ਪੇਰੀਅਰ ਈ.ਵੀ.ਰਾਮਾਸਵਾਮੀ
(ਪੇਰੀਆਰ ਈ.ਵੀ. ਰਾਮਾਸਾਮੀ, ਦੱਖਣੀ ਭਾਰਤ ਖਾਸਕਰ, ਤਾਮਿਲਨਾਡੂ ਦੀ ਦ੍ਰਾਵਿੜ ਤੇ ਤਰਕਸ਼ੀਲ ਲਹਿਰ ਦੇ ਬਾਨੀ ਸਨ, ਇਹ ਲਹਿਰ ਦਲਿਤ ਲਹਿਰ ਦੀ ਹੀ ਇਕ ਧਾਰਾ ਹੈ। 1879 ਵਿਚ ਜਨਮੇਂ ਅਤੇ 1973 ਵਿਚ ਵਿਛੋੜਾ ਦੇ ਗਏ ਇਸ ਆਗੂ ਨੇ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਦੇ ਛੇਵੇਂ ਦਿਨ 29 ਮਾਰਚ 1931 ਨੂੰ ਆਪਣੇ ਹਫਤਾਵਾਰ ਤਾਮਿਲ ਪਰਚੇ ‘ਕੁਡੀ ਅਰਾਸੁ’ ਵਿਚ ਸੰਪਾਦਕੀ ਲਿਖਿਆ ਸੀ, ਜਿਸਦਾ ਸਿਰਲੇਖ ਸੀ ‘ਭਗਤ ਸਿੰਘ’। ਇਹ ਸੰਪਾਦਕੀ ਉਸ ਵੇਲੇ ਵੀ ਦਲਿਤ ਲਹਿਰ ਨੂੰ ਦਰਸਾਉਂਦਾ ਹੈ। ਇਹ ਸੰਪਾਦਕੀ ਅਸੀਂ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ- ਸੰਪਾਦਕੀ ਮੰਡਲ)
ਅਜਿਹਾ ਕੋਈ ਵਿਅਕਤੀ ਨਹੀਂ ਹੈ ਜਿਸਨੂੰ ਭਗਤ ਸਿੰਘ ਦੀ ਫਾਂਸੀ ਕਾਰਨ ਹੋਈ ਮ੍ਰਿਤੂ ਦਾ ਦੁੱਖ ਨਾ ਹੋਇਆ ਹੋਵੇ। ਹਰ ਇਕ ਵਿਅਕਤੀ ਨੇ ਉਸਨੂੰ ਫਾਂਸੀ ਦਿੱਤੇ ਜਾਣ ਕਾਰਨ ਸਰਕਾਰ ਦੀ ਅਲੋਚਨਾ ਕੀਤੀ ਹੈ। ਇਸਦੇ ਇਲਾਵਾ ਅਸੀਂ ਇਹ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ, ਜਿਨ੍ਹਾਂ ਨੂੰ ਅਸੀਂ ਦੇਸ਼ ਭਗਤ ਅਤੇ ਰਾਸ਼ਟਰੀ ਨਾਇਕ ਦੇ ਤੌਰ ‘ਤੇ ਜਾਣਦੇ ਹਾਂ, ਉਹ ਗਾਂਧੀ ਦੀ ਅਲੋਚਨਾ ਕਰ ਰਹੇ ਹਨ ਕਿ ਉਸਨੇ ਇਹ ਸਾਰਾ ਕੁੱਝ ਕਿਉਂ ਵਾਪਰਨ ਦਿੱਤਾ।
ਜਦਕਿ ਇਕ ਸਥਾਨ ‘ਤੇ ਇਹ ਸਾਰਾ ਕੁੱਝ ਹੋ ਰਿਹਾ ਹੈ, ਤਾਂ ਦੇਖਦੇ ਹਾਂ, ਦੂਜੇ ਸਥਾਨਾਂ ‘ਤੇ ਇਹੀ ਲੋਕ ਕੀ ਕਰ ਰਹੇ ਹਨ? ਉਹ ਵਾਇਸਰਾਏ ਲਾਰਡ ਇਰਵਿਨ ਨੂੰ ਵਧਾਈ ਦੇ ਰਹੇ ਹਨ। ਉਹ ਸ਼੍ਰੀ ਗਾਂਧੀ ਦੀ ਪ੍ਰਸ਼ੰਸਾ ਕਰ ਰਹੇ ਹਨ ਕਿਉਂਕਿ ਉਸਨੇ ਲਾਰਡ ਇਰਵਿਨ ਨਾਲ ਇਕ ਸਮਝੌਤਾ ਕੀਤਾ ਹੋਇਆ ਹੈ। ਉਹ ਨਾ ਕੇਵਲ ਇਸ ਗੱਲੋਂ ਸੰਤੁਸ਼ਟ ਹਨ ਕਿ ਇਹ ਸਮਝੌਤਾ ਭਗਤ ਸਿੰਘ ਨੂੰ ਫਾਂਸੀ ਨਾ ਚੜ੍ਹਾਏ ਜਾਣ ਦੀ ਸ਼ਰਤ ਸ਼ਾਮਲ ਕੀਤੇ ਬਿਨਾਂ ਹੋ ਗਿਆ ਬਲਕਿ ਉਹ ਸਮਝੌਤੇ ਨੂੰ ਇਕ ਅਹਿਮ ਜਿੱਤ ਵੀ ਮੰਨਦੇ ਹਨ ਅਤੇ ਇਹ ਵੀ ਮੰਨਦੇ ਹਨ ਕਿ ਇਸ ਜਿੱਤ ‘ਤੇ ਖੁਸ਼ੀ ਮਨਾਈ ਜਾਣੀ ਚਾਹੀਦੀ ਹੈ। ਇਸ ਤੋਂ ਬਿਨਾਂ ਸ਼੍ਰੀ ਗਾਂਧੀ ਦਾ ਮੱਤ ਹੈ ਕਿ ਲਾਰਡ ਇਰਵਿਨ ਇਕ ਮਹਾਤਮਾ ਹੈ। ਲਾਰਡ ਇਰਵਿਨ ਨੂੰ ਗਾਂਧੀ ਗੋਰੇ ਲੋਕਾਂ ਤੋਂ ਵਧੇਰੇ ਦਿੱਵ ਦ੍ਰਿਸ਼ਟੀ ਯੁਕਤ ਇਕ ਮਹਾਨ ਵਿਅਕਤੀ ਗਰਦਾਨਦਾ ਹੈ।
ਉਹ ਲੋਕ ਜੋ ਗਾਂਧੀ ਨੂੰ ਮਹਾਨ ਮੰਨ ਰਹੇ ਸਨ, ਉਹ ਹੀ ਹੁਣ ‘ਗਾਂਧੀ-ਮੁਰਦਾਬਾਦ’, ‘ਕਾਂਗਰਸ-ਮੁਰਦਾਬਾਦ’ ਕਹਿ ਕੇ ਚੀਕ ਰਹੇ ਹਨ। ਗਾਂਧੀ ਜਿੱਥੇ ਕਿੱਧਰੇ ਵੀ ਜਾਂਦਾ ਹੈ, ਉਸਨੂੰ ਕਾਲੇ ਝੰਡੇ ਦਿਖਾਏ ਜਾਂਦੇ ਹਨ ਅਤੇ ਲੋਕ ਉਸ ਸਭਾ ਵਿਚ ਰੁਕਾਵਟ ਵੀ ਪਾਉਂਦੇ ਹਨ ਜਿੱਥੇ ਗਾਂਧੀ ਸੰਬੋਧਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਰੀਆਂ ਗੱਲਾਂ ਹੁਣ ਆਮ ਹੋ ਗਈਆਂ ਹਨ। ਜਦ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ, ਤਾਂ ਇਹ ਕਹਿਣਾ ਕਠਿਨ ਹੈ ਕਿ ਇਹ ਲੋਕਾਂ ਦਾ ਆਪਣਾ ਮੱਤ ਹੈ ਜਾਂ ਕਿਸੇ ਰਾਜਨੀਤਿਕ ਮਾਮਲੇ ਨਾਲ ਜੁੜੇ ਸਿਧਾਂਤ ਦਾ ਅਨੁਸਰਨ ਹੈ।ੇ ਪ੍ਰੰਤੂ ਇਸ ਗੱਲ ਵਿਚ ਵੀ ਸੰਦੇਹ ਹੈ ਕਿ ਇਹ ਕਿਸੇ ਸਿਧਾਂਤ ਦਾ ਅਨੁਸਰਣ ਹੈ।
ਖੈਰ ਜਨਤਾ ਦੀ ਸਥਿਤੀ ਕੋਈ ਵੀ ਹੋਵੇ, ਜਦ ਗਾਂਧੀ ਨੇ ਨਮਕ ਅੰਦੋਲਨ ਆਰੰਭ ਕੀਤਾ ਸੀ ਤਾਂ ਅਸੀਂ ਇਸ ਗੱਲ ਦੀ ਵਿਸਥਾਰਪੂਰਵਕ ਚਰਚਾ ਕੀਤੀ ਸੀ ਕਿ ਇਹ ਅੰਦੋਲਨ ਲੋਕਾਂ ਦੇ ਕਿਸੇ ਕੰਮ ਨਹੀਂ ਆਵੇਗਾ ਬਲਕਿ ਇਹ ਦੇਸ਼ ਦੀ ਪ੍ਰਗਤੀ ਅਤੇ ਪੀੜਤ ਲੋਕਾਂ ਦੀ ਆਜ਼ਾਦੀ ਲਈ ਘਾਤਕ ਹੀ ਸਿੱਧ ਹੋਵੇਗਾ। ਗਾਂਧੀ ਨੇ ਵੀ ਸਪੱਸ਼ਟ ਅਤੇ ਖੁੱਲ੍ਹੇ ਤੌਰ ‘ਤੇ ਇਹ ਸਵੀਕਾਰ ਕੀਤਾ ਹੈ ਕਿ ਇਸ ਅੰਦੋਲਨ ਨੂੰ ਸ਼ੁਰੂ ਕਰਨ ਦਾ ਉਦੇਸ਼ ਭਗਤ ਸਿੰਘ ਵਰਗੇ ਲੋਕਾਂ ਦੁਆਰਾ ਕੀਤੇ ਗਏ ਕਾਰਜਾਂ ਨੂੰ ਫੇਲ੍ਹ ਕਰਨਾ ਅਤੇ ਉਸਨੂੰ ਅਪ੍ਰਭਾਵੀ ਬਣਾਉਣਾ ਹੈ। ਇਨ੍ਹਾਂ ਚੀਜ਼ਾਂ ਤੋਂ ਇਲਾਵਾ ਸਾਡੇ ਗੁਆਂਢੀ (ਵਾਸਤਵਿਕ ਸਮਾਜਵਾਦੀ) ਸਪੱਸ਼ਟ ਭਾਸ਼ਾ ਵਿਚ ਕਹਿੰਦੇ ਰਹਿੰਦੇ ਹਨ ਕਿ ਸ਼੍ਰੀ ਗਾਂਧੀ ਨੇ ਗਰੀਬਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਹ ਇਹ ਚੀਜ਼ਾਂ ਸਮਾਜਵਾਦੀ ਸਿਧਾਂਤਾਂ ਨੂੰ ਮਿਟਾਉਣ ਲਈ ਕਰਦਾ ਹੈ। ਗਾਂਧੀ-ਮੁਰਦਾਬਾਦ, ਪਰ ਸਾਡੇ ਰਾਸ਼ਟਰੀ ਨਾਇਕਾਂ ਅਤੇ ਦੇਸ਼ ਭਗਤਾਂ ਨੇ ਕਦੇ ਇਨ੍ਹਾਂ ਪ੍ਰਤੀਕਿਰਿਆਵਾਂ ‘ਤੇ ਧਿਆਨ ਹੀ ਨਹੀਂ ਦਿੱਤਾ। ਉਹ ਕਦੇ ਕਿਸੇ ਚੀਜ਼ ਦਾ ਨਫ਼ਾ ਨੁਕਸਾਨ ਨਹੀਂ ਸੋਚਦੇ, ਠੀਕ ਉਨ੍ਹਾਂ ਲੋਕਾਂ ਵਾਂਗ ਜੋ ਦੀਵਾ ਹੱਥ ਵਿਚ ਲੈ ਕੇ ਖੂਹ ਵਿਚ ਡਿੱਗ ਜਾਂਦੇ ਹਨ, ਚੁਣੌਤੀਆਂ ਨੂੰ ਸਵੀਕਾਰਦਿਆਂ ਪੱਥਰਾਂ ਨਾਲ ਟਕਰਾਉਂਦੇ ਹਨ, ਉਹ ਜੇਲ੍ਹ ਗਏ ਅਤੇ ਜੇਤੂ ਹੋ ਕੇ ਪਰਤੇ। ਉਨ੍ਹਾਂ ਨੇ ਜੇਲ੍ਹ ਜਾਣ ਨਾਲ ਜੁੜੇ ‘ਗੌਰਵ’ ਨੂੰ ਸਵੀਕਾਰ ਕੀਤਾ। ਕਾਂਗਰਸ-ਮੁਰਦਾਬਾਦ! ਸਾਨੂੰ ਇਹ ਸਮਝ ਨਹੀਂ ਆਉਂਦਾ ਕਿ ਅਜਿਹੇ ਵਿਵਹਾਰ ਨਾਲ ਉਸਨੂੰ ਕੀ ਹਾਨੀ-ਲਾਭ ਮਿਲੇਗਾ।
ਜਿਥੋਂ ਤੱਕ ਸਾਡੀ ਗੱਲ ਹੈ, ਤਾਂ ਅਸੀਂ ਜੋ ਸੱਚ ਕਹਿਣਾ ਚਾਹੁੰਦੇ ਹਾਂ ਉਹ ਇਹ ਹੈ ਕਿ ਇਸ ਦੇਸ਼ ਵਿਚ ਮੂਰਖ ਅਤੇ ਜਾਹਲ ਲੋਕ ਬਹੁਤ ਹਨ, ਇਹ ਲੋਕ ਕਿਸੇ ਕੰਮ ਦਾ ਨਫ਼ਾ-ਨੁਕਸਾਨ ਨਹੀਂ ਸੋਚਦੇ, ਉਹ ਸਵਾਰਥੀ ਭਾਵ ਨਾਲ ਸਿਰਫ ਆਪਣੇ ਸਨਮਾਨ ਬਾਰੇ ਹੀ ਸੋਚਦੇ ਹਨ, ਜੇਕਰ ਭਗਤ ਸਿੰਘ ਜਿਉਂਦਾ ਹੁੰਦਾ ਤਾਂ ੳਸਨੂੰ ਹਰ ਪਲ ਅਜਿਹੇ ਲੋਕਾਂ ਦੀਆਂ ਹਰਕਤਾਂ ਦੇਖ ਕੇ ਦੁੱਖ ਹੋਣਾ ਸੀ। ਇਸ ਤੋਂ ਇਹੀ ਚੰਗਾ ਹੈ ਕਿ ਭਗਤ ਸਿੰਘ ਨੇ ਮਰ ਕੇ ‘ਸ਼ਾਂਤੀ’ ਪਾ ਲਈ ਹੈ, ਮੈਨੂੰ ਦੁੱਖ ਹੈ ਕਿ ਮੈਨੂੰ ਅਜਿਹਾ ਦੁਰਲੱਭ ਸੁਭਾਗ ਪ੍ਰਾਪਤ ਨਹੀਂ ਹੋਇਆ। ਸਵਾਲ ਇਹ ਹੈ ਕਿ ਕਿਸੇ ਵਿਅਕਤੀ ਨੇ ਆਪਣਾ ਫਰਜ਼ ਨਿਭਾਇਆ ਹੈ ਜਾਂ ਨਹੀਂ? ਸਵਾਲ ਇਹ ਨਹੀਂ ਹੈ ਕਿ ਉਸਦੇ ਕੰਮਾਂ ਦਾ ਫਲ ਨਿਕਲਿਆ ਹੈ ਜਾਂ ਨਹੀਂ ਹਾਲਾਂਕਿ ਅਸੀਂ ਇਹ ਜਾਣਦੇ ਹਾਂ ਕਿ ਸਾਨੂੰ ਦੇਸ਼ ਅਤੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਆਪਣਾ ਕਰਤੱਵ ਨਿਭਾਉਣਾ ਚਾਹੀਦਾ ਹੈ। ਅਸੀਂ ਇਹ ਗੱਲ ਮੰਨਦੇ ਹਾਂ ਕਿ ਸਮਾਂ, ਸਥਾਨ ਅਤੇ ਸਾਮਾਨਯ ਰੁਝਾਨ ਨੇ ਨਿਸ਼ਚੇ ਹੀ ਭਗਤ ਸਿੰਘ ਦੁਆਰਾ ਪ੍ਰਚਾਰਤ ਸਿਧਾਂਤਾਂ ਨੂੰ ਵਿਵਹਾਰ ਵਿਚ ਬਦਲਣ ਲਈ ਢੰਗ-ਤਰੀਕੇ ਚੁਣਨ ਵਿਚ ਥੋੜ੍ਹੀ ਜਿਹੀ ਗਲਤੀ ਕਰ ਦਿੱਤੀ, ਪਰ ਅਸੀਂ ਇਹ ਕਦੇ ਨਹੀਂ ਮੰਨਾਂਗੇ ਕਿ ਉਸਦੇ ਸਿਧਾਂਤਾਂ ਵਿਚ ਕੋਈ ਕਮੀ ਸੀ, ਕੇਵਲ ਇਸ ਗੱਲ ਨਾਲ ਹੀ ਸੰਸਾਰ ਵਿਚ ਸ਼ਾਂਤੀ ਫੈਲੇਗੀ।
ਜਦ ਭਗਤ ਸਿੰਘ ਨੂੰ ਇਹ ਦ੍ਰਿੜ੍ਹ ਵਿਸ਼ਵਾਸ਼ ਸੀ ਕਿ ਉਸਦੇ ਸਾਰੇ ਸਿਧਾਂਤ ਸਹੀ ਸਨ ਅਤੇ ਉਸਨੇ ਜਿਹੜੇ ਰਾਹਾਂ ਦਾ ਪ੍ਰਯੋਗ ਕੀਤਾ, ਉਹ ਨਿਆਂ ਸੰਗਤ ਸਨ, ਤਾਂ ਉਸਨੂੰ ਇਹੋ ਕਰਨਾ ਚਾਹੀਦਾ ਸੀ, ਜੋ ਉਸਨੇ ਕੀਤਾ, ਜੇਕਰ ਉਸਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਅਸੀਂ ਉਸਨੂੰ ਈਮਾਨਦਾਰ ਨਹੀਂ ਕਹਿਣਾ ਸੀ। ਇਸ ਲਈ ਅਸੀਂ ਅੱਜ ਇਹ ਕਹਿੰਦੇ ਹਾਂ ਕਿ ਉਹ ਇਕ ਸੱਚਾ ਵਿਅਕਤੀ ਸੀ। ਸਾਡਾ ਦ੍ਰਿੜ੍ਹ ਮੱਤ ਹੈ ਕਿ ਅੱਜ ਭਾਰਤ ਨੂੰ ਕੇਵਲ ਭਗਤ ਸਿੰਘ ਦੇ ਸਿਧਾਂਤਾਂ ਦੀ ਜ਼ਰੂਰਤ ਹੈ।
ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਭਗਤ ਸਿੰਘ ਦੇ ਸਿਧਾਂਤਾਂ ਨੇ ਸਮਾਜਵਾਦ ਅਤੇ ਕਮਿਊਨਿਜ਼ਮ ਦਾ ਪ੍ਰਤੀਨਿਧਿਤਵ ਕੀਤਾ ਹੈ। ਇਸ ਦ੍ਰਿਸ਼ਟੀਕੋਣ ਨੂੰ ਆਪਣੇ ਸਾਹਮਣੇ ਰੱਖ ਕੇ ਉਸ ਦੀਆਂ ਦੋ ਪੰਕਤੀਆਂ ਅਸੀਂ ਦੇਖ ਸਕਦੇ ਹਾਂ, ਜੋ ਭਗਤ ਸਿੰਘ ਨੇ ਪੰਜਾਬ ਸੂਬੇ ਦੇ ਗਵਰਨਰ ਨੂੰ ਲਿਖੀਆਂ ਸਨ, ਉਹ ਇਹ ਸਨ ਕਿ : ”ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਕਮਿਊਨਿਸਟ ਪਾਰਟੀ ਸੱਤਾ ਵਿਚ ਨਹੀਂ ਆ ਜਾਂਦੀ ਅਤੇ ਲੋਕ ਗੈਰ-ਬਰਾਬਰੀ ਤੋਂ ਬਗੈਰ ਨਹੀਂ ਰਹਿੰਦੇ। ਕੇਵਲ ਸਾਨੂੰ ਮਾਰ ਕੇ ਇਸਦਾ ਅੰਤ ਨਹੀਂ ਕੀਤਾ ਜਾ ਸਕਦਾ। ਇਹ ਸੰਘਰਸ਼ ਖੁੱਲ੍ਹੇ ਅਤੇ ਗੁਪਤ ਤੌਰ ‘ਤੇ ਚੱਲਦਾ ਰਹੇਗਾ।”
ਅਸੀਂ ਇਹ ਸੋਚਦੇ ਹਾਂ ਕਿ ਭਗਤ ਸਿੰਘ ਦਾ ਈਸ਼ਵਰ ਅਤੇ ਦੈਵੀ ਵਿਵਸਥਾ ਵਿਚ ਵਿਸ਼ਵਾਸ (ਬਾਕੀ ਸਫ਼ਾ 8 ‘ਤੇ) ਨਹੀਂ ਸੀ ਪ੍ਰੰਤੂ ਉਹ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਵਿਅਕਤੀ ਸੀ। ਇਸ ਤਰ੍ਹਾਂ ਦੇ ਵਿਚਾਰ (ਈਸ਼ਵਰ ਸੰਬੰਧੀ) ਰੱਖਣਾ ਕਿਸੇ ਵੀ ਕਾਨੂੰਨ ਦੇ ਮੁਤਾਬਕ ਅਪਰਾਧ ਨਹੀਂ ਹਨ। ਜੇਕਰ ਅਜਿਹਾ ਮੰਨਣਾ ਅਪਰਾਧ ਹੈ ਤਾਂ ਵੀ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਡਾ ਇਹ ਦ੍ਰਿੜ੍ਹ ਮੱਤ ਹੈ ਕਿ ਇਸ ਤਰ੍ਹਾਂ ਦੇ ਸਿਧਾਂਤਾਂ (ਭਗਤ ਸਿੰਘ ਵਲੋਂ ਪ੍ਰਚਾਰਤ) ਤੋਂ ਕੋਈ ਹਾਨੀ ਨਹੀਂ ਹੋਏਗੀ। ਜੇਕਰ ਸੰਯੋਗਵੱਸ ਕਿਸੇ ਨੂੰ ਠੇਸ ਪਹੁੰਚਦੀ ਵੀ ਹੈ ਤਾਂ ਇਹ ਗੈਰ ਇਰਾਦਤਨ ਹੋਵੇਗੀ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵਿਅਕਤੀ, ਕਿਸੇ ਸੰਸਥਾ, ਫਿਰਕੇ ਅਤੇ ਦੇਸ਼ ਦੇ ਨਿਵਾਸੀਆਂ ਵਿਰੁੱਧ ਕੋਈ ਦੂਈ ਦਵੈਸ਼ ਫੈਲਾਏ ਬਿਨਾਂ ਆਪਣੇ ਸਿਧਾਂਤਾਂ ਤੇ ਕਾਰਜਾਂ ਨੂੰ ਪੂਰੇ ਦਿਲੋਂ ਸਿਰੇ ਲਾਇਆ ਜਾਵੇ। ਅਸੀਂ ਕਿਸੇ ਨੂੰ ਦੁੱਖ ਪਹੁੰਚਾਏ ਬਿਨਾ ਆਪਣੇ ਕਾਰਜ ਕਰਦੇ ਹਾਂ ਪਰ ਸਾਨੂੰ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਕਿਸੇ ਚੀਜ਼ ਤੋਂ ਘਬਰਾਉਣ ਜਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਹੀ ਦਰਸ਼ਨ ਜੋ ਸਾਡੇ ਛੂਆਛੂਤ ਦੂਰ ਕਰਨ ਦੇ ਯਤਨਾਂ ਪਿੱਛੇ ਹੈ, ਉਹੀ ਦਰਸ਼ਨ ਗਰੀਬੀ ਹਟਾਉਣ ਦੇ ਯਤਨਾਂ ਦਾ ਆਧਾਰ ਵੀ ਹੈ ਛੂਆਛੂਤ ਹਟਾਉਣ ਲਈ ਸਾਨੂੰ ਉਚੀਆਂ ਅਤੇ ਨੀਵੀਆਂ ਜਾਤੀਆਂ ਦੇ ਪਾੜੇ ਨੂੰ ਮਿਟਾਉਣਾ ਪਵੇਗਾ। ਇਸ ਤਰ੍ਹਾਂ ਗਰੀਬੀ ਹਟਾਉਣ ਲਈ ਸਾਨੂੰ ਪੂੰਜੀਪਤੀ ਅਤੇ ਮਜ਼ਦੂਰ ਵਿਚਲੇ ਪਾੜੇ ਨੂੰ ਮਿਟਾਉਣਾ ਪਵੇਗਾ। ਸਮਾਜਵਾਦ ਅਤੇ ਕਮਿਉਨਿਜਮ ਹੋਰ ਕੁੱਝ ਵੀ ਨਹੀਂ ਬਲਕਿ ਇਨ੍ਹਾਂ ਅਵਧਾਰਨਾਵਾਂ ਅਤੇ ਵਿਵਸਥਾਵਾਂ ਤੋਂ ਮੁਕਤੀ ਪਾਉਣਾ ਹੈ, ਇਹੋ ਵਿਚਾਰ ਹਨ ਜਿਨ੍ਹਾਂ ‘ਤੇ ਭਗਤ ਸਿੰਘ ਖੜ੍ਹਾ ਰਿਹਾ ਹੈ ਇਹੋ ਕਾਰਨ ਹੈ ਕਿ ਜੋ ਲੋਕ ਇਨ੍ਹਾਂ ਵਿਚਾਰਾਂ ਨੂੰ ਨਿਆਂ ਸੰਗਤ ਅਤੇ ਸਹੀ ਮੰਨਦੇ ਹਨ, ਉਹ ਗਾਂਧੀ-ਮੁਰਦਾਬਾਦ, ਕਾਂਗਰਸ-ਮੁਰਦਾਬਾਦ ਦੇ ਨਾਹਰੇ ਲਗਾਉਂਦੇ ਹਨ। ਹੈਰਾਨੀ ਇਹ ਹੈ ਕਿ ਜੋ ਲੋਕ ਇਨ੍ਹਾਂ ਸਿਧਾਂਤਾਂ ਦੀ ਵਕਾਲਤ ਕਰਦੇ ਹਨ, ਉਹ ਗਾਂਧੀ-ਜ਼ਿੰਦਾਬਾਦ, ਕਾਂਗਰਸ-ਜ਼ਿੰਦਾਬਾਦ ਕਰਦੇ ਰਹਿੰਦੇ ਹਨ।
ਜਿਸ ਦਿਨ ਗਾਂਧੀ ਨੇ ਇਹ ਕਿਹਾ ਸੀ ਕਿ ਭਗਵਾਨ ਉਸਦਾ ਮਾਰਗ ਦਰਸ਼ਨ ਕਰਦਾ ਹੈ, ਸੰਸਾਰ ਨੂੰ ਚਲਾਉਣ ਲਈ ਵਰਣ ਵਿਵਸਥਾ ਸਭ ਤੋਂ ਵਧੀਆ ਵਿਵਸਥਾ ਹੈ ਅਤੇ ਜੋ ਕੁੱਝ ਹੁੰਦਾ ਹੈ, ਭਗਵਾਨ ਦੀ ਇੱਛਾ ਅਨੁਸਾਰ ਹੀ ਹੁੰਦਾ ਹੈ, ਉਸੇ ਦਿਨ ਅਸੀਂ ਇਸ ਫੈਸਲੇ ‘ਤੇ ਪੁੱਜੇ ਸੀ ਕਿ ਗਾਂਧੀਵਾਦ ਅਤੇ ਬ੍ਰਾਹਮਣਵਾਦ ਵਿਚ ਕੋਈ ਫਰਕ ਨਹੀਂ ਹੈ। ਅਸੀਂ ਇਹ ਵੀ ਸਿੱਟਾ ਕੱਢਿਆ ਹੈ ਕਿ ਇਸ ਦੇਸ਼ ਦਾ ਭਲਾ ਉਦੋਂ ਤੱਕ ਨਹੀਂ ਹੋ ਸਕਦਾ ਜਦ ਤੱਕ ਕਾਂਗਰਸ ਪਾਰਟੀ ਇਨ੍ਹਾਂ ਸਿਧਾਂਤਾਂ ਅਤੇ ਦਰਸ਼ਨ ‘ਤੇ ਚੱਲਦੀ ਹੈ, ਜਿਨ੍ਹਾਂ ਤੋਂ ਮੁਕਤੀ ਪਾਉਣਾ ਜ਼ਰੂਰੀ ਹੈ। ਪਰ ਹੁਣ ਇਹ ਤੱਥ ਘੱਟੋ-ਘੱਟ ਕੁੱਝ ਲੋਕ ਮੰਨਣ ਲੱਗ ਪਏ ਹਨ, ਉਨ੍ਹਾਂ ਕੋਲ ਇੰਨਾ ਗਿਆਨ ਅਤੇ ਹਿੰਮਤ ਆ ਗਈ ਹੈ ਕਿ ਉਹ ਗਾਂਧੀਵਾਦ ਦੇ ਪਤਨ ਲਈ ਯਤਨ ਕਰ ਸਕਣਗੇ। ਇਹ ਸਾਡੇ ਉਦੇਸ਼ ਦੀ ਮਹਾਨ ਪ੍ਰਾਪਤੀ ਹੈ। ਜੇਕਰ ਭਗਤ ਸਿੰਘ ਨੂੰ ਫਾਂਸੀ ਨਾ ਹੋਈ ਹੁੰਦੀ ਤਾਂ ਗਾਂਧੀਵਾਦ ਨੂੰ ਹੋਰ ਜ਼ਮੀਨ ਨਹੀਂ ਮਿਲਣੀ ਸੀ। ਭਗਤ ਸਿੰਘ ਬਿਮਾਰ ਪੈ ਕੇ ਨਹੀਂ ਮਰਿਆ ਜਿਵੇਂ ਆਮ ਤੌਰ ‘ਤੇ ਹੋਰ ਮਰ ਜਾਂਦੇ ਹਨ। ਉਸਨੇ ਨਾ ਕੇਵਲ ਭਾਰਤ ਬਲਕਿ ਪੂਰੇ ਸੰਸਾਰ ਨੂੰ ਵਾਸਤਵਿਕ ਸਮਾਨਤਾ ਅਤੇ ਸ਼ਾਂਤੀ ਦਾ ਮਾਰਗ ਦਿਖਾਉਣ ਦੇ ਮਹਾਨ ਉਦੇਸ਼ ਲਈ ਆਪਣੇ ਪ੍ਰਾਣ ਵਾਰ ਦਿੱਤੇ। ਭਗਤ ਸਿੰਘ ਇਕ ਅਜਿਹੀ ਉਚਾਈ ਤੱਕ ਪੁੱਜ ਗਿਆ ਹੈ ਜਿੱਥੇ ਆਮ ਕਰਕੇ ਹਰ ਕੋਈ ਨਹੀਂ ਪੁੱਜ ਸਕਦਾ। ਸਾਨੂੰ ਉਸਦੀ ਸ਼ਹਾਦਤ ‘ਤੇ ਦਿਲ ਦੀ ਗਹਿਰਾਈ ਤੋਂ ਗਰਵ ਹੈ ਨਾਲ ਹੀ ਨਾਲ ਅਸੀਂ ਸਰਕਾਰ ਵਿਚ ਬੈਠੇ ਲੋਕਾਂ ਨੂੰ ਇਹ ਪ੍ਰਾਥਨਾ ਵੀ ਕਰਦੇ ਹਾਂ ਕਿ ਉਹ ਹਰ ਸੂਬੇ ਵਿਚੋਂ ਚਾਰ ਭਗਤ ਸਿੰਘ ਵਰਗੇ ਸੱਚੇ ਵਿਅਕਤੀ ਲੱਭੇ ਅਤੇ ਉਨ੍ਹਾਂ ਨੂੰ ਫਾਂਸੀ ਚੜ੍ਹਾ ਦੇਵੇ।
ਅਨੁਵਾਦ : ਪ੍ਰੋ. ਚਮਨ ਲਾਲ