
ਨਵਾਂਸ਼ਹਿਰ, 27 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਅੱਜ ਪੇਂਡੂ ਅਤੇ ਖੇਤ ਮਜ਼ਦੂਰਾਂ ਦੇ ਸਾਂਝੇ ਮੋਰਚੇ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਹਲਕਾ ਨਵਾਂਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਦੀ ਕੋਠੀ ਅੱਗੇ ਧਰਨਾ ਦੇ ਕੇ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਪਹਿਲਾਂ ਮਜ਼ਦੂਰ ਪਿੰਡ ਸਲੋਹ ਦੇ ਗੁਰਦੁਆਰੇ ਵਿੱਚ ਇਕੱਠੇ ਹੋਏ ਤੇ ਮਾਰਚ ਕਰ ਦੇ ਹੋਏ ਵਿਧਾਇਕ ਦੀ ਕੋਠੀ ਅੱਗੇ ਪਹੁੰਚੇ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਮਲਜੀਤ ਸਨਾਵਾ, ਹਰੀ ਰਾਮ ਰਸੂਲਪੁਰੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮੁਕੰਦ ਲਾਲ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਪਾਲ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਵਿਚ ਜਿੰਨੇ ਵਾਅਦੇ ਮਜ਼ਦੂਰਾਂ ਨਾਲ ਕੀਤੇ ਸਨ, ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਪਿਛਲੇ ਸਮੇਂ ਵਿੱਚ ਮਜ਼ਦੂਰਾਂ ਦੇ ਸੁਸਾਇਟੀਆਂ ਦੇ ਕਰਜ਼ੇ ਮੁਆਫ਼ੀ ਦਾ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਗਿਆ ਪਰ ਕਰਜ਼ਿਆਂ ਉੱਤੇ ਲਕੀਰ ਨਹੀਂ ਮਾਰੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਵਾਅਦੇ ਅਨੁਸਾਰ ਮਜਦੂਰਾਂ ਨੂੰ ਰਿਹਾਇਸ਼ੀ ਪਲਾਟ ਵੀ ਨਹੀਂ ਮਿਲੇ। ਇਸ ਮੌਕੇ ਵਿਧਾਇਕ ਨੂੰ ਯਾਦ ਪੱਤਰ ਦੇ ਕੇ ਮਜ਼ਦੂਰਾਂ ਦੇ ਸੁਸਾਇਟੀਆਂ ਦੇ ਕਰਜ਼ੇ ਮੁਆਫ਼ ਕਰਨ, ਰਿਹਾਇਸ਼ੀ ਪਲਾਟ ਦੇਣ, ਮਗਨਰੇਗਾ ਕਾਮਿਆਂ ਦੀ ਦਿਹਾੜੀ 600 ਰੁਪਏ ਕਰਨ ਅਤੇ ਸਾਲ ਵਿਚ 200 ਦਿਨ ਦਾ ਕੰਮ ਦੇਣ, ਸਾਰੇ ਲੋੜਵੰਦਾਂ ਦੇ ਨੀਲੇ ਕਾਰਡ ਬਣਾਉਣ ਦੀ ਮੰਗ ਕੀਤੀ ਗਈ। ਵਿਧਾਇਕ ਨੇ ਮਜ਼ਦੂਰਾਂ ਦੀਆਂ ਮੰਗਾਂ ਉੱਤੇ ਗੌਰ ਕਰਨ ਦਾ ਭਰੋਸਾ ਦਿਵਾਇਆ।