ਸੰਗਤ ਮੰਡੀ : ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪਲਾਟਾਂ ਦੇ ਕਬਜ਼ਿਆਂ ਨੂੰ ਲੈ ਕੇ ਮਜ਼ਦੂਰ ਆਗੂਆਂ ਉਪਰ ਦਰਜ ਕੀਤੇ ਮੁਕੱਦਮਿਆਂ ਖਿਲਾਫ਼ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਦੀ ਅਗਵਾਈ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਲਾ ਸਾੜਿਆ ਗਿਆ | ਇਸ ਮੌਕੇ ਇਕੱਠੇ ਹੋਏ ਮਜ਼ਦੂਰਾਂ ਜਿੰਨਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ, ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਿਖ਼ਲਾਫ ਨਾਅਰੇਬਾਜ਼ੀ ਕੀਤੀ | ਮਜ਼ਦੂਰ ਆਗੂ ਮਿੱਠੂ ਸਿੰਘ ਘੁੱਦਾ ਨੇ ਕਿਹਾ ਕਿ ਮੁੱਕਤਸਰ ਜਿਲ੍ਹੇ ਦੇ ਕੌੜਿਆਂਵਾਲੀ, ਮੌੜ, ਚੌਤਰਾ, ਚੱਕ ਮਦਰੱਸਾ ਆਦਿ ਪਿੰਡਾਂ ਵਿੱਚ ਬਹੁਤ ਸਾਰੇ ਬੇਜ਼ਮੀਨੇ ਦਲਿਤ ਮਜ਼ਦੂਰ ਹਨ ਜਿਨ੍ਹਾਂ ਕੋਲ ਆਪਣੇ ਮਕਾਨ ਬਣਾਉਣ ਲਈ ਜਗ੍ਹਾ ਨਹੀਂ ਹੈ | ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਭੂਮੀਹੀਨ ਗਰੀਬ ਦਲਿਤ ਮਜ਼ਦੂਰਾਂ ਨੂੰ ਮਕਾਨ ਬਣਾਉਣ ਲਈ ਪੰਜ-ਪੰਜ ਮਰਲੇ ਦੇ ਪਲਾਂਟ ਦੇਣ ਦਾ ਵਾਅਦਾ ਕੀਤਾ ਸੀ | ਪਰ ਡੇੜ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਪਲਾਟ ਕੱਟ ਕੇ ਨਹੀਂ ਦਿੱਤੇ ਗਏ | ਉਨ੍ਹਾਂ ਕਿਹਾ ਕਿ ਜਦੋਂ ਭੂਮੀਹੀਨ ਮਜ਼ਦੂਰਾਂ ਨੇ ਪੰਜ-ਪੰਜ ਮਰਲੇ ਦੇ ਪਲਾਂਟਾਂ ਉਪਰ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਲਿਤ ਵਿਰੋਧੀ ਕੁੱਝ ਆਗੂਆਂ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸ਼ਨ ਨੇ ਉਨ੍ਹਾਂ ਉਪਰ ਝੁੱਠੇ ਮੁਕੱਦਮੇ ਦਰਜ਼ ਕਰ ਦਿੱਤੇ | ਉਨ੍ਹਾਂ ਕਿਹਾ ਜਿੰਨਾਂ ਚਿਰ ਕੈਪਟਨ ਸਰਕਾਰ ਮਜਦੂਰ ਆਗੂਆਂ ਉਪਰ ਦਰਜ਼ ਝੂੱਠੇ ਮੁਕੱਦਮੇ ਰੱਦ ਨਹੀਂ ਕਰਦੀ ਉਨ੍ਹਾਂ ਚਿਰ ਪੰਜਾਬ ਸਰਕਾਰ ਿਖ਼ਲਾਫ ਰੋਸ਼ ਪ੍ਰਦਰਸ਼ਨ ਲਾਗਾਤਾਰ ਜਾਰੀ ਰਹਿਣਗੇ | ਇਸ ਮੌਕੇ ਪ੍ਰਕਾਸ ਸਿੰਘ ਨੰਦਗੜ੍ਹ, ਸੁਰਜੀਤ ਸਿੰਘ ਪੱਕਾ ਕਲਾਂ, ਮੱਖਣ ਸਿੰਘ ਪੱਕਾ ਕਲਾਂ, ਉਮਰਦੀਨ ਜੱਸੀ ਬਾਗ ਵਾਲੀ ਅਤੇ ਚੰਦ ਸਿੰਘ ਆਦਿ ਹਾਜ਼ਿਰ ਸਨ |