Now Reading
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੇ ਘਰ ਸਾਹਮਣੇ ਕਿਸਾਨਾਂ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੇ ਘਰ ਸਾਹਮਣੇ ਕਿਸਾਨਾਂ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ

ਪਠਾਨਕੋਟ, 5 ਜੂਨ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ 5 ਜੂਨ ਸੰਪੂਰਨ ਕ੍ਰਾਂਤੀ ਦਿਵਸ ਮੌਕੇ ਮੋਰਚੇ ਵਿੱਚ ਸ਼ਾਮਲ ਕਿਸਾਨ, ਮਜ਼ਦੂਰ ਜਥੇਬੰਦੀਆਂ ਨੇ ਲਦਪਾਪਾਲਵਾਂ ਟੂਲ ਪਲਾਜ਼ਾ ਤੋਂ ਰੋਸ ਮਾਰਚ ਕੀਤਾ ਅਤੇ ਪਠਾਨਕੋਟ ਬਸ ਸਟੈਂਡ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਉਪਰੰਤ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੇ ਘਰ ਸਾਹਮਣੇ ਕਿਸਾਨ ਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ। ਇਸ ਮੌਕ ਐਲਾਨ ਕੀਤਾ ਕਿ ਅਗਲੇ ਸ਼ਨੀਵਾਰ 12 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸੁਜਾਨਪੁਰ ਹਲਕੇ ਦੇ ਵਿਧਾਇਕ ਸ਼੍ਰੀ ਦਿਨੇਸ਼ ਸਿੰਘ ਬੱਬੂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਮਹਿੰਗਾਈ, ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਨੂੰ ਰੋਕਣ ਵਿੱਚ ਅਸਫਲ ਰਹੀ, ਨੋਟਬੰਦੀ ਤੇ ਜੀਐਸਟੀ ਦੇ ਫੈਸਲੇ ਲੋਕ ਵਿਰੋਧੀ ਸਾਬਤ ਹੋਏ ਅਤੇ ਹੁਣ ਕੋਵਿਡ-19 ਮਹਾਂਮਾਰੀ ਦੇ ਸਮੇਂ ਦੇਸ਼ ਵਾਸੀਆਂ ਸਿਹਤ ਸਹੂਲਤਾਂ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ (ਪੂੰਨਾਵਾਲ), ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕੁੱਲ ਹਿੰਦ ਕਿਸਾਨ ਸਭਾ (ਸਾਂਬਰ), ਆੜਤੀ ਐਸੋਸੀਏਸ਼ਨ ਪਠਾਨਕੋਟ, ਟਰੇਡ ਯੂਨੀਅਨਾਂ ਏਟਕ, ਸੀਟੂ ਅਤੇ ਸੀਟੀਯੂ ਪੰਜਾਬ ਦੇ ਆਗੂਆਂ ਸਰਵਸਾਥੀ ਗੁਰਦਿਆਲ ਸਿੰਘ ਸੈਣੀ, ਜਸਵੰਤ ਸਿੰਘ ਕੋਠੀ, ਪਰੇਮ ਸਿੰਘ, ਕੇਵਲ ਸਿੰਘ ਕੰਗ, ਕਰਮਜੀਤ ਸਿੰਘ ਰੰਧਾਵਾ, ਪਿਸ਼ੌਰਾ ਸਿੰਘ, ਬਾਵਾ ਸਿੰਘ, ਕਾਮਰੇਡ ਨੱਥਾ ਸਿੰਘ ਢਡਵਾਲ, ਸੱਤਿਆ ਦੇਵ ਸੈਣੀ, ਮੰਗਤ ਸਿੰਘ ਸੈਣੀ, ਕੇਵਲ ਕਾਲੀਆ, ਗੁਰਪ੍ਰੀਤ ਸਿੰਘ ਘੁੰਮਣ, ਗੁਰਮੀਤ ਸਿੰਘ ਮੁਗਰਾਲਾ, ਬਲਬੀਰ ਸਿੰਘ ਬੈਂਸ, ਇਕਬਾਲ ਸਿੰਘ, ਹਰਦੇਵ ਸਿੰਘ ਚਿੱਟੀ, ਸਾਬਕਾ ਸਰਪੰਚ ਭੋਆ ਸ਼੍ਰੀਮਤੀ ਰਾਜ ਕੁਮਾਰੀ, ਗੁਰਨਾਮ ਸਿੰਘ, ਗੁਰਬਿੰਦਰ ਸਿੰਘ ਚਾਵਲਾ, ਬਲਬੀਰ ਸਿੰਘ ਬੇੜੀਆਂ, ਹਰਬੰਸ ਲਾਲ, ਇੰਦਰਜੋਤ ਸਿੰਘ ਕਲਿਆਰੀ, ਰਘਬੀਰ ਸਿੰਘ ਧਲੌਰੀਆਂ, ਪਰਸ਼ੋਤਮ ਕੁਮਾਰ ਅਤੇ ਕਾਮਰੇਡ ਸ਼ਿਵ ਕੁਮਾਰ ਸਮੇਤ ਹੋਰ ਬਹੁਤ ਸਾਰੇ ਸਾਥੀਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਸ ਵੇਲੇ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਦੂਸਰਾ ਭਾਜਪਾ ਦੇ ਝੂਠੇ ਗੁਮਰਾਹਕੁੰਨ ਪ੍ਰਚਾਰ ਦੇ ਖ਼ਿਲਾਫ਼ ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਭਾਜਪਾ ਵਿਰੁੱਧ ਪ੍ਰਚਾਰ ਮੁਹਿੰਮ ਵੀ ਚਲਾਈ ਜਾਵੇਗੀ ਅਤੇ ਕੇਂਦਰ ਸਰਕਾਰ ਦੇ ਪੁਤਲੇ ਵੀ ਸਾੜੇ ਜਾਣਗੇ।

Scroll To Top