Now Reading
ਬੁਧੀਜੀਵੀਆਂ ਵਲੋਂ ਹਜੂਮੀ ਕਤਲਾਂ ਅਤੇ ਤਾਨਾਸ਼ਾਹੀ ਰੁਝਾਨਾਂ ਵਿਰੁੱਧ ਮੋਦੀ ਦੇ ਨਾਂ ਖੁੱਲ੍ਹਾ ਖ਼ਤ

ਬੁਧੀਜੀਵੀਆਂ ਵਲੋਂ ਹਜੂਮੀ ਕਤਲਾਂ ਅਤੇ ਤਾਨਾਸ਼ਾਹੀ ਰੁਝਾਨਾਂ ਵਿਰੁੱਧ ਮੋਦੀ ਦੇ ਨਾਂ ਖੁੱਲ੍ਹਾ ਖ਼ਤ

(ਵੱਖੋ-ਵੱਖ ਸੋਬਿਆਂ ‘ਚ ਕੰਮ ਕਰਦਿਆਂ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੇ, ਉੱਚ ਮਰਾਤਬੇ ਵਾਲੇ 49 ਬੁੱਧੀਜੀਵੀਆਂ ਨੇ ਦੇਸ਼ ਅੰਦਰ ਫਿਰਕੂ ਨਫਰਤ ਅਤੇ ਉੱਚ ਜਾਤੀ ਹੰਕਾਰ ਦੀ ਘਟੀਆ ਮਾਨਸਿਕਤਾ ‘ਤੇ ਆਧਾਰਤ, ਸਾਜ਼ਿਸ਼ ਤਹਿਤ ਕੀਤੀਆਂ ਜਾ ਰਹੀਆਂ  ਦੁਖਦਾਈ ਹਜੂਮੀ ਕਤਲਾਂ ਦੀਆਂ ਘਟਨਾਵਾਂ ਖਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਇੱਕ ਦਲੇਰਾਨਾ ਖੁੱਲ੍ਹਾ ਪੱਤਰ ਲਿਖਿਆ ਹੈ। ਪੱਤਰ ‘ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਸ਼ਿਆਮ ਬੈਨੇਗਲ, ਅਡੂਰ ਗੋਪਾਲਾ ਕ੍ਰਿਸ਼ਨਨ, ਰਾਮ ਚੰਦਰ ਗੁਹਾ, ਸੁਮਿੱਤਰੋ ਚੈਟਰਜੀ, ਆਸ਼ੀਸ਼ ਨੰਦੀ, ਬਿਨਾਇਕ ਸੇਨ, ਅਪਰਣਾ ਸੇਨ, ਮਣੀ ਰਤਨਮ, ਅਨੁਰਾਗ ਕਸ਼ਿਅਪ, ਸ਼ੁਭਾ ਮੋਦਗਿੱਲ,  ਰੇਵਤੀ, ਕੌਂਕਣਾ ਸੇਨ ਸ਼ਰਮਾ, ਰਿਧੀ ਸੇਨ, ਅਨੁਰਾਧਾ ਕਪੂਰ ਜਿਹੀਆਂ ਪ੍ਰਸਿੱਧ ਸਖਸ਼ੀਅਤਾਂ ਸ਼ਾਮਲ ਹਨ। ਮੋਦੀ ਸਰਕਾਰ ਦੀ ਪੱਖਪਾਤੀ ਪਹੁੰਚ ਨੂੰ ਚੁਣੌਤੀ ਦਿੰਦੇ ਇਸ ਪੱਤਰ ਤੋਂ ਬੌਖਲਾ ਕੇ ਘੱਟ ਗਿਣਤੀਆਂ ਵਿਚਲੇ ਸੰਘੀ ਏਜੰਟਾਂ ਦੀ ਭੂਮਿਕਾ ‘ਤੇ ਖਰੇ ਉਤਰਦਿਆਂ ਭਾਜਪਾ ਆਗੂ ਮੁਖ਼ਤਾਰ ਅੱਬਾਸ ਨਕਵੀ ਨੇ ਇਸ ਗੰਭੀਰ ਪੱਤਰ ਵਿਚਲੀ ਦੇਸ਼ ਦੇ ਭਵਿੱਖ ਪ੍ਰਤੀ ਦਿਖਾਈ ਚਿੰਤਾ ਨੂੰ ਦਰਕਿਨਾਰ ਕਰਦਿਆਂ ਇਸ ਪੱਤਰ ਨੂੰ ‘ਅਵਾਰਡ ਵਾਪਸੀ-ਟੂ’ ਕਹਿ ਕੇ ਛੁਟਿਆਉਣ ਦਾ ਯਤਨ ਕੀਤਾ ਹੈ। ਦੇਸ਼ ਵਾਸੀਆਂ ਨੂੰ ਇਸ ਜੰਗ ਵਿੱਚ ਠੀਕ ਪੈਂਤੜਾ ਲੈਂਦਿਆਂ ਸ਼ਾਮਲ ਕਰਨ ਲਈ ਜਮਹੂਰੀ ਅੰਦੋਲਨ ਨੂੰ ਕਮਰਕੱਸੇ ਕਰ ਲੈਣੇ ਚਾਹੀਦੇ ਹਨ । ਹੇਠਾਂ ਅਸੀਂ ਇਸ ਪੱਤਰ ਦੇ ਮੁੱਖ ਅੰਸ਼ ਛਾਪ ਰਹੇ ਹਾਂ।  – ਸੰਪਾਦਕੀ ਮੰਡਲ)

‘ਸਤਿਕਾਰ ਯੋਗ ਪ੍ਰਧਾਨ ਮੰਤਰੀ ਜੀ, ਦੇਸ਼ ਵਿੱਚ ਮੁਸਲਮਾਨਾਂ, ਦਲਿਤਾਂ ਅਤੇ ਹੋਰਨਾਂ ਘੱਟ ਗਿਣਤੀ ਭਾਈਚਾਰਿਆਂ ਦੇ ਵਿਅਕਤੀਆਂ ਦੇ ਹਿੰਸਕ ਭੀੜਾਂ ਵਲੋਂ ਕੀਤੇ ਜਾਂਦੇ ਕਤਲ ਬਿਨਾਂ ਦੇਰੀ ਰੋਕੇ ਜਾਣੇ ਚਾਹੀਦੇ ਹਨ । ਕੌਮੀ ਅਪਰਾਧ ਰਿਕਾਰਡ ਬਿਊਰੋ (NCRB) ਵਲੋਂ ਦਿੱਤੇ ਗਏ ਅੰਕੜੇ ਦੇਖ ਕੇ ਅਸੀਂ, ਆਪਣੇ ਦੇਸ਼ ‘ਤੇ ਮਾਣ ਕਰਨ ਵਾਲੇ ਅਮਨ ਪਸੰਦ ਸ਼ਹਿਰੀ, ਹੈਰਾਨ-ਪਰੇਸ਼ਾਨ ਹੋ ਗਏ ਹਾਂ । ਇਨ੍ਹਾਂ ਅੰਕੜਿਆਂ ਮੁਤਾਬਕ ਸੰਨ 2016 ਵਿੱਚ ਦਲਿਤਾਂ ਖਿਲਾਫ਼ ਹਿੰਸਾ ਦੀਆਂ 840 ਵਾਰਦਾਤਾਂ ਕੀਤੀਆਂ ਗਈਆਂ । ਜਦਕਿ ਇਨ੍ਹਾਂ ਵਾਰਦਾਤਾਂ ਦੇ ਦੋਸ਼ੀਆਂ ਨੂੰ ਗੁਨਾਹਗਾਰ ਠਹਿਰਾਉਣ ਦੇ ਮਾਮਲੇ ਘਟ ਗਏ ਹਨ । ਪਹਿਲੀ ਜਨਵਰੀ 2009 ਤੋਂ ਲੈ ਕੇ 29 ਅਕਤੂਬਰ 2018 ਤੱਕ ਵਿਅਕਤੀ ਵਿਸ਼ੇਸ਼ ਦੀ ਧਾਰਮਿਕ ਪਛਾਣ ਨੂੰ ਆਧਾਰ ਬਣਾਉਂਦਿਆਂ ਨਫਰਤੀ  ਗੁਨਾਹਾਂ (ਹੇਟ ਕ੍ਰਾਈਮ) ਦੀਆਂ 254 ਵਾਰਦਾਤਾਂ ਹੋਈਆਂ ਹਨ ਜਿਨ੍ਹਾਂ ਵਿੱਚ 91 ਬੇਗੁਨਾਹ ਮਾਰੇ ਗਏ ਅਤੇ 579 ਜਖ਼ਮੀ ਹੋਏ ਹਨ। ਉਪਰੋਕਤ ਵਿੱਚੋਂ 90% ਮਈ 2014 ਵਿੱਚ ਕੇਂਦਰ ਵਿਖੇ ਮੋਦੀ ਸਰਕਾਰ ਬਨਣ ਤੋਂ ਬਾਅਦ ਦੀਆਂ ਹਨ । ਜੇਕਰ ਕਤਲ ਦੇ ਜ਼ੁਰਮ ਵਿੱਚ ਬਿਨਾਂ ਛੁੱਟੀ (ਪੈਰੋਲ) ਤੋਂ ਉਮਰ ਕੈਦ ਦੀ ਸਜਾ ਸੁਣਾਈ ਜਾ ਸਕਦੀ ਹੈ ਤਾਂ ਇਨ੍ਹਾਂ ਘਿਨਾਉਣੇ ਅਪਰਾਧਾਂ ਬਦਲੇ ਇਸ ਸਜਾ ਦੀ ਵਿਵਸਥਾ ਕਿਉਂ ਨਹੀਂ ਹੋ ਸਕਦੀ? ਦੇਸ਼ ਦਾ ਕੋਈ ਵੀ ਨਾਗਰਿਕ ਆਪਣੇ ਹੀ ਦੇਸ਼ ਵਿੱਚ ਭੈਭੀਤ ਹੋ ਕੇ ਜਿਉਣ ਲਈ ਮਜ਼ਬੂਰ ਕਿਉਂ ਹੋਵੇ ? ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਅਜੋਕੇ ਸਮੇਂ ‘ਜੈ ਸ਼੍ਰੀ ਰਾਮ’ ਦਾ ਨਾਹਰਾ ਜੰਗੀ ਐਲਾਨ ਬਣਾ ਦਿੱਤਾ ਗਿਆ ਹੈ। ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਜਾਂ ਬੇਦੋਸ਼ਿਆਂ ਦੇ ਕਤਲ ਕਰਨ ਵੇਲੇ ਇਸ ਨਾਹਰੇ ਦਾ ਦੁਰਉਪਯੋਗ ਕਰਦਿਆਂ ਬਹੁਗਿਣਤੀ ਭਾਈਚਾਰੇ ਦੀ ਆਸਥਾ ਦੇ ਪ੍ਰਤੀਕ ਸ਼੍ਰੀ ਰਾਮ ਦਾ ਨਾਂਅ ਬੱਦੂ ਕੀਤਾ ਜਾ ਰਿਹਾ ਹੈ। ਅਜਿਹੀਆਂ ਵਾਰਦਾਤਾਂ ਦੀ ਪ੍ਰਧਾਨ ਮੰਤਰੀ ਵਲੋਂ ਕੀਤੀ ਜਾਂਦੀ ਰਸਮੀ ਨਿੰਦਾ ਨਾਲ ਕੁੱਝ ਨਹੀਂ ਸੰਵਰਨਾ। ਇਹ ਘਿਨਾਉਣਾ ਵਰਤਾਰਾ ਸਖਤੀ ਨਾਲ ਰੋਕੇ ਜਾਣ ਦੀ ਜਰੂਰਤ ਹੈ। ਦੇਸ਼ ਦੀ ਸੱਤਾਧਾਰੀ ਪਾਰਟੀ ਦੀ ਆਲੋਚਨਾ ਕਰਨਾ ਅਤੇ ਦੇਸ਼ ਦੀ ਅਲੋਚਨਾ ਇੱਕੋ ਜਿਹੀ ਗੱਲ ਨਹੀਂ । ਕਿਸੇ ਵੀ ਦੇਸ਼ ਵਿੱਚ ਉੱਥੋਂ ਦੀ ਰਾਜ ਕਰਦੀ ਪਾਰਟੀ ਦਾ ਰੁਤਬਾ ਕਿਵੇਂ ਵੀ ਦੇਸ਼ ਦੇ ਰੁਤਬੇ ਦੇ ਬਰਾਬਰ ਨਹੀਂ ਹੋ ਸਕਦਾ। ਰਾਜ ਕਰਦੀ ਪਾਰਟੀ, ਵਿਸ਼ੇਸ਼ ਦਰਜਾ ਪ੍ਰਾਪਤ ਪਾਰਟੀ ਦੀ ਬਜਾਇ ਦੇਸ਼ ਦੀਆਂ ਬਾਕੀ ਆਮ ਪਾਰਟੀਆਂ ਵਿੱਚੋਂ  ਹੀ ਇੱਕ ਹੁੰਦੀ ਹੈ । ਇਸ ਲਈ ਸਰਕਾਰ ਨਾਲ ਮਤਭੇਦਾਂ ਦੇ ਆਧਾਰ ‘ਤੇ ਕਿਸੇ ‘ਤੇ  ਵੀ ਦੇਸ਼ਧਰੋਹੀ ਜਾਂ ਸ਼ਹਿਰੀ ਨਕਸਲੀ ਹੋਣ ਦਾ ਠੱਪਾ ਲਾ ਦੇਣਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ। ਅਸਹਿਮਤੀ ਜਾਂ ਮਤਭੇਦਾਂ ਤੋਂ ਬਿਨਾਂ ਜਮਹੂਰੀਅਤ ਦਾ ਕੋਈ ਅਰਥ ਨਹੀਂ।”

Scroll To Top