

ਮੰਡੀ ਅਮਰਕੋਟ, 27 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਸਥਾਨਕ ਦਾਣਾ ‘ਚ ਰੋਸ ਰੈਲੀ ਕੀਤੀ ਗਈ ਅਤੇ ਹਲਕਾ ਵਿਧਾਇਕ ਖੇਮਕਰਨ ਨੂੰ ਮੰਗ ਪੱਤਰ ਦਿੱਤਾ ਗਿਆ। ਰੈਲੀ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਕੋਟ ਧਰਮ ਚੰਦ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਰਾਜਵਿੰਦਰ ਸਿੰਘ ਜੋਦਸਿੰਘ ਵਾਲਾ ਨੇ ਕੀਤਾ। ਇਕੱਠੇ ਹੋਏ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਚਮਨ ਲਾਲ ਦਰਾਜਕੇ, ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਸਕੱਤਰ ਕਾਮਰੇਡ ਦੇਵੀ ਕੁਮਾਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਖਵੰਤ ਸਿੰਘ ਵਲਟੋਹਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮੜੇ ਲੋਕ ਵਿਰੋਧੀ ਖੇਤੀ ਕਨੂੰਨ ਤੇ ਬਿਜਲੀ ਸੋਧ ਬਿੱਲ ਰੱਦ ਕੀਤੇ ਜਾਣ, ਐਫਸੀਆਈ ਤੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਦੇ ਮਨਸ਼ੇ ਤਿਆਗ ਕੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਕੇ ਪੇਂਡੂ ਤੇ ਖੇਤ ਮਜ਼ਦੂਰਾਂ ਸਮੇਤ ਸ਼ਹਿਰੀ ਗਰੀਬਾਂ ਤੇ ਸਭਨਾਂ ਤੇ ਲੋੜਵੰਦਾਂ ਲਈ ਸਸਤੇ ਰਾਸ਼ਨ ਤੇ ਰਸੋਈ ਵਰਤੋਂ ਦੀਆਂ ਸਾਰੀਆਂ ਵਸਤਾਂ ਸਸਤੇ ਭਾਅ ‘ਤੇ ਦਿੱਤੀਆਂ ਜਾਣ। ਕਿਰਤ ਕਨੂੰਨਾਂ ‘ਚ ਕੀਤੀਆਂ ਸੋਧਾਂ ਰੱਦ ਕੀਤੀਆਂ ਜਾਣ, ਮਜ਼ਦੂਰਾਂ ਤੇ ਗਰੀਬ ਕਿਸਾਨਾਂ ਸਿਰ ਚੜ੍ਹੇ ਸਰਕਾਰੀ ਤੇ ਗੈਰ ਸਰਕਾਰੀ ਕਰਜੇ ਮੁਆਫ ਕੀਤੇ ਜਾਣ, ਗਰੀਬ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ ‘ਚੋਂ 10-10 ਮਰਲੇ ਦੇ ਪਲਾਟ ਦਿੱਤੇ ਜਾਣ। ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ ਪ੍ਰਤੀ ਮਹੀਨਾ ਪੰਜ ਹਜ਼ਾਰ ਰੁਪਏ ਕੀਤੀ ਜਾਵੇ ਅਤੇ ਘਰ ਬਣਾਉਣ ਲਈ ਪੰਜ ਲੱਖ ਦੀ ਗ੍ਰਾਂਟ ਦਿੱਤੀ ਜਾਵੇ।
ਆਗੂਆਂ ਨੇ ਕਿਹਾ ਕਿ ਜੇ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 9 ਤੋਂ 11 ਅਗਸਤ ਤੱਕ ਮੁਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ 3 ਰੋਜ਼ਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਭਿੱਖੀਵਿੰਡ, ਸੰਤੋਖ ਸਿੰਘ ਮੱਖੀ ਕਲਾਂ, ਗੁਰਬੀਰ ਭੱਟੀ ਰਾਜੋਕੇ, ਸਵਿੰਦਰ ਸਿੰਘ ਚੱਕ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜੁਗਿੰਦਰ ਸਿੰਘ ਵਲਟੋਹਾ, ਕਾਮਰੇਡ ਰਸ਼ਪਾਲ ਘੁਰਕਵੰਡ, ਲਾਲ ਸਿੰਘ ਵਲਟੋਹਾ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਸਾਲ ਦੀਪ ਸਿੰਘ ਵਲਟੋਹਾ, ਹਰਜੀਤ ਸਿੰਘ ਬੈਂਕਾਂ, ਹਰਪਿੰਦਰ ਸਿੰਘ ਸਿੰਘਪੁਰਾ, ਰਾਹੁਲ ਦਰਾਜਕੇ, ਗੱਜਣ ਨਾਰਲਾ, ਦਲਵਿੰਦਰ ਚੀਮਾ, ਰਸਾਲ ਸਿੰਘ ਬੈਂਕਾਂ, ਸਾਬਕਾ ਸਰਪੰਚ ਮਾਹਣ ਸਿੰਘ ਭਿੱਖੀਵਿੰਡ, ਲਾਜਰ ਲਾਖਣਾ ਆਦਿ ਹਾਜ਼ਰ ਸਨ।
ਅਖੀਰ ‘ਚ ਖੇਤ ਮਜ਼ਦੂਰਾਂ ਨੇ ਅਮਰਕੋਟ ਦੇ ਬਜ਼ਾਰਾਂ ‘ਚ ਰੋਸ ਮਾਰਚ ਕਰਕੇ ਹਲਕਾ ਵਿਧਾਇਕ ਖੇਮਕਰਨ ਦੇ ਘਰ ਪਹੁੰਚ ਕੇ ਮੰਗ ਪੱਤਰ ਦਿੱਤਾ ਗਿਆ।