Now Reading
ਬੀਟੀ ਫ਼ਸਲਾਂ ਨਾਲ ਚੋਗਿਰਦੇ ਨੂੰ ਖ਼ਤਰਾ

ਬੀਟੀ ਫ਼ਸਲਾਂ ਨਾਲ ਚੋਗਿਰਦੇ ਨੂੰ ਖ਼ਤਰਾ

ਸਰਬਜੀਤ ਗਿੱਲ
ਖੇਤੀ ਸੰਕਟ ਸਿਰਫ਼ ਕਣਕ ਅਤੇ ਚੌਲਾਂ ਦੀ ਪੈਦਾਵਾਰ, ਲਾਹੇਵੰਦੇ ਰੇਟਾਂ ‘ਤੇ ਖਰੀਦ ਅਤੇ ਭੰਡਾਰਣ ਅਤੇ ਤੱਕ ਹੀ ਸੀਮਤ ਨਹੀਂ, ਸਗੋਂ ਫ਼ਸਲਾਂ ਦੀ ਪੈਦਾਵਾਰ ਲਈ ਜੀਐਮ ਤਕਨੀਕ ਵਰਤੇ ਜਾਣ ਨਾਲ ਹੋਣ ਵਾਲੇ ਨੁਕਸਾਨਾਂ ਨੇ ਵੀ ਇਸ ਵਿਚ ਢੇਰਾਂ ਵਾਧਾ ਕਰਨਾ ਹੈ। ਇਸ ਤਕਨੀਕ ਦੇ ਪੈਦਾ ਕੀਤੇ ਸੰਕਟ ਸਿਰਫ਼ ਪੈਦਾਵਰ ਲਈ ਹੀ ਨਹੀਂ ਸਗੋਂ ਧਰਤੀ, ਬਨਸਪਤੀ ਅਤੇ ਮਨੁੱਖਾਂ ਸਮੇਤ ਸਾਰੇ ਜੀਵ-ਜੰਤੂਆਂ ਦੀ ਸਿਹਤ ਲਈ ਵੀ ਨੁਕਸਾਦਾਇਕ ਹੋਣਗੇ।

ਆਮ ਤੌਰ ‘ਤੇ ਇਹ ਸਮਝਿਆ ਜਾਂਦਾ ਹੈ ਕਿ ਨਵੀਂ ਤਕਨੀਕ ਪਹਿਲਾਂ-ਪਹਿਲ ਸਾਰਿਆਂ ਨੂੰ ਓਪਰੀ ਜਿਹੀ ਲਗਦੀ ਹੈ ਅਤੇ ਜਦੋਂ ਉਸ ਦੇ ਫਾਇਦੇ ਸਾਹਮਣੇ ਆਉਂਦੇ ਹਨ ਤਾਂ ਬੀਤੇ ਸਮੇਂ ‘ਚ ਕੀਤੇ ਗਏ ਦਾਅਵਿਆਂ ‘ਤੇ ਪਛਤਾਵਾ ਰਹਿੰਦਾ ਹੈ। ਐਪਰ, ਹੁਣ ਤੱਕ ਦੇ ਤਜ਼ਰਬੇ ਉਪਰੰਤ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਤਕਨੀਕ ਧਰਤੀ ਤੇ ਇੱਥੋਂ ਦੇ ਜੀਵਨ ਦੀ ਹੋਂਦ ਲਈ ਹੀ ਘਾਤਕ ਸਾਬਤ ਹੋਵੇਗੀ।

ਜੀਐਮ/ਬੀਟੀ/ਜੈਵਿਕ ਤਕਨੀਕ ਨੂੰ ਮੋਟੇ ਰੂਪ ‘ਚ ਸਮਝਣ ਲਈ ਇਸ ਨੂੰ ਪਿਉਂਦ ਵਾਂਗ ਸਮਝਿਆ ਜਾ ਸਕਦਾ ਹੈ। ਜਿਵੇਂ ਪੌਦੇ ਨਾਲ ਇੱਕ ਹੋਰ ਪੌਦੇ ਦੀ ਟਾਹਣੀ ਜੋੜ ਕੇ ਨਸਲ ਦਾ ਸੁਧਾਰ ਕਰਨ ਹਿਤ ਪਿਓਂਦ ਦਿੱਤੀ ਜਾਂਦੀ ਹੈ, ਉਵੇਂ ਹੀ ਇਸ ਨਵੀਂ ਤਕਨੀਕ ਦੀ ਵਰਤੋਂ ਨਾਲ ਬੀਜ ਦੇ ਗੁਣ ਬਦਲੇ ਜਾ ਸਕਦੇ ਹਨ। ਸਿਰਫ਼ ਗੁਣ ਹੀ ਨਹੀਂ ਬਦਲੇ ਜਾ ਸਕਦੇ ਸਗੋਂ ਇਸ ‘ਚ ਅਵਗੁਣ ਵੀ ਪੈਦਾ ਕੀਤੇ ਜਾ ਸਕਦੇ ਹਨ। ਜੀਨ ਤਕਨੌਲਜੀ ਦੀ ਵਰਤੋਂ ਕਰਦਿਆਂ ਸਾਇੰਸ ਇੱਥੋਂ ਤੱਕ ਅੱਪੜ ਗਈ ਹੈ ਕਿ ਕਿਸੇ ਦੇ ਸਰੀਰ ‘ਚ ਪੈਦਾ ਹੋਣ ਵਾਲੀਆਂ ਵਿਰਾਸਤੀ ਬਿਮਾਰੀਆਂ ਨੂੰ ਵੀ ਹੁਣ ਕਾਬੂ ਕੀਤਾ ਜਾ ਸਕਦਾ ਹੈ।

ਇਸ ਦੀ ਖੋਜ ਮੁਢਲੇ ਰੂਪ ‘ਚ 1869 ਤੋਂ ਆਰੰਭ ਹੋਈ ਅਤੇ ਸ਼ੁਰੂ ਸ਼ੁਰ ‘ਚ ਇਸ ਖੋਜ ਨੂੰ ਮਾਨਤਾ ਵੀ ਨਾ ਮਿਲ ਸਕੀ। ਮਗਰੋਂ 1930 ‘ਚ ਕੁੱਝ ਵਿਗਿਆਨੀਆਂ ਨੇ ਇਸ ‘ਚ ਕੁੱਝ ਹੋਰ ਵਾਧਾ ਕੀਤਾ ਤੇ ਇਸ ਦੀ ਧੁੰਦਲੀ ਤਸਵੀਰ ਕੁੱਝ ਸਾਫ ਹੋਣ ਲੱਗੀ। 1953-1973 ਦੌਰਾਨ ਇਨਕਲਾਬੀ ਬਦਲਾਅ ਆਏ। 1980 ‘ਚ ਜਾ ਕੇ ਇਸ ਦੀ ਤਸਵੀਰ ਕਾਫੀ ਹੱਦ ਤੱਕ ਸਾਫ਼ ਹੋ ਗਈ। ਜਿਸ ਤਹਿਤ ਇੱਕ ਜੀਵ ਤੋਂ ਦੂਜੇ ਜੀਵ ‘ਚ ਖ਼ਾਸ ਜੀਨ ਦਾਖ਼ਲ ਕਰਵਾਉਣ ਦੀ ਵਿਧੀ ਨੇ ਵਿਕਾਸ ਕਰ ਲਿਆ। 1982 ‘ਚ ਇਸ ਤਕਨੀਕ ਦੀ ਵਰਤੋਂ ਕਰਕੇ ਹੀ ਨਕਲੀ ਇੰਸੂਲੀਨ ਦੀ ਖੋਜ ਵੀ ਹੋਈ, ਜਿਸ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਲਾਹੇਵੰਦੀ ਸਾਬਤ ਹੋਈ। ਇਸ ਤੋਂ ਬਿਨ੍ਹਾਂ 38 ਹੋਰ ਬਿਮਾਰੀਆਂ ਦੇ ਇਲਾਜ਼ ਲਈ ਵੀ ਇਸ ਤਕਨੀਕ ਦੀ ਵਰਤੋਂ ਹੋਣ ਲੱਗੀ।

ਇਹ ਤਕੀਨਕ ਇਸ ਸਵਾਲ ‘ਚੋਂ ਪੈਦਾ ਹੋਈ ਕਿ ਗਾਂ ਦੇ ਪੈਦਾ ਹੋਣ ਵਾਲਾ ਬੱਚਾ ਗਾਂ ਵਰਗਾ ਹੀ ਪੈਦਾ ਹੁੰਦਾ ਹੈ, ਮੱਝ ਵਰਗਾ ਨਹੀਂ। ਖੋਜਾਂ ਨੇ ਸਿੱਧ ਕਰ ਦਿੱਤਾ ਸੀ ਕਿ ਕੋਸ਼ਕਾਵਾਂ ‘ਚ ਮੌਜੂਦ ਗੁਣ ਸੂਤਰਾਂ ਵਿੱਚ ਲੜੀਵਾਰ ਜੀਨ ਹੀ ਲੜੀਵਾਰ ਜੀਨ ਦੇ ਸਫ਼ਰ ਅਤੇ ਵਿਕਾਸ ਨੂੰ ਕਾਬੂ ਹੇਠ ਰੱਖਦੇ ਹਨ। ਕਿਉਂ ਅਤੇ ਕਿਵੇਂ ਦੀ ਭਾਲ ‘ਚ ਇਹ ਤਕਨੀਕ ਸਾਹਮਣੇ ਆਈ ਕਿ ਜੀਨ ਦੀ ਤਬਦੀਲੀ ਨਾਲ ਕਿਸੇ ਦੇ ਗੁਣ ਕਿਸੇ ‘ਚ ਫਿੱਟ ਕੀਤੇ ਜਾ ਸਕਦੇ ਹਨ ਅਤੇ ਕਿਸੇ ਦੇ ਅਵਗੁਣ ਕੱਢੇ ਜਾ ਸਕਦੇ ਹਨ। ਇਸ ‘ਚ ਬਿਮਾਰੀਆਂ ਲਈ ਜਿੰਮੇਵਾਰ ਜੀਨਾਂ ਦੀ ਨਾ ਸਿਰਫ ਪਛਾਣ ਕੀਤੀ ਗਈ ਸਗੋਂ ਉਨ੍ਹਾਂ ਦਾ ਇਲਾਜ ਵੀ ਸੰਭਵ ਕੀਤਾ ਗਿਆ।

ਇਸ ਤਕਨੀਕ ਨਾਲ ਇਹ ਪਤਾ ਲਗਾਇਆ ਜਾ ਸਕਿਆ ਕਿ ਹਰ ਇੱਕ ਵਿਅਕਤੀ ਦਾ ਡੀਐਨਏ ਵੱਖ-ਵੱਖ ਹੁੰਦਾ ਹੈ। ਇਸ ਤਕਨੀਕ ਦੀ ਵਰਤੋਂ ਨਾਲ ਹੀ ਕਿਸੇ ਵਿਅਕਤੀ ਦੇ ਮਾਤਾ ਪਿਤਾ ਦਾ ਪਤਾ ਵੀ ਲਗਾਇਆ ਜਾ ਸਕਦਾ ਹੈ। ਇਸ ਨੂੰ ਹੋਰ ਸਮਝਣ ਲਈ ਇਉਂ ਸਮਝਿਆ ਜਾ ਸਕਦਾ ਹੈ ਕਿ ਜਿਵੇਂ ਹਰ ਕਿਤਾਬ ਲੇਖਕ, ਭਾਸ਼ਾ ਅਤੇ ਵਿਸ਼ੇ ਦੇ ਪੱਖ ਤੋਂ ਅਲੱਗ-ਅਲੱਗ ਹੁੰਦੀ ਹੈ, ਭਾਵ ਕਿ ਹਰ ਕਿਤਾਬ ਦਾ ਡੀਐਨਏ ਵੀ ਅਲੱਗ-ਅਲੱਗ ਹੁੰਦਾ ਹੈ।

ਅਜਿਹੀ ਤਕਨੀਕ ਦੀ ਵਰਤੋਂ ਕਰਕੇ ਮਨੁੱਖੀ ਜ਼ਿੰਦਗੀਆਂ ਬਚਾਈਆਂ ਜਾਣ, ਉਮਰ ‘ਚ ਵਾਧਾ ਕੀਤਾ ਜਾਵੇ ਤਾਂ ਇਹ ਤਕਨੀਕ ਮਾਨਵ ਜੀਵਾਂ ਅਤੇ ਬਨਸਪਤੀ ਲਈ ਲਾਹੇਵੰਦੀ ਰਹੇਗੀ। ਪਰ ਹੁਣ ਤੱਕ ਜੋ ਕੁੱਝ ਸਾਹਮਣੇ ਆਇਆ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੂੰਜੀਪਤੀਆਂ ਵਲੋਂ ਨਿਰੋਲ ਮੁਨਾਫੇ ਦੀ ਹਵਸ ਪੂਰੀ ਕਰਨ ਲਈ ਇਸ ਤਕਨੀਕ ਦੀ ਵਰਤੋਂ ਕਰਕੇ ਮੰਡੀ ‘ਤੇ ਕਬਜ਼ਾ ਜਮਾਇਆ ਜਾ ਰਿਹਾ ਹੈ।

ਜੀਨ ਤਬਦੀਲੀ ਨੂੰ ਹੋਰ ਸਮਝਣ ਲਈ ਇਓਂ ਸਮਝਿਆ ਜਾ ਸਕਦਾ ਹੈ ਕਿ ਜਿਵੇਂ ਕਿਸੇ ਕਿਤਾਬ ਦੇ ਕੁੱਝ ਅੱਖਰ ਬਦਲ ਕੇ ਉਸ ਥਾਂ ਕੋਈ ਬਦਲਵੇਂ ਅੱਖ਼ਰ ਫਿੱਟ ਕਰ ਦਿੱਤੇ ਜਾਣ। ਬਾਹਰੋਂ ਦੇਖਣ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਅੰਦਰੋਂ ਇਸ ਕਿਤਾਬ ਦੇ ਅੱਖ਼ਰ ਬਦਲ ਦਿੱਤੇ ਗਏ ਹਨ। ਇਹ ਅੱਖ਼ਰ ਬਦਲਣ ਦਾ ਹੀ ਕਮਾਲ ਹੋਵੇਗਾ ਕਿ ਕਿਤਾਬ ਦੇ ਵਿਸ਼ਾ ਵਸਤੂ ‘ਚ ਮਨਚਾਹੇ ਗੁਣ ਅਤੇ ਔਗੁਣ ਪੈਦਾ ਕੀਤੇ ਜਾ ਸਕਣਗੇ।

1997 ‘ਚ ਕਈ ਵੱਡੀਆਂ ਬਾਇਓਟੈਕ ਕੰਪਨੀਆਂ ਅਤੇ ਪੁਰਾਣੀਆਂ ਖੇਤੀ ਵਪਾਰ ਕੰਪਨੀਆਂ ਵਲੋਂ ਬਣਾਈਆਂ ਜੀਐਮ ਫ਼ਸਲਾਂ ਦੀ ਖੇਤੀ ਅਰਜਨਟਾਈਨਾ, ਆਸਟ੍ਰੇਲੀਆ, ਕੈਨੇਡਾ, ਚੀਨ ਅਤੇ ਅਮਰੀਕਾ ‘ਚ ਕੀਤੀ ਜਾਣ ਲੱਗੀ। 2002 ‘ਚ 9 ਵਿਕਾਸਸ਼ੀਲ ਦੇਸ਼ਾਂ ਸਮੇਤ 16 ਦੇਸ਼ਾਂ ‘ਚ 15 ਕਰੋੜ ਏਕੜ ਖੇਤੀ ਰਕਬੇ ‘ਤੇ ਜੀਐਮ ਫ਼ਸਲਾਂ ਦੀ ਖੇਤੀ ਹੋਣ ਲੱਗੀ। ਸਾਡੇ ਦੇਸ਼ ‘ਚ ਇਨ੍ਹਾਂ ਦੋਗਲੇ ਬੀਜਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਬੀਟੀ ਨਰਮਾ ਭਾਰਤ ‘ਚ ਪਹਿਲਾਂ 6 ਰਾਜਾਂ; ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਾਮਲਨਾਡੂ ‘ਚ ਬੀਜਣ ਲਈ ਪ੍ਰਵਾਨ ਕੀਤਾ ਗਿਆ। 2005 ‘ਚ ਹਰਿਆਣਾ, ਪੰਜਾਬ ਅਤੇ ਰਾਜਸਥਾਨ ‘ਚ ਵੀ ਇਸ ਦੀ ਬਿਜਾਈ ਦੀ ਇਜ਼ਾਜਤ ਦੇ ਦਿੱਤੀ ਗਈ। ਦੋਗਲੇ (ਬੀਟੀ) ਬੀਜ ਹਰ ਵਾਰ ਨਵੇਂ ਖਰੀਦਣੇ ਪੈਂਦੇ ਹਨ ਅਤੇ ਇੰਨ੍ਹਾਂ ਨੂੰ ਸੰਭਾਲ ਕੇ ਅਗਲੀ ਫ਼ਸਲ ਬੀਜਣ ਲਈ ਨਹੀਂ ਰੱਖਿਆ ਜਾ ਸਕਦਾ ਜਿਵੇਂ ਸਾਡੀ ਰਵਾਇਤੀ ਖੇਤੀ ‘ਚ ਹਜ਼ਾਰਾਂ ਸਾਲਾਂ ਤੋਂ ਹੁੰਦਾ ਆ ਰਿਹਾ ਸੀ।
ਖੇਤੀ ਇੱਕ ਦਿਨ ‘ਚ ਆਰੰਭ ਨਹੀਂ ਹੋਈ ਸਗੋਂ 10-12 ਹਜ਼ਾਰ ਈਸਾ ਪੂਰਵ ਤੋਂ ਆਰੰਭ ਹੋਈ ਦੱਸੀ ਜਾਂਦੀ ਹੈ। ਸੰਸਾਰ ‘ਚ ਫ਼ਸਲਾਂ ਦੀਆਂ ਅੰਦਾਜ਼ਨ 5000 ਕਿਸਮਾਂ ਹਨ ਅਤੇ ਜੇ ਸਾਗ ਸਬਜ਼ੀਆਂ ਨੂੰ ਵੀ ਜੋੜ ਲਿਆ ਜਾਵੇ ਤਾਂ ਇਨ੍ਹਾਂ ਦੀ ਗਿਣਤੀ 20 ਹਜ਼ਾਰ ਦੇ ਕਰੀਬ ਪੁੱਜ ਜਾਂਦੀ ਹੈ। ਵਿਕਸਤ ਦੇਸ਼ ਅੱਜ ਵੀ ਵਿਦੇਸ਼ ‘ਚੋਂ ਕਿਸੇ ਨੂੰ ਬੀਜ ਲਿਆਉਣ ਦੀ ਆਗਿਆ ਨਹੀਂ ਦਿੰਦੇ। ਇਥੋਂ ਤੱਕ ਕਿ ਕੁੱਝ ਦੇਸ਼ ਤਾਂ ਵਿਦੇਸ਼ਾਂ ‘ਚੋਂ ਸ਼ਹਿਦ ਲਿਆਉਣ ਦੀ ਵੀ ਇਜਾਜ਼ਤ ਨਹੀਂ ਦਿੰਦੇ। ਮਨੁੱਖੀ ਸਰੀਰ ਆਪੋ ਆਪਣੇ ਇਲਾਕੇ ਦੀਆਂ ਫ਼ਸਲਾਂ ਜਾਂ ਸਬਜ਼ੀਆਂ ਖਾਣ ਦਾ ਆਦੀ ਹੋ ਚੁੱਕਾ ਹੈ। ਸਰੀਰ ‘ਚ ਕੁੱਝ ਤੱਤ ਅਜਿਹੇ ਬਣਦੇ ਹਨ, ਜਿਹੜੇ ਭੋਜਨ ਨੂੰ ਆਸਾਨੀ ਨਾਲ ਪਚਾਉਣ ‘ਚ ਮਦਦ ਕਰਦੇ ਹਨ।

ਨਵੀਂ ਤਕਨੀਕ ਨਾਲ ਬਣਨ ਵਾਲੇ ਨਵੇਂ ਪਦਾਰਥ ‘ਚ ਪ੍ਰੋਟੀਨ ਯੁਕਤ ਬਣਾਏ ਆਲੂ, ਜਿਸ ਦਾ ਨਾਮ ਪ੍ਰੋਟੈਟੋ ਰੱਖਿਆ ਗਿਆ ਹੈ, ‘ਚ ਆਮ ਆਲੂ ਨਾਲੋਂ 40 ਪ੍ਰਤੀਸ਼ਤ ਜਿਆਦਾ ਪ੍ਰੋਟੀਨ ਦੱਸੀ ਜਾ ਰਹੀ ਹੈ। ਦਾਅਵਾ ਇਹ ਕੀਤਾ ਗਿਆ ਹੈ ਕਿ ਇਸ ਨਾਲ ਬਾਲਾਂ, ਖਾਸ ਕਰ ਵਿਕਾਸਸ਼ੀਲ ਦੇਸ਼ਾਂ ਦੇ ਬੱਚਿਆਂ ਦੀ ਪ੍ਰੋਟੀਨ ਦੀ ਜ਼ਰੂਰਤ ਪੂਰੀ ਹੋ ਸਕੇਗੀ। ਮਾਹਿਰਾਂ ਮੁਤਾਬਿਕ ਆਮ 100 ਗਰਾਮ ਆਲੂ ‘ਚ 1.6 ਗਰਾਮ ਪ੍ਰੋਟੀਨ ਹੁੰਦੀ ਹੈ ਅਤੇ ਪ੍ਰੋਟੈਟੋ ‘ਚ 2.8 ਗਰਾਮ ਹੁੰਦੀ ਹੈ। ਜੇ ਇੱਕ ਬੱਚੇ ਦੀ ਰੋਜ਼ ਦੀ 30 ਗਰਾਮ ਜ਼ਰੂਰਤ ਪੂਰੀ ਕਰਨੀ ਹੋਵੇ ਤਾਂ ਇੱਕ ਬੱਚੇ ਨੂੰ ਹਰ ਰੋਜ਼ ਡੇਢ-ਦੋ ਕਿਲੋ ਪ੍ਰੋਟੈਟੋ ਖਵਾਉਣੇ ਪੈਣਗੇ। ਜਦੋਂ ਕਿ ਕਣਕ ਅਤੇ ਦਾਲਾਂ ‘ਚ ਪ੍ਰੋਟੀਨ ਦੀ ਮਾਤਰਾ 20-30 ਪ੍ਰਤੀਸ਼ਤ ਹੁੰਦੀ ਹੈ। ਇਸ ਤਰ੍ਹਾਂ ਨਵੇਂ ਬਣਾਏ ਸੁਨਹਿਰੇ ਚੌਲਾਂ ਬਾਬਤ ਦਾਅਵਾ ਇਹ ਕੀਤਾ ਗਿਆ ਹੈ ਕਿ ਇਸ ‘ਚ ਵਿਟਾਮਿਨ ਏ ਦੀ ਮਾਤਰਾ ਵੱਧ ਹੁੰਦੀ ਹੈ ਜਦੋਂ ਕਿ ਇਸ ਦੇ ਮੁਕਾਬਲੇ ਗਾਜਰ, ਚੁਕੰਦਰ ਤੇ ਹੋਰ ਸਬਜ਼ੀਆਂ ‘ਚ ਵਿਟਾਮਿਨ ਏ ਦੀ ਮਾਤਰਾ ਕਿਤੇ ਵੱਧ ਹੁੰਦੀ ਹੈ। ਪ੍ਰੋਟੈਟੋ ਅਤੇ ਸੁਨਹਿਰੇ ਚੌਲਾਂ ਵਰਗੀਆਂ ਵਸਤਾਂ ਨੇ ਸਾਡੇ ਸਰੀਰ ‘ਚ ਬਣਨ ਵਾਲ ਇੰਜਾਈਮ ‘ਤੇ ਨਾਂਹ ਪੱਖੀ ਅਸਰ ਪਾਉਣਾ ਹੈ ਕਿਉਂਕਿ ਇਹ ਕੁਦਰਤੀ ਤਰੀਕੇ ਨਾਲ ਬਣੇ ਹੋਏ ਪ੍ਰੋਡਕਟਸ ਨਹੀਂ ਹਨ। ਸਬਜ਼ਬਾਗ ਦਿਖਾ ਕੇ ਕੰਪਨੀਆਂ ਲਗਾਤਾਰ ਆਪਣੀ ਚਾਲ ਚੱਲ ਰਹੀਆਂ ਹਨ। ਬੀਟੀ ਕਾਟਨ ਦੇ ਮਾਮਲੇ ‘ਚ ਹੁਣ ਤੱਕ 45 ਕੰਪਨੀਆਂ ਨੇ 809 ਤਰ੍ਹਾਂ ਦੇ ਕਾਟਨ ਦੇ ਬੀਜ ਕੱਢ ਮਾਰੇ ਹਨ। ਇਨ੍ਹਾਂ 45 ਕੰਪਨੀਆਂ ‘ਚੋਂ ਸਿਰਫ਼ ਇੱਕ ਸੈਂਟਰਲ ਇੰਸਟੀਟਿਊਟ ਫਾਰ ਕਾਟਨ ਹੀ ਸਰਕਾਰੀ ਹੈ, ਬਾਕੀ ਸਾਰੀਆਂ ਫਰਮਾਂ ਪ੍ਰਾਈਵੇਟ ਹਨ।

ਹਰੇ ਇਨਕਲਾਬ ਦੇ ਲੰਬੇ ਅਰਸੇ ਦੌਰਾਨ ਅਸੀਂ ਇਸ ਦੀਆਂ ਅਸਲਫਤਾਵਾਂ ਨੂੰ ਸਮਝਣ ਦੀ ਲੋੜ ਹੀ ਨਹੀਂ ਸਮਝੀ। ਇਸ ਇਨਕਲਾਬ ਨੇ ਅਸਲ ‘ਚ ਦਿਓ ਕੱਦ ਦੇਸੀ-ਵਿਦੇਸ਼ੀ ਬੀਜ ਅਤੇ ਨਦੀਨ ਨਾਸ਼ਕ ਕੰਪਨੀਆਂ ਤੇ ਖੇਤੀ ਨਾਲ ਸਬੰਧਤ ਹੋਰਨਾਂ ਦਿਓ ਕੱਦ ਉਦਯੋਗਾਂ ਦਾ ਹੀ ਢਿੱਡ ਭਰਿਆ ਹੈ। ਅਤੇ, ਹੁਣ ਇਸੇ ਹੀ ਰਸਾਇਣਕ ਸਨਅਤ ਨੇ ਜੀਨ ਸਨਅਤ ਦਾ ਮਖੌਟਾ ਪਹਿਨ ਲਿਆ ਹੈ। ਦਾਅਵਾ ਇਹ ਕੀਤਾ ਗਿਆ ਹੈ ਕਿ ਨਵੀਂ ਖੇਤੀ ਨਾਲ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਵਿੱਚ ਭੁੱਖ ਅਤੇ ਕੁਪੋਸ਼ਨ ਦਾ ਸਦਾ ਲਈ ਸਫਾਇਆ ਹੋ ਜਾਵੇਗਾ। ਇਸ ਬਾਇਓ ਟੈਕਨੋਲਜੀ ਨੂੰ ਹੁਲਾਰਾ ਦੇਣ ‘ਚ ਵਿਕਾਸ ਦੇ ਨਾਮ ‘ਤੇ ਸਿਆਸਤਦਾਨਾਂ, ਕੰਪਨੀਆਂ, ਖੇਤੀ ਵਿਗਿਆਨੀਆਂ ਦੇ ਇਕ ਹਿੱਸੇ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਇੱਕ ‘ਗਿਰੋਹ’ ਕੰਮ ਕਰ ਰਿਹਾ ਹੈ। ਭਾਰਤ ਇਨ੍ਹਾਂ ਲਈ ਮਹੱਤਵਪੂਰਨ ਪ੍ਰਯੋਗਸ਼ਾਲਾ ਹੈ। ਇਸ ਤੋਂ ਪਹਿਲਾ ਵੀ ਰਾਊਂਡਅਪ, ਇੰਡੋਸਲਫਾਨ ਵਰਗੀਆਂ ਅਨੇਕਾਂ ਦਵਾਈਆਂ ਦੀ ਵਰਤੋਂ ਇੱਥੇ ਹੁੰਦੀ ਆ ਰਹੀ ਹੈ। ਜਿਨ੍ਹਾਂ ‘ਚੋਂ ਕੁੱਝ ਦਵਾਈਆਂ ‘ਤੇ ਇਕ ਅਰਸੇ ਬਾਅਦ ਪਾਬੰਦੀ ਲਗਾ ਦਿੱਤੀ ਜਾਂਦੀ ਰਹੀ ਹੈ। ਭਾਰਤ ਦੁਨੀਆ ਦੀ ਕੁੱਲ ਕਪਾਹ ਦਾ 12 ਪ੍ਰਤੀਸ਼ਤ ਆਪਣੇ 5 ਪ੍ਰਤੀਸ਼ਤ ਖੇਤੀ ਖੇਤਰ ‘ਚੋਂ ਪੈਦਾ ਕਰਦਾ ਹੈ ਅਤੇ ਇਸ ਦੀ ਖੇਤੀ ‘ਚ 58 ਫ਼ੀਸਦੀ ਕੀਟ ਨਾਸ਼ਕ ਰਸਾਇਣ ਦੀ ਵਰਤੋਂ ਹੁੰਦੀ ਹੈ। ਮੋਂਸੈਂਟੋ ਵਿਦੇਸ਼ੀ ਕੰਪਨੀ ਨੇ 1998 ‘ਚ ਵਾਪਰਕ ਸਮਝੌਤਾ ਕਰਕੇ ਮਹਿਕੋ ਨਾਮ ਦੀ ਭਾਰਤੀ ਕੰਪਨੀ ਨਾਲ ਮਿਲ ਕੇ ਬੀਟੀ ਕਾਟਨ ਦਾ ਬੀਜ ਵੇਚਿਆ। ਮੋਂਸੈਂਟੋ ਦੇ ਇਤਿਹਾਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਦਿਓਕੱਦ ਕੰਪਨੀ ਰਸਾਇਣ ਸਨਅਤ ਤੇ ਵਪਾਰ ਵਿਚ ਪਿਛਲੇ ਸੌ ਸਾਲ ਤੋਂ ਲੱਗੀ ਹੋਈ ਹੈ। ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਖ਼ਤਰਨਾਕ ਜੰਗੀ ਰਸਾਇਣ ਬਣਾਉਣ ਦਾ ਕੰਮ ਵੀ ਇਸ ਕੋਲ ਸੀ। ਵੀਅਤਨਾਮ ਦੀ ਜੰਗ ‘ਚ ਇਸ ਦੇ ਮਾਰੂ ਰਸਾਇਣ ‘ਏਜੰਟ ਆਰੇਂਜ’ ਦੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਰਸਾਇਣਾਂ ਨੇ ਸੈਨਿਕਾਂ ਨੂੰ ਅਨੇਕਾਂ ਬਿਮਾਰੀਆਂ ਨਾਲ ਦੱਬ ਲਿਆ। ਇਨ੍ਹਾਂ ਉਤਪਾਦਾਂ ਨਾਲ ਕੈਂਸਰ ਅਤੇ ਬੱਚਿਆਂ ‘ਚ ਜਨਮਜਾਤ ਰੋਗਾਂ ਦਾ ਪੈਦਾ ਹੋਣਾ ਸਾਬਤ ਹੋ ਚੁੱਕਾ ਹੈ।

ਨਵੀਂ ਵਿਧੀ ਨਾਲ ਬੀਜ ਉਤਪੰਨ ਨਹੀਂ ਹੋਵੇਗਾ, ਫੁੱਲਾਂ ਦਾ ਪਰ ਪਰਾਗਣ ਨਹੀਂ ਹੋਵੇਗਾ। ਹੁਣ ਤੱਕ ਦੀਆਂ ਖੋਜ਼ਾਂ ਦੱਸਦੀਆਂ ਹਨ ਕਿ ਜੀਨ ਫੇਰਬਦਲ ਨਾਲ ਕੀਟਾਂ-ਪਤੰਗਿਆਂ ਦੀਆਂ ਨਵੀਂਆਂ ਕਿਸਮਾਂ ਪੈਦਾ ਹੋ ਗਈਆਂ ਹਨ, ਜਿਹੜੀਆਂ ਪਹਿਲਾਂ ਮੌਜੂਦ ਨਹੀਂ ਸਨ। ‘ਅਪਲਾਈਡ ਅਤੇ ਐਨਵਾਏਰਮੈਂਟਲ ਮਾਈਕ੍ਰਓਬਾਇਲੋਜੀ’ ਨਾਮੀ ਰਸਾਲੇ ‘ਚ ਸਾਲ 1999 ਦੌਰਾਨ ਛਪੇ ਇੱਕ ਖੋਜ ਪੱਤਰ ‘ਚ ਕਿਹਾ ਗਿਆ ਸੀ ਕਿ ਜੀਐਮ ਅਨਾਜ ਨਾਲ ਐਂਟੀਬਾਇਓਟਿਕ ਵਿਰੋਧੀ ਸਮਰਥਾ ਵਿਕਸਤ ਹੋ ਜਾਂਦੀ ਹੈ। ਪੰਜਾਬ ‘ਚ ਬੀਟੀ ਕਾਟਨ ਦੀ ਬਿਜਾਈ ‘ਚ ਕਿੰਨੇ ਕੁ ਕਿਸਾਨਾਂ ਦੇ ਜੀਵਨ ਪੱਧਰ ‘ਚ ਤਬਦੀਲੀ ਆ ਗਈ! ਪਰ ਇਸ ਦੇ ਮੁਕਾਬਲੇ ਨਵੇ, ਗੰਭੀਰ ਖ਼ਤਰੇ ਜ਼ਰੂਰ ਖੜੇ ਹੋਏ ਹਨ। ਇੱਕ ਖੋਜ ਰਸਾਲੇ ‘ਲੈਂਸੇਟ’ ਨੇ ਚਿਤਾਵਨੀ ਦਿੱਤੀ ਹੈ ਕਿ ਜੀਐਮ ਅਨਾਜ ਦੀ ਵਰਤੋਂ ਸਾਡੇ ਭੋਜਨ ‘ਚ ਕਿਸੇ ਵੀ ਕੀਮਤ ‘ਤੇ ਨਹੀਂ ਕਰਨੀ ਚਾਹੀਦੀ। ਇਹ ਨਵੀਂ ਤਕੀਨਕ ‘ਚ ਇਸ ਬਿਲਕੁਲ ਦਾਅਵਾ ਨਹੀਂ ਕੀਤਾ ਜਾ ਰਿਹਾ ਹੈ ਕਿ ਸਾਇੰਸ ਦੀ ਤਰੱਕੀ ਨਾਲ ਹੁਣ ਬੀਜ ਬਿਮਾਰੀਆਂ ਤੋਂ ਮੁਕਤ ਪੈਦਾ ਕੀਤੇ ਜਾ ਸਕਦੇ ਹਨ। ਸਗੋਂ ਆਪਣੀਆਂ ਦਵਾਈਆਂ ਵੇਚਣ ਲਈ ਬੀਜ ਬਿਮਾਰੀ ਯੁਕਤ ਹੀ ਬਣਾਏ ਜਾਣਗੇ। ਜਿਵੇਂ ਕਾਂਗਰਸ ਘਾਹ ਵਿਦੇਸ਼ੀ ਕਣਕ ਦੇ ਨਾਲ ਮੁਫ਼ਤ ‘ਚ ਆਇਆ ਸੀ, ਅਮਰੀਕਨ ਸੁੰਡੀ ਨਰਮੇ ਦੇ ਨਾਲ ਆਈ ਸੀ ਉਵੇਂ ਬੀਟੀ ਕਾਟਨ ਨਾਲ ਕੁੱਝ ਨਵੇਂ ਕੀਟ-ਪਤੰਗੇ ਆ ਗਏ। ਕੁੱਝ ਕੀਟ-ਪਤੰਗੇ ਪਹਿਲਾਂ ਮਾੜੇ ਕਿਸਮ ਦੇ ਕੀੜਿਆਂ ਨੂੰ ਖਾਂਦੇ ਸਨ, ਜਿੰਨ੍ਹਾ ਨੂੰ ਮਿੱਤਰ ਕੀੜੇ ਕਿਹਾ ਜਾਂਦਾ ਸੀ, ਉਹ ਖਤਮ ਹੋ ਗਏ, ਤੇ ਸਿੱਟੇ ਵਜੋਂ ਦਵਾਈਆਂ ‘ਤੇ ਨਿਰਭਰਤਾ ਵੱਧਣ ਲੱਗ ਪਈ।

ਜੀਐਮ/ਬੀਟੀ ਫ਼ਸਲਾਂ ਨਾਲ ਸਾਡੀਆਂ ਉਹਨਾਂ ਵਿਰਾਸਤੀ ਦਵਾਈਆਂ ਨੂੰ ਵੀ ਖ਼ਤਰਾ ਬਣੇਗਾ, ਜਿੰਨ੍ਹਾਂ ਨੂੰ ਅਸੀਂ ਸਦੀਆਂ ਤੋਂ ਇਲਾਜ ਲਈ ਵਰਤਦੇ ਆਏ ਹਾਂ। ਜ਼ਮੀਨ ‘ਤੇ ਇਨ੍ਹਾਂ ਦਾ ਅਸਰ ਹੋਣ ਨਾਲ ਜੜੀਆਂ-ਬੂਟੀਆਂ ਦੇ ਗੁਣਾਂ ‘ਤੇ ਵੀ ਅਸਰ ਪੈਣਾ ਤੈਅ ਹੈ। ਖੋਜ ਨੇ ਦੱਸਿਆ ਕਿ ਬੀਟੀ ਕਾਟਨ ਦੀਆਂ ਜੜ੍ਹਾਂ ‘ਚੋਂ ਨਿਕਲਣ ਵਾਲਾ ਕੋਈ ਰਸ ਜ਼ਮੀਨ ‘ਤੇ ਅਸਰ ਪਾਉਂਦੇ ਹਨ। ਇਸ ਤੋਂ ਪਹਿਲਾ ਬੀਟੀ ਬੈਂਗਣ ਦੀ ਵੀ ਕਾਫੀ ਚਰਚਾ ਹੋ ਚੁੱਕੀ ਹੈ। ਸਬਜ਼ੀ ਦੇ ਰੂਪ ‘ਚ ਇਸ ਦੀ ਵਰਤੋਂ ਸਦੀਆਂ ਤੋਂ ਹੁੰਦੀ ਆਈ ਹੈ। ਇਸ ਦੇ ਜੀਨ ‘ਚ ਕਿਹੜੀ ਤਬਦੀਲੀ ਕਰਕੇ ਇਸ ਨੂੰ ਕੀੜੇ ਪਤੰਗੇ ਤੋਂ ਮੁਕਤ ਤਾਂ ਕੀਤਾ ਜਾ ਸਕਦਾ ਹੈ ਇਹ ਤਾਂ ਪਤਾ ਹੁੰਦਾ ਹੈ ਪਰ ਇਸ ‘ਚ ਨਵੇਂ ਕਿਹੜੇ ਤੱਤ ਜੋੜ ਦਿੱਤੇ ਜਾਣਗੇ, ਇਸ ਬਾਰੇ ਕਿਆਸ ਲਾਉਣਾ ਵੀ ਬਹੁਤ ਔਖਾ ਕੰਮ ਹੈ। ਇਸ ਕਰਕੇ ਹੀ ਹਾਲੇ ਤੱਕ ਬੀਟੀ ਬੈਂਗਣ ਬਿਜਾਈ ਦੀ ਇਜ਼ਾਜਤ ਨਹੀਂ ਦਿੱਤੀ ਗਈ।

ਨਵੇਂ ਖੇਤੀ ਕਾਨੂੰਨਾਂ ਨੂੰ ਇਸ ਨਜ਼ਰੀਏ ਨਾਲ ਵੀ ਦੇਖਣਾ ਚਾਹੀਦਾ ਹੈ ਕਿ ਜਿਵੇਂ ਨਵੀਂ ਖੋਜ ਲਈ ਪਹਿਲਾਂ ਚੂਹਿਆਂ ‘ਤੇ ਪਰੀਖਣ ਕੀਤੇ ਜਾਂਦੇ ਹਨ, ਉਵੇਂ ਵਿਕਾਸਸ਼ੀਲ ਦੇਸ਼ਾਂ ‘ਚ ਬੀਟੀ ਫ਼ਸਲਾਂ ਦੇ ਤਜ਼ਰਬੇ ਕੀਤੇ ਜਾਣਗੇ ਇੰਜ ਇੰਨ੍ਹਾ ਦੇਸ਼ਾਂ ਦਾ ਸਮੁੱਚਾ ਚੌਗਿਰਦਾ ਅਤੇ ਹਰ ਜੀਵਤ ਚੀਜ਼ ਪ੍ਰਯੋਗਸ਼ਾਲਾਵਾਂ ਦੇ ‘ਚੂਹੇ-ਡੱਡੂ’ ਬਣ ਜਾਣਗੇ। ਖਾਣ ਲਈ ਕਣਕ ਅਤੇ ਚੌਲ ਆਦਿ ਤਾਂ ਵਿਕਸਤ ਦੇਸ਼ਾਂ ‘ਚ ਵੀ ਬੀਜੇ ਜਾ ਸਕਦੇ ਹਨ। ਸਾਡੇ ਦੇਸ਼ ‘ਚ ਹਰ ਤਰ੍ਹਾਂ ਦਾ ਵਾਤਾਵਰਣ ਹੋਣ ਕਾਰਨ ਅਜਿਹੀਆਂ ਕੰਪਨੀਆਂ ਨੂੰ ਤਜ਼ਰਬੇ ਕਰਨ ਲਈ ਵੀ ਜਰਖੇਜ਼ ਜ਼ਮੀਨ ਉਪਲੱਭਧ ਹੋ ਜਾਵੇਗੀ। ਹਰੇ ਇਨਕਲਾਬ ਦੌਰਾਨ ਪੈਦਾ ਹੋਈਆਂ ਚਣੌਤੀਆਂ ਦਾ ਹੱਲ ਕਰਨ ਦੀ ਥਾਂ ਗੇਂਦ ਹੋਰ ਪਾਸੇ ਰੋੜ੍ਹਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਦਿਓਕੱਦ ਦੇਸੀ-ਵਿਦੇਸ਼ੀ ਕੰਪਨੀਆਂ ਨੂੰ ਮੁਨਾਫ਼ੇ ਤੋਂ ਬਿਨ੍ਹਾਂ ਕੁੱਝ ਨਜ਼ਰ ਨਹੀਂ ਆ ਰਿਹਾ। ਜੇ ਸਿਰਫ਼ ਲੋਕਾਂ ਦੇ ਢਿੱਡ ਭਰਨ ਦਾ ਸਵਾਲ ਹੀ ਤੰਗ ਕਰ ਰਿਹਾ ਹੈ ਤਾਂ ਜ਼ਮੀਨੀ ਸੁਧਾਰ ਲਾਗੂ ਕਰਨ ਅਤੇ ਹਰੇ ਇਨਕਲਾਬ ਦੀਆਂ ਚੋਰ ਮੋਰੀਆਂ ਨੂੰ ਕਾਬੂ ਕਰਕੇ ਇਹ ਕਾਰਜ ਅਰਾਮ ਨਾਲ ਪੂਰਾ ਕੀਤਾ ਜਾ ਸਕਦਾ ਹੈ।

Scroll To Top