Now Reading
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਜ਼ਾਦੀ ਦਿਵਸ ਭਾਸ਼ਣ : ਇਕ ਵਿਸ਼ਲੇਸ਼ਣ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਜ਼ਾਦੀ ਦਿਵਸ ਭਾਸ਼ਣ : ਇਕ ਵਿਸ਼ਲੇਸ਼ਣ

ਪ੍ਰੋ. ਜੈਪਾਲ
15 ਅਗਸਤ 1947 ਨੂੰ ਆਜ਼ਾਦੀ ਪ੍ਰਾਪਤੀ ਉਪਰੰਤ ਹਰ ਸਾਲ, ਦੇਸ਼ ਦਾ ਤਤਕਾਲੀਨ ਪ੍ਰਧਾਨ ਮੰਤਰੀ ਲਾਲ ਕਿਲ੍ਹੇ ‘ਤੇ ਕੀਤੇ ਜਾਂਦੇ ਸ਼ਾਨੋ-ਸ਼ੌਕਤ ਵਾਲੇ ਸਮਾਗਮ ਵਿਚ ਆਪਣਾ ਭਾਸ਼ਣ ਦਿੰਦਾ ਹੈ, ਜਿਸ ਵਿਚ ਉਹ ਉਸ ਵਕਤ ਦੀਆਂ ਦੇਸ਼ ਸਾਹਮਣੇ ਚੁਨੌਤੀਆਂ ਦੀ ਨਿਸ਼ਾਨਦੇਹੀ ਕਰਕੇ, ਉਨ੍ਹਾਂ ਦੇ ਕੀਤੇ ਜਾਣ ਵਾਲੇ ਸੰਭਾਵਤ ਹੱਲ ਬਾਰੇ ਵੀ ਕੁੱਝ ਦੱਸਦਾ ਹੈ ਤੇ ਉਸਦੀ ਸਰਕਾਰ ਵਲੋਂ ਲੋਕਾਂ ਦੀ ਭਲਾਈ (ਜੋ ਅੱਜ ਤੱਕ ਸੰਭਵ ਨਹੀਂ ਹੋ ਸਕੀ) ਲਈ ਸਕੀਮਾਂ ਦਾ ਵੀ ਐਲਾਨ ਕਰਦਾ ਹੈ। ਆਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਇਸ ਸਾਲ ਦੇ ਆਜ਼ਾਦੀ ਦਿਵਸ ਭਾਸ਼ਣ ਦੇ ਕੁੱਝ ਉਭਰਵੇਂ ਨੁਕਤਿਆਂ ਦੀ ਚੀਰ-ਫਾੜ ਕਰੀਏ।
ਮੋਦੀ ਜੀ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਉਣ ਨਾਲ ‘ਇਕ ਦੇਸ਼ ਇਕ ਸੰਵਿਧਾਨ’ ਦੀ ਸੱਚਾਈ ਹੁਣ ਸਥਾਪਤ ਹੋ ਚੁੱਕੀ ਹੈ। ਚਾਹੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਧਾਰਾ ਦੇ ਇਤਿਹਾਸਕ ਪਿਛੋਕੜ, ਇਸ ਦੇ ਹਟਾਏ ਜਾਣ ਉਪਰੰਤ ਜੰਮੂ ਕਸ਼ਮੀਰ ਸਮੇਤ ਸਮੁੱਚੇ ਭਾਰਤ ਵਿਚ ਇਸ ਦੇ ਪੈਣ ਵਾਲੇ ਸੰਭਾਵਤ ਦੁਰਪ੍ਰਭਾਵਾਂ ਨੂੰ ਰੇਖਾਂਕਿਤ ਕੀਤਾ ਹੈ, ਪਰ ਆਪਾਂ ਇਸ ਲੇਖ ‘ਚ ਮੋਦੀ ਜੀ ਦੇ ਭਾਸ਼ਣ ਪਿੱਛੇ ਕੰਮ ਕਰਦੀ ਮਾਨਸਿਕਤਾ ਦਾ ਹੀ ਜ਼ਿਕਰ ਕਰਾਂਗੇ।
ਬੀਜੇਪੀ ਦੀ ਸਿਧਾਂਤਕ ਮਾਂ, ਆਰ.ਐਸ.ਐਸ., ਜੋ ਅੱਤ ਦੀ ਪਿਛਾਖੜੀ ਜਥੇਬੰਦੀ ਹੈ ਤੇ ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ, ਦਲਿਤਾਂ, ਔਰਤਾਂ ਤੇ ਆਦਿਵਾਸੀਆਂ ਨੂੰ ਦੂਜੇ, ਤੀਜੇ ਦਰਜੇ ਦੇ ਸ਼ਹਿਰੀਆਂ ਵਜੋਂ ਰੱਖਣ ਦੀ ਵਕਾਲਤ ਕਰਦੀ ਆ ਰਹੀ ਹੈ, ਦੇ ਆਦੇਸ਼ਾਂ ਤਹਿਤ ਹੀ ਇਹ ਧਾਰਾ ਖਤਮ ਕੀਤੀ ਗਈ ਹੈ। ਜਦਕਿ 371-ਏ ਤੋਂ 371-ਆਈ ਤੱਕ ਦੀਆਂ ਧਾਰਾਵਾਂ ਉਤਰ-ਪੂਰਬੀ ਰਾਜਾਂ ਨੂੰ ਕਈ ਵਿਸ਼ੇਸ਼ ਅਧਿਕਾਰ ਦਿੰਦੀਆਂ ਹਨ, ਪਰ ਉਨ੍ਹਾਂ ਬਾਰੇ ਮੋਦੀ ਤੇ ਉਸਦੀ ਜੁੰਡਲੀ ਨੇ ਸਾਜਿਸ਼ੀ ਚੁੱਪ ਸਾਧੀ ਹੋਈ ਹੈ। ਇੱਥੋਂ ਤੱਕ ਕਿ ਨਾਗਾ ਬਾਗੀਆਂ ਨਾਲ ਮੋਦੀ ਵਲੋਂ ਜਨਵਰੀ 2015 ਨੂੰ ਕੀਤਾ ਸਮਝੌਤਾ ਅਜੇ ਤੱਕ ਵੀ ਜਨਤਾ ਤੋਂ ਤੇ ਪਾਰਲੀਮੈਂਟ ਤੋਂ ਲੁਕਾ ਕੇ ਰੱਖਿਆ ਹੈ। ਵੈਸੇ ਵੀ 370 ਧਾਰਾ ਦੇ ਹੁੰਦਿਆਂ ਵੀ ਦੇਸ਼ ਦੇ ਸੰਵਿਧਾਨ ਦੀਆਂ ਕੁੱਝ ਕੁ ਨੂੰ ਛੱਡ ਕੇ ਬਹੁਤੀਆਂ ਧਾਰਾਵਾਂ ਬਾਕੀ ਦੇਸ਼ ਵਾਂਗ ਹੀ ਉਥੇ ਲਾਗੂ ਹੁੰਦੀਆਂ ਸਨ। ਧਾਰਾ 370 ਵੀ ਤਾਂ ਖ਼ੁਦ ਸੰਵਿਧਾਨ ਦਾ ਹੀ ਹਿੱਸਾ ਸੀ। ਹਾਂ, ਕਿਉਂਕਿ ਆਰ.ਐਸ.ਐਸ. ਦੇਸ਼ ਦੇ ਸੰਘੀ (ਫੈਡਰਲ) ਢਾਂਚੇ ਦੀ ਦੋਖੀ ਹੈ, ਇਸ ਲਈ ‘ਇਕ ਦੇਸ਼, ਇਕ ਸੰਵਿਧਾਨ’, ‘ਇਕ ਦੇਸ਼, ਇਕ ਚੋਣ’, ‘ਇਕ ਦੇਸ਼, ਇਕ ਟੈਕਸ’, ‘ਇਕ ਦੇਸ਼, ਇਕ ਗਰਿਡ’ ਅਤੇ ‘ਇਕ ਦੇਸ਼, ਇਕ ਰਾਸ਼ਨ ਕਾਰਡ’ ਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਸਭ ਸੂਬਾ ਸਰਕਾਰਾਂ, ਕੇਂਦਰੀ ਦੀਆਂ ਕਠਪੁਤਲੀ ਸਰਕਾਰਾਂ ਵਾਂਗ ਕੰਮ ਕਰਨ ਤੇ ਲੋਕਾਂ ਦੀਆਂ ਸਥਾਨਕ ਮੰਗਾਂ-ਉਮੰਗਾਂ ਨੂੰ ਕੁਚਲ ਕੇ ਰੱਖ ਦਿੱਤਾ ਜਾਵੇ ਤਾਂ ਕਿ ‘ਇਕ ਦੇਸ਼, ਇਕ ਸਭਿਆਚਾਰ’, ‘ਇਕ ਦੇਸ਼, ਇਕ ਪਾਰਟੀ’ ਤੇ ‘ਇਕ ਦੇਸ਼, ਇਕ ਨੇਤਾ’ ਅਤੇ ‘ਇਕ ਦੇਸ਼, ਇਕ ਧਰਮ’ ਦਾ ਆਰ.ਐਸ.ਐਸ. ਦਾ ਨਿਸ਼ਾਨਾ ਪੂਰਾ ਕੀਤਾ ਜਾ ਸਕੇ।
ਦੂਜੀ ਗੱਲ ਮੋਦੀ ਜੀ ਵਲੋਂ ਦੇਸ਼ ਦੀ ਵੱਧ ਰਹੀ ਆਬਾਦੀ ਨੂੰ ਇਕ ਚੈਲੰਜ ਵਜੋਂ ਲੈਂਦਿਆਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਸ ਪਾਸੇ ਉਚੇਚਾ ਧਿਆਨ ਦੇਣ ਲਈ ਕਿਹਾ ਗਿਆ। ਉਪਰੀ ਨਜ਼ਰ ਦੇਖਿਆਂ, ਉਸ ਵਿਚ ਕੁੱਝ ਵੀ ਬੁਰਾ ਨਹੀਂ ਦਿਸਦਾ। ਸ਼ਾਇਦ ਇਹ ਵੀ ਇਕ ਕਾਰਨ ਹੋ ਸਕਦਾ ਹੈ ਕਿ ਉਘੇ ਕਾਂਗਰਸੀ ਨੇਤਾ ਤੇ ਸਾਬਕਾ ਵਿੱਤ ਤੇ ਰੱਖਿਆ ਮੰਤਰੀ ਪੀ.ਚਿਦੰਬਰਮ ਨੇ ਇਸ ਬਾਰੇ ਮੋਦੀ ਦੀ ਤਾਰੀਫ ਦੇ ਸੋਹਲੇ ਗਾਏ। ਚਾਹੇ ਕੱਲ੍ਹ ਹੀ ਸੀ.ਬੀ.ਆਈ. ਨੇ ਉਸਨੂੰ ਇਕ ਰਿਸ਼ਵਤ ਦੇ ਕੇਸ ‘ਚ ਗ੍ਰਿਫਤਾਰ ਕੀਤਾ ਹੈ, ਪਰ ਉਸ ਤੋਂ ਪਹਿਲਾਂ ਉਸਨੇ ਧਾਰਾ 370 ਹਟਾਉਣ ਬਾਰੇ ਮੋਦੀ ਸਰਕਾਰ ਦੀ ਇਹ ਕਹਿਕੇ ਨਿੰਦਾ ਕੀਤੀ ਸੀ ਕਿ ਸਕਕਾਰ ਨੇ ਜੰਮੂ ਕਸ਼ਮੀਰ ਸਿਰਫ ਮੁਸਲਿਮ ਬਹੁਗਿਣਤੀ ਸੂਬਾ ਹੋਣ ਕਰਕੇ ਤੇ ਫਿਰਕੂ ਸੋਚ ਅਧੀਨ ਇਸ ਧਾਰਾ ਨੂੰ ਹਟਾਇਆ ਹੈ। ਕਿਉਂਕਿ ਆਪਾਂ ਗੱਲ ਆਬਾਦੀ ਦੇ ਵਾਧੇ ਦੀ ਕਰ ਰਹੇ ਹਾਂ। ਇਸ ਬਾਰੇ ਪਿਛਲੇ ਦਿਨੀਂ 19 ਅਗਸਤ, ਸੋਮਵਾਰ ਦੇ ਪੰਜਾਬੀ ਟ੍ਰਿਬਿਊਨ ਦੇ ਹਫਤਾਵਾਰੀ ਕਾਲਮ ‘ਲਿਖਤੁਮ ਬਾਦਲੀਲ’ ‘ਚ ਉਘੇ ਪੱਤਰਕਾਰ ਡਾ.ਐਸ.ਪੀ. ਸਿੰਘ ਜੀ ਨੇ ਇਕ ਟਰਮ ‘4o{ wh}st&e po&}t}cs’ ਯਾਨਿ ਕੁੱਤਿਆਂ ਦੀ ਸੀਟੀ ਵਾਲੀ ਰਾਜਨੀਤੀ’ ਵਰਤੀ ਹੈ, ਜਿਸ ਮੁਤਾਬਕ ਇਕ ਖਾਸ ਕਿਸਮ ਦੀ ਸੀਟੀ ਆਮ ਲੋਕਾਂ ਨੂੰ ਹੋਰ ਆਵਾਜ਼ ਸੁਨਾਉਂਦੀ ਹੈ ਤੇ ਉਸ ਵਿਚੋਂ ਨਿਕਲਣ ਵਾਲੀਆਂ ਦੂਜੀਆਂ ਤਰੰਗਾਂ ਕੁੱਤਿਆਂ ਨੂੰ ਬਿਲਕੁਲ ਹੀ ਵੱਖਰਾ ਸੁਨੇਹਾ ਦਿੰਦੀਆਂ ਹਨ। ਅਸੀਂ ਅਜਿਹੀ ਸੀਟੀ ਦੀਆਂ ਆਵਾਜ਼ਾਂ 2014 ਤੋਂ ਬਾਅਦ ਕਿੰਨੀ ਹੀ ਵਾਰ ਸੁਣ ਚੁੱਕੇ ਹਾਂ। ਭੀੜਾਂ ਵਲੋਂ ਗਊ ਰੱਖਿਆ ਦੇ ਨਾਂਅ ‘ਤੇ ਕਿੰਨੀਆਂ ਹੀ ਹੱਤਿਆਵਾਂ ਹੋਈਆਂ ਸੀਟੀ ਚੁੱਪ ਚਾਪ ਬੈਠੀ ਰਹੀ, ਜ਼ਿਆਦਾ ਰੌਲਾ ਪਾਉਣ ਤੇ ਸੀਟੀ ਨੇ ਆਮ ਲੋਕਾਂ ਨੂੰ ਸੁਣਾਇਆ ਕਿ ਅਜਿਹੇ ਕਾਰੇ ਗਲਤ ਹਨ ਤੇ ਸ਼੍ਰੀ ਮੋਦੀਜੀ ਦਾ ਟੀ.ਵੀ. ਤੇ ਅਖਬਾਰਾਂ ‘ਚ ਜਸ ਗਾਇਣ ਸ਼ੁਰੂ ਹੋ ਗਿਆ। ਪਰ ਗੁਪਤ ਤਰੰਗਾਂ ਨੇ ਜੋ ਸੁਨੇਹਾ ਇਨ੍ਹਾਂ ਫਿਰਕੂ ਭੀੜਾਂ ਤੱਕ ਪਹੁੰਚਾਇਆ ਉਸ ਤੋਂ ਬਾਅਦ ਅਜਿਹੇ ਹਜੂਮੀ ਕਤਲ ਜ਼ਿਆਦਾ ਹੋਏ। ਮੋਦੀ ਜੀ ਨੇ ਆਪਣੀ ਦੂਜੀ ਸਰਕਾਰ ਦੇ ਸਹੁੰ ਚੁੱਕਣ ਉਪਰੰਤ ਕਿਹਾ ਕਿ, ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਨਾਲ-ਨਾਲ ਹੁਣ ਸਭ ਦਾ ਵਿਸ਼ਵਾਸ ਵੀ ਲੈਣਾ ਹੈ। ਬਸ ਇਸ ਸੀਟੀ ਨਾਲ ਇਕ ਪਾਸੇ ਮੋਦੀ ਜੀ ਦੇ ਗੁਣਗਾਨ ਕਰਨ ‘ਤੇ ਸਮੁੱਚਾ ਮੀਡੀਆ ਲੱਗ ਗਿਆ ਤੇ ਦੂਜੇ ਪਾਸੇ ਗੁਪਤ ਤਰੰਗਾਂ ਸੁਣਨ ਵਾਲਿਆਂ ਨੇ ਕਦੇ ਟੋਪੀ ਕਿਉਂ ਪਹਿਨੀ ਦੇ ਬਹਾਨੇ ਨਾਲ ਬੇਰਹਿਮੀ ਸਹਿਤ ਕਿਸੇ ਮੁਸਲਮਾਨ ਦੀ ਮਾਰ ਕੁਟਾਈ ਕਰਕੇ ਤੇ ਕਿਸੇ ਹੋਰ ਥਾਂ ਤੇ ਜਾਨੋਂ ਮਾਰ ਕੇ ਤੇ ਕਿਸੇ ਹੋਰ ਥਾਂ ‘ਤੇ ਸ਼੍ਰੀ ਰਾਮ ਦੇ ਜਬਰੀ ਨਾਹਰੇ ਲਗਵਾ ਕੇ ਉਨ੍ਹਾਂ ਦਾ ‘ਦਿਲੋਂ ਵਿਸ਼ਵਾਸ਼’ ਜਿੱਤਿਆ ਗਿਆ। ਹੁਣ ਆਬਾਦੀ ਦੇ ਵਾਧੇ ਬਾਰੇ 15 ਅਗਸਤ ਨੂੰ ਮੋਦੀ ਜੀ ਵਲੋਂ ਵਜਾਈ ਗਈ ਸੀਟੀ ਤੋਂ ਲਗਭਗ ਇਕ ਮਹੀਨਾ ਪਹਿਲਾਂ 11 ਜੁਲਾਈ 2019 ਨੂੰ ‘ਸੰਸਾਰ ਆਬਾਦੀ ਦਿਵਸ’ ਦੇ ਮੌਕੇ ਬੀਜੇਪੀ, ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਫਿਰਕੂ ਜਥੇਬੰਦੀਆਂ ਨੇ ਦੇਸ਼ ‘ਚ ਵੱਧ ਰਹੀ ਆਬਾਦੀ ਲਈ ਸਿਰਫ ਤੇ ਸਿਰਫ ਮੁਸਲਮਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਤੇ ਦੇਸ਼ ਦੀਆਂ ਅੱਡ ਅੱਡ ਸਮੇਂ ਹੋਈਆਂ ਜਣਗਣਨਾ ਦੀਆਂ ਰਿਪੋਰਟਾਂ ਤੋਂ ਉਲਟ ਆਪਣੇ ਹੀ ਅੰਕੜੇ ਪੇਸ਼ ਕਰਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਮੁਸਲਮਾਨ ਕਈ ਕਈ ਵਿਆਹ ਕਰਵਾ ਕੇ ਬਹੁਤ ਜ਼ਿਆਦਾ ਬੱਚੇ ਪੈਦਾ ਕਰਦੇ ਹਨ ਤੇ ਉਹ ਸਮਾਂ ਦੂਰ ਨਹੀਂ ਜਦੋਂ ਮੁਸਲਮਾਨ ਭਾਰਤ ਵਿਚ ਬਹੁਗਿਣਤੀ ‘ਚ ਹੋਣਗੇ। ਹੁਣ ਤਾਂ ਲਾਲ ਕਿਲੇ ਤੋਂ ਸੀਟੀ ਵੀ ਵੱਜ ਗਈ ਹੈ ਤੇ  ਦੇਸ਼ ਦੀ ‘ਸੇਵਾ’ ਕਰਨ ਲਈ ਕਿਸੇ ਵੀ ਮੁਸਲਮਾਨ ਨੂੰ ਕਿਤੇ ਵੀ ਘੇਰ ਕੇ ਮਾਰਿਆ ਜਾ ਸਕਦਾ ਹੈ ਕਿਉਂਕਿ ਉਹ ਆਬਾਦੀ ਵਧਾ ਕੇ ਦੇਸ਼ ਵਿਰੋਧੀ ਕੰਮ ਕਰ ਰਿਹਾ ਹੈ। ਹੁਣ ਦੇਸ਼ ਵਿਰੋਧੀ ਤੇ ਧਰਮ ਵਿਰੋਧੀ ਕੰਮਾਂ, ਗਊ ਹੱਤਿਆ ਕਰਨੀ, ਗਊ ਮਾਸ ਖਾਣਾ, ਜੈ ਸ਼੍ਰੀ ਰਾਮ ਤੇ ਭਾਰਤ ਮਾਤਾ ਕੀ ਜੈ ਨਾ ਕਹਿਣਾ ਘੁਸਪੈਠੀਆਂ ਹੋਣਾ ਦੇ ਨਾਲ-ਨਾਲ ਆਬਾਦੀ ਵਧਾਉਣ ਵਰਗਾ, ਦੇਸ਼ ਵਿਰੋਧੀ ਕਾਰਾ ਵੀ ਕਿਸੇ ਨੂੰ ਖਾਸ ਕਰਕੇ ਮੁਸਲਮਾਨਾਂ ਨੂੰ ਮਾਰਨ ਲਈ ਸੀਟੀ ਵਜਾਉਣ ਵਾਲੇ ਵਲੋਂ ਪ੍ਰਵਾਨਤ ਕਰ ਦਿੱਤਾ ਗਿਆ ਹੈ।
ਮੋਦੀ ਜੀ ਵੱਲੋਂ ਆਪਣੀ ਆਰ.ਐਸ.ਐਸ. ਤੋਂ ਸਿੱਖੀ ਕੇਂਦਰੀਕਰਨ ਦੀ ਨੀਤੀ ‘ਤੇ ਚੱਲਦਿਆਂ ਭਾਰਤੀ ਰੱਖਿਆ ਸੈਨਾਵਾਂ ਦੇ ਤਿੰਨੇ ਅੰਗਾਂ-ਭਾਰਤੀ ਫੌਜ, ਭਾਰਤੀ ਏਅਰਫੋਰਸ ਤੇ ਭਾਰਤੀ ਨੇਵੀ ਦੇ ਵੱਡੇ ਜਰਨੈਲਾਂ ਤੇ ਨਿਗਰਾਨੀ ਰੱਖਣ ਲਈ, ਤਿੰਨਾਂ ਅੰਗਾਂ ਨਾਲ ਸੰਬੰਧਤ ਰੱਖਿਆ ਸੌਦਿਆਂ ‘ਚ ਉਨ੍ਹਾਂ ਦੀ ਪੁੱਛ ਪੜਤਾਲ ਘਟਾ ਕੇ ਉਨ੍ਹਾਂ ਦੇ ਉਪਰ ਇਕ ਹੋਰ ਵਿਅਕਤੀ ਨੂੰ ਰੱਖਿਆ ਸਟਾਫ ਦਾ ਮੁਖੀ (3h}ef of 4efence Staff- 3.3.4.S.) ਦੇ ਨਵੇਂ ਅਹੁਦੇ ਨਾਲ ਬਿਠਾਇਆ ਜਾਵੇਗਾ। ਇਸ ਸੰਬੰਧੀ ਵੱਡੇ ਫੌਜੀ ਮਾਹਰਾਂ ਤੇ ਹੋਰ ਵਿਸ਼ਲੇਸ਼ਕਾਂ ਵਲੋਂ ਅੱਡ-ਅੱਡ ਅਖਬਾਰਾਂ ‘ਚ ਲੇਖ ਲਿਖੇ ਜਾ ਰਹੇ ਹਨ ਤੇ ਇਸ ਨਵੇਂ ਅਹੁਦੇ ਬਾਰੇ, ਜਿਸਨੂੰ ਕਿ ਫੌਜਾਂ ਬਾਰੇ ਵੱਡੇ ਸੁਧਾਰ ਵਜੋਂ ਪ੍ਰਚਾਰਿਆ ਗਿਆ, ਕਿੰਨੇ ਹੀ ਤਰ੍ਹਾਂ ਦੇ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਹਨ ਤੇ ਇਸ ਨੂੰ ਫੌਜੀ ਤਾਕਤਾਂ ਦੇ ਪੂਰਨ ਤੌਰ ‘ਤੇ ਕੇਂਦਰੀਕਰਨ ਵਜੋਂ ਦੇਖਿਆ ਜਾ ਰਿਹਾ ਹੈ ਤੇ ਇਹ ਲੋੜ ਪੈਣ ‘ਤੇ ਫੌਜੀ  ਰਾਜ ਵਰਗੀ ਕੋਈ ਵੰਨਗੀ ਦੇ ਤੌਰ ‘ਤੇ ਵੀ ਕੰਮ ਆ ਸਕਦੀ ਹੈ। ਜਦੋਂ ਅਸੀਂ ਆਰ.ਐਸ.ਐਸ. ਵਲੋਂ ਭਾਰਤੀ ਫੌਜ ਦੀ ਰਾਜਨੀਤਿਕ ਮੰਤਵਾਂ ਲਈ ਦੁਰਵਰਤੋਂ ਨੂੰ ਫੌਜਾਂ ਨੂੰ ਵੀ ਫਿਰਕੂ ਆਧਾਰ ‘ਤੇ ਵੰਡਣ ਦੀਆਂ ਲਗਾਤਾਰ ਕੋਸ਼ਿਸ਼ਾਂ ਵਜੋਂ ਦੇਖਦੇ ਹਾਂ ਤਾਂ ਇਹ ਖਦਸ਼ੇ, ਸਹੀ ਲੱਗਦੇ ਹਨ।
ਇਸ ਤੋਂ ਇਲਾਵਾ ਮੋਦੀ ਜੀ ਨੇ ਭਾਰਤ ਅੰਦਰ ਸੈਰ ਸਪਾਟੇ ਦੀਆਂ ਅਨੰਤ ਸੰਭਾਵਨਾਵਾਂ ਦੀ ਫੜ੍ਹ ਮਾਰ ਕੇ ਹਰ ਭਾਰਤੀ ਨੂੰ 2022 ਤੱਕ ਘੱਟੋ ਘੱਟ 15 ਟੂਰਿਸਟ ਥਾਵਾਂ ‘ਤੇ ਜਾਣ ਦਾ ਸੱਦਾ ਦੇ ਮਾਰਿਆ ਹੈ। ਹਾਂ, ਆਬਾਦੀ ਦਾ ਕੁੱਝ ਨਿਗੁਣਾ ਹਿੱਸਾ ਨਾ ਸਿਰਫ ਦੇਸ਼ ਵਿਚ ਹੀ, ਸਗੋਂ ਵਿਦੇਸ਼ਾਂ ਵਿਚ ਵੀ ਟੂਰਿਸਟ ਥਾਵਾਂ ‘ਤੇ ਪਹਿਲਾਂ ਹੀ ਜਾ ਰਿਹਾ ਹੈ ਤੇ ਜਾਂਦਾ ਵੀ ਰਹੇਗਾ, ਪਰ ਜਿੱਥੇ ਕਰੋੜਾਂ ਲੋਕਾਂ ਨੂੰ ਦੋ ਡੰਗ ਦੀ ਰੋਟੀ ਦੇ ਲਾਲੇ ਪਏ ਹੋਣ ਤੇ ਜਿੱਥੇ ਮਨਰੇਗਾ ਤਹਿਤ, 241 ਰੁਪਏ ਪ੍ਰਤੀ ਦਿਨ ਦੀ ਕਮਾਈ ਨਾਲ, ਜੇਕਰ ਕਿਸੇ ਟਾਂਵੇ ਵਿਅਕਤੀ ਨੂੰ ਕਾਨੂੰਨ ਮੁਤਾਬਕ ਘੱਟੋ ਘੱਟ 100 ਦਿਨ ਦਾ ਰੁਜ਼ਗਾਰ ਮਿਲ ਵੀ ਜਾਵੇ ਤਾਂ 24100 ਰੁਪਏ ਸਾਲ ਵਿਚ ਕਮਾਉਣ ਵਾਲਾ ਕਿੱਥੋਂ ਦੀਆਂ ਸੈਰਾਂ ਕਰ ਲਵੇਗਾ। ਇਹ ਗਰੀਬ ਲੋਕਾਂ ਦੀ ਗਰੀਬੀ ਦਾ ਆਜ਼ਾਦੀ ਦੇ ਦਿਹਾੜੇ ‘ਤੇ ਕੀਤਾ ਘੋਰ ਅਪਮਾਨ ਹੈ। ਇਸੇ ਤਰ੍ਹਾਂ ਦੀਆਂ ਫੜ੍ਹਾਂ ਇਹ ਕਹਿਕੇ ਵੀ ਮਾਰੀਆਂ ਗਈਆਂ ਕਿ ਭਾਰਤ ਜਲਦੀ ਹੀ ਖੁੱਲ੍ਹੇ ‘ਚ ਟੱਟੀ ਜਾਣ ਤੋਂ ਮੁਕਤ ਹੋ ਰਿਹਾ ਹੈ ਜਦਕਿ ਪਹਿਲਾਂ ਬਣਾਏ ਗਏ ਪਖਾਨੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਨਿਰ੍ਹਾਂ ਗੰਦ ਦਾ ਅੰਡਾ ਬਣ ਚੁੱਕੇ ਹਨ। ਏਸੇ ਤਰ੍ਹਾਂ ਆਪਣੀ ਪਿੱਠ ਆਪ ਠੋਕਦਿਆਂ ਐਲਾਨ ਕੀਤਾ ਕਿ ਅਸੀਂ ਹੌਲੀ ਤਰੱਕੀ ਨਹੀਂ ਚਾਹੁੰਦੇ ਅਤੇ ਅਗਲੇ 5 ਸਾਲਾਂ ‘ਚ ਅਸੀਂ 5 ਅਰਬ ਡਾਲਰ ਦੀ ਆਰਥਿਕਤਾ ਬਣ ਰਹੇ ਹਾਂ ਜਦਕਿ ਅੰਤਰਰਾਸ਼ਟਰੀ ਪੱਧਰ ਤੇ ਭਾਰਤ 5ਵੀਂ ਸਭ ਤੋਂ ਵੱਡੀ ਆਰਥਿਕਤਾ ਤੋਂ ਥੱਲੇ ਖਿਸਕ ਕੇ 7ਵੇਂ ਨੰਬਰ ‘ਤੇ ਚਲਾ ਗਿਆ ਹੈ ਤੇ ਫਰਾਂਸ ਤੇ ਇੰਗਲੈਂਂਡ ਜੋ 6ਵੇਂ ਤੇ 7ਵੇਂ ਨੰਬਰ ‘ਤੇ ਸਨ ਉਹ ਭਾਰਤ ਤੋਂ ਅੱਗੇ ਚਲੇ ਗਏ ਹਨ। ਇਕ ਹੋਰ ਹਵਾਈ ਕਿਲਾ ਉਸਾਰਦਿਆਂ ਮੋਦੀ ਜੀ ਨੇ ਐਲਾਨ ਕਰ ਮਾਰਿਆ ਕਿ ਅਸੀਂ ਲੋਕਾਂ ਨੂੰ ਉਨ੍ਹਾਂ ਦੀਆਂ ਆਸਾਂ ਉਮੰਗਾਂ ਮੁਤਾਬਕ ਤਰੱਕੀ ਕਰਨ ਦੀ ਆਜ਼ਾਦੀ ਦਿੱਤੀ ਹੈ ਤੇ ਇਸ ਬਾਰੇ ਲੋੜੀਂਦਾ ਢੁਕਵਾਂ ਵਾਤਾਵਰਨ-ਪ੍ਰਬੰਧ ਵੀ ਦੇ ਰਹੇ ਹਾਂ। ਵਾਹ ਮੋਦੀ ਜੀ, ਜੇਕਰ ਤੁਹਾਡੇ ਐਲਾਨ ‘ਚੋਂ ‘ਲੋਕ’ ਸ਼ਬਦ ਕੱਢ ਕੇ ਸਿਰਫ ਚੰਦ ਕੁ ਲੋਕ ਅੰਬਾਨੀ-ਅਡਾਨੀ ਤੇ ਹੋਰ ਕਾਰਪੋਰੇਟ ਘਰਾਣੇ ਕਰ ਲਿਆ ਜਾਵੇ ਤਾਂ ਤੁਸੀਂ ਸੱਚ ਬੋਲ ਰਹੇ ਹੋ। ਸੱਚ ਤਾਂ ਇਹ ਹੈ ਕਿ ਤੁਸੀਂ ਲੋਕਾਂ ਦੀਆਂ ਉਮੰਗਾਂ ਦਾ ਘਾਣ ਕੀਤਾ ਹੈ।
ਦੋ ਹੋਰ ਐਲਾਨ ਕਰਦਿਆਂ ਮੋਦੀ ਜੀ ਨੇ ਇਨਫਰਾਸਟਰਕਚਰ ਖੇਤਰ (ਆਧਾਰਭੂਤ ਢਾਂਚੇ) ‘ਚ 100 ਲੱਖ ਕਰੋੜ ਅਤੇ ਜਲ-ਜੀਵਨ ਸਕੀਮ ਤਹਿਤ ਹਰ ਘਰ ਤੱਕ ਪੀਣ ਵਾਲਾ ਪਾਣੀ ਪੁਚਾਉਣ ਲਈ 3.5 ਲੱਖ ਕਰੋੜ ਰੁਪਏ ਖਰਚ ਕਰਨ ਦੇ ਦਮਗੱਜੇ ਵੀ ਮਾਰੇ ਹਨ। ਇਹ ਸੁਣ ਕੇ ਕਿਸੇ ਮਿੱਤਰ ਨੇ ਵਿਅੰਗ ਮਾਰਿਆ ”ਪੱਲੇ ਨੀ ਧੇਲਾ, ਕਰਦੀ ਮੇਲਾ ਮੇਲਾ।”
ਦਰਅਸਲ ਮੋਦੀ ਜੀ ਨੇ ਹੁਣ ਤੱਕ ਦੇ ਸਭ ਤੋਂ ਲੰਮੇ ਭਾਸ਼ਣ ‘ਚ ਜੋ ਕਿਹਾ ਉਸਤੋਂ ਵੀ ਵੱਧ ਜ਼ਰੂਰੀ ਹੈ ਇਹ ਸਮਝਣਾ, ਜੋ ਉਸ ਨੇ ਨਹੀਂ ਕਿਹਾ। ਇਸ ਸੰਦਰਭ ‘ਚ ਹੋਰ ਗੱਲਾਂ ਜੇ ਛੱਡ ਵੀ ਦੇਈਏ ਤਾਂ ਤਿੰਨ ਅਤੀ ਮਹੱਤਵਪੂਰਨ ਗੱਲਾਂ ਜਿਨ੍ਹਾਂ ਤੋਂ ਉਨ੍ਹਾਂ ਉਕਾ ਹੀ ਗੁਰੇਜ ਕੀਤਾ ਇਹ ਹਨ, ਬੇਹੱਦ ਮੰਦੀ ਦਾ ਮਾਰ ਝੱਲ ਰਹੀ ਆਰਥਿਕਤਾ, ਬੇਰੁਜ਼ਗਾਰੀ ਤੇ ਲੰਮੇ ਸਮੇਂ ਤੋਂ ਸੰਕਟ ਨਾਲ ਜੂਝ ਰਹੀ ਕਿਸਾਨੀ। ਜਿੱਥੋਂ ਤੱਕ ਆਰਥਿਕ ਮੰਦੀ ਦਾ ਹਾਲ ਹੈ ਉਸ ਬਾਰੇ ਪਹਿਲਾਂ ਸਿਰਫ ਆਟੋ ਮੋਬਾਇਲ ਖੇਤਰ ਹੀ ਸੰਕਟ ‘ਚ ਦਿਸ ਰਿਹਾ ਸੀ। ਕਾਫੀ ਸਮਾਂ ਇਸ ਇੰਡਸਟਰੀ ਦੇ ਲੋਕਾਂ ਨੇ ਝੱਖੜ ਤੋਂ ਪਹਿਲਾਂ ਵਾਲੀ ਦਮ ਘੋਟੂ ਚੁੱਪ ਧਾਰੀ ਤੇ ਆਖਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਕਦੇ ਬਜਾਜ ਆਟੋ ਦੇ ਮਾਲਕ ਚੀਕ ਚਿਹਾੜਾ ਪਾਉਂਦੇ ਹਨ, ਕਦੇ ਮਹਿੰਦਰਾ ਐਂਡ ਮਹਿੰਦਰਾ ਵਾਲੇ ਤੇ ਕਦੇ ਟਾਟਾ ਮੋਟਰਜ਼, ਮਾਰੂਤੀ ਤੇ ਹੁੰਡਈ ਵਾਲੇ, ਲਗਭਗ ਸਾਰੀਆਂ ਕੰਪਨੀਆਂ ਨੇ ਕਾਰਾਂ ਤੇ ਦੁਪਹੀਆ ਵਾਹਨ ਬਣਾਉਣੇ ਘਟਾ ਦਿੱਤੇ ਹਨ ਤੇ ਲਗਭਗ 300 ਏਜੰਸੀਆਂ ਬੰਦ ਹੋ ਚੁੱਕੀਆਂ ਹਨ ਤੇ ਹੋਰ ਬੰਦ ਹੋਣ ਕਿਨਾਰੇ ਹਨ। ਇਸ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਟਰੱਕਾਂ ਦੀ ਗਾਹਕੀ ਲਗਭਗ ਨਾਂਹ ਦੇ ਬਰਾਬਰ ਹੈ। ਦੂਜੇ ਪਾਸੇ ਸਿਲੰਡਰਾਂ ਵਲੋਂ ਬੈਂਕਾਂ ਤੋਂ ਕਰਜ਼ੇ ਲੈ ਕੇ ਬਣਾਏ ਲਗਭਗ 12 ਲੱਖ ਫਲੈਟ ਵਿਕ ਹੀ ਨਹੀਂ ਰਹੇ ਤੇ ਉਨ੍ਹਾਂ ਦਾ ਕਾਰੋਬਾਰ ਵੀ ਲਗਭਗ ਠੱਪ ਹੀ ਹੈ ਤੇ ਇਸ ਖੇਤਰ ‘ਚ ਕੰਮ ਕਰਦੇ ਮਜ਼ਦੂਰ ਤੇ ਸਕਿੱਲਡ ਕਾਮੇ ਬੇਕਾਰ ਹੋ ਗਏ ਹਨ। ਦੇਸ਼ ਦਾ ਕੱਪੜਾ ਉਦਯੋਗ ਡੂੰਘੇ ਸੰਕਟ ‘ਚ ਹੈ। ਧਾਗਾ ਮਿੱਲਾਂ ਵੀ ਬੰਦ ਹੋ ਰਹੀਆਂ ਹਨ ਜੋ ਬੇਰੁਜ਼ਗਾਰੀ ‘ਚ ਹੋਰ ਵੀ ਵਾਧਾ ਕਰ ਰਹੀਆਂ ਹਨ। ਆਰਥਿਕ ਮੰਦੀ ਦਾ ਆਲਮ ਇਹ ਹੈ ਕਿ ਆਮ ਲੋਕਾਂ ਕੋਲ 5 ਜਾਂ 10 ਰੁਪਏ ਵਾਲੇ ਬਿਸਕੁੱਟਾਂ ਦੇ ਪੈਕਟ ਖਰੀਦਣ ਲਈ ਵੀ ਪੈਸਾ ਨਹੀਂ ਹੈ ਤੇ ਦੇਸ਼ ਦੀ ਬਿਸਕੁਟ ਬਨਾਉਣ ਵਾਲੀ ਕੰਪਨੀ ਪਾਰਲੇ-ਜੀ 10,000 ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢ ਰਹੀ ਹੈ। ਇਹੀ ਹਾਲ ਬ੍ਰਿਟੈਨੀਆ ਤੇ ਦੂਜੀਆਂ ਬਿਸਕੁਟ ਕੰਪਨੀਆਂ ਦਾ ਹੈ। ਇਥੋਂ ਤੱਕ ਕਿ ਨੀਤੀ ਅਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਮੌਜੂਦਾ ਆਰਥਿਕ ਸੰਕਟ ‘ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਪਿਛਲੇ 70 ਸਾਲਾਂ ‘ਚ ਇਹ ਪਹਿਲੀ ਵਾਰ ਹੈ ਜਿੱਥੇ ਸਾਡਾ ਵਿੱਤੀ ਪ੍ਰਬੰਧ ਹੀ ਖਤਰੇ ‘ਚ ਹੈ, ਅਜਿਹੇ ਬਿਆਨ ਮੋਦੀ ਦੇ 15 ਅਗਸਤ ਦੇ ਮੋਦੀ ਦੇ ਆਰਥਿਕਤਾ ਦੇ ਦਾਅਵਿਆਂ ਦਾ ਮੂੰਹ ਚਿੜਾਉਂਦੇ ਹਨ। ਦੇਰ ਨਾਲ ਹੀ ਸਹੀ ਆਰ.ਬੀ.ਆਈ. ਦੇ ਮੌਜੂਦਾ ਗਵਰਨਰ ਨੇ ਵੀ ਮੰਨਿਆ ਹੈ ਕਿ ਆਰਥਿਕ ਮੰਦੀ ਹੈ ਤੇ ਆਰ.ਬੀ.ਆਈ. ਵਲੋਂ ਵਾਰ ਵਾਰ ਵਿਆਜ ਦਰ੍ਹਾਂ ਘਟਾਉਣ ਦੇ ਬਾਵਜੂਦ ਵੀ ਇਹ ਰੁਝਾਨ ਰੁਕ ਨਹੀਂ ਰਿਹਾ, ਜਿਸ ਦੀ ਕਿ ਉਨ੍ਹਾਂ ਨੂੰ ਆਸ ਸੀ।
ਜਿੱਥੋਂ ਤੱਕ ਬੇਰੁਜ਼ਗਾਰੀ ਦਾ ਸਬੰਧ ਹੈ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਿਛਲੇ 45 ਸਾਲਾਂ ‘ਚ ਸਭ ਤੋਂ ਭਿਆਨਕ ਰਿਕਾਰਡ ਤੋੜ ਹੱਦ ਤੱਕ ਵਧੀ ਹੈ। ਮੌਜੂਦਾ ਮੰਦੀ ਦੇ ਦੌਰ ਦਾ ਅੰਕੜਾ ਹੋਰ ਵੀ ਖਤਰਨਾਕ ਹੋਵੇਗਾ। ਅੱਜ ਦੇ ਸਮੇਂ ਰੁਜ਼ਗਾਰ ਲਈ ਘੋਲ ਤਾਂ ਨਾ ਮਾਤਰ ਹੈ। ਉਪਰੋਂ ਪਹਿਲਾਂ ਮਿਲੇ ਰੁਜ਼ਗਾਰ ਨੂੰ ਬਚਾਉਣਾ ਵੀ ਮੁਸ਼ਕਲ ਹੋਇਆ ਪਿਆ ਹੈ। ਹੋਰ ਤਾਂ ਹੋਰ 27000 ਫੌਜੀਆਂ ਦੇ ਘਟਾਏ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਕਿਸਾਨੀ ਆਤਮ ਹੱਤਿਆਵਾਂ ਪ੍ਰਤੀ ਤਾਂ ਹਾਕਮਾਂ ਤੇ ਉਸਦੇ ਟੁਕੜੇ ਬੋਚਾਂ ਦੀਆਂ ਸੰਵੇਦਨਾਵਾਂ ਹੀ ਖਤਮ ਹੋ ਗਈਆਂ ਹਨ। 2022 ਤੱਕ ਕਿਸਾਨੀ ਦੀ ਆਮਦਨ ਦੁੱਗਣੀ ਕਰਨ ਦੇ ਪਹਿਲਾਂ ਤੋਂ ਦਿੱਤੇ ਲਾਰੇ ਦਾ ਕਹਿਣ ਲਈ ਵੀ ਜ਼ਿਕਰ ਨਹੀਂ ਹੋਇਆ। ਇਸ ਸਭ ਦੇ ਵਿਚਕਾਰ ਝਾਰਖੰਡ ਦੇ ਜਮਸ਼ੇਦਪੁਰ ਤੋਂ ਬੀਜੇਪੀ ਦੇ ਲੀਡਰ ਵਿਸ਼ਵਜੀਤ ਦੇ 25 ਸਾਲਾ ਨੌਜਵਾਨ ਬੇਟੇ ਅਸੀਮ ਨੇ ਖੁਦਕਸ਼ੀ ਕਰ ਲਈ ਹੈ। ਇਸ ਦਾ ਕਾਰਨ ਹੈ ਕਿ ਆਰਥਿਕ ਮੰਦੀ ਦੇ ਚੱਲ੍ਹਦੇ ਉਸਦੀ ਨੌਕਰੀ ਖੁਸਣ ਦੇ ਡਰ ਕਰਕੇ ਉਹ ਡਿਪਰੈਸ਼ਨ ‘ਚ ਚਲਾ ਗਿਆ। ਅਜਿਹੇ ਲੱਖਾਂ ਲੋਕ ਅੱਜ ਨੌਕਰੀ ਖੁੱਸਣ ਦੇ ਡਰ ਹੇਠ ਜੀਅ ਰਹੇ ਹਨ। ਮੋਦੀ ਭਗਤਾਂ ਦਾ ਸਿਰਫ ਉਹ ਹਿੱਸਾ ਹੀ ਭੰਗੜੇ ਪਾ ਰਿਹਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਆਈ.ਟੀ. ਸੈਲ ਰਾਹੀਂ ਤਨਖਾਹ ਮਿਲ ਰਹੀ ਹੈ। ਬਾਕੀ ਸਭ ਨੂੰ ਦੇਰ-ਸਵੇਰ ਦੇਸ਼ ਦੀਆਂ ਠੋਸ ਹਕੀਕਤਾਂ ਨੇ ਬੰਦੇ ਬਣਾ ਦੇਣਾ ਹੈ। ਗੱਲ ਸਿਰਫ ਲਾਲ ਝੰਡੇ ਵਾਲਿਆਂ ਨੂੰ ਦਿਨ ਰਾਤ ਇਕ ਕਰਨ ਦੀ ਹੈ। ਦੇਸ਼ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੋਦੀ ਦਾ ਛਲਾਵੇ ਭਰਿਆ ਭਾਸ਼ਣ ਨਿਰੋਲ ਫਿਰਕੂ, ਗੈਰ ਸੈਕੂਲਰ ਤੇ ਗੈਰ ਫੈਡਰਲ ਭਾਰਤ ਬਨਾਉਣ ਵੱਲ ਸੇਧਤ ਹੈ।

Scroll To Top