Now Reading
ਭਗਤ ਸਿੰਘ, ਬਾਬਾ ਚੀਮਾ ਤੇ ਪਿਸਤੌਲ!

ਭਗਤ ਸਿੰਘ, ਬਾਬਾ ਚੀਮਾ ਤੇ ਪਿਸਤੌਲ!

ਇੰਦਰਜੀਤ ਚੁਗਾਵਾਂ
ਤੁਮ ਹਮੇਂ ਸਾਥ ਮੇ ਰੱਖਾ ਕਰੋ ਆਦਤ ਕੀ ਤਰਹ
ਵਰਨਾ ਹਮ ਉਠਕੇ ਚਲੇ ਜਾਏਂਗੇ ਬਰਕਤ ਕੀ ਤਰਹ!
ਮੁਨੱਵਰ ਰਾਣਾ ਦਾ ਨੌਜਵਾਨਾਂ ਨੂੰ ਬਜ਼ੁਰਗਾਂ ਦੇ ਮਾਣ ਸਤਿਕਾਰ ਬਾਰੇ ਕਿਹਾ ਇਹ ਸ਼ਿਅਰ ਮੈਨੂੰ ਵਾਰ ਵਾਰ ਯਾਦ ਆ ਰਿਹਾ ਹੈ ! ਬਜ਼ੁਰਗਾਂ ਕੋਲ ਬਹੁਤ ਕੀਮਤੀ ਖਜ਼ਾਨਾ ਹੁੰਦਾ ਹੈ ਉਨ੍ਹਾਂ ਦਾ ਤਜ਼ਰਬਾ, ਜਿਸ ਤੋਂ ਫਾਇਦਾ ਉਠਾਉਣਾ ਅਗਲੀ ਪੀੜ੍ਹੀ ਦਾ ਕੰਮ ਹੁੰਦਾ ਹੈ।
ਆਪਣੀ ਜ਼ਿੰਦਗੀ ਦੇ ਸੱਤ ਦਹਾਕੇ ਖੱਬੀ ਲਹਿਰ ਲੇਖੇ ਲਾਉਣ ਵਾਲੇ ਬਜ਼ੁਰਗ ਬਾਪੂ ਗੁਰਦੀਪ ਸਿੰਘ ਅਣਖੀ, ਜੋ ਆਪਣੇ ਬੇਟੇ ਹਰਜਿੰਦਰ ਢੇਸੀ ਨਾਲ ਫਰੇਜਨੋ (ਕੈਲੀਫੋਰਨੀਆ) ਰਹਿ ਰਹੇ ਹਨ, ਨਾਲ ਬੈਠਣ ਤੇ ਉਨ੍ਹਾ ਦੀਆਂ ਯਾਦਾਂ ਸੁਣਨ ਤੇ ਮਾਣਨ ਦਾ ਪ੍ਰੋਗਰਾਮ ਵਾਰ ਵਾਰ ਅੱਗੇ ਪੈ ਰਿਹਾ ਸੀ। ਕਦੇ ਮੇਰੇ ਕੋਲ ਸਮਾਂ ਨਹੀਂ ਤੇ ਜੇ ਮੇਰੇ ਕੋਲ ਸਮਾਂ ਹੈ ਤਾਂ ਉਨ੍ਹਾ ਡਾਕਟਰ ਕੋਲ ਜਾਣਾ ਹੁੰਦਾ। ਆਖਰ ਦਿਨ ਤੈਅ ਹੋ ਗਿਆ ਤੇ ਆਪਣੇ ਚਾਚਾ ਗੁਲਜ਼ਾਰ ਸਿੰਘ ਫੌਜੀ ਨੂੰ ਨਾਲ ਲੈ ਕੇ ਮੈਂ ਉਨ੍ਹਾ ਦੇ ਘਰ ਜਾ ਪੁੱਜਾ। ਬਿਨਾਂ ਕਿਸੇ ਉਚੇਚ ਦੇ ਅਸੀਂ ਗੱਲਬਾਤ ਸ਼ੁਰੂ ਕਰ ਲਈ। ਇਹ ਗੱਲਬਾਤ ਏਨੀ ਯਾਦਗਾਰੀ ਹੋ ਨਿਬੜੇਗੀ, ਸ਼ਾਇਦ ਮੈਨੂੰ ਆਸ ਨਹੀਂ ਸੀ।
ਇਸ ਮੁਲਾਕਾਤ ਦੌਰਾਨ ਉਨ੍ਹਾ ਪਾਰਟੀ ਉਸਾਰੀ ਦੇ ਮੁਢਲੇ ਦੌਰ, ਮੰਡ-ਬੇਟ ਦੇ ਆਬਾਦਕਾਰਾਂ ਨੂੰ ਜਥੇਬੰਦ ਕਰਨ ਤੇ ਜਥੇਬੰਦੀ ਉਸਾਰਨ ਲਈ ਵਰਤੇ ਜਾਂਦੇ ਢੰਗ ਤਰੀਕਿਆਂ ਬਾਰੇ ਖੂਬ ਗੱਲਾਂ ਕੀਤੀਆਂ।
ਇਸ ਮੁਲਾਕਾਤ ਦੌਰਾਨ ਹੀ ਜਦ ਗਦਰੀ ਬਾਬਾ ਕਰਮ ਸਿੰਘ ਚੀਮਾ ਦਾ ਜ਼ਿਕਰ ਆਇਆ ਤਾਂ ਉਨ੍ਹਾ ਦੇ ਸ਼ਹੀਦ ਭਗਤ ਸਿੰਘ ਨਾਲ ਨਜ਼ਦੀਕੀ ਸੰਬੰਧਾਂ ਬਾਰੇ ਇੱਕ ਬੇਹੱਦ ਕੀਮਤੀ ਤੇ ਇਤਿਹਾਸਕ ਜਾਣਕਾਰੀ ਸਾਹਮਣੇ ਆਈ ਜਿਸ ਦਾ ਜ਼ਿਕਰ, (ਸ਼ਾਇਦ) ਇਤਿਹਾਸ ਵਿੱਚ ਕਿਤੇ ਵੀ ਦਰਜ ਨਹੀਂ ਹੈ।
ਗੱਲ ਰੁੜਕਾ ਕਲਾਂ ‘ਚ ਸਤੰਬਰ 1971 ‘ਚ ਹੋਈ ਕੁਲ ਹਿੰਦ ਕਿਸਾਨ ਸਭਾ ਦੀ ਕੌਮੀ ਪੱਧਰ ਦੀ ਕਾਨਫਰੰਸ ਬਾਰੇ ਚੱਲੀ ਤਾਂ ਉਸ ਦੀ ਤਿਆਰੀ ਦੇ ਸਿਲਸਿਲੇ ‘ਚ ਅਣਖੀ ਜੀ ਦੱਸ ਰਹੇ ਸਨ ਕਿ ਕਿਵੇਂ ਮਹਿੰਦਰ ਸਿੰਘ ਜੌਹਲ (ਮੇਰੀ ਹਮਸਫਰ ਪਰਮਜੀਤ ਦੇ ਪਿਤਾ ਤੇ ਕਾਮਰੇਡ ਅਣਖੀ ਦੇ ਗਰਾਈਂ), ਤਾਰਾ ਸਿੰਘ ਪੁਆਦੜਾ ਨਾਲ ਮਿਲ ਕੇ ਉਨ੍ਹਾ ਦਿਨ ਰਾਤ ਇੱਕ ਕੀਤਾ ਸੀ, ਖਾਣ-ਪੀਣ ਦੀ ਵੀ ਕੋਈ ਸੁੱਧ ਨਹੀਂ ਸੀ ਰਹਿੰਦੀ। ਇਨ੍ਹਾਂ ਪਲਾਂ ‘ਚ ਹੀ ਇੱਕ ਇਤਿਹਾਸਕ ਜਾਣਕਾਰੀ ਮੇਰੇ ਹੱਥ ਆ ਗਈ। ਯਾਦ ਰਹੇ ਕਿ ਸ਼ਹੀਦ-ਇ-ਆਜ਼ਮ ਦਾ ਬਾਬਾ ਕਰਮ ਸਿੰਘ ਚੀਮਾ ਕੋਲ ਆਉਣ ਜਾਣ ਲੱਗਾ ਰਹਿੰਦਾ ਸੀ।
ਬਾਪੂ ਅਣਖੀ ਜੀ ਦੱਸ ਰਹੇ ਸਨ,”ਕਿਸਾਨ ਸਭਾ ਦੀ ਰੁੜਕਾ ਕਲਾਂ ਕਾਨਫਰੰਸ ਦੀ ਤਿਆਰੀ ਦੇ ਸੰਬੰਧ ‘ਚ ਮੈਂ ਪਿੰਡ ਚੀਮਾ ਖੁਰਦ ਬਾਬਾ ਕਰਮ ਸਿੰਘ ਚੀਮਾ ਕੋਲ ਗਿਆ ਤਾਂ ਬਾਬਾ ਜੀ ਪੁੱਛਣ ਲੱਗੇ ਕਿ ”ਬੱਚੂ ਰੋਟੀ ਖਾਧੀ ਆ ਭਲਾ?” ਮੈਂ ਝਿਜਕਦਿਆਂ ਇਹ ਆਖ ਦਿੱਤਾ ਕਿ ਬਾਬਾ ਜੀ, ਖਾਧੀ ਸੀ ਸਵੇਰੇ। ਬਾਬਾ ਜੀ ਸਮਝ ਗਏ ਕਿ ਮੈਂ ਭੁੱਖਾ ਹਾਂ ਤੇ ਮੇਰੇ ਲਈ ਰੋਟੀ ਦਾ ਪ੍ਰਬੰਧ ਕਰਨ ਲਈ ਪਰਵਾਰ ਨੂੰ ਆਖ ਦਿੱਤਾ। ਰੋਟੀ ਪਾਣੀ ਛਕ ਕੇ ਜਦ ਮੈਂ ਤੁਰਨ ਲੱਗਾ ਤਾਂ ਬਾਬਾ ਜੀ ਵੀ ਨਾਲ ਈ ਮੇਰਾ ਹੱਥ ਫੜ ਕੇ ਤੁਰ ਪਏ। ਆਪਣੀ ਬਾਰਾਂਦਰੀ ਦੀ ਡਿਓੜੀ ‘ਚ ਰੁਕ ਕੇ ਮੇਰੇ ਨਾਲ ਕਿਸਾਨ ਕਾਨਫਰੰਸ ਦੀ ਤਿਆਰੀ, ਫੰਡ ਉਗਰਾਹੀ ਬਾਰੇ ਗੱਲਾਂ ਕਰਨ ਲੱਗ ਪਏ। ਫਿਰ ਆਖਣ ਲੱਗੇ,”ਲੈ ਬੱਚੂ, ਤੈਨੂੰ ਇੱਕ ਭੇਤ ਦੀ ਗੱਲ ਦੱਸਦਾਂ। ਜਿੱਥੇ ਹੁਣ ਆਪਾਂ ਖੜੇ ਆਂ ਨਾ, ਏਥੇ ਈ ਮੈਂ ਭਗਤ ਸਿੰਘ ਨੂੰ ਉਹ ਪਿਸਤੌਲ ਦਿੱਤਾ ਸੀ ਜਿਸ ਨਾਲ ਉਸ ਨੇ ਸਾਂਡਰਸ ‘ਤੇ ਗੋਲੀ ਚਲਾਈ ਸੀ ।”
ਮੈਂ ਇੱਕਦਮ ਚੌਂਕ ਉੱਠਿਆ,”ਚਾਚਾ ਜੀ ਇਹ ਤਾਂ ਇੱਕ ਅਹਿਮ ਇਤਿਹਾਸਕ ਘਟਨਾ ਨਾਲ ਜੁੜੀ ਬੇਹੱਦ ਕੀਮਤੀ ਜਾਣਕਾਰੀ ਐ ਜੋ ਹੁਣ ਤੱਕ ਕਿਤੇ ਵੀ ਦਰਜ ਨਹੀਂ ਹੈ।”
ਮੈਂ ਹੈਰਾਨੀ ਜ਼ਾਹਿਰ ਕੀਤੀ ਕਿ ਇਹ ਇਤਿਹਾਸਕ ਤੱਥ ਹੁਣ ਤੱਕ ਛਿਪਿਆ ਕਿਵੇਂ ਰਹਿ ਗਿਆ ! ਬਾਪੂ ਅਣਖੀ ਦਾ ਜਵਾਬ ਸੀ,”ਕਾਕਾ ਅਸੀਂ ਕਿਹੜਾ ਤੁਹਾਡੇ ਵਰਗੇ ਪੱਤਰਕਾਰ ਜਾਂ ਲਿਖਾਰੀ ਸੀ ਜੋ ਲਿਖ ਕੇ ਲੋਕਾਂ ਨੂੰ ਦੱਸਦੇ। ਤੇ ਬਾਬਾ ਚੀਮਾ ਤਾਂ ਸਾਰੀ ਉਮਰ ਹਕੂਮਤਾਂ ਨਾਲ ਸੰਘਰਸ਼ ਈ ਕਰਦਾ ਰਿਹਾ, ਪਹਿਲਾਂ ਅੰਗਰੇਜ਼ਾਂ ਨਾਲ ਤੇ ਫਿਰ ਦੇਸੀ ਹਾਕਮਾਂ ਨਾਲ। ਉਨ੍ਹਾ ਨੂੰ ਇਹਨਾਂ ਗੱਲਾਂ ਲਈ ਵਿਹਲ ਕਿੱਥੇ ਸੀ?” ਫਿਰ ਹੱਸਦਿਆਂ ਕਹਿਣ ਲੱਗੇ,”ਲੈ ਬੱਚੂ ਹੁਣ ਤੇਰੇ ਜੁੰਮੇ ਆਂ, ਤੂੰ ਦੱਸ ਲੋਕਾਂ ਨੂੰ।” ….ਤੇ ਇਹ ਜਿੰਮੇਵਾਰੀ ਕਬੂਲਦਿਆਂ ਮੈਂ ਇਹ ਇਤਿਹਾਸਕ ਤੱਥ ਭਗਤ ਸਿੰਘ ਦੇ ਵਾਰਿਸਾਂ ਨਾਲ ਸਾਂਝਾ ਕਰ ਰਿਹਾਂ !
ਇਸ ਘਟਨਾਕ੍ਰਮ ਨਾਲ ਈ ਜੁੜੀ ਇੱਕ ਹੋਰ ਗੱਲ ਵੀ ਨੋਟ ਕਰਨ ਵਾਲੀ ਹੈ। ਅਣਖੀ ਜੀ ਨੇ ਕਿਹਾ,”ਬਹੁਤ ਸਾਰੇ ਲੋਕਾਂ ਨੇ, ਜਿਨ੍ਹਾਂ ‘ਚ ਕਾਂਗਰਸੀਆਂ ਦੀ ਝੰਡੀ ਰਹੀ, ਆਜ਼ਾਦੀ ਘੁਲਾਟੀਆਂ ਵਾਲੀ ਪੈਨਸ਼ਨ ਹਾਸਲ ਕਰਨ ਲਈ ਝੂਠੇ ਕਾਗਜ਼ ਪੱਤਰ ਬਣਾਏ ਤੇ ਕਾਮਯਾਬ ਵੀ ਹੋਏ। ਰਾਏਪੁਰ ਅਰਾਈਆਂ ਦੇ ਸੁਰੈਣ ਸਿੰਘ ਨੇ ਜੰਡਿਆਲਾ ਵਾਲੇ ਕਾਂਗਰਸੀ ਦਰਬਾਰਾ ਸਿੰਘ, ਜੋ ਬਾਅਦ ‘ਚ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ, ਕੋਲੋਂ ਤਸਦੀਕ ਕਰਵਾ ਕੇ ਇਹ ਅਰਜ਼ੀ ਪਾਈ ਸੀ ਕਿ ਭਗਤ ਸਿੰਘ ਨੂੰ ਪਿਸਤੌਲ ਖਰੀਦਣ ਲਈ ਆਪਣੀ ਜ਼ਮੀਨ ਵੇਚ ਕੇ 300 ਰੁਪਏ ਉਸਨੇ ਦਿੱਤੇ ਸਨ ਤੇ ਉਹ ਪੈਨਸ਼ਨ ਹਾਸਲ ਕਰਨ ‘ਚ ਕਾਮਯਾਬ ਵੀ ਰਿਹਾ। ਉਸ ਦੇ ਭਰਾ ਉਸ ਨੂੰ ਗਾਲ੍ਹਾਂ ਕੱਢਣ ਕਿ ਹਰਾਮੀ ਝੂਠ ਬਕਦੈ, ਸਾਨੂੰ ਦੱਸੇ ਖਾਂ ਇਹਨੇ ਕਿਹੜਾ ਖੇਤ ਵੇਚਿਐ? ਸਾਡਾ ਤਾਂ ਇੱਕ ਸਿਆੜ ਵੀ ਨਹੀਂ ਵਿਕਿਆ ! ਇਹੋ ਜਿਹੇ ਹੋਰ ਪਤਾ ਨਹੀਂ ਕਿੰਨੇ ਸੁਰੈਣ ਸਿੰਘ ਹੋਣਗੇ ਜਿਹੜੇ ‘ਆਜ਼ਾਦੀ ਘੁਲਾਟੀਏ’ ਬਣ ਗਏ।”
ਜ਼ਿਕਰਯੋਗ ਹੈ ਕਿ ਬਾਬਾ ਕਰਮ ਸਿੰਘ ਚੀਮਾ ਜੈਲਦਾਰਾਂ ਦੇ ਪਰਵਾਰ ਨਾਲ ਸੰਬੰਧ ਰੱਖਦੇ ਸਨ। ਅਜਿਹੇ ਪਰਵਾਰ ਦਾ ਹਿੱਸਾ ਹੁੰਦਿਆਂ ਗਦਰ ਪਾਰਟੀ ਤੇ ਫਿਰ ਕਮਿਊਨਿਸਟ ਲਹਿਰ ‘ਚ ਸਰਗਰਮੀ ਨਾਲ ਹਿੱਸਾ ਲੈਣਾ ਆਪਣੇ ਆਪ ‘ਚ ਮਾਇਨੇ ਰਖਾਉਂਦਾ ਹੈ।
ਇੱਥੇ ਇਹ ਗੱਲ ਸਪੱਸ਼ਟ ਕਰਨਾ ਜਰੂਰੀ ਹੋ ਜਾਂਦਾ ਹੈ ਕਿ ਭਗਤ ਸਿੰਘ ਦੇ ਪਿਸਤੌਲ ਨਾਲ ਸੰਬੰਧਤ ਬਿਰਤਾਂਤ ਪੇਸ਼ ਕਰਨ ਦਾ ਮਕਸਦ ਇਤਿਹਾਸਕ ਤੱਥਾਂ ਨੂੰ ਸਹੀ ਸੰਦਰਭ ‘ਚ ਪੇਸ਼ ਕਰਨਾ ਹੈ ਨਾ ਕਿ ਉਨ੍ਹਾ ਦੀ ਪਿਸਤੌਲ ਵਾਲੀ ਦਿੱਖ ਨੂੰ ਉਭਾਰਨਾ। ਇਹ ਗੱਲ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਭਗਤ ਸਿੰਘ ਵਿਚਾਰਧਾਰਕ ਜਾਗਰੂਕਤਾ ਨੂੰ ਪਰਮ ਅਗੇਤ ਦਿੰਦੇ ਸਨ। ਉਨ੍ਹਾ ਦੀ ਇਹ ਸਮਝ ਸੀ ਕਿ ਗੁਲਾਮੀ ਤੋਂ ਮੁਕਤੀ ਲਈ ਲੋਕਾਂ ਨੂੰ ਵਿਚਾਰਧਾਰਕ ਤੌਰ ‘ਤੇ ਜਾਗਰੂਕ ਕਰਕੇ ਹੀ ਅਸਲੀ ਲੋਕ ਮੁਕਤੀ ਲਈ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾ ਲਿਖਿਆ ਵੀ ਹੈ,”ਇਨਕਲਾਬ ਦੀ ਧਾਰ ਵਿਚਾਰਾਂ ਦੀ ਸਾਣ ‘ਤੇ ਹੀ ਤਿੱਖੀ ਹੁੰਦੀ ਹੈ।”
ਉਹ ਕੇਵਲ ਬਰਤਾਨਵੀ ਸਾਮਰਾਜ ਤੋਂ ਹੀ ਆਜ਼ਾਦੀ ਦੇ ਹੱਕ ਵਿੱਚ ਨਹੀਂ ਸਨ, ਉਹ ਬਰਤਾਨਵੀ ਹਕੂਮਤ ਤੋਂ ਮੁਕਤੀ ਦੇ ਨਾਲ ਨਾਲ ਅਜਿਹੇ ਨਿਜ਼ਾਮ ਦੀ ਸਥਾਪਤੀ ਦੇ ਹੱਕ ਵਿੱਚ ਸਨ, ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਜਿਥੇ ਕਿਸੇ ਨਾਲ ਉਸ ਦੀ ਜਾਤ, ਰੰਗ, ਨਸਲ ਦੇ ਆਧਾਰ ‘ਤੇ ਵਿਤਕਰਾ ਨਾ ਹੋਵੇ। ਅਜਿਹੇ ਨਿਜ਼ਾਮ ਦੀ ਸਥਾਪਤੀ ਲਈ ਬਾਬਾ ਚੀਮਾ ਵਰਗੇ ਅਸਲ ਦੇਸ਼ ਭਗਤ, ਦੇਸ਼ ਦੀ ਗੋਰਿਆਂ ਤੋਂ ਆਜ਼ਾਦੀ ਤੋਂ ਬਾਅਦ ਵੀ ਲੱਗੇ ਰਹੇ। ਜੇ ਉਨ੍ਹਾਂ ਦਾ ਮਕਸਦ ਸਿਰਫ ਬਰਤਾਨਵੀ ਸਾਮਰਾਜ ਤੋਂ ਮੁਕਤੀ ਹੀ ਹੁੰਦਾ ਤਾਂ ਉਹ ਵੀ ਆਰਾਮ ਦੀ ਜਿੰਦਗੀ ਜੀਅ ਸਕਦੇ ਸਨ।
ਬਾਬਾ ਚੀਮਾ ਵਰਗੇ ਬਜ਼ੁਰਗਾਂ ਨਾਲ ਜੁੜੀਆਂ ਕਈ ਅਜਿਹੀਆਂ ਘਟਨਾਵਾਂ ਹਨ ਜੋ ਲੋਕਪੱਖੀ ਜਨਤਕ ਜੀਵਨ ਜੀਊਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਸਕਦੀਆਂ ਹਨ।
ਗੱਲ ਬਾਬਾ ਚੀਮਾ ਬਾਰੇ ਚੱਲੀ ਹੈ ਤਾਂ ਇਹ ਵੀ ਯਾਦ ਕਰਵਾ ਦਈਏ ਕਿ ਗਦਰ ਪਾਰਟੀ ਦਾ ਚੋਖਾ ਫੰਡ ਵੀ ਬਾਬਾ ਚੀਮਾ ਜੀ ਕੋਲ ਸੀ । ਕੋਈ ਹੋਰ ਹੁੰਦਾ ਤਾਂ ਉਸਦੀ ਚਮਕ ਉਸ ਦੀਆਂ ਅੱਖਾਂ ਚੁੰਧਿਆ ਗਈ ਹੁੰਦੀ ਪਰ ਇਹ ਉਹ ਮਨੁੱਖ ਸਨ ਜੋ ਬੋਹੜਪੱਟ ਤੂਫਾਨਾਂ ਸਾਹਵੇਂ ਅਡੋਲ ਖੜੇ ਰਹਿਣ ਦਾ ਮਾਦਾ ਰੱਖਦੇ ਸਨ। ਬਾਬਾ ਚੀਮਾ ਨੇ ਉਹ ਸਾਰਾ ਫੰਡ ਕਮਿਊਨਿਸਟ ਪਾਰਟੀ ਹਵਾਲੇ ਕਰ ਦਿੱਤਾ ਸੀ । ਇਹਨੂੰ ਕਹਿੰਦੇ ਹਨ ਇਮਾਨਦਾਰੀ ਤੇ ਸਿਰੜ।
ਦੇਸ਼ ਭਗਤਾਂ ਵਿਰੁੱਧ ਮੁਕੱਦਮਿਆਂ ਦੀ ਪੈਰਵੀ ਦੀ ਜਿੰਮੇਵਾਰੀ ਵੀ ਬਾਬਾ ਚੀਮਾ ਸਿਰ ਸੀ। ਇਹ ਮੁਕੱਦਮੇ ਲੜਨ ਲਈ ਬਦੇਸ਼ਾਂ ਵਿਚਲੇ ਦੇਸ਼ ਭਗਤ, ਬਾਬਾ ਜੀ ਨੂੰ ਵੱਖੋ ਵੱਖ ਢੰਗ ਤਰੀਕਿਆਂ ਨਾਲ ਮਾਲੀ ਮਦਦ ਭੇਜਦੇ ਸਨ ਤੇ ਹਾਸਲ ਹੋਈ ਮਦਦ ਦਾ ਇੱਕ ਨਿੱਕਾ ਪੈਸਾ ਵੀ ਕਿਸੇ ਦੂਸਰੇ ਕੰਮ ਲਈ ਨਹੀਂ ਸੀ ਖਰਚਿਆ ਜਾਂਦਾ। ਤੇ ਇਹ ਮਾਲੀ ਮਦਦ ਪੁੱਜਦੇ ਕਰਨ ਵਾਲਿਆਂ ਦੇ ਵੀ ਕੀ ਕਹਿਣੇ, ਉਹ ਵੀ ਸਿਰੇ ਦੇ ਇਮਾਨਦਾਰ !
ਬਾਪੂ ਅਣਖੀ ਜੀ ਨੇ ਦੱਸਿਆ ਕਿ ਇੱਕ ਵਾਰ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਰੂਸ ਰਸਤੇ ਇਸ ਕਾਰਜ ਲਈ ਪੈਸੇ ਲੈ ਕੇ ਆਏ ਤਾਂ ਨੂਰ ਮਹਿਲ ਸਟੇਸ਼ਨ ਤੋਂ ਪੈਦਲ ਬਾਬਾ ਚੀਮਾ ਵੱਲ ਤੁਰ ਪਏ। ਕਿਉਂਕਿ ਕਿਸੇ ਬੱਸ, ਟੈਂਪੂ ਦਾ ਤਾਂ ਉਨ੍ਹੀਂ ਦਿਨੀਂ ਕੋਈ ਪ੍ਰਬੰਧ ਹੁੰਦਾ ਨਹੀਂ ਸੀ। ਰਸਤੇ ‘ਚ ਉਨ੍ਹਾ ਨੂੰ ਪੁਲਸ ਨੇ ਫੜ ਲਿਆ ਤੇ ਪੈਸੇ ਬਾਬਾ ਚੀਮਾ ਤੱਕ ਨਹੀਂ ਪੁੱਜ ਸਕੇ। ਸਾਰਾ ਪੈਸਾ ਪੁਲਸ ਨੇ ਜਬਤ ਕਰ ਲਿਆ। ਪੁਲਸ ਬਾਬਾ ਜਲਾਲਦੀਵਾਲ ਨੂੰ ਲਾਹੌਰ ਕਿਲ੍ਹੇ ‘ਚ ਲੈ ਗਈ ਤੇ ਤਸ਼ੱਦਦ ਢਾਹੁਣ ‘ਚ ਕੋਈ ਕਸਰ ਬਾਕੀ ਨਾ ਛੱਡੀ ਪਰ ਉਹ ਕੋਈ ਵੀ ਰਾਜ਼ ਬਾਬਾ ਜਲਾਲਦੀਵਾਲ ਤੋਂ ਨਾ ਉਗਲਾ ਸਕੇ। ਇਸ ਦੌਰਾਨ ਇੱਕ ਪੁਲਸ ਵਾਲਾ ਬਾਬਾ ਜਲਾਲਦੀਵਾਲ ਤੋਂ ਪ੍ਰਭਾਵਿਤ ਹੋ ਕੇ ਉਨ੍ਹਾ ਦਾ ਸ਼ਰਧਾਲੂ ਬਣ ਗਿਆ। ਉਹ ਬਾਬੇ ਨੂੰ ਪੁੱਛਣ ਲੱਗਾ ਕਿ ਬਾਬਾ ਜੀ, ਬਾਹਰ ਕਿਸੇ ਨੂੰ ਕੋਈ ਸੁੱਖ ਸੁਨੇਹਾ ਤਾਂ ਨਹੀਂ ਭੇਜਣਾ? ਬਾਬਾ ਜਲਾਲਦੀਵਾਲ ਨੇ ਕਿਹਾ ਕਿ ਹੋਰ ਤਾਂ ਕੁੱਝ ਨਹੀਂ, ਇਹ ਸੁਨੇਹਾ ਬਾਬਾ ਚੀਮਾ ਜੀ ਤੱਕ ਪਹੁੰਚਦਾ ਕਰ ਦੇ ਕਿ ਸਾਰਾ ਪੈਸਾ ਪੁਲਸ ਨੇ ਜਬਤ ਕਰ ਲਿਐ, ਪਰ ਉਹ ਮੇਰੇ ਕੋਲੋਂ ਇੱਕ ਵੀ ਭੇਤ ਨਹੀਂ ਹਾਸਲ ਕਰ ਸਕੇ। ਮਤਲਬ ਕਿ ਬਾਬਾ ਜਲਾਲਦੀਵਾਲ ਨੂੰ ਆਪਣੀ ਨਹੀਂ, ਉਸ ਜਿੰਮੇਵਾਰੀ ਦਾ ਫਿਕਰ ਸੀ ਜਿਸ ਨੂੰ ਉਹ ਨਿਭਾਅ ਨਹੀਂ ਸਨ ਸਕੇ ਤੇ ਇਹ ਚਿੰਤਾ ਵੀ ਸੀ ਕਿ ਬਾਬਾ ਚੀਮਾ ਲੋੜ ਪੈਣ ‘ਤੇ ਪੈਸੇ ਦਾ ਜੁਗਾੜ ਕਿੱਥੋਂ ਕਰਨਗੇ? ਤੇ ਨਾਲ ਈ ਇਸ ਪੱਖੋਂ ਬਾਬਾ ਚੀਮਾ ਨੂੰ ਨਿਸ਼ਚਿੰਤ ਕਰਨਾ ਕਿ ਮੈਂ ਡੋਲਿਆ ਨਹੀਂ, ਤੁਸੀਂ ਆਪਣਾ ਕੰਮ ਜਾਰੀ ਰੱਖੋ ਤੇ ਪੈਸੇ ਦਾ ਪ੍ਰਬੰਧ ਕਰਨ ਬਾਰੇ ਸੋਚੋ।
ਗੱਲ ਖੁਸ਼ ਹੈਸੀਅਤੀ ਮੋਰਚੇ ਬਾਰੇ ਚੱਲੀ ਤਾਂ ਬਾਪੂ ਅਣਖੀ ਜੀ ਆਖਣ ਲੱਗੇ, ”ਇੰਦਰਜੀਤ, ਕਾਕਾ ਇਨ੍ਹਾਂ ਬਜ਼ੁਰਗਾਂ ਦੇ ਬਲਿਹਾਰੇ ਜਾਈਏ ਜਿਨ੍ਹਾਂ ਆਪਣੇ ਆਖਰੀ ਸਾਹਾਂ ਤੱਕ ਵੀ ਲੋਕਪੱਖੀ ਸਿਆਸਤ ਤੋਂ ਕਿਨਾਰਾ ਨਹੀਂ ਕੀਤਾ, ਕਦੇ ਆਪਣੀ ਸੁੱਖ ਸਹੂਲਤ ਬਾਰੇ ਨਹੀਂ ਸੋਚਿਆ। ਹਮੇਸ਼ਾ ਇਹੀ ਖਿਆਲ ਰਿਹਾ ਕਿ ਕਿਤੇ ਲੋਕ ਸੇਵਾ ਵਾਲੀ ਚਾਦਰ ਮੈਲੀ ਨਾ ਹੋ ਜਾਵੇ । ਜਲੰਧਰ ਜੇਲ੍ਹ ‘ਚ ਸਾਡਾ ਤੰਬੂ ਫਾਂਸੀ ਵਾਲੀ ਕੋਠੜੀ ਵਾਲੇ ਅਹਾਤੇ ਵਿੱਚ ਸੀ। ਮੈਂ ਦੇਖਿਆ ਕਿ ਬਾਬਾ ਕਰਮ ਸਿੰਘ ਚੀਮਾ, ਆਪਣਾ ਖੂੰਡਾ ਕੱਛ ਵਿੱਚ ਲਈ, ਕੰਧ ਨਾਲ ਢਾਸਣਾ ਲਾ ਕੇ ਖਾਣਾ ਲੈਣ ਵਾਸਤੇ ਕਤਾਰ ‘ਚ ਖੜੇ ਹਨ। ਮੈਂ ਭੱਜ ਕੇ ਕੋਲ ਗਿਆ ਤੇ ਆਖਿਆ ਕਿ ਬਾਬਾ ਜੀ ਤੁਸੀਂ ਤੰਬੂ ‘ਚ ਬੈਠੋ, ਖਾਣਾ ਮੈਂ ਲੈ ਆਉਨਾ। ਬਾਬਾ ਕਹਿਣ ਲੱਗਾ ਕਿ ਬੱਚੂ ਰੋਟੀ-ਪਾਣੀ ਹਮੇਸ਼ਾ ਲੋਕਾਂ ‘ਚ ਬੈਠ ਕੇ ਛਕਣਾ ਚਾਹੀਦਾ, ਨਹੀਂ ਤਾਂ ਲੋਕ ਗਾਲਾਂ ਕੱਢਣ ਲੱਗ ਪੈਂਦੇ ਆ ਕਿ ਪਤਾ ਨਹੀਂ ਕੰਜਰ ਅੰਦਰ ਲੁਕ ਕੇ ਕੀ ਖਾਈ ਜਾਂਦੇ ਆ। ਉਨ੍ਹਾ ਦੀ ਇਹ ਗੱਲ ਮੈਨੂੰ ਜਿੰਦਗੀ ਭਰ ਨਹੀਂ ਭੁੱਲੀ।”
ਮੈਂ ਇਹ ਗੱਲ ਸੁਣਦਾ ਸੋਚ ਰਿਹਾ ਸੀ ਕਿ ਇਸ ਨਿੱਕੀ ਜਿਹੀ ਗੱਲ ਦੇ ਅਰਥ ਕਿੰਨੇ ਡੂੰਘੇ ਹਨ। ਇੱਕ ਚੰਗੇ ਆਗੂ ਦੀ ਪਛਾਣ ਈ ਇਹ ਹੈ ਕਿ ਲੋਕਾਂ ਨੂੰ ਉਹ ਆਪਣੇ ਵਰਗਾ ਈ ਜਾਪੇ।
ਬਾਪੂ ਅਣਖੀ ਹੁਰਾਂ ਦੀਆਂ ਗੱਲਾਂ ਸੁਣਦਿਆਂ ਮਹਿਸੂਸ ਕੀਤਾ ਕਿ ਆਪਣੇ ਬਜ਼ੁਰਗਾਂ ਦੇ ਜੀਵਨ ਦੇ ਲੋਕਸੇਵਾ ਨੂੰ ਸਮਰਪਤ ਪਲਾਂ ਨਾਲ ਸੰਬੰਧਤ ਸੁਨਹਿਰੀ ਪੱਤਰਾਂ ਨੂੰ ਸਾਂਭ ਕੇ ਰੱਖਣਾ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਨ੍ਹਾਂ ਨੂੰ ਪ੍ਰੇਰਨਾ ਸਰੋਤ ਬਣਾ ਕੇ ਸੰਜੀਦਗੀ ਨਾਲ ਪੇਸ਼ ਕਰਨਾ ਸਾਡੀ ਅਹਿਮ ਜਿੰਮੇਵਾਰੀ ਹੈ ਤੇ ਹੋਣੀ ਚਾਹੀਦੀ ਹੈ।

Scroll To Top