Now Reading
ਪ.ਸ.ਸ.ਫ. ਵਲੋਂ ਵਿਸ਼ਾਲ ਸੂਬਾ ਪੱਧਰੀ ਰੋਸ ਰੈਲੀ : ਜਿਮਨੀ ਚੋਣਾਂ ਦੌਰਾਨ ਸਰਕਾਰ ਨੂੰ ਘੇਰਨ ਦਾ ਕੀਤਾ ਐਲਾਨ

ਪ.ਸ.ਸ.ਫ. ਵਲੋਂ ਵਿਸ਼ਾਲ ਸੂਬਾ ਪੱਧਰੀ ਰੋਸ ਰੈਲੀ : ਜਿਮਨੀ ਚੋਣਾਂ ਦੌਰਾਨ ਸਰਕਾਰ ਨੂੰ ਘੇਰਨ ਦਾ ਕੀਤਾ ਐਲਾਨ

ਜਲੰਧਰ, 14 ਸਤੰਬਰ -ਸੂਬੇ ਦੇ ਸਮੁੱਚੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ‘ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ’ (ਪ.ਸ.ਸ.ਫ.) ਵਲੋਂ ਸਰਕਾਰ ਵਲੋਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ, ਸੂਬਾ ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ ਅਤੇ ਪੰਜਾਬ ਅੰਦਰ ਸੰਘਰਸ਼ ਪ੍ਰਤੀ ਆਈ ਖੜੋਤ ਨੂੰ ਤੋੜਨ ਲਈ ਅੱਜ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਮੁਲਾਜ਼ਮਾਂ ਵਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।ਬੈਨਰਾਂ, ਝੰਡਿਆਂ ਅਤੇ ਮੰਗਾਂ ਸਬੰਧੀ ਤਖਤੀਆਂ ਨਾਲ ਮੁਲਾਜ਼ਮਾਂ ਦੇ ਵੱਡੇ-ਵੱਡੇ ਕਾਫਲੇ ਜਦੋਂ ਨਾਅਰੇ ਮਾਰਦੇ ਰੈਲੀ ਵਿੱਚ ਸ਼ਾਮਿਲ ਹੋ ਰਹੇ ਸਨ ਤਾਂ ਉਹਨਾਂ ਅੰਦਰ ਮੰਗਾਂ ਪ੍ਰਤੀ ਉਤਸ਼ਾਹ ਅਤੇ ਸਰਕਾਰ ਪ੍ਰਤੀ ਗੁੱਸਾ ਸਾਫ ਝਲਕ ਰਿਹਾ ਸੀ।ਰੈਲੀ ਸ਼ੁਰੂ ਹੁੰਦਿਆ ਕੁਝ ਪਲਾਂ ਵਿੱਚ ਹੀ ਸਾਰਾ ਪੰਡਾਲ ਭਰ ਗਿਆ ਅਤੇ ਦੂਰ ਦੇ ਜ਼ਿਲਿਆਂ ਵਾਲੇ ਮੁਲਾਜ਼ਮ ਰੈਲੀ ਖਤਮ ਹੋਣ ਤੱਕ ਵੀ ਪਹੁੰਚਦੇ ਰਹੇ। ਸਟੇਜ ਦੀ ਕਾਰਵਾਈ ਚਲਾਉਂਦਿਆਂ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਮੁਲਾਜ਼ਮ ਮੰਗਾਂ ਪ੍ਰਤੀ ਸੂਬੇ ਅੰਦਰ ਸੰਘਰਸ਼ਾਂ ਦੇ ਪਿੜ੍ਹ ਨੂੰ ਮਘਾਉਣ ਲਈ ਬਲਾਕਾਂ. ਤਹਿਸੀਲਾਂ ਅਤੇ ਜ਼ਿਲਿਆਂ ਦੀਆਂ ਰੈਲੀਆਂ ਕਰਨ ਤੋਂ ਲੈ ਕੇ ਅੱਜ ਦੀ ਇਸ ਸੂਬਾਈ ਰੈਲੀ ਪ੍ਰਤੀ ਜਾਣਕਾਰੀ ਦੇ ਨਾਲ ਹੀ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਸਬੰਧੀ ਜਾਣਕਾਰੀ ਦਿੱਤੀ।ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਦੇਸ਼ ਦੇ ਮੁਲਾਜ਼ਮਾਂ ਦੀ ਕੌਮੀਂ ਜੱਥੇਬੰਦੀ “ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ” ਦੇ ਕੌਮੀਂ ਚੇਅਰਮੈਨ ਸਾਥੀ ਸੁਭਾਸ਼ ਲਾਂਬਾ, ਕੌਮੀਂ ਜਨਰਲ ਸਕੱਤਰ ਸਾਥੀ ਏ. ਸ਼੍ਰੀਕੁਮਾਰ ਅਤੇ ਸਾਬਕਾ ਕੌਮੀਂ ਵਾਇਸ ਚੇਅਰਮੈਨ ਅਤੇ ਪ.ਸ.ਸ.ਫ. ਦੇ ਮੁੱਖ ਸਲਾਹਕਾਰ ਸਾਥੀ ਵੇਦ ਪ੍ਰਕਾਸ਼ ਸ਼ਰਮਾ ਨੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਦੀ ਜਮ ਕੇ ਨਿਖੇਧੀ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਦੋਂ ਦੀ ਕੇਂਦਰ ਵਿੱਚ ਸਰਕਾਰ ਆਈ ਹੈ ਉਦੋਂ ਤੋਂ ਹੀ ਪਹਿਲੀ ਕਾਂਗਰਸ ਸਰਕਾਰ ਨਾਲੋਂ ੜੀ ਤੇਜ਼ੀ ਨਾਲ ਵਿਰੋਧੀ ਨੀਤੀਆਂ ਲਾਗੂ ਕਰਦਿਆ ਰੁਜ਼ਗਾਰ ਦੇ ਵਸੀਲੇ ਖਤਮ ਕੀਤੇ ਜਾ ਰਹੇ ਹਨ, ਦੇਸ਼ ਨੂੰ ਗਹਿਣੇ ਰੱਖਿਆ ਜਾ ਰਿਹਾ ਹੈ, ਮੁਲਾਜ਼ਮਾਂ ਦੀਆਂ ਸੇਵਾ ਹਾਲਤਾਂ ਹੋਰ ਵੀ ਬਦਤਰ ਹੋ ਗਈਆਂ ਹਨ, ਪੈਨਸ਼ਨ ਖਤਮ ਕੀਤੀ ਜਾ ਰਹੀ ਹੈ ਅਤੇ ਕੁਝ ਕੁ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਲਈ ਸਮੁੱਚੀ ਕਿਤਰੀ ਜਮਾਤ ਨੂੰ ਭੁੱਖਮਰੀ ਵੱਲ ਧੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਰੈਲੀ ਉਪਰੰਤ ਸ਼ੁਰੂ ਹੋ ਰਹੀ ਦੋ-ਰੋਜ਼ਾ ਕੌਮੀਂ ਮੀਟਿੰਗ ਵਿੱਚ ਵੀ ਕੱਚੇ ਕਾਮਿਆਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਨੀਤੀ ਬਹਾਲ ਕਰਨ ਦੇ ਨਾਲ ਬਾਕੀ ਮੰਗਾਂ ਸਬੰਧੀ ਵੀ ਵਿਚਾਰ ਚਰਚਾ ਕਰਕੇ ਦੇਸ਼ ਅੰਦਰ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।ਰੈਲੀ ਨੂੰ ਸੰਬੋਧਨ ਕਰਦਿਆਂ  ਮਨਜੀਤ ਸਿੰਘ ਸੈਣੀ, ਕਰਮਜੀਤ ਬੀਹਲਾ, ਸੁਖਵਿੰਦਰ ਸਿੰਘ ਚਾਹਲ, ਦਰਸ਼ਣ ਬੇਲੂਮਾਜਰਾ, ਰਾਮਜੀਦਾਸ ਚੌਹਾਨ, ਇੰਦਰਜੀਤ ਵਿਰਦੀ, ਅਮਰੀਕ ਸਿੰਘ, ਜਸਬੀਰ ਤਲਵਾੜਾ, ਹਰਮਨਪ੍ਰੀਤ ਕੌਰ ਗਿੱਲ, ਨੀਨਾ ਜੌਨ, ਕੁਲਦੀਪ ਸਿੰਘ ਦੌੜਕਾ, ਮੱਖਣ ਸਿੰਘ ਵਾਹਿਦਪੁਰੀ, ਪ੍ਰੇਮ ਕੁਮਾਰ ਆਜ਼ਾਦ, ਜਸਵੀਰ ਸਿੰਘ ਨੇ ਕਿਹਾ ਕਿ ਸੂਬੇ ਅੰਦਰ ਕੈਪਟਨ ਦੀ ਅਗਵਾਈ ਹੇਠ ਚੱਲ ਰਹੀ ਕਾਂਗਰਸ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਬਿਲਕੁਲ ਹਾਸ਼ੀਏ ਤੇ ਧੱਕ ਦਿੱਤਾ ਗਿਆ ਹੈ, ਸੂਬਾ ਅਤੇ ਕੇਂਦਰ ਸਰਕਾਰ ਵਲੋਂ ਮੁਲਾਜ਼ਮ ਮੰਗਾਂ ਸਬੰਧੀ ਬਿਲਕੁਲ ਚੁੱਪ ਧਾਰੀ ਹੋਈ ਹੈ, ਹਰ ਪ੍ਰਕਾਰ ਦੇ ਕੱਚੇ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਮੰਹਿਗਾਈ ਭੱਤੇ ਦੀਆਂ ਕਿਸ਼ਤਾਂ, ਤਨਖਾਹ ਕਮਿਸ਼ਨ ਦੀ ਰਿਪੋਰਟ, 1-1-2004 ਤੋਂ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਤੋਂ ਸਰਕਾਰ ਭੱਜ ਗਈ ਹੈ, ਆਂਗਣਵਾੜੀ, ਮਿਡ ਡੇ ਮੀਲ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਅੰਦਰ ਨਹੀਂ ਲਿਆਂਦਾ ਜਾ ਰਿਹਾ, ਵਿਕਾਸ ਟੈਕਸ ਦੇ ਨਾ ਹੇਠ 2400 ਰੁਪਏ ਸਲਾਨਾ ਜਜ਼ੀਆ ਟੈਕਸ ਲਗਾ ਦਿੱਤਾ ਗਿਆ ਹੈ, ਮੀਟਿੰਗਾਂ ਵਿੱਚ ਮੰਨੀਆਂ ਮਗਾਂ ਨੂੰ ਲਾਗੂ ਨਹੀ ਕੀਤਾ ਜਾ ਰਿਹਾ ਜਿਸ ਕਾਰਣ ਮੁਲਾਜ਼ਮ ਵਰਗ ਅੰਦਰ ਭਾਰੀ ਰੋਸ ਹੈ ਅਤੇ ਸਰਕਾਰ ਨੂੰ ਜਿਮਨੀ ਚੋਣਾਂ ਦੌਰਾਨ ਮੁਲਾਜ਼ਮਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।ਰੈਲੀ ਨੂੰ ਸੰਬੋਧਨ ਕਰਦਿਆ ਗੁਰਦੀਪ ਸਿੰਘ ਬਾਜਵਾ, ਰਜਿੰਦਰ ਧੀਮਾਨ, ਜਸਪ੍ਰੀਤ ਗਗਨ, ਬੀਰਇੰਦਰਜੀਤ ਪੁਰੀ, ਸੁਖਵਿੰਦਰ ਕੌਰ, ਬਿਲਮਾ ਰਾਣੀ, ਰਜਿੰਦਰ ਕੌਰ ਕਾਕੜਾ, ਕਮਲਜੀਤ ਕੌਰ, ਹਰੀ ਬਿਲਾਸ, ਕ੍ਰਿਸ਼ਨ ਚੰਦ ਜਾਗੋਵਾਲੀਆ, ਕੁਲਦੀਪ ਪੂਰੋਵਾਲ, ਧਰਮਿੰਦਰ ਸਿੰਘ ਭੰਗੂ, ਸਿਮਰਜੀਤ ਸਿੰਘ, ਰਣਜੀਤ ਈਸ਼ਾਪੁਰ, ਕਰਮਜੀਤ ਸਿੰਘ ਕੇ.ਪੀ., ਅਨਿਲ ਕੁਮਾਰ, ਮਨਜੀਤ ਸਿੰਘ ਬਾਜਵਾ, ਸੁਖਮੰਦਰ ਸਿੰਘ, ਗੁਰਪ੍ਰੀਤ ਸਿੰਘ ਰੰਗੀਲਪੁਰ, ਜਰਨੈਲ ਸਿੰਘ ਨੇ ਸੰਬੋਧਨ ਕਰਦਿਆ ਸਰਕਾਰ ਤੋਂ ਮੰਗ ਕੀਤੀ ਕਿ ਹਰ ਪ੍ਰਕਾਰ ਦੇ ਕੱਚੇ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, ਵੱਖ ਵੱਖ ਸੁਸਾਇਟੀਆਂ ਅਧੀਨ ਭਰਤੀ ਮੁਲਾਜ਼ਮਾਂ ਨੂੰ ਉਹਨਾਂ ਦੇ ਪਿੱਤਰੀ ਵਿਭਾਗਾਂ ਵਿੱਚ ਲਿਆਦਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਬੋਰਡਾਂ ਅਤੇ ਕਾਰਪੋਰੇਸ਼ਨਾ ਦੇ ਮੁਲਾਜ਼ਮਾਂ ਨੂੰ ਵੀ ਪੁਰਾਣੀ ਪੈਨਸ਼ਨ ਦਾ ਹੱਕ ਦਿੱਤਾ ਜਾਵੇ, ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਣ ਅਤੇ ਪੰਚਾਇਤੀਕਰਣ ਬੰਦ ਕੀਤਾ ਜਾਵੇ, ਮੁਲਾਜ਼ਮਾਂ ਦਾ ਕੱਟਿਆ ਜਾ ਰਿਹਾ ਜਜ਼ੀਆ ਟੈਕਸ ਬੰਦ ਕੀਤਾ ਜਾਵੇ, ਬਰਾਬਰ ਕੰਮ-ਬਰਾਬਰ ਤਨਖਾਹ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ, ਖਜ਼ਾਨਿਆਂ ਤੇ ਲਗਾਈ ਪੱਕੀ ਜ਼ੁਬਾਨੀ ਰੋਕ ਨੂੰ ਬੰਦ ਕੀਤਾ ਜਾਵੇ, ਦਰਜਾ ਚਾਰ ਅਤੇ ਸਮੁੱਚੇ ਵਰਦੀ-ਧਾਰੀ ਮੁਲਾਜ਼ਮਾਂ ਨੂੰ ਵਧ ਰਹੀ ਮੰਹਿਗਾਈ ਦੇ ਹਿਸਾਬ ਨਾਲ ਨਕਦ ਵਰਦੀ ਭੱਤਾ ਦਿੱਤਾ ਜਾਵੇ।ਰੈਲੀ ਦੇ ਅੰਤ ਵਿੱਚ ਸੁਬਾ ਪ੍ਰਧਾਨ ਸਤੀਸ਼ ਰਾਣਾ ਵਲੋਂ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਵਲੋਂ ਜਲਦ ਹੀ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ ਤੁਰੰਤ ਹੀ ਜੱਥੇਬੰਦੀ ਦੀ ਮੀਟਿੰਗ ਕਰਨ ਉਪਰੰਤ ਸਰਕਾਰ ਵਿੱਰੁੱਧ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਸੂਬੇ ਅੰਦਰ ਹੋਣ ਜਾ ਰਹੀਆਂ ਚਾਰ ਜਿਮਨੀ ਚੋਣਾਂ ਦੌਰਾਨ ਬਾਕੀ ਮੁਲਾਜ਼ਮ ਜੱਥੇਬੰਦੀਆਂ ਨਾਲ ਸਾਂਝਾ ਮੰਚ ਉਸਾਰ ਕੇ ਵੀ ਪਿੰਡ-ਪਿੰਡ ਜਾ ਕੇ ਝੰਡਾ ਮਾਰਚ ਰਾਹੀ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਦਾ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਵਿੱਚ ਵੀ ਸਰਕਾਰ ਦਾ ਅਸਲੀ ਚਿਹਰਾ ਨੰਗਾ ਕੀਤਾ ਜਾ ਸਕੇ। ਰੈਲੀ ਉਪਰੰਤ ਆਕਾਸ਼ ਗੂੰਜਾਊ ਨਾਅਰਿਆ ਨਾਲ ਪ੍ਰੈਸ ਕਲੱਬ ਚੌਂਕ ਤੱਕ ਮਾਰਚ ਵੀ ਕੀਤਾ ਗਿਆ।

Scroll To Top