ਫਤਿਆਬਾਦ, 31 ਜਨਵਰੀ (ਸੰਗਰਾਮੀ ਲਹਿ ਬਿਊਰੋ)- ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੇ ਪਿੰਡ -ਪਿੰਡ ਪਹੁੰਚ ਕੇ ਦਿੱਲੀ ਸਿੰਘੂ ਬਾਰਡਰ ਪਹੁੰਚਣ ਦਾ ਹੋਕਾ ਦਿੱਤਾ। ਇਸ ਦੀ ਅਗਵਾਈ ਸਿੰਘੂ ਬਾਰਡਰ ਤੋਂ ਉਚੇਚੇ ਤੌਰ ਪੁੱਜੇ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੇਲੋਕੇ, ਡਾ. ਪਰਮਜੀਤ ਸਿੰਘ ਕੋਟ ਆਦਿ ਆਗੂਆਂ ਨੇ ਕੀਤੀ।
ਕਿਸਾਨ ਆਗੂਆਂ ਨੇ ਕੇਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਨੂੰਨਾਂ ਵਿਰੁੱਧ ਦਿੱਲੀ ਬਾਰਡਰਾਂ ‘ਤੇ ਚੱਲ ਰਹੇ ਸੰਘਰਸ਼ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਆਗੂਆਂ ਨੇ ਕਿਹਾ ਕਿ ਸੰਘਰਸ਼ ਬਹੁਤ ਅਹਿਮ ਪੜਾਅ ਉੱਪਰ ਪਹੁੰਚ ਚੁੱਕਾ ਹੈ। ਮੋਦੀ ਸਰਕਾਰ ਸੰਘਰਸ਼ ਤਾਰਪੀਂਡੋ ਕਰਨ ਦੀਆਂ ਸਾਜਿਸ਼ਾਂ ਕਰ ਰਹੀ ਹੈ। ਆਰਐਸਐਸ ਦੇ ਲੋਕ ਕਿਸਾਨ ਮੋਰਚਿਆਂ ਉੱਪਰ ਨਾਅਰੇਬਾਜ਼ੀ ਅਤੇ ਪੱਥਰਬਾਜ਼ੀ ਕਰਕੇ ਭੜਕਾਹਟ ਪੈਦਾ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਇਸ ਮੌਕੇ ਲੋਕਾਂ ਦੀ ਸੰਘਰਸ਼ ਦੇ ਮੋਰਚਿਆਂ ਵਿੱਚ ਹਾਜ਼ਰੀ ਦੀ ਬਹੁਤ ਲੋੜ ਹੈ। ਲੋਕਾਂ ਦੇ ਸਹਿਯੋਗ ਅਤੇ ਪਾਏ ਯੋਗਦਾਨ ਲਈ ਧੰਨਵਾਦ ਕਰਦਿਆਂ ਆਗੂਆਂ ਨੇ ਕਿਹਾ ਕੇ 26 ਜਨਵਰੀ ਨੂੰ ਲੱਖਾਂ ਦੀ ਗਿਣਤੀ ਵਿੱਚ ਪਹੁੰਚਕੇ ਨਵਾਂ ਇਤਿਹਾਸ ਸਿਰਜਿਆ ਹੈ। ਕੋਟ ਮਹੰਮਦ ਖਾਂ ਤੋਂ ਰਵਾਨਾ ਹੋ ਕੇ ਇਹ ਜਥਾ ਵੱਖ ਪਿੰਡਾਂ ਵਿੱਚ ਜਾਵੇਗਾ। ਇਸ ਮੌਕੇ ਤੇਗ ਸਿੰਘ, ਬਲਵਿਦਰ ਸਿੰਘ ਫੇਲੋਕੇ, ਜੰਗ ਬਹਾਦਰ ਸਿੰਘ ਤੁੜ, ਤੇਜਬੀਰ ਸਿਘ ਬਿੱਟੂ ਆਦਿ ਵੀ ਹਾਜ਼ਰ ਸਨ।
