੱਥੇ ਕਿ 28392 ਮਰੀਜਾਂ ਪਿੱਛੇ ਇੱਕ ਡਾਕਟਰ ਹੈ । ਪਿਛਲੇ ਸੱਤਾਂ ਸਾਲਾਂ ਵਿੱਚ ਇਹ ਸੂਬਾ ਕੇਵਲ 3179 ਨਵੇਂ ਡਾਕਟਰ ਸਿਹਤ ਸੇਵਾਵਾਂ ਢਾਂਚੇ ਵਿੱਚ ਜੋੜ ਸਕਿਆ ਹੈ । ਸੰਸਾਰ ਸਿਹਤ ਸੰਗਠਨ (WHO) ਵਲੋਂ ਨਿਰਧਾਰਤ ਇੱਕ ਲੱਖ ਮਰੀਜਾਂ ਪਿੱਛੇ ਘੱਟੋ ਘੱਟ 62 ਡਾਕਟਰਾਂ ਦੀ ਵਰਤਮਾਨ ਲੋੜ ਪੂਰੀ ਕਰਨ ਲਈ ਜੇ ਭਰਤੀ ਦੀ ਇਹੋ ਸਪੀਡ ਰਹੀ ਤਾਂ ਬਿਹਾਰ ਨੂੰ 140 ਸਾਲ ਉਡੀਕਣਾ ਪਾਵੇਗਾ । 11 ਕਰੋੜ ਬਸ਼ਿੰਦਿਆਂ ਵਾਲਾ ਬਿਹਾਰ ਆਬਾਦੀ ਪੱਖੋਂ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸੂਬਾ ਹੈ । ਇੱਥੇ ਕੇਵਲ 13 ਮੈਡੀਕਲ ਕਾਲਜ ਹਨ ਜਿਨ੍ਹਾਂ ਵਿੱਚ 1350 ਸੀਟਾਂ ਹਨ । ਇਹ ਸੰਖਿਆ ਦੇਸ਼ ਦੀਆਂ ਕੁੱਲ 57838 ਸੀਟਾਂ ਦੀਆਂ 3% ਤੋਂ ਵੀ ਘੱਟ ਬਣਦੀਆਂ ਹਨ ।
ਆਯੁਸ਼ਮਾਨ ਭਾਰਤ (ਕੇਂਦਰ ਸਰਕਾਰ ਦੀ ਸਿਹਤ ਬੀਮਾ ਯੋਜਨਾ) ਦੀ ਅਧਿਕਾਰਿਤ ਵੈਬਸਾਈਟ ਅਨੁਸਾਰ ਇਸ ਦੇ ਅਧੀਨ ਮੁਜੱਫਰਪੁਰ ਦੇ ਕੁਲ 28 ਹਸਪਤਾਲ ਆਉਂਦੇ ਹਨ ਜਿਨ੍ਹਾਂ ਵਿਚੋਂ 18 ਸਰਕਾਰੀ ਖੇਤਰ ਦੇ ਹਨ । ਪਰ ਇਨ੍ਹਾਂ ਵਿਚੋਂ ਕਿਸੇ ਵਿੱਚ ਵੀ ਆਮ ਇਲਾਜ, ਬਾਲ ਚਕਿਤਸਾ ਪ੍ਰਬੰਧ, ਐਮਰਜੈਂਸੀ ਸੁਵਿਧਾਵਾਂ ਆਦਿ ਲਗਭਗ ਨਹੀਂ ਦੇ ਬਰਾਬਰ ਹਨ । ਜਿਨ੍ਹਾਂ ਬਾਕੀ 10 ਹਸਪਤਾਲਾਂ ਵਿੱਚ ਇਹ ਸੁਵਿਧਾਵਾਂ ਮੌਜੂਦ ਵੀ ਹਨ ਉਨ੍ਹਾਂ ਵਿੱਚੋਂ 8 ਪ੍ਰਾਈਵੇਟ ਖੇਤਰ ਦੇ ਹਨ ।
ਬਾਕੀ ਜਿਲ੍ਹਿਆਂ ਦਾ ਹਾਲ ਵੀ ਕੋਈ ਇਸ ਤੋਂ ਵੱਖਰਾ ਨਹੀਂ । ਆਯੁਸ਼ਮਾਨ ਅਧੀਨ ਵੈਸ਼ਾਲੀ ਵਿੱਚ 18 , ਚੰਪਾਰਣ ਦੇ 20 ਅਤੇ ਸੀਤਾਮੜ੍ਹੀ ਦੇ 21 ਹਸਪਤਾਲ ਆਉਂਦੇ ਹਨ। ਪਰ ਕੋਈ ਵੀ ਇਸ ਅਵਸਥਾ ਵਿੱਚ ਨਹੀਂ ਹੈ ਕਿ ਚਮਕੀ ਬੁਖ਼ਾਰ ਦੀ ਸਥਿਤੀ ਨਾਲ ਮੇਚਵੀਆਂ ਹੰਗਾਮੀ ਸੇਵਾਵਾਂ ਦੇ ਸਕੇ । ਕੌਮੀ ਪੇਂਡੂ ਸਿਹਤ ਮਿਸ਼ਨ ਦੀ ਵੈਬਸਾਈਟ ਮੁਤਾਬਕ ਬਿਹਾਰ ਵਿੱਚ 10337 ਸਿਹਤ ਸੇਵਾਵਾਂ ਉਪ ਕੇਂਦਰ ਹਨ ਜਿਨ੍ਹਾਂ ਵਿੱਚ ਕੁੱਲ 11612 ਕਰਮਚਾਰੀਆਂ ਸੇਵਾਵਾਂ ਦੇ ਰਹੇ ਹਨ । ਇਨ੍ਹਾਂ ਉਪ ਕੇਂਦਰਾਂ ਵਿਚੋਂ 3325 ‘ਚਿਰਾਗ ਰਹਿਤ’ ਭਾਵ ਕਰਮਚਾਰੀਆਂ ਤੋਂ ਪੂਰੀ ਤਰ੍ਹਾਂ ਸੱਖਣੇ ਹਨ। ਬਿਹਾਰ ਵਿੱਚ 1883 ਪੀ ਐਚ ਸੀਜ਼ (ਪ੍ਰਾਥਮਿਕ ਸੇਵਾ ਕੇਂਦਰ) ਹਨ । ਹਰ ਕੇਂਦਰ 100 ਪਿੰਡਾਂ ਦੇ ਤਕਰੀਬਨ 1 ਲੱਖ ਲੋਕਾਂ ਨੂੰ ਸੇਵਾਵਾਂ ‘ਪ੍ਰਦਾਨ’ ਕਰਦਾ ਹੈ । ਇਨ੍ਹਾਂ ਵਿਚੋਂ 75% ਕੇਂਦਰਾਂ ‘ਤੇ ਕੇਵਲ 1 ਅਤੇ ਸਾਰੇ ਕੇਂਦਰਾਂ ਵਿੱਚ ਕੁੱਲ 2087 ਡਾਕਟਰ ਹਨ ।
ਆਮ ਹਾਲਤਾਂ ਦੇ ਮੱਦੇਨਜ਼ਰ ਮੁਜੱਫਰਪੁਰ ਦੇ ਹਸਪਤਾਲਾਂ ਵਿੱਚ ਮਰੀਜਾਂ ਲਈ ਉਪਲਭਧ ਬੈਡਾਂ ਤੇ 381% ਮਰੀਜ ਵਧੇਰੇ ਹੁੰਦੇ ਹਨ ।ਇਸ ਨੂੰ ਬੈਡ ਓਕੁਪੇਂਸੀ ਰੇਟ ਕਿਹਾ ਜਾਂਦਾ ਹੈ । ਇਹ ਰੇਟ ਭਾਗਲਪੁਰ ਵਿੱਚ 181% ਅਤੇ ਮਧੇਪੁਰਾ ਵਿੱਚ 159% ਹੈ । ਕਹਿਣ ਦਾ ਭਾਵ ਇਹ ਕਿ ਮੁਜੱਫਰਪੁਰ ਦੇ ਹਰ ਹਸਪਤਾਲ ਵਿੱਚ ਇੱਕ ਸਮੇਂ ਇੱਕੋ ਬੈਡ ‘ਤੇ ਤਿੰਨ ਤੋਂ ਵਧੇਰੇ ਮਰੀਜ ਇਲਾਜ ਕਰਵਾ ਰਹੇ ਸਨ ।
ਇੱਕ ਹੋਰ ਚਿੰਤਾਜਨਕ ਪਹਿਲੂ ਵੀ ਹੈ । ਅਜਿਹੇ ਹੰਗਾਮੀ ਹਾਲਾਤ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਮੁੱਢਲੀ ਸਹਾਇਤਾ ਦੇਣ ਵਾਲੇ ਕਾਰਜਕਰਤਾਵਾਂ ਅਤੇ ਕਰਮਚਾਰੀਆਂ ਦੀ ਲੋੜ ਹੁੰਦੀ ਹੈ । ਇਹ ਕੰਮ ਆਸ਼ਾ ਵਰਕਰਾਂ ਕਰਦੀਆਂ ਹਨ । ਪਰ ਮੁਜੱਫਰਪੁਰ ਵਿੱਚ ਇਨ੍ਹਾਂ ਦੀ ਗਿਣਤੀ ਨਿਰਧਾਰਤ ਮਾਪਦੰਡਾਂ ਤੋਂ ਕਿਤੇ ਘੱਟ ਕੇਵਲ 3800 ਹੈ । ਜਦਕਿ ਆਮ ਹਾਲਾਤ ਵਿੱਚ ਵੀ ਇਨ੍ਹਾਂ ਦੀ ਗਿਣਤੀ 4600 ਹੋਣੀ ਚਾਹੀਦੀ ਹੈ । ਰਹਿੰਦੀ ਕਸਰ ਆਲੇ ਦੁਆਲੇ ਦੇ ਹਾਲਾਤ ਅਤੇ ਲੋਕਾਂ ਦੇ ਥੁੜਾਂ ਮਾਰੇ ਜੀਵਨ ਨੇ ਕੱਢ ਦਿੱਤੀ । ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਮੁਜੱਫਰਪੁਰ ਅਤੇ ਇਸ ਦੇ ਨਾਲ ਲਗਦੇ ਪੰਜ ਜਿਲ੍ਹਿਆਂ ਦੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਕੁਪੋਸ਼ਨ ਦੇ ਸ਼ਿਕਾਰ ਹਨ । ਸੀਤਾਮੜ੍ਹੀ ਦੇ 47.7%, ਪੱਛਮੀ ਚੰਪਾਰਣ ਦੇ 39.1% ਅਤੇ ਮੁਜੱਫਰਪੁਰ ਦੇ 42.3% ਬੱਚੇ ਕੁਪੋਸ਼ਨ ਦੀ ਮਾਰ ਹੇਠ ਹਨ ।
ਕਿਸੇ ਦੇ ਮਨ ਵਿੱਚ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ । ਇਹ ਸਥਿੱਤੀ ਕੇਵਲ ਬਿਹਾਰ ਦੀ ਨਹੀਂ ਬਲਕਿ ਦੇਸ਼ ਦਾ ਹਰ ਸੂਬਾ ਸਿਹਤ ਸੇਵਾਵਾਂ ਦੀ ਜਰਜਰ ਹਾਲਾਤ ਦੀ ਮਾਰ ਹੇਠ ਹੈ । ਸਰਕਾਰੀ ਸਿਹਤ ਸੇਵਾਵਾਂ ਦੀ ਨਿੱਘਰੀ ਅਵਸਥਾ ਕਰਕੇ 50 % ਤੋਂ ਵਧੇਰੇ ਭਾਰਤੀਆਂ ਨੂੰ ਮਜਬੂਰੀ ‘ਚ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ ਜੋ ਕਿ ਬਹੁਤ ਹੀ ਮਹਿੰਗੇ ਹਨ । ਲੈਂਸੇਟ ਜਨਰਲ ਮੈਗਜੀਨ ਵਿੱਚ ਛਪੇ ਇਕ ਅਧਿਐਨ ਅਨੁਸਾਰ ਹਰ ਸਾਲ 39 ਮਿਲੀਅਨ ਲੋਕ ਇਸ ਮਹਿੰਗੇ ਇਲਾਜ ਕਰਕੇ ਗਰੀਬੀ ਵੱਲ ਧੱਕੇ ਜਾ ਰਹੇ ਹਨ।
ਉਕਤ ਸਾਰੇ ਹਾਲਾਤ ਵਿੱਚ ਜਿਨ੍ਹਾਂ ਲੋਕਾਂ ਨੂੰ ਮੌਜੂਦਾ ਤਰਾਸਦੀ ਦੇ ਭਿਆਨਕ ਸਿੱਟਿਆਂ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਅਜਿਹੀਆਂ ਤਰਾਸਦੀਆਂ ਤੋਂ ਭਵਿੱਖ ਦੀਆਂ ਮਨੁੱਖੀ ਨਸਲਾਂ ਦੀ ਸੁਰੱਖਿਆ ਸਬੰਧੀ ਕਦਮ ਚੁੱਕਣ ਦੀ ਉਮੀਦ ਹੈ ਉਹ ਸਿਰੇ ਦੇ ਅਸੰਵੇਦਨਸ਼ੀਲ, ਦੰਭੀ ਅਤੇ ਮੱਕਾਰ ਹਨ । ਕੋਈ ਲੀਚੀ ਨੂੰ ਦੋਸ਼ ਦੇ ਰਿਹਾ ਹੈ, ਕੋਈ ਪੱਤਰਕਾਰ ਵਾਰਤਾ ‘ਚ ਘੁਰਾੜੇ ਮਾਰ ਰਿਹਾ ਹੈ, ਕਿਸੇ ਨੂੰ ਸ਼ਿਖਰ ਧਵਨ ਦੇ ਲੱਗੀ ਮਾਮੂਲੀ ਸੱਟ ਦੀ ਚਿੰਤਾ ਫੁੱਲਾਂ ਵਰਗੇ ਬੱਚਿਆਂ ਦੀਆਂ ਜਾਨਾਂ ਤੋਂ ਵਧ ਕੇ ਹੈ ਅਤੇ ਕੋਈ ਹਰ ਪੰਜ ਸਾਲਾਂ ਪਿਛੋਂ ਰਟਿਆ-ਰਟਾਇਆ ਝੂਠ ਬੋਲ ਕੇ ਡੰਡੀ ਪੈਂਦਾ ਹੈ । ਇਹ ਹੈ ਸਥਿਤੀ ਉਸ ਭਾਰਤ ਦੀ ਜਿਸਨੂੰ ਦੇਸ਼ ਦਾ ਪ੍ਰਧਾਨ ਮੰਤਰੀ 5000 ਖਰਬ ਦਾ ਅਰਥਚਾਰਾ ਬਨਾਉਣ ਦੇ ਦਮਗੱਜੇ ਮਾਰ ਰਿਹਾ ਹੈ। ਜਿੰਮੇਵਾਰੀ ਤਾਂ ਹੁਣ ਲੋਕਾਂ ਸਿਰ ਹੈ ਕਿ ਉਹ ਕਦੋਂ ਮੈਦਾਨ ਵਿੱਚ ਨਿੱਤਰਦੇ ਹਨ ? ਜਿੰਮੇਵਾਰੀ ਪ੍ਰਗਤੀ ਹਾਮੀ ਧਿਰ ਦੀ ਵੀ ਹੈ ਕਿ ਉਹ ਕਦੋਂ ਲੋਕਾਈ ਨੂੰ ਜਾਗਣ, ਜਥੇਬੰਦ ਹੋਣ ਅਤੇ ਘੋਲਾਂ ਵਿੱਚ ਨਿੱਤਰਨ ਦੇ ਯੋਗ ਬਣਾਉਂਦੀ ਹੈ?
(‘ਦਿ ਪ੍ਰਿੰਟ ਤੋਂ ਧੰਨਵਾਦ ਸਹਿਤ)