
ਫਿਲੌਰ, 8 ਅਕਤੂਬਰ (ਸੰਗਾਰਮੀ ਲਹਿਰ ਬਿਊਰੋ)- ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਸਾਂਝਾ ਪੈਂਨਸ਼ਨਰ ਫਰੰਟ ਪੰਜਾਬ, ਤਹਿਸੀਲ ਫਿਲੌਰ ਵਲੋਂ ਆਪਣੀਆਂ ਲਟਕਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਇਥੇ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਕਰਨੈਲ ਫਿਲੌਰ, ਸੁਰਿੰਦਰ ਪੁਆਰੀ, ਹਰਕੰਵਲ ਸਿੰਘ ਸੰਧੂ, ਨਿਰਮੋਲਕ ਸਿੰਘ ਹੀਰਾ ਨੇ ਕਿਹਾ ਕਿ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਸਾਂਝਾ ਪੈਂਨਸ਼ਨਰ ਫਰੰਟ ਵਲੋਂ ਲਗਾਤਾਰ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪਟਿਆਲਾ ਅਤੇ ਮੋਹਾਲੀ ਵਿਖੇ ਵੱਡੀਆਂ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ। ਗਿਆਰਾਂ ਸਤੰਬਰ ਦੀ ਮੋਹਾਲੀ ਰੈਲੀ ਤੋਂ ਬਾਅਦ 20 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਿੱਤੀ ਗਈ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੇ ਕਾਰਨ ਇਹ ਮੀਟਿੰਗ ਨਹੀਂ ਹੋ ਸਕੀ। ਜਿਸ ਦੇ ਚੱਲਦਿਆਂ ਸਾਂਝਾ ਫਰੰਟ ਵਲੋਂ 25 ਸਤੰਬਰ ਨੂੰ ਮੋਰਿੰਡਾ ਵਿਖੇ ਵਿਸ਼ਾਲ ਡੈਪੂਟੇਸ਼ਨ ਦੇ ਰੂਪ ਵਿੱਚ ਮੁੱਖ ਮੰਤਰੀ ਨੂੰ ਮਿਲਣ ਗਿਆ ਸੀ ।ਮੁੱਖ ਮੰਤਰੀ ਸਾਹਿਬ ਦੇ ਦਿੱਲੀ ਗਏ ਹੋਣ ਕਾਰਨ ਉਹਨਾਂ ਦੇ ਓਐੱਸਡੀ ਜਸਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਦੱਸਿਆ ਗਿਆ ਕਿ ਪਹਿਲਾਂ ਹੀ ਐਲਾਨ ਕੀਤੇ ਅਨੁਸਾਰ 2 ਅਕਤੂਬਰ ਤੋਂ ਮੋਰਿੰਡਾ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ। ਜਿਸ ਦੇ ਦਬਾਓ ਸਦਕਾ 3 ਅਕਤੂਬਰ ਦੀ ਮੁੱਖ ਮੰਤਰੀ ਸਾਹਿਬ ਨਾਲ ਮੋਰਿੰਡਾ ਵਿਖੇ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਪਰ 3 ਅਕਤੂਬਰ ਦੀ ਮੀਟਿੰਗ ਦੇ ਬਾਰੇ ਮੁੱਖ ਮੰਤਰੀ ਦੀ ਪਹੁੰਚ ਅਤੇ ਵਤੀਰਾ ਸਹੀ ਨਾ ਹੋਣ ਕਾਰਨ ਮੀਟਿੰਗ ਬੇਸਿੱਟਾ ਰਹੀ।
ਮੌਕੇ ਤੇ ਹੀ ਤਿੱਖਾ ਰੋਸ ਜਾਹਰ ਕਰਦਿਆਂ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਦੀ ਮੋਰਿੰਡਾ ਰਿਹਾਇਸ਼ ਵਿਖੇ ਮੁੱਖ ਮੰਤਰੀ ਦਾ ਪੁੱਤਲਾ ਫੂਕਦੇ ਹੋਏ ਐਲਾਨ ਕੀਤਾ ਗਿਆ ਸੀ ਕਿ 5 ਤੋਂ 8 ਅਕਤੂਬਰ ਤੱਕ ਸਮੁੱਚੇ ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ 16 ਅਕਤੂਬਰ ਨੂੰ ਮੋਰਿੰਡਾ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰਦੇ ਹੋਏ ਮੋਰਿੰਡਾ ਵਿਖੇ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਪੱਕਾ ਮੋਰਚਾ ਲਗਾਇਆ ਜਾਵੇਗਾ। ਉਪਰੋਕਤ ਸਾਂਝੇ ਮੋਰਚੇ ਵਲੋਂ ਐਲਾਨੇ ਐਕਸ਼ਨ ਦੇ ਅਨੁਸਾਰ ਅੱਜ ਇਥੇ ਰੈਲੀ ਕਰਕੇ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਬੁਲਾਰਿਆਂ ਨੇ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਹਰ ਪਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਂਨਸ਼ਨ ਬਹਾਲ ਕੀਤੀ ਜਾਵੇ, ਹਰ ਪਰਕਾਰ ਦੇ ਮਾਣ ਭੱਤਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਮੇ ਤੱਕ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ 18000 ਰੁਪਏ ਮਹੀਨਾ ਦਿੱਤਾ ਜਾਵੇ, ਮੋਰਚੇ ਦੇ ਆਗੂਆਂ ਵਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਪੇ ਕਮਿਸ਼ਨ ਦਾ ਗੁਣਾਂਕ 2.72,2.89 ਅਤੇ 3.06 ਦਿੱਤਾ ਜਾਵੇ। 200 ਰੁਪਏ ਦੀ ਜ਼ਬਰੀ ਜਜ਼ੀਆ ਕਟੌਤੀ ਬੰਦ ਕੀਤੀ ਜਾਵੇ ਆਦਿ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਆਗੂਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਮੇਂ ਰਹਿੰਦੇ ਮੁਲਾਜ਼ਮ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਵਿਧਾਨ ਸਭਾ ਚੋਣਾਂ 2022 ਵਿੱਚ ਇਸ ਦਾ ਖਮਿਆਜ਼ਾ ਵੀ ਭੁਗਤਣਾ ਪਵੇਗਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਦੀਪ ਕੌੜਾ, ਕੁਲਦੀਪ ਵਾਲੀਆ, ਜਸਪਾਲ ਸੰਧੂ, ਰਜਿੰਦਰ ਸ਼ਰਮਾ, ਤਰਸੇਮ ਮਾਧੋਪੁਰੀ, ਅੰਗਰੇਜ਼ ਸਿੰਘ, ਮਨਪ੍ਰੀਤ ਸਿੰਘ, ਬਖਸ਼ੀ ਰਾਮ, ਬਲਬੀਰ ਕੁਮਾਰ, ਤਾਰਾ ਸਿੰਘ, ਰਜਿੰਦਰ ਕੁਮਾਰ, ਕਿਸ਼ੋਰੀ ਲਾਲ, ਮੱਖਣ ਰਾਮ, ਮੁਨੀਸ਼ ਕਪੂਰ, ਵਿਜੇ ਕੁਮਾਰ, ਗੁਰਦਿਆਲ ਕੌਰ, ਰਜਿੰਦਰ ਕੌਰ, ਨਵਜੋਤ ਕੌਰ, ਅਮਰਜੀਤ ਕੌਰ, ਰਜਨੀ ਬਾਲਾ ਆਦਿ ਸਾਥੀ ਹਾਜ਼ਰ ਹੋਏ।