Now Reading
ਪੁਲੀਸ ਵਧੀਕੀਆਂ ਖ਼ਿਲਾਫ਼ ਆਰਐਮਪੀਆਈ ਵੱਲੋਂ ਧਰਨਾ 5 ਸਤੰਬਰ ਨੂੰ

ਪੁਲੀਸ ਵਧੀਕੀਆਂ ਖ਼ਿਲਾਫ਼ ਆਰਐਮਪੀਆਈ ਵੱਲੋਂ ਧਰਨਾ 5 ਸਤੰਬਰ ਨੂੰ

ਫਿਲੌਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ 5 ਸਤੰਬਰ ਨੂੰ ਸਥਾਨਕ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਪਾਰਟੀ ਆਗੂਆਂ ਨੇ ਅੱਜ ਇਹ ਐਲਾਨ ਕਰਦਿਆਂ ਦੱਸਿਆ ਕਿ ਇਲਾਕੇ ਦੇ ਕਈ ਮਸਲਿਆਂ ਸਬੰਧੀ ਪੁਲੀਸ ਦੇ ਹੇਠਲੇ ਅਤੇ ਵੱਡੇ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਜ਼ਿਲ੍ਹਾ ਆਗੂ ਮੱਖਣ ਪੱਲਣ, ਮੇਜਰ ਫਿਲੌਰ, ਕੁਲਦੀਪ ਫਿਲੌਰ, ਜਰਨੈਲ ਫਿਲੌਰ, ਅੰਮ੍ਰਿਤ ਪਾਲ ਨੰਗਲ ਆਦਿ ਨੇ ਦੱਸਿਆ ਕਿ ਪੁਲੀਸ ਵੱਲੋਂ ਕਥਿਤ ਸਿਆਸੀ ਦਬਾਅ ਕਾਰਨ ਕੀਤੀ ਸ਼ਿਕਾਇਤ ’ਤੇ ਕਾਰਵਾਈ ਕਰਨ ਦੀ ਥਾਂ ਵਿਰੋਧੀ ਧਿਰ ਵੱਲੋਂ ਇੱਕ ਝੂਠੀ ਸ਼ਿਕਾਇਤ ਨੂੰ ਅਧਾਰ ਬਣਾ ਕੇ ਉਲਟਾ ਕੇਸ ਦਰਜ ਕਰ ਲਿਆ ਗਿਆ। ਆਗੂਆਂ ਨੇ ਕਿਹਾ ਕਿ ਪੁਲੀਸ ਨੇ ਮਹੀਨਾ ਬੀਤ ਜਾਣ ਬਾਅਦ ਨਾ ਇਸ ਕੇਸ ਦੀ ਜਾਂਚ ਕੀਤੀ ਹੈ ਅਤੇ ਨਾ ਹੀ ਦੋਸ਼ੀਆਂ ਨੂੰ ਫੜਨ ਲਈ ਕੁੱਝ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਇਲਾਕੇ ’ਚ ਨਜਾਇਜ਼ ਸ਼ਰਾਬ, ਨਸ਼ੀਲੇ ਟੀਕੇ, ਗੋਲੀਆਂ ਸਮੇਤ ਹੋਰ ਮਾਰੂ ਨਸ਼ੇ ਸ਼ਰੇਆਮ ਵਿਕ ਰਹੇ ਹਨ ਅਤੇ ਪੁਲੀਸ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਬਿਨਾਂ ਕੁਝ ਨਹੀਂ ਕਰ ਰਹੀ। ਆਗੂਆਂ ਨੇ ਕਿਹਾ ਕਿ ਜਦੋਂ ਇਲਾਕੇ ’ਚ ਚੋਰੀਆਂ ਆਦਿ ਹੁੰਦੀਆਂ ਹਨ ਤਾਂ ਨਸ਼ੇ ’ਚ ਲੱਗੇ ਕੁਝ ਵਿਅਕਤੀਆਂ ਨੂੰ ਜੇਲ੍ਹ ਭੇਜ ਕੇ ਮਸਲੇ ਦਾ ਸਥਾਈ ਹੱਲ ਕਰਨ ਦੀ ਥਾਂ ਮਿੱਟੀ ਪਾਉਣ ਦਾ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਕਤ ਮਸਲਿਆਂ ਤੋਂ ਬਿਨਾਂ ਹੋਰ ਅਨੇਕਾਂ ਮਸਲਿਆਂ ਦਾ ਕਰਵਾਉਣ ਲਈ 5 ਸਤੰਬਰ ਨੂੰ ਸਥਾਨਕ ਥਾਣੇ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।

Scroll To Top