
ਬਠਿੰਡਾ, 2 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਦੀ ਅਗਵਾਈ ਵਿੱਚ ਭਾਰੀ ਗਿਣਤੀ ਔਰਤਾਂ ਸਮੇਤ ਇਕੱਤਰ ਹੋਏ ਸੈਂਕੜੇ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੇ ਅੱਜ ਡੀਸੀ ਦਫਤਰ ਬਠਿੰਡਾ ਮੂਹਰੇ ਰੋਸ ਭਰਪੂਰ ਧਰਨਾ ਮਾਰ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਅਤੇ ਜਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ।
ਧਰਨੇ-ਪ੍ਰਦਰਸ਼ਨ ਦੀ ਅਗਵਾਈ ਜਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਮਿੱਠੂ ਸਿੰਘ ਘੁੱਦਾ ਤੇ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕੀਤੀ।
ਧਰਨਾਕਾਰੀ ਨੂੰ ਸੰਬੋਧਨ ਕਰਨ ਲਈ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਉਚੇਚੇ ਪੁੱਜੇ।
ਧਰਨਾਕਾਰੀ ਮੰਗ ਕਰ ਰਹੇ ਸਨ ਕਿ ਬੇਮੌਸਮੀ ਬਰਸਾਤ ਅਤੇ ਗੁਲਾਬੀ ਸੁੰਡੀ ਕਾਰਨ ਨਰਮੇ-ਕਪਾਹ ਦੀ ਫਸਲ ਬਰਬਾਦ ਹੋਣ ਕਰਕੇ ਰੁਜ਼ਗਾਰ ਤੋਂ ਵਾਂਝੇ ਹੋਏ ਬੇਜ਼ਮੀਨੇ ਪੇਂਡੂ ਮਜ਼ਦੂਰ ਪ੍ਰੀਵਾਰਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਪ੍ਰੀਵਾਰ ਮੁਆਵਜ਼ਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਬਾਰਿਸ਼ਾਂ ਕਾਰਨ ਨੁਕਸਾਨੇ ਤੇ ਡਿੱਗੇ ਮਕਾਨਾਂ ਅਤੇ ਮਰੂ ਪਸ਼ੂਆਂ ਦਾ ਵੀ ਪੂਰਾ-ਪੂਰਾ ਇਵਜਾਨਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੁਆਵਜ਼ਾ ਦੇਣ ਵੇਲੇ ਸਿਆਸੀ ਆਗੂਆਂ ਤੇ ਬਾਰਸੂਖ਼ ਵਿਅਕਤੀਆਂ ਦੀ ਪੱਖਪਾਤੀ ਦਖਲਅੰਦਾਜ਼ੀ ਸਖਤੀ ਨਾਲ ਬੰਦ ਕੀਤੀ ਜਾਵੇ।
ਰੋਸ ਧਰਨੇ ਅਤੇ ਮਜ਼ਾਹਰੇ ਦੀ ਅਗਵਾਈ ਕਰ ਰਹੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।
ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਉਮਰਦੀਨ ਖਾਂ ਜੱਸੀ ਬਾਗ ਵਾਲੀ, ਮੇਜਰ ਸਿੰਘ ਤੁੰਗਵਾਲੀ, ਸੁਖਦੇਵ ਸਿੰਘ ਰਾਜਗੜ੍ਹ ਕੁੱਬੇ, ਸੁਖਦੇਵ ਸਿੰਘ ਨਰੂਆਣਾ, ਹਰਬੰਸ ਕੌਰ ਮੁਲਤਾਨੀਆ, ਜਗਤਾਰ ਸਿੰਘ ਕਟਾਰ ਸਿੰਘ ਵਾਲਾ, ਬਲਦੇਵ ਸਿੰਘ ਜੀਵਨ ਸਿੰਘ ਵਾਲਾ ਨੇ ਵੀ ਵਿਚਾਰ ਰੱਖੇ। ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਿਲ੍ਹਾ ਕਨਵੀਨਰ ਦਰਸ਼ਨਾ ਜੋਸ਼ੀ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਮੇਜਰ ਸਿੰਘ ਦਾਦੂ ਨੇ ਭਰਾਤਰੀ ਸੰਦੇਸ਼ ਦਿੱਤਾ।