Now Reading
ਬਾਦਲ ਦੀ ਸਮਝਦਾਰੀ ਬਹੁਤ ਹੀ ਸ਼ਰਮਨਾਕ, ਲੋਕ ਵਿਰੋਧੀ ਤੇ ਗੈਰ ਜ਼ਿੰਮੇਵਾਰਾਨਾ ਕਰਾਰ

ਬਾਦਲ ਦੀ ਸਮਝਦਾਰੀ ਬਹੁਤ ਹੀ ਸ਼ਰਮਨਾਕ, ਲੋਕ ਵਿਰੋਧੀ ਤੇ ਗੈਰ ਜ਼ਿੰਮੇਵਾਰਾਨਾ ਕਰਾਰ

ਜਲੰਧਰ – ਭਾਜਪਾ ਦੀ ਪੋਲ ਖੋਲ ਰੈਲੀ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਭਾਸ਼ਨ ਵਿਚ ਇਹ ਕਹਿਣਾ ਕਿ ”ਹਿੰਦੋਸਤਾਨ ਰਹੇ ਨਾ ਰਹੇ, ਸਾਡਾ ਗਠਜੋੜ (ਭਾਵ ਅਕਾਲੀ-ਭਾਜਪਾ ਗਠਜੋੜ) ਸਦਾ ਕਾਇਮ ਰਹੇਗਾ,” ਉਪਰ ਟਿੱਪਣੀ ਕਰਦਿਆਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਤੇ ਸੂਬਾਈ ਸਕੱਤਰ ਹਰਕੰਵਲ ਸਿੰਘ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸ਼੍ਰੀ ਬਾਦਲ ਦੀ ਇਹ ਸਮਝਦਾਰੀ ਬਹੁਤ ਹੀ ਸ਼ਰਮਨਾਕ, ਲੋਕ ਵਿਰੋਧੀ ਤੇ ਗੈਰ ਜ਼ਿੰਮੇਵਾਰਾਨਾ ਹੈ। ਦੋਵਾਂ ਆਗੂਆਂ ਨੇ ਸ਼੍ਰੀ ਬਾਦਲ ਦੀ ਇਸ ਟਿੱਪਣੀ ਦੀ ਸਖਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਸਾਰਾ ਦੇਸ਼ ਇਕ ਪਾਸੇ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਭਾਜਪਾ ਸਰਕਾਰ ਦੀਆਂ ਤਬਾਹਕੁੰਨ ਆਰਥਿਕ ਨੀਤੀਆਂ ਤੋਂ ਤਰਾਹ ਤਰਾਹ ਕਰ ਉਠਿਆ ਹੈ ਤੇ ਦੂਸਰੇ ਬੰਨ੍ਹੇ ਸੰਘ ਪਰਿਵਾਰ ਦੀਆਂ ਫਿਰਕੂ ਗਤੀਵਿਧੀਆਂ ਤੇ ਵੱਖ ਵੱਖ ਲੱਠਮਾਰ ਸੈਨਾਵਾਂ ਵਲੋਂ ਧਾਰਮਿਕ ਘੱਟ ਗਿਣਤੀਆਂ, ਦਲਿਤਾਂ ਔਰਤਾਂ ਤੇ ਅਗਾਂਹਵਧੂ ਲੋਕਾਂ ਉਪਰ ਕੀਤੇ ਜਾ ਰਹੇ ਹਿੰਸਕ ਹਮਲਿਆਂ ਕਾਰਨ ਸਾਰੇ ਪਾਸੇ ਪਸਰੀ ਅਰਾਜਕਤਾ, ਅਸਹਿਨਸ਼ੀਲਤਾ ਤੇ ਅਸੁਰੱਖਿਆ ਦੀ ਭਾਵਨਾ ਕਾਰਨ ਭਗਵੇਂ ਬ੍ਰਿਗੇਡ ਦਾ ਖਤਰਨਾਕ ਚਿਹਰਾ ਪੇਪਰਦ ਹੋ ਰਿਹਾ ਹੈ, ਉਸ ਸਮੇਂ ਸੁਖਬੀਬ ਸਿੰਘ ਬਾਦਲ ਦਾ ਉਪਰੋਕਤ ਹੋਸ਼ਾ ਤੇ ਬੇਅਸੂਲਾ ਬਿਆਨ ਅਕਾਲੀ ਨੇਤਾਵਾਂ ਦੇ ਨਿਘਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਆਰ.ਐਮ.ਪੀ.ਆਈ ਅਕਾਲੀ ਦਲ-ਭਾਜਪਾ ਦੇ ਇਸ ਲੋਕ ਵਿਰੋਧੀ ਗਠਜੋੜ ਤੇ ਫਿਰਕੂ ਵਿਚਾਰਧਾਰਾ ਨੂੰ ਰਾਜਨੀਤਕ ਤੇ ਵਿਚਾਰਧਾਰਕ ਯਤਨਾਂ ਰਾਹੀਂ ਨੰਗਿਆਂ ਕਰੇਗੀ।
ਸਾਥੀ ਪਾਸਲਾ ਤੇ ਹਰਕੰਵਲ ਸਿੰਘ ਨੇ ਅੱਗੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਕਿ ਸਮੁੱਚੇ ਦੇਸ਼ ਤੇ ਪੰਜਾਬ ਦੇ ਮਿਹਨਤਕਸ਼ ਲੋਕ ਭਾਜਪਾ-ਅਕਾਲੀ ਦਲ ਗਠਜੋੜ ਦੀ ਕੇਂਦਰੀ ਸਕਰਾਰ ਤੇ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਜਿਸਨੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਛਿੱਕੇ ਹੀ ਨਹੀਂ ਟੰਗੇ, ਬਲਕਿ ਆਪਣੇ ਜਮਾਤੀ ਸੁਭਾਅ ਮੁਤਾਬਕ ਆਮ ਲੋਕਾਂ ਉਪਰ ਹੋਰ ਅਸਹਿ ਆਰਥਿਕ ਭਾਰ ਲੱਦ ਦਿੱਤਾ ਹੈ, ਦੇ ਵਿਰੁੱਧ ਉਠ ਰਹੇ ਸੰਘਰਸ਼ਾਂ ਦੀ ਲਾਟ ਨੂੰ ਹੋਰ ਸੂਹਾ ਰੰਗ ਦੇਣ ਲਈ ਮੈਦਾਨ ਵਿਚ ਨਿੱਤਰਣ ਅਤੇ ਨਿਰੰਤਰ ਤੇ ਲਹੂ ਵੀਂਟਵੇਂ ਸੰਘਰਸ਼ਾਂ ਤੋਂ ਬਿਨਾਂ ਮਿਹਨਤਕਸ਼ ਲੋਕਾਂ ਕੋਲ ਆਪਣੀ ਹੋਂਦ ਬਚਾਉਣ ਲਈ ਹੁਣ ਹੋਰ ਕੋਈ ਚਾਰਾ ਹੀ ਨਹੀਂ ਹੈ। ਬੇਕਾਰੀ, ਮਹਿੰਗਾਈ, ਕਰਜ਼ਜਾਲ ਤੋਂ ਛੁਟਕਾਰਾ ਪਾਉਣ ਲਈ ਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਪ੍ਰਚੰਡ ਰੋਹ ਦਾ ਪ੍ਰਗਟਾਵਾ ਕਰਨ ਲਈ ਆਰ.ਐਮ.ਪੀ.ਆਈ. ਵਲੋਂ 23 ਮਾਰਚ ਤੋਂ 31 ਮਾਰਚ ਤੱਕ ਜ਼ਿਲ੍ਹਾ ਕੇਂਦਰਾਂ ਉਪਰ ਕੀਤੇ ਜਾ ਰਹੇ ‘ਲੋਕ ਮਾਰਚਾਂ’ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਹਨਾਂ ਨੇ ਸਮੂਹ ਲੋਕਾਂ ਨੂੰ ਭਰਵਾਂ ਸਹਿਯੋਗ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਹੈ।

Scroll To Top