ਜਲੰਧਰ, 13 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ‘ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ’ ਨੇ ਬੀਤੇ ਕਲ੍ਹ ਮੋਰਿੰਡਾ ਵਿਖੇ ਬੇਜ਼ਮੀਨੇ, ਦਲਿਤ ਮਜ਼ਦੂਰਾਂ ‘ਤੇ ਕੀਤੇ ਗਏ ਵਹਿਸ਼ੀਆਨਾ ਪੁਲਸ ਲਾਠੀਚਾਰਜ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।ਜੋਰਾ ਸਿੰਘ ਨਸਰਾਲੀ(ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ), ਗੁਰਨਾਮ ਸਿੰਘ ਦਾਊਦ (ਸੂਬਾਈ ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ ਪੰਜਾਬ), ਗੁਲਜ਼ਾਰ ਸਿੰਘ ਗੌਰੀਆ (ਸੀਨੀਅਰ ਮੀਤ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ), ਬਬਲੀ ਅਟਵਾਲ (ਸੂਬਾ ਪ੍ਰਧਾਨ ਕ੍ਰਾਂਤੀਕਾਰੀ ਪੇੰਡੂ ਮਜ਼ਦੂਰ ਯੂਨੀਅਨ ਪੰਜਾਬ), ਹਰਵਿੰਦਰ ਸਿੰਘ ਸੇਮਾ (ਜਨਰਲ ਸਕੱਤਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ), ਅਵਤਾਰ ਸਿੰਘ ਰਸੂਲਪੁਰ (ਜਨਰਲ ਸਕੱਤਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ) ਅਤੇ ਸੰਜੀਵ ਕੁਮਾਰ ਮਿੰਟੂ ( ਜਨਰਲ ਸਕੱਤਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ) ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਸਾਂਝੇ ਮਜ਼ਦੂਰ ਮੋਰਚੇ ਦੇ ਸੂਬਾਈ ਆਗੂ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਅਮਨ ਪੂਰਵਕ ਰੋਸ ਪ੍ਰਦਰਸ਼ਨ ਕਰਨ ਦੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰ ਰਹੇ ਗਰੀਬਾਂ ਨੂੰ ਜਬਰ ਦਾ ਨਿਸ਼ਾਨਾ ਬਣਾਏ ਜਾਣ ਤੋਂ ਕਾਂਗਰਸ ਸਰਕਾਰ ਵੱਲੋਂ ਦਲਿਤਾਂ ਪ੍ਰਤੀ ਜਤਾਏ ਜਾ ਰਹੇ ਨਕਲੀ ਹੇਜ ਅਤੇ ਲੋਕ ਭਲਾਈ ਦੇ ਫਰਜ਼ੀ ਦਾਅਵਿਆਂ ਦਾ ਹੀਜ਼-ਪਿਆਜ਼ ਨੰਗਾ ਹੋ ਗਿਆ ਹੈ।ਜਾਰੀ ਬਿਆਨ ਰਾਹੀਂ ਮੰਗ ਕੀਤੀ ਗਈ ਹੈ ਕਿ ਹੱਕ-ਸੱਚ ਦੀ ਆਵਾਜ਼ ਨੂੰ ਸੱਤਾ ਦੀ ਤਾਕਤ ਦੇ ਨਸ਼ੇ ਵਿੱਚ ਜਬਰ ਰਾਹੀਂ ਦਬਾਉਣ ਦਾ ਆਤਮ ਘਾਤੀ ਰਾਹ ਤਿਆਗ ਕੇ ਮੁੱਖ ਮੰਤਰੀ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕਰਕੇ ਗੁਰਬਤ ਦੇ ਝੰਬੇ, ਅਮਾਨਵੀ ਜਾਤੀ ਪਾਤੀ ਵਿਤਕਰਾ ਤੇ ਸਮਾਜਿਕ ਜਬਰ ਹੰਢਾਅ ਰਹੇ ਕਿਰਤੀਆਂ ਦੀਆਂ ਨਿਆਂਸੰਗਤ ਮੰਗਾਂ ਦਾ ਸਨਮਾਨਯੋਗ ਨਿਪਟਾਰਾ ਕਰਨ।
ਬੇਜ਼ਮੀਨੇ-ਦਲਿਤਾਂ ‘ਤੇ ਜਬਰ ਢਾਹੁਣ ਦੀ ‘ਸਾਂਝੇ ਮਜ਼ਦੂਰ ਮੋਰਚੇ’ ਵੱਲੋਂ ਸਖ਼ਤ ਨਿਖੇਧੀ
