ਆਰ.ਐਮ.ਪੀ.ਆਈ. ਦੀ ਪੰਜਾਬ ਰਾਜ ਕਮੇਟੀ ਦੀ ਦੋ-ਦਿਨਾਂ ਮੀਟਿੰਗ 9-10 ਜੁਲਾਈ ਨੂੰ ਜਲੰਧਰ ਦਫਤਰ ਵਿਖੇ ਕਾਮਰੇਡ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੇਸ਼ ਦੀ ਚਿੰਤਾਜਨਕ ਆਰਥਕ-ਰਾਜਨੀਤਕ ਤੇ ਸਮਾਜਿਕ ਸਥਿਤੀ ‘ਤੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਪਾਰਟੀ ਨੂੰ ਬਾਹਰਮੁਖੀ ਗੰਭੀਰ ਚੁਨੌਤੀਆਂ ਦਾ ਟਾਕਰਾ ਕਰਨ ਦੇ ਯੋਗ ਬਨਾਉਣ ਲਈ ਕਈ ਸਾਰਥਕ ਸੁਝਾਅ ਵੀ ਦਿੱਤੇ। ਰਾਜ ਕਮੇਟੀ ਨੇ ਪਾਰਟੀ ਦੀ ਉਸਾਰੀ ਤੇ ਮਜ਼ਬੂਤੀ ਲਈ ਕੁਝ ਇਕ ਅਹਿਮ ਫੈਸਲੇ ਕਰਨ ਤੋਂ ਇਲਾਵਾ ਪ੍ਰਾਂਤ ਅੰਦਰ ਜਨਤਕ ਲਾਮਬੰਦੀ ਵਧਾਉਣ ਲਈ ਵੀ ਠੋਸ ਪ੍ਰੋਗਰਾਮ ਉਲੀਕਿਆ। ਇਸ ਪ੍ਰੋਗਰਾਮ ਅਨੁਸਾਰ ਫੈਸਲਾ ਕੀਤਾ ਗਿਆ ਕਿ : (1) 12 ਤੋਂ 21 ਨਵੰਬਰ ਤੱਕ ਸਾਰੇ ਪ੍ਰਾਂਤ ਅੰਦਰ ਜੱਥਾ ਮਾਰਚ ਕੀਤਾ ਜਾਵੇਗਾ। ਇਸ ਮੰਤਵ ਲਈ ਦੋ ਜੱਥੇ ਚੱਲਣਗੇ ਅਤੇ ਵੱਡੀ ਗਿਣਤੀ ਵਿਚ ਪਿੰਡ-ਪੱਧਰੀ ਮੀਟਿੰਗਾਂ ਤੋਂ ਇਲਾਵਾ ਘੱਟੋ-ਘੱਟ 60 ਸਥਾਨਾਂ ‘ਤੇ ਵਿਸ਼ਾਲ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ। (2) ਇਸ ਜੱਥਾ ਮਾਰਚ ਦੀ ਤਿਆਰੀ ਲਈ ਪਹਿਲੇ ਪੜਾਅ ਤੇ 16 ਤੋਂ 31 ਅਗਸਤ ਤੱਕ ਜ਼ਿਲ੍ਹਾ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਸਤੰਬਰ ਮਹੀਨੇ ਵਿਚ ਪ੍ਰਾਂਤ ਅੰਦਰ ਹੋ ਰਹੀਆਂ ਲੋਕਲ ਬਾਡੀ/ਪੰਚਾਇਤੀ ਚੋਣਾਂ ਉਪਰੰਤ 4-5 ਅਕਤੂਬਰ ਨੂੰ ਦੁਬਾਰਾ ਰਾਜ ਕਮੇਟੀ ਦੀ ਮੀਟਿੰਗ ਹੋਵੇਗੀ ਅਤੇ ਉਸ ਤੋਂ ਉਪਰੰਤ 15 ਤੋਂ 30 ਅਕਤੂਬਰ ਤੱਕ ਜ਼ਿਲ੍ਹਿਆਂ ਅੰਦਰ ਜਨਰਲ ਬਾਡੀ ਮੀਟਿੰਗ ਕੀਤੀਆਂ ਜਾਣਗੀਆਂ। ਇਹਨਾਂ ਵਿਚ ਹਰ ਜ਼ਿਲ੍ਹੇ ‘ਚ ਜਥੇ ਦੇ ਪ੍ਰੋਗਰਾਮ ਦੇ ਵੇਰਵੇ ਤੈਅ ਕੀਤੀ ਜਾਣਗੇ। (3) ਜਥਾ ਮਾਰਚ ਤੋਂ ਬਾਅਦ 10 ਦਸੰਬਰ ਨੂੰ ਜਲੰਧਰ ਵਿਖੇ ਵਿਸ਼ਾਲ ਸੂਬਾਈ ਰੈਲੀ ਕੀਤੀ ਜਾਵੇਗੀ, ਜਿਸਦਾ ਮੁੱਖ ਮਨੋਰਥ ਪ੍ਰਾਂਤ ਅੰਦਰ ਲੋਕ-ਪੱਖੀ ਰਾਜਨੀਤਕ ਬਦਲ ਦੀ ਉਸਾਰੀ ਲਈ ਠੋਸ ਉਪਰਾਲੇ ਕਰਨਾ ਹੋਵੇਗਾ। ਪਾਰਟੀ ਦੀ ਇਹ ਵੀ ਸਪੱਸ਼ਟ ਸਮਝਦਾਰੀ ਹੈ ਕਿ ਲੋਕ ਪੱਖੀ ਰਾਜਸੀ ਬਦਲ ਉਸਾਰੇ ਬਗੈਰ ਕਿਰਤੀ ਲੋਕਾਂ ਦੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਮਸੀਬਤਾਂ ਤੋਂ ਮੁਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਸ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਸਾਰੀਆਂ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਸੁਹਿਰਦਤਾ ਸਹਿਤ ਇਕਜੁੱਟ ਕੀਤਾ ਜਾਵੇ ਅਤੇ ਕਿਰਤੀ ਲੋਕਾਂ ਦੀਆਂ ਭੱਖਦੀਆਂ ਫੌਰੀ ਸਮੱਸਿਆਵਾਂ ਦੇ ਹੱਲ ਲਈ ਲੜਾਕੂ ਸ਼ਕਤੀ ਦਾ ਨਿਰਮਾਣ ਕਰਕੇ ਘੋਲਾਂ ਦੇ ਪਿੜ ਮਘਾਏ ਜਾਣ। ਪੰਚਾਇਤ ਚੋਣਾਂ ਦੇ ਸੰਦਰਭ ਵਿਚ ਵੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਹਰ ਜ਼ਿਲ੍ਹੇ/ਬਲਾਕ/ਪਿੰਡ ਵਿਚ ਖੱਬੀਆਂ ਤੇ ਲੋਕ ਪੱਖੀ ਸ਼ਕਤੀਆਂ ਤੇ ਇਨਸਾਫ ਪਸੰਦ ‘ਤੇ ਇਮਾਨਦਾਰ ਵਿਅਕਤੀਆਂ ਨੂੰ ਇਕਜੁੱਟ ਕਰਕੇ ਇਹਨਾਂ ਚੋਣਾਂ ਵਿਚ ਵੀ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਰਾਜ ਕਮੇਟੀ ਨੇ ਪਿਛਲੇ ਤਜ਼ਰਬੇ ਦੇ ਆਧਾਰ ‘ਤੇ ਇਹ ਵੀ ਨੋਟ ਕੀਤਾ ਹੈ ਕਿ ਇਹਨਾਂ ਚੋਣਾਂ ਵਿਚ ਹਾਕਮ ਪਾਰਟੀਆਂ ਅਕਸਰ ਧੱਕੇਸ਼ਾਹੀ ਬਹੁਤ ਕਰਦੀਆਂ ਹਨ। ਇਸ ਧੱਕੇਸ਼ਾਹੀ ਦਾ ਟਾਕਰਾ ਕਰਨ ਲਈ ਵੀ ਜਮਹੂਰੀਅਤ ਪਸੰਦ ਲੋਕਾਂ ਨੂੰ ਜਾਗਰੂਕ ਕਰਨਾ ਤੇ ਇਕਜੁੱਟ ਕਰਨਾ ਬਹੁਤ ਜ਼ਰੂਰੀ ਹੈ। ਰਾਜ ਕਮੇਟੀ ਨੇ ਜ਼ਿਲ੍ਹਾ ਕਮੇਟੀਆਂ ਨੂੰ ਪਾਰਟੀ ਵਲੋਂ ਲੜੀਆਂ ਜਾਣ ਵਾਲੀਆਂ ਸੀਟਾਂ ਤੇ ਪੰਚਾਇਤਾਂ ਦੀ ਨਿਸ਼ਾਨਦੇਹੀ ਕਰਨ ਲਈ ਵੀ ਲੋੜੀਦੀਆਂ ਗਾਈਡ ਲਾਈਨਜ਼ ਦਿੱਤੀਆਂ ਹਨ।
ਰਿਪੋਰਟ : ਹਰਕੰਵਲ ਸਿੰਘ