Now Reading
ਬਲਾਤਕਾਰੀ ਬਿਸ਼ਪ ਫਰੈਂਕੋ ਮੁਲੱਕਲ ਨੂੰ ਦੇਣਾ ਪਿਆ ਅਸਤੀਫ਼ਾ ਔਰਤਾਂ ਦੀ ਦਸ਼ਾ

ਬਲਾਤਕਾਰੀ ਬਿਸ਼ਪ ਫਰੈਂਕੋ ਮੁਲੱਕਲ ਨੂੰ ਦੇਣਾ ਪਿਆ ਅਸਤੀਫ਼ਾ ਔਰਤਾਂ ਦੀ ਦਸ਼ਾ

ਔਰਤਾਂ ਦੀ ਦਸ਼ਾ
ਸਾਡੇ ‘ਭਾਰਤ ਮਹਾਨ’ ਅੰਦਰ ਔਰਤਾਂ ਦੀ ਕੀ ਦਸ਼ਾ ਹੈ, ਇਸ ਨੂੰ ਦਰਸਾਉਣ ਲਈ ਸਤੰਬਰ ਮਹੀਨੇ ਦੂਸਰੇ ਹਫਤੇ ਵਾਪਰੀਆਂ ਕੁੱਝ ਘਟਨਾਵਾਂ ਹੀ ਕਾਫੀ ਹਨ। ਹਰਿਆਣਾ ਦੇ ਰਿਵਾੜੀ ‘ਚ ਬਾਰ੍ਹਵੀਂ ਜਮਾਤ ‘ਚ ਟਾਪ ਕਰਨ ਵਾਲੀ ਇਕ ਉਨੀ ਸਾਲਾਂ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਦੀ ਸ਼ਰਮਨਾਕ ਘਟਨਾ ਵਾਪਰੀ। ਰੋਹਤਕ ‘ਚ ਚਾਰ ਸਾਲ ਦੀ ਬੱਚੀ ਨਾਲ ਚਾਰ ਜਣਿਆਂ ਨੇ ਦਰਿੰਦਗੀ ਕੀਤੀ ਤੇ ਜੀਂਦ ‘ਚ ਇਕ ਔਰਤ ਨਾਲ ਬਲਾਤਕਾਰ ਕੀਤਾ ਗਿਆ।
ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਇਕ ਸਕੂਲ ਦੀ ਦੱਸਵੀਂ ਦੀ ਵਿਦਿਆਰਥਣ ਨਾਲ ਹੋਸਟਲ ‘ਚ 4 ਨਾਬਾਲਗ ਲੜਕਿਆਂ ਨੇ ਬਲਾਤਕਾਰ ਕੀਤਾ।
ਉਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ‘ਚ ਇਕ 8 ਸਾਲ ਦੀ ਬੱਚੀ ਨਾਲ ਕਿਸੇ ਅਣਪਛਾਤੇ ਨੇ ਬਲਾਤਕਾਰ ਕੀਤਾ।
ਦਿੱਲੀ ਦੇ ਸ਼ਹਾਦਰਾ ਇਲਾਕੇ ‘ਚ ਇਕ 7 ਸਾਲ ਦੀ ਬੱਚੀ ਨਾਲ ਇਕ 21 ਸਾਲ ਦੇ ਮੁੰਡੇ ਨੇ ਬਲਾਤਕਾਰ ਕੀਤਾ।
ਇਹ ਘਟਨਾਵਾਂ ਸਾਡੇ ਸਮਾਜਕ ਤਾਣੇਬਾਣੇ ਲਈ ਇਕ ਸ਼ੀਸ਼ਾ ਹਨ।

ਜਲੰਧਰ ਦੇ ਬਲਾਤਕਾਰੀ ਬਿਸ਼ਪ ਫਰੈਂਕੋ ਮੁਲੱਕਲ ਨੂੰ ਆਖਰਕਾਰ ਵੈਟੀਕਰਨ ਦੀਆਂ ਹਦਾਹਿਤਾਂ ‘ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਇਹ ਉਹੀ ਬਿਸ਼ਪ ਹੈ ਜੋ ਆਪਣੇ ਆਪ ਨੂੰ ਨਿਰਦੋਸ਼ ਦੱਸ ਰਿਹਾ ਸੀ ਤੇ ਆਪਣੇ ਅਹੁਦੇ ਦੇ ਦਬਾਅ ਸਦਕਾ ਆਪਣੇ ਆਪ ਦੇ ਸਰਵਉਚ ਹੋਣ ਦਾ ਭਰਮ ਪਾਲੀ ਬੈਠਾ ਸੀ। ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਇਹ ਬਿਸ਼ਪ ਇਕ ਇਸਾਈ ਸਾਧਵੀ (ਨੰਨ) ਨੂੰ ਲਗਾਤਾਰ ਤਿੰਨ ਸਾਲ (2014-2016) ਬਲਾਤਕਾਰ ਦਾ ਸ਼ਿਕਾਰ ਬਣਾਉਂਦਾ ਰਿਹਾ। ਇਹ ਸਮਾਜਕ ਕਲੰਕ ਤੇ ਬਿਸ਼ਪ ਦੇ ਅਹੁਦੇ ਦਾ ਦਬਦਬਾ ਹੀ ਸੀ ਕਿ ਪੀੜਤ ਸਾਧਵੀ ਲਗਾਤਾਰ ਤਿੰਨ ਸਾਲ ਇਸ ਦਰਿੰਦਗੀ ਨੂੰ ਬਰਦਾਸ਼ਤ ਕਰਦੀ ਰਹੀ ਤੇ ਜਦ ਉਸ ਨੇ ਇਸ ਸਾਲ 27 ਜੂਨ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਮੂੰਹ ਖੋਲਣ ਦਾ ਹੌਸਲਾ ਕੀਤਾ ਤਾਂ ਕੈਥੋਲਿਕ ਚਰਚ ਨੇ ਉਸ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਦੀ ਉਲੰਘਣਾ ਕਰਦਿਆਂ ਚਰਚ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਪੀੜਤਾ ਦੀ ਤਸਵੀਰ ਵੀ ਜਾਰੀ ਕਰ ਦਿੱਤੀ। ਦਰਅਸਲ ਇਹ ਸਭ ਕੁੱਝ ਜ਼ੁਬਾਨਬੰਦੀ ਦਾ ਇਕ ਦਾਅਪੇਚ ਸੀ ਪਰ ਇਸਾਈ ਭਾਈਚਾਰੇ ਦੇ ਅੰਦਰੋਂ ਤੇ ਜਮਹੂਰੀ ਸੰਗਠਨਾਂ, ਜਿਨ੍ਹਾਂ ‘ਚ ਆਰ.ਐਮ.ਪੀ.ਆਈ. ਦਾ ਮਹਿਲਾ ਸੰਗਠਨ ਜਨਵਾਦੀ ਇਸਤਰੀ ਸਭਾ ਵੀ ਸ਼ਾਮਲ ਹੈ, ਦੇ ਜ਼ੋਰਦਾਰ ਦਬਾਅ ਦੇ ਚਲਦਿਆਂ ਬਿਸ਼ਪ ਵਿਰੁੱਧ ਖੜਾ ਹੋਇਆ ਅੰਦੋਲਨ ਰੁਕਿਆ ਨਹੀਂ। ਚਰਚ ਦੇ ਇਤਿਹਾਸ ਵਿਚ ਵੀ ਇਹ ਪਹਿਲੀ ਵਾਰ ਹੈ ਕਿ ਇਸਾਈ ਸਾਧਵੀਆਂ ਨੇ ਆਪਣੀ ਇਕ ਸਹਿਯੋਗੀ ਵਾਸਤੇ ਇਨਸਾਫ ਲਈ ਅੰਦੋਲਨ ਦਾ ਰੁਖ ਅਪਣਾਇਆ ਹੈ। ਇਸ ਅੰਦੋਲਨ ਦੀ ਸ਼ੁਰੂਆਤ 5 ਇਸਾਈ ਸਾਧਵੀਆਂ ਨੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਕੇ ਕੀਤੀ ਸੀ ਜੋ ਲਗਾਤਾਰ 14 ਦਿਨ ਚੱਲੀ। ‘ਸੇਵ ਅਵਰ ਸਿਸਟਰਜ਼ ਐਕਸ਼ਨ ਕੌਂਸਲ’ ਅਧੀਨ ਸ਼ੁਰੂ ਹੋਇਆ ਇਹ ਅੰਦੋਲਨ ਈਰਨਾਕੁਲਮ, ਕੋਚੀ, ਕੋਜ਼ੀਕੋਡ ਸਮੇਤ ਪੂਰੇ ਕੇਰਲ ‘ਚ ਫੈਲ ਗਿਆ। ਇਸ ਅੰਦੋਲਨ ਨੂੰ ਉਸ ਵੇਲੇ ਜ਼ੋਰਦਾਰ ਹੁਲਾਰਾ ਮਿਲਿਆ ਜਦ 12 ਸਤੰਬਰ ਨੂੰ ਜਨਵਾਦੀ ਇਸਤਰੀ ਸਭਾ ਪੰਜਾਬ ਨੇ ਜਲੰਧਰ ‘ਚ ਬਿਸ਼ਪ ਨਿਵਾਸ ਵੱਲ ਫਰੈਂਕੋ ਮੁਲੱਕਲ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮਾਰਚ ਕੀਤਾ। ਕੇਰਲ ਤੋਂ ਬਾਹਰ ਬਿਸ਼ਪ ਮੁਲੱਕਲ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਹੋਇਆ ਇਹ ਪਹਿਲਾ ਮੁਜ਼ਾਹਰਾ ਸੀ। ਬਿਸ਼ਪ ਫ੍ਰੈਂਕੋ ਮੁਲੱਕਲ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੱਦੇ ‘ਤੇ ਸੈਂਕੜਿਆਂ ਦੀ ਗਿਣਤੀ ਵਿਚ ਔਰਤਾਂ ਨੇ ਜਲੰਧਰ ਵਿਖੇ ਰੋਸ ਭਰਪੂਰ ਮਾਰਚ ਕੀਤਾ। ਬਿਸ਼ਪ ਫ੍ਰੈਂਕੋ ਮੁਲੱਕਲ ਕੇਰਲਾ ਵਿਖੇ ਕਥਿਤ ਤੌਰ ‘ਤੇ ਸਾਲਾਂਬੱਧੀ ਇਕ ਨੰਨ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਂਦਾ ਰਿਹਾ ਹੈ। ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਈਆਂ ਔਰਤਾਂ ਨੇ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ‘ਚ ਰੈਲੀ ਕੀਤੀ ਜਿਸ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਔਰਤਾਂ ਦੀ ਦਸ਼ਾ ਬਾਰੇ ਪਹਿਲਾਂ ਹੀ ਕੋਈ ਭੁਲੇਖਾ ਨਹੀਂ ਹੈ ਪਰ ਜੋ ਕੁੱਝ ਧਰਮ ਦੇ ਪਰਦੇ ਪਿੱਛੇ ਕੇਰਲ ਦੀ ਨੰਨ ਨਾਲ ਉਥੋਂ ਦੇ ਇਕ ਧਰਮ ਗੁਰੂ, ਬਿਸ਼ਪ ਨੇ ਕੀਤਾ ਹੈ, ਉਸ ਤੋਂ ਘਿਨਾਉਣੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ। ਇਕ ਔਰਤ ਜਿਸ ਨੇ ਆਪਣਾ ਸਾਰਾ ਜੀਵਨ ਮਾਨਵ ਜਾਤੀ ਦੀ ਸੇਵਾ ਲਈ ਸਮਰਪਿਤ ਕਰ ਰੱਖਿਆ ਹੈ, ਉਸ ਨਾਲ ਉਸ ਦਾ ਹੀ ਧਰਮ ਗੁਰੂ ਸਾਲਾਂਬੱਧੀ ਇਹ ਕੁਕਰਮ ਕਰਦਾ ਰਹੇ, ਇਸ ਤੋਂ ਵੱਡੀ ਗਿਰਾਵਟ ਹੋਰ ਕੀ ਹੋ ਸਕਦੀ ਹੈ ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਹ ਘੱਟ ਹੈ । ਰੈਲੀ ਨੂੰ ਸੰਬੋਧਨ ਕਰਦਿਆਂ ਸਭਾ ਦੀਆਂ ਆਗੂਆਂ ਨੇ ਕੇਰਲ ਪੁਲਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜੋ ਬਹੁਤ ਹੀ ਸ਼ਰਮਨਾਕ ਢੰਗ ਨਾਲ ਬਿਸ਼ਪ ਨੂੰ ਬਚਾਉਣ ਵਿਚ ਲੱਗੀ ਹੋਈ ਹੈ ਅਤੇ ਤਿੰਨ ਮਹੀਨੇ ਪਹਿਲਾਂ ਦਰਜ ਹੋਈ ਐਫਆਈਆਰ ਦੇ ਬਾਵਜੂਦ ਉਸਨੂੰ ਗ੍ਰਿਫਤਾਰ ਨਹੀਂ ਕਰ ਰਹੀ। ਆਗੂਆਂ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਤਾਂ ਮੰਗ ਕਰਦਾ ਹੈ ਕਿ ਬਲਾਤਕਾਰੀਆਂ ਨੂੰ ਫੌਰੀ ਤੌਰ ‘ਤੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਪਰ ਇਹ ਦੁੱਖ ਦੀ ਗੱਲ ਹੈ ਕਿ ਇਕ ਖੱਬੇ ਪੱਖੀ ਸਰਕਾਰ ਦੀ ਪੁਲਸ ਇਕ ਬਲਾਤਕਾਰੀ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਰੈਲੀ ਤੋਂ ਬਾਅਦ ਜਨਵਾਦੀ ਇਸਤਰੀ ਸਭਾ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ, ਉਪ ਪ੍ਰਧਾਨ ਡਾ. ਰਘਬੀਰ ਕੌਰ, ਖਜ਼ਾਨਚੀ ਕਾਮਰੇਡ ਬਿਮਲਾ ਦੇਵੀ ਤੋਂ ਇਲਾਵਾ ਪਾਰਵਤੀ ਦੇਵੀ, ਕੰਚਨ, ਊਸ਼ਾ ਪਾਸਲਾ, ਜਸਵਿੰਦਰ ਕੌਰ ਮਾਹੂੰਵਾਲ, ਅਜੀਤ ਕੌਰ ਕੋਟ ਰਜ਼ਾਦਾ ਤੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਬਿਸ਼ਪ ਫ੍ਰੈਂਕੋ ਮੁਲੱਕਲ ਦੀ ਰਿਹਾਇਸ਼ ਤੱਕ ਇਕ ਰੋਹ ਭਰਪੂਰ ਮਾਰਚ ਕੀਤਾ ਗਿਆ। ਮੁਜ਼ਾਹਰਾਕਾਰੀ ਔਰਤਾਂ ਬਲਾਤਕਾਰੀ ਬਿਸ਼ਪ ਦੀ ਫੌਰੀ ਗ੍ਰਿਫਤਾਰੀ ਦੀ ਮੰਗ ਕਰਦੇ ਨਾਅਰੇ ਲਾ ਰਹੀਆਂ ਸਨ। ਮੁਜ਼ਾਹਰਾਕਾਰੀ ਔਰਤਾਂ ਜਦ ਬੀ ਐਮ ਸੀ ਫਲਾਈ ਓਵਰ ਹੇਠੋਂ ਹੋ ਕੇ ਬਿਸ਼ਪ ਨਿਵਾਸ ਵੱਲ ਵਧਣ ਲਈ ਸੰਜੇ ਗਾਂਧੀ ਮਾਰਕਿਟ ਪਹੁੰਚੀਆਂ ਤਾਂ ਪੁਲਸ ਨੇ ਉਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਸਭਾ ਦੀਆਂ ਵਰਕਰਾਂ ਦੇ ਰੋਹ ਅੱਗੇ ਇਹ ਘੇਰਾ ਟਿਕ ਨਾ ਸਕਿਆ ਤੇ ਉਹ ਅੱਗੇ ਵਧਣ ‘ਚ ਕਾਮਯਾਬ ਰਹੀਆਂ । ਬਾਅਦ ਵਿਚ ਉਨ੍ਹਾਂ ਨੂੰ ਨਾਲ ਲਗਦੇ ਹੋਟਲ ਕਮਲ ਪੈਲੇਸ ਅੱਗੇ ਰੋਕਣ ਦੀ ਇਕ ਹੋਰ ਕੋਸ਼ਿਸ਼ ਕੀਤੀ ਗਈ। ਫਿਰ ਹੋਰ ਪੁਲਸ ਫੋਰਸ ਮੰਗਵਾ ਕੇ ਬਿਸ਼ਪ ਨਿਵਾਸ ਨੂੰ ਜਾਂਦੀ ਗਲੀ ਰੋਕ ਦਿੱਤੀ ਗਈ । ਨੀਲਮ ਘੁਮਾਣ, ਡਾ. ਰਘਬੀਰ ਕੌਰ ਅਤੇ ਮੌਕੇ ‘ਤੇ ਮੌਜੂਦ ਆਰ ਐਮ ਪੀ ਆਈ ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਪੁਲਸ ਅਧਿਕਾਰੀਆਂ ਨੂੰ ਭਰੋਸਾ ਵੀ ਦੁਆਇਆ ਕਿ ਇਹ ਇਕ ਸ਼ਾਂਤਮਈ ਮੁਜ਼ਾਹਰਾ ਹੈ ਪਰ ਅਧਿਕਾਰੀ ਟਸ ਤੋਂ ਮਸ ਨਾ ਹੋਏ। ਮਜ਼ਬੂਰ ਹੋ ਕੇ ਮੁਜ਼ਾਹਰਾਕਾਰੀਆਂ ਨੇ ਸੜਕ ਵਿਚਕਾਰ ਹੀ ਧਰਨਾ ਲਾ ਦਿੱਤਾ ਤੇ ਇਸ ਗੱਲ ਦਾ ਵੀ ਖਿਆਲ ਰੱਖਿਆ ਕਿ ਟਰੈਫਿਕ ‘ਚ ਕੋਈ ਵਿਘਨ ਨਾ ਪਵੇ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਨੀਲਮ ਘੁਮਾਣ ਤੇ ਡਾਕਟਰ ਰਘਬੀਰ ਕੌਰ ਨੇ ਪੰਜਾਬ ਪੁਲਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਅਮਨ ਕਾਨੂੰਨ ਦੇ ਬਹਾਨੇ ਇੱਕ ਬਲਾਤਕਾਰੀ ਨੂੰ ਬਚਾਉਣ ਵਿਚ ਮਦਦ ਕਰ ਰਹੀ ਹੈ। ਦੋ ਘੰਟੇ ਦੇ ਸ਼ਾਂਤਮਈ ਧਰਨੇ ਤੋਂ ਬਾਅਦ ਇਹ ਰੋਸ ਮਾਰਚ ਇਸ ਚੇਤਾਵਨੀ ਨਾਲ ਖਤਮ ਕਰ ਦਿੱਤਾ ਗਿਆ ਕਿ ਜਦ ਤੱਕ ਬਲਾਤਕਾਰੀ ਬਿਸ਼ਪ ਫਰੈਂਕੋ ਮੁਲੱਕਲ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਜਨਵਾਦੀ ਇਸਤਰੀ ਸਭਾ ਪੰਜਾਬ ਪੀੜਤ ਨੰਨ ਦੇ ਸਮਰਥਨ ‘ਚ ਆਪਣਾ ਸ਼ਾਂਤਮਈ ਅੰਦੋਲਨ ਜਾਰੀ ਰੱਖੇਗੀ ਕਿਓਂਕਿ ਇਹ ਸਿਰਫ ਇਕ ਨੰਨ ਦਾ ਸਵਾਲ ਨਹੀਂ ਸਗੋਂ ਦੇਸ਼ ਦੀਆਂ ਸਮੁੱਚੀਆਂ ਔਰਤਾਂ ਦੇ ਮਾਣ ਸਨਮਾਨ ਦਾ ਸਵਾਲ ਹੈ। ਜਨਵਾਦੀ ਇਸਤਰੀ ਸਭਾ ਸਮੇਤ ਇਸ ਅੰਦੋਲਨ ਦਾ ਸਮਰਥਨ ਕਰ ਰਹੀਆਂ ਸਮੁੱਚੀਆਂ ਜਮਹੂਰੀ ਜਥੇਬੰਦੀਆਂ ਦਾ ਜਿੱਤ ਵੱਲ ਇਹ ਪਹਿਲਾ ਕਦਮ ਸੀ ਜਦ 15 ਸਤੰਬਰ ਨੂੰ ਫਰੈਂਕੋ ਮੁਲੱਕਲ ਨੂੰ ਵੈਟੀਕਨ ਦੇ ਆਦੇਸ਼ਾਂ ‘ਤੇ ਆਪਣਾ ਅਹੁਦਾ ਛੱਡਣਾ ਪਿਆ। ਉਸਨੇ ਆਪਣੀ ਗ੍ਰਿਫਤਾਰੀ ਰੋਕਣ ਲਈ ਹਾਈਕੋਰਟ ਸਮੇਤ ਕਈ ਦਾਅਪੇਚ ਵਰਤੇ ਪਰ ਆਖਰਕਾਰ ਕੇਰਲ ਪੁਲਸ ਨੇ ਤਿੰਨ ਦਿਨ ਦੀ ਪੁੱਛਗਿੱਛ ਤੋਂ ਬਾਅਦ ਫਰੈਂਕੋ ਮੁਲੱਕਲ ਨੂੰ 21 ਸਤੰਬਰ ਨੂੰੂ ਗ੍ਰਿਫਤਾਰ ਕਰ ਲਿਆ। ਤਾਜ਼ਾ ਰਿਪੋਰਟਾਂ ਅਨੁਸਾਰ ਮੁਲੱਕਲ ਨੂੰ ਅਦਾਲਤ ਨੇ 24 ਸਤੰਬਰ ਤੱਕ ਪੁਲਸ ਰਿਹਾਸਤ ਵਿਚ ਭੇਜ ਦਿੱਤਾ ਹੈ। ਇੱਥੇ ਇਹ ਗੱਲ ਖਾਸ ਤੌਰ ‘ਤੇ ਨੋਟ ਕਰਨੀ ਬਣਦੀ ਹੈ ਕਿ ਮਾਮਲਾ ਇਸਾਈ ਭਾਈਚਾਰੇ ਨਾਲ ਸੰਬੰਧਤ ਹੋਣ ਕਾਰਨ ਇਸ ਦਾ ਅਰਥ ਇਹ ਨਹੀਂ ਹੈ ਕਿ ਇਸਾਈ ਧਰਮ ਨਾਲ ਸਬੰਧਤ ਉਚ ਧਾਰਮਿਕ ਅਹੁਦਿਆਂ ‘ਤੇ ਬਿਰਾਜਮਾਨ ਲੋਕ ਹੀ ਔਰਤਾਂ ਦਾ ਸ਼ੋਸ਼ਣ ਕਰਦੇ ਹਨ। ਹਾਲ ਹੀ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ, ਆਸਾ ਰਾਮ ਬਾਪੂ ਤੇ ਹੋਰਨਾਂ ਦੀਆਂ ਕਈ ਮਿਸਾਲਾਂ ਹਨ ਜੋ ਇਹ ਦੱਸਣ ਲਈ ਕਾਫੀ ਹਨ ਕਿ ਡੇਰਾ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ, ਉਥੇ ਔਰਤ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ ਰਹਿ ਸਕਦੀ। ਬੁਰਜ਼ੁਆ ਸਿਆਸਤਦਾਨ ਵੋਟ ਬੈਂਕ ਰਾਜਨੀਤੀ ਅਧੀਨ ਇਨ੍ਹ੍ਰਾਂ ਧਾਰਮਕ ਡੇਰਿਆਂ ਦੀ ਦੁਰਵਰਤੋਂ ਕਰਦੇ ਹਨ ਤੇ ਡੇਰਾ ਮੁਖੀ ਉਨ੍ਹਾਂ ਦੀ ਛਤਰ ਛਾਇਆ ਹੇਠ ਬੇਕਾਬੂ ਹੋ ਕੇ ਮਾਨਵ ਤੋਂ ਦਾਨਵ ਬਣ ਜਾਂਦੇ ਹਨ। ਜਿੰਨੀ ਦੇਰ ਵੋਟ ਸਿਆਸਤ ਲਈ ਇਨਾਂ ਡੇਰਿਆਂ ਦੀ ਵਰਤੋਂ ਹੁੰਦੀ ਰਹੇਗੀ, ਅਜਿਹੇ ਕੁਕਰਮਾਂ ਨੂੰ ਰੋਕਿਆ ਨਹੀਂ ਜਾ ਸਕਦਾ। ਲੋੜ ਹੈ ਕਿ ਲੋਕਾਂ ਨੂੰ ਇਸ ਕੁਕਰਮ ਵਿਰੁੱਧ ਜਾਗਰੂਕ ਕੀਤਾ ਜਾਵੇ।

ਰਿਪੋਰਟ : ਇੰਦਰਜੀਤ ਚੁਗਾਵਾਂ

Scroll To Top