Now Reading
ਬਸ ਸਟਾਪ ਬਣਾਉਣ ਅਤੇ ਵਿਦਿਆਰਥੀਆਂ ਲਈ ਬਸ ਸਰਵਿਸ ਚਾਲੂ ਕਰਵਾਉਣ ਲਈ ਦਿੱਤਾ ਮੰਗ ਪੱਤਰ

ਬਸ ਸਟਾਪ ਬਣਾਉਣ ਅਤੇ ਵਿਦਿਆਰਥੀਆਂ ਲਈ ਬਸ ਸਰਵਿਸ ਚਾਲੂ ਕਰਵਾਉਣ ਲਈ ਦਿੱਤਾ ਮੰਗ ਪੱਤਰ

ਸਰਦੂਲਗੜ੍ਹ, 16 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਪੰਜਾਬ ਸਟੂਡੈਂਟਸ ਫੈਡਰੇਸ਼ਨ ਇਕਾਈ ਬਲਰਾਜ ਸਿੰਘ ਭੂੰਦੜ ਯੂਨਿਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਐਸਡੀਐੱਮ ਨੂੰ ਕਾਲਜ ਵਾਲੇ ਕੰਡੇ ਤੋਂ ਕਚਹਿਰੀਆਂ ਤਕ ਵੱਡੀ ਗਿਣਤੀ ਵਿਚ ਮਾਰਚ ਕਰਕੇ ਸਰਕਾਰੀ ਪੇਂਡੂ ਬੱਸ ਸਰਵਿਸ ਦੇ ਰੂਟ ਚਲਾਉਣ ਲਈ ਕਾਲਜ ਵਾਲੇ ਕੰਡੇ ਉੱਪਰ ਪੀਆਰਟੀਸੀ ਬੱਸ ਸਟਾਪ ਬਨਾਉਣ ਲਈ ਮੰਗ ਪੱਤਰ ਦਿੱਤਾ। ਮੰਗ ਪੱਤਰ ਦੇਣ ਵੇਲੇ ਪੰਜਾਬ ਸਟੂਡੈਂਟਸ ਫੈਡਰਸ਼ਨ ਦੇ ਆਗੂ ਨਿਰਮਲ ਕੌਰ ਲੋਹਗੜ੍ਹ, ਨਵਦੀਪ ਕੌਰ ਅਤੇ ਰਮਨਦੀਪ ਕੌਰ ਨੇ ਕਿਹਾ ਕਿ ਕਾਲਜ ਵਿਚ ਪੜ੍ਹਦੇ ਵਿਦਿਆਰਥੀ 50-60 ਰੁਪਏ ਲਗਾ ਕੇ ਰੋਜਾਨਾਂ ਕਾਲਜ ਤੱਕ ਪਹੁੰਚ ਰਹੇ ਹਨ ਕਿਉਂਕਿ ਪ੍ਰਾਈਵੇਟ ਬੱਸ ਚਾਲਕਾਂ ਨੇ ਡੀਜ਼ਲ ਦੀਆਂ ਵੱਧ ਕੀਮਤਾਂ ਦੇ ਨਾਂ ਤੇ ਕਿਰਾਇਆ ਵਧਾ ਦਿੱਤਾ ਹੈ। ਇਸ ਕਰਕੇ ਵਿਦਿਆਰਥੀਆਂ ਨੂੰ ਭਾਰੀ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਿਦਿਆਰਥੀ ਆਰਥਿਕ ਹਾਲਤ ਪਤਲੀ ਹੋਣ ਕਰਕੇ ਕਿਰਾਇਆ ਦੇਣ ਵਿਚ ਅਸਮਰਥ ਹਨ ਅਤੇ ਇਸ ਕਰਕੇ ਓਹ ਕਾਲਜ ਨਹੀਂ ਆ ਪਾਉਂਦੇ ਜਾਂ 5-6 ਕਿਲੋਮੀਟਰ ਦਾ ਸਫ਼ਰ ਪੈਦਲ ਤਹਿ ਕਰਕੇ ਪੜ੍ਹਨ ਪਹੁੰਚਦੇ ਹਨ।

ਇਸ ਮੌਕੇ ਪੀਐੱਸਐੱਫ ਦੇ ਤਹਿਸੀਲ ਪ੍ਰਧਾਨ ਖੁਸ਼ਪ੍ਰੀਤ ਕੌਰ ਅਤੇ ਤਹਿਸੀਲ ਸਕੱਤਰ ਗਗਨਦੀਪ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਟਰਾਂਸਪੋਰਟ ਦਾ ਭੱਠਾ ਬਿਠਾ ਦਿੱਤਾ ਹੈ, ਪੇਂਡੂ ਬੱਸ ਸਰਵਿਸ ਖਤਮ ਕਰ ਦਿੱਤੀ ਹੈ ਜਿਸ ਕਾਰਨ ਪੇਂਡੂ ਵਿਦਿਆਰਥੀਆਂ ਦਾ ਸਿੱਖਿਆ ਦਾ ਹੱਕ ਅਸਿਧੇ ਤੌਰ ਉਪਰ ਖੋਹਿਆ ਜਾ ਰਿਹਾ ਹੈ। ਜੇਕਰ ਉਹ ਕਾਲਜ ਪਹੁੰਚ ਹੀ ਨਾ ਸਕਣਗੇ ਤਾਂ ਪੜ੍ਹਨਗੇ ਕਿਸ ਤਰਾਂ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਝੰਡਾ ਮਾਨਖੇੜਾ ਰੂਟ ਖੇਰਾ ਕਰੰਡੀ ਰੂਟ ਅਤੇ ਆਹਲੂਪੁਰ ਲੋਹਗੜ੍ਹ ਰੂਟ ਉੱਪਰ ਪੇਂਡੂ ਸਰਕਾਰੀ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ। ਕਾਲਜ ਵਾਲੇ ਕੰਡੇ ਉੱਪਰ ਪੀਆਰਟੀਸੀ ਬੱਸ ਸਟਾਪ ਬਣਾਇਆ ਜਾਵੇ।

ਮੰਗ ਪੱਤਰ ਦੇਣ ਵੇਲੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਐਸਡੀਐਮ ਸਰਦੂਲਗੜ੍ਹ ਨੇ ਡੀਸੀ ਮਾਨਸਾ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਸੁਲਝਉਣ ਦਾ ਭਰੋਸਾ ਦਿੱਤਾ ਅਤੇ ਅਗਲੀ ਮੀਟਿਗ ਲਈ ਇਕ ਹਫਤੇ ਦਾ ਸਮਾਂ ਮੰਗਿਆ। ਵਿਦਿਆਰਥੀ ਆਗੂ ਪਵਨ ਖੈਰਾ ਅਤੇ ਹਣੀ ਸਰਦੂਲਗੜ੍ਹ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੋਰ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸਰਕਾਰੀ ਸਕੂਲ ਸਰਦੂਲਗੜ੍ਹ (ਲੜਕੇ) ਦੇ ਪੀਐੱਸਐੱਫ ਯੂਨਿਟ ਨੇ ਵੀ ਸ਼ਿਰਕਤ ਕੀਤੀ।

Scroll To Top