
ਤਰਨ ਤਾਰਨ, 16 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਚਾਰ ਹਫਤਿਆਂ ‘ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਕਰਨ ਵਾਲੀ ਕੈਪਟਨ ਸਰਕਾਰ ਦੇ ਰਾਜ ਕਾਲ ਦੌਰਾਨ ਨੌਜਵਾਨ ਦੀ ਨਸ਼ਿਆ ਨਾਲ ਮੌਤਾਂ ਦੀ ਗਿਣਤੀ ਰੁਕਣ ਦਾ ਨਾ ਨਹੀਂ ਲੈ ਰਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਪ੍ਰੈਸ ਸਕੱਤਰ ਅਤੇ ਸੀ ਟੀ ਯੂ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਪਿੰਡ ਕੱਲ੍ਹਾ ਤਹਿਸੀਲ ਖਡੂਰ ਸਾਹਿਬ ਤੋਂ ਜਾਣਕਾਰੀ ਪ੍ਰਾਪਤ ਕਰਦਿਆਂ ਦੱਸਿਆ ਕਿ ਇਸ ਪਿੰਡ ਦੇ ਨੌਜਵਾਨ ਵਿਜੈ ਕੁਮਾਰ ਪੁੱਤਰ ਸੁਖਬੀਰ ਕੁਮਾਰ, ਰਣਜੀਤ ਸਿੰਘ ਪੁੱਤਰ ਸੁਖਚੈਨ ਸਿੰਘ, ਵਾਸੀ ਕੱਲ੍ਹਾ ਨਸ਼ਿਆਂ ਦੀ ਗ੍ਰਿਫਤ ਚ ਆ ਕੇ ਆਪਣੀ ਚੜ੍ਹਦੀ ਜਵਾਨੀ ਮੌਤ ਦੇ ਮੂੰਹ ‘ਚ ਚਲੇ ਗਏ ਹਨ ਅਤੇ ਦਵਿੰਦਰ ਸਿੰਘ, ਤਰਸੇਮ ਸਿੰਘ, ਸੋਨੂੰ ਪੁੱਤਰ ਦਰਸ਼ਨ ਸਿੰਘ ਚੱਕੀਵਾਲਾ, ਗੋਰਾ ਪੁੱਤਰ ਤਰਸੇਮ ਸਿੰਘ ਨਸ਼ਿਆ ਨਾਲ ਜੂਝ ਰਹੇ ਹਨ ਜੋ ਮੌਤ ਦੇ ਮੂੰਹ ਵਿੱਚ ਜਾਣ ਨੂੰ ਤਿਆਰ ਹਨ।
ਪੰਡੋਰੀ ਨੇ ਅੱਗੇ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਦੇ ਹਜ਼ਾਰਾਂ ਘਰ ਤਬਾਹ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵੱਲ ਮੂੰਹ ਕਰਕੇ ਸਹੁੰ ਖਾਦੀ ਸੀ ਕਿ ਪੰਜਾਬ ‘ਚ ਨਸ਼ੇ ਦਾ ਲੱਕ ਤੋੜ ਦਿੱਤਾ ਜਾਏਗਾ ਪਰ ਨਸ਼ਾ ਬੰਦ ਕਰਨ ਦੀ ਥਾਂ ਰਾਜਨੀਤੀ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਵਾਨੀ ਨੂੰ ਨਸ਼ਿਆਂ ਨਾਲ ਗਾਲਣ ਲਈ ਕਾਂਗਰਸ ਅਕਾਲੀ ਭਾਜਪਾ ਦੋਹੇ ਧਿਰਾਂ ਹੀ ਜ਼ਿੰਮੇਵਾਰ ਹਨ, ਇਨ੍ਹਾਂ ਨੂੰ ਕਦੇ ਵੀ ਪੰਜਾਬ ਦੇ ਗੁਰੂਆਂ, ਪੀਰਾਂ, ਦੇਸ਼ ਭਗਤਾਂ ਦੇ ਵਾਰਸ ਲੋਕ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਦੇ ਆਦੀ ਹੋ ਰਹੇ ਨੌਜਵਾਨਾਂ ਨੂੰ ਨਸ਼ਿਆ ਤੋਂ ਬਚਾਇਆ ਜਾਵੇ ਅਤੇ ਪੀੜਤ ਪ੍ਰਵਾਰਾਂ ਦੀ ਸਹਾਇਤਾ ਕੀਤੀ ਜਾਵੇ।