Now Reading
ਪਹਿਲੀ ਭਾਰਤੀ ਅਧਿਆਪਕਾ : ਸਵਿਤ੍ਰੀ ਬਾਈ ਫੂਲੇ

ਪਹਿਲੀ ਭਾਰਤੀ ਅਧਿਆਪਕਾ : ਸਵਿਤ੍ਰੀ ਬਾਈ ਫੂਲੇ

ਡਾ. ਕਰਮਜੀਤ ਸਿੰਘ

ਅੰਗ੍ਰੇਜ਼ੀ ਸਾਮਰਾਜ ਆਪਣੇ ਨਾਲ਼ ਇਕ ਵੱਖਰਾ ਸਭਿਆਚਾਰ ਲੈ ਕੇ ਆਇਆ ਜਿਸਦਾ ਭਾਰਤੀ ਸਭਿਆਚਾਰ ਨਾਲ਼ ਵਿਰੋਧ ਵਿਕਾਸੀ ਰਿਸ਼ਤਾ ਬਣਿਆ। ਰਾਜਨੀਤਕ ਤੌਰ ਤੇ ਟਕਰਾਅ ਸਪੱਸ਼ਟ ਹੈ ਜੋ ਸਾਮਰਾਜ ਤੇ ਬਸਤੀ ਦਾ ਟਕਰਾਅ ਸੀ। ਸਭਿਆਚਾਰਕ ਟਕਰਾਅ ਵਿਚੋਂ ਦੋ ਧਾਰਾਵਾਂ ਪੈਦਾ ਹੁੰਦੀਆਂ ਹਨ। ਪਹਿਲੀ ਹੈ ਧਾਰਮਿਕ, ਸਮਾਜ ਸਭਿਆਚਾਰਕ ਪੁਨਰ ਸੁਰਜੀਤੀ ਦੀ ਤੇ ਦੂਸਰੀ ਹੈ ਪੱਛਮੀ ਸਭਿਆਚਾਰ ਨਾਲ਼ ਆਦਾਨ-ਪ੍ਰਦਾਨ ਦੀ। ਇਹ ਆਦਾਨ-ਪ੍ਰਦਾਨ ਸੁਚੇਤ ਵੀ ਸੀ ਤੇ ਅਚੇਤ ਵੀ। ਇਸਨੇ ਅਨੇਕਾਂ ਧਾਰਮਿਕ ਅਤੇ ਸਮਾਜ ਸੁਧਾਰਕਾਂ ਨੂੰ ਜਨਮ ਦਿੱਤਾ ਜਿੰਨ੍ਹਾਂ ਵਿਚੋਂ ਰਾਜਾ ਰਾਮ ਮੋਹਨ ਰਾਏ, ਸਵਾਮੀ ਵਿਵੇਕਾਨੰਦ, ਦਇਆ ਨੰਦ ਸਰਸਵਤੀ, ਸਯੱਦ ਅਹਿਮਦ ਖ਼ਾਨ ਅਤੇ ਪੰਡਿਤਾ ਰਮਾਬਾਈ ਆਦਿ ਵਿਸ਼ੇਸ਼ ਹਨ। ਪੱਛਮੀ ਸਭਿਆਚਾਰ ਦੀਆਂ ਚੁਨੌਤੀਆਂ ਨੂੰ ਇਨ੍ਹਾਂ ਸੁਧਾਰਕਾਂ ਨੇ ਆਪਣੇ ਆਪਣੇ ਵਿਚਾਰਾਂ ਅਨੁਸਾਰ ਨਜਿੱਠਣ ਦੀ ਕੋਸ਼ਿਸ਼ ਕੀਤੀ। ਧਾਰਮਿਕ ਪੁਨਰ ਸੁਰਜੀਤੀ ਨਾਲ਼ ਜੁੜੇ ਆਗੂ ਪੁਰਾਨਤਾ ਵਲ ਪਰਤਦੇ ਹਨ, ਇਸੇ ਦਿ੍ਰਸ਼ਟੀ ਤੋਂ ਹੀ ਸਮਾਜਿਕ ਕੁਰੀਤੀਆਂ ਨੂੰ ਸੰਬੋਧਿਤ ਹੁੰਦੇ ਹਨ। ਸਤੀ ਪ੍ਰਥਾ ਦਾ ਵਿਰੋਧ, ਬਾਲ ਵਿਆਹ ਦਾ ਵਿਰੋਧ, ਵਿਧਵਾ ਵਿਆਹ ਦਾ ਸਮਰਥਨ, ਔਰਤ ਦੀ ਬਰਾਬਰੀ ਦੇ ਹੱਕ ਵਿਚ ਅਤੇ ਜਾਤ-ਪਾਤ ਦਾ ਵਿਰੋਧ ਇਨ੍ਹਾਂ ਦੇ ਮੂਲ਼ ਮੁੱਦੇ ਸਨ। ਇਹ ਸੁਧਾਰਕ ਪੰਡਿਤ, ਮੁੱਲਾਂ, ਪਾਦਰੀ ਅਤੇ ਭਾਈ ਉਪਰ ਹਮਲਾਵਰ ਹੁੰਦੇ ਹਨ, ਰੀਤਾਂ ਰਸਮਾਂ ਦੀ ਨਿਰਾਰਥਕਤਾ ਦਸਦੇ ਹਨ, ਮੂਰਤੀ ਪੂਜਾ ਤੇ ਬਹੁਦੇਵਵਾਦ ਦਾ ਵਿਰੋਧ ਕਰਦਿਆਂ ਧਰਮ ਦੀ ਮੂਲ਼ ਸਾਂਝ ਉਪਰ ਬਲ ਦਿੰਦੇ ਹਨ। ਔਰਤਾਂ ਦੀ ਸਿੱਖਿਆ ਉਪਰ ਇਨ੍ਹਾਂ ਨੇ ਵਿਸ਼ੇਸ਼ ਬਲ ਦਿੱਤਾ। ਇਹ ਜਾਗਰਣ ਸਵੈ-ਮਾਣ ਅਤੇ ਰਾਸ਼ਟਰਵਾਦ ਉਪਰ ਆਧਾਰਿਤ ਸੀ।
ਇਹ ਸੁਧਾਰਕ ਜਾਤ ਪ੍ਰਬੰਧ ਅਨੁਸਾਰ ਉਚੇਰੀਆਂ ਜਾਤਾਂ ਵਿਚੋਂ ਸਨ, ਪਰ ਦੂਜੇ ਪਾਸੇ ਪੇਰੀਆਰ, ਜੋਤੀਬਾ ਫੂਲੇ-ਸਵਿਤ੍ਰੀ ਬਾਈ ਫੂਲੇ, ਆਇਨਕਲੀ ਅਤੇ ਡਾ. ਅੰਬੇਡਕਰ ਅਖੌਤੀ ਹੇਠਲੀਆਂ ਜਾਤਾਂ-ਜਮਾਤਾਂ ਵਿਚੋਂ ਸਨ ਜਿੰਨ੍ਹਾਂ ਦਾ ਸਿੱਧਾ ਟਕਰਾਅ ਬ੍ਰਾਹਮਣਵਾਦੀ/ਮਨੂੰਵਾਦੀ ਸਿਖਿਆਵਾਂ ਨਾਲ਼ ਸੀ। ਇਹ ਆਗੂ ਬ੍ਰਾਹਮਣੀ ਧਾਰਮਿਕ ਗ੍ਰੰਥਾਂ ਨੂੰ ਮਾਨਤਾ ਨਹੀਂ ਸਨ ਦਿੰਦੇ, ਬੌਧ ਧਰਮ ਦੇ ਨੇੜੇ ਜਾਣ ਕਰਕੇ ਨਾਸਤਿਕ ਸਨ। ਜਾਤ ਆਧਾਰਿਤ ਸਮਾਜ ਨੂੰ ਇਨ੍ਹਾਂ ਨੇ ਮੂਲ਼ੋਂ ਰੱਦ ਕੀਤਾ, ਅਛੂਤਾਂ ਲਈ ਮਾਨਵੀ ਸਨਮਾਨ ਦੀ ਲੜਾਈ ਲੜੀ, ਔਰਤਾਂ ਵਿਸ਼ੇਸ਼ ਤੌਰ ’ਤੇ ਦਲਿਤ ਔਰਤਾਂ ਨੂੰ ਪੜ੍ਹਾਉਣ ਦੀ ਵਕਾਲਤ ਕੀਤੀ, ਵਿਧਵਾ ਵਿਆਹ ਦੇ ਹੱਕ ਵਿਚ ਸਿਧਾਂਤਕ ਤੇ ਵਿਹਾਰਕ ਤੌਰ ਤੇ ਅਗਾਂਹ ਆਏ, ਬਾਲ ਵਿਆਹ ਅਤੇ ਸਤੀ ਪ੍ਰਥਾ ਦਾ ਵਿਰੋਧ ਕੀਤਾ। ਧਾਰਮਿਕ ਸਥਾਨਾਂ, ਸਾਂਝੀਆਂ ਥਾਵਾਂ, ਪਾਣੀ ਦੇ ਸੋਮਿਆਂ ਤੋਂ ਪਾਣੀ ਪੀਣ ਦੇ ਸਮਾਨ ਅਧਿਕਾਰ ਦੀਆਂ ਇਨ੍ਹਾਂ ਨੇ ਲੜਾਈਆਂ ਲੜੀਆਂ। ਸਰਕਾਰੀ ਸਕੂਲਾਂ ਵਿਚ ਦਲਿਤਾਂ ਲਈ ਬਰਾਬਰ ਦੇ ਹੱਕ ਲੈਣ ਲਈ ਸੰਗਠਿਤ ਅਤੇ ਕਾਨੂੰਨੀ ਲੜਾਈ ਲੜੀ ਜੋ ਅੱਜ ਵੀ ਜਾਰੀ ਹੈ। ਸਿਰ ਤੇ ਮੈਲ਼ਾ ਢੋਣ ਦੀ ਪ੍ਰਥਾ ਨੂੰ ਸਮਾਪਤ ਕਰਾਉਣ ਦੀ ਲੜਾਈ ਜਾਰੀ ਰੱਖੀ ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹੈ।
ਤੀਸਰੀ ਧਿਰ ਰਾਜਨੀਤਕ ਅਤੇ ਅਗਾਂਹਵਧੂ ਸੀ ਜਿਸ ਵਿਚ ਗ਼ਦਰ ਲਹਿਰ, ਕਮਿਊਨਿਸਟ ਲਹਿਰ ਸ਼ਾਮਿਲ ਸੀ। ਡਾ. ਅੰਬੇਡਕਰ ਅਤੇ ਕ੍ਰਾਂਤੀਕਾਰੀਆਂ ਦੇ ਢੰਗ ਤਰੀਕਿਆਂ ਵਿਚ ਅੰਤਰ ਹੋ ਸਕਦਾ ਹੈ ਪਰ ਦੋਨੋਂ ਹੇਠਲੀ ਜਾਤ-ਜਮਾਤ ਨੂੰ ਉਪਰ ਚੁੱਕਣ, ਔਰਤ ਦਾ ਸਨਮਾਨ ਬਹਾਲ ਕਰਨ, ਹਰ ਤਰ੍ਹਾਂ ਦੇ ਦਕਿਆਨੂਸੀ ਵਿਚਾਰਾਂ ਨੂੰ ਤਿਆਗਣ ਅਤੇ ਵਿਗਿਆਨਕ ਦਿ੍ਰਸ਼ਟੀ ਅਪਨਾਉਣ ਉਪਰ ਬਲ ਦਿੰਦੇ ਸਨ। ਪੰਜਾਬ ਵਿਚ ਨਾਮਧਾਰੀ, ਸਿੰਘ ਸਭਾ ਅਤੇ ਅਕਾਲੀ ਲਹਿਰ ਧਾਰਮਿਕ ਪੁਨਰ ਸੁਰਜੀਤੀ ਨਾਲ਼ ਜੁੜੀਆਂ ਹੋਈਆਂ ਸਨ ਜੋ ਔਰਤਾਂ ਦੀ ਪੜ੍ਹਾਈ ਉਪਰ ਬਲ ਦਿੰਦੀਆਂ, ਜਾਤ-ਪਾਤ ਪ੍ਰਬੰਧ ਦਾ ਵਿਰੋਧ ਕਰਦੀਆਂ ਸਨ, ਪਰ ਨਾਮਧਾਰੀ ਲਹਿਰ ਸਾਮਰਾਜ ਵਿਰੋਧੀ ਹੋਣ ਦੇ ਬਾਵਜੂਦ ਜਾਤ-ਪਾਤ ਦਾ ਵਿਰੋਧ ਨਾ ਕਰ ਸਕੀ। ਕਿਰਤੀ ਤੇ ਕ੍ਰਾਂਤੀਕਾਰੀ ਲਹਿਰ ਨੇ ਉਪਰੋਕਤ ਸਾਰੇ ਮੁੱਦਿਆਂ ਨੂੰ ਕੇਂਦਰ ਵਿਚ ਲਿਆਂਦਾ। ਇਨ੍ਹਾਂ ਨੇ ਸਮਾਜਿਕ ਪਰਿਵਰਤਨ ਤੇ ਨਵੀਂ ਰਾਜਨੀਤਕ ਸਮਾਜਿਕ ਬਣਤਰ ਨੂੰ ਪਹਿਲ ਦਿੱਤੀ।
ਪੁਨਰ ਜਾਗਰਣ ਦੀ ਗੱਲ ਕਰਦਿਆਂ ਉੱਤਰ ਭਾਰਤੀ ਲਹਿਰਾਂ ਨੂੰ ਵਿਦਵਾਨ ਵਧੇਰੇ ਉਭਾਰਦੇ ਹਨ। ਦੱਖਣ ਦੀਆਂ ਲਹਿਰਾਂ ਵਿਸ਼ੇਸ਼ ਤੌਰ ਤੇ ਦਲਿਤ ਪੁਨਰ-ਜਾਗਰਣ ਨੂੰ ਅੱਖੋਂ ਉਹਲੇ ਕਰ ਜਾਂਦੇ ਹਨ। ਇਥੇ ਅਸੀਂ ਇਸੇ ਪੱਖ ਦੇ ਸੰਦਰਭ ਵਿਚ ਸਵਿਤ੍ਰੀ ਬਾਈ ਫੂਲੇ ਦੇ ਯੋਗਦਾਨ ਬਾਰੇ ਚਰਚਾ ਕਰਨੀ ਹੈ। ਸਵਿਤ੍ਰੀ ਬਾਈ ਫੂਲੇ ਜਯੋਤੀ ਰਾਉ ਫੂਲੇ ਦੀ ਹਮਸਫ਼ਰ ਸੀ। ਮਾਲੀ (ਸ਼ੂਦਰ) ਪਰਿਵਾਰ ਵਿਚੋਂ ਹੋਣ ਕਰਕੇ ਜਯੋਤੀ ਰਾਉ ਫੂਲੇ ਨੂੰ ਕਈ ਕੌੜੇ ਤਜਰਬੇ ਸਨ। ਵਿਸ਼ੇਸ਼ ਤੌਰ ਤੇ ਇਕ ਬਾਰ ਫੂਲੇ ਬ੍ਰਾਹਮਣ ਦੋਸਤ ਦੇ ਵਿਆਹ ਵਿਚ ਚਲੇ ਗਏ। ਵਿਆਹ ਤੋਂ ਬਾਅਦ ਮਿੱਤਰ ਦੇ ਪਰਿਵਾਰ ਨੇ ਫੂਲੇ ਨਾਲ਼ ਬੜਾ ਭੈੜਾ ਵਰਤਾਅ ਕੀਤਾ ਤੇ ਜਾਤ ਆਧਾਰਿਤ ਤਾਅਨੇ-ਮਿਹਣੇ ਵੀ ਉਨ੍ਹਾਂ ਨੂੰ ਝਲਣੇ ਪਏ। ਅਜਿਹੇ ਵਤੀਰੇ ਡਾ. ਅੰਬੇਡਕਰ, ਆਇਨਕਲੀ, ਬਾਬੂ ਮੰਗੂ ਰਾਮ ਆਦਿ ਸਭ ਨੂੰ ਝੱਲਣੇ ਪਏ। ਇਹ ਇਸਦੇ ਬਾਵਜੂਦ ਸੀ ਕਿ ਅੰਗਰੇਜ਼ਾਂ ਨੇ ਕਾਨੂੰਨ ਪਾਸ ਕਰਕੇ ਸਕੂਲ ਸਾਰਿਆਂ ਲਈ ਖੋਲ੍ਹੇ ਹੋਏ ਸਨ ਤੇ ਜਾਤ ਪਾਤ ਨੂੰ ਉਹ ਨਹੀਂ ਸੀ ਮੰਨਦੇ। ਸਤੀ ਨੂੰ ਗੈਰ ਕਾਨੂੰਨੀ ਐਲਾਨਿਆ ਗਿਆ ਸੀ। ਬਾਲ ਵਿਆਹ ’ਤੇ ਪਾਬੰਦੀ ਸੀ, ਵਿਧਵਾ ਵਿਆਹ ਜਾਇਜ਼ ਸੀ। ਜਯੋਤੀ ਰਾਉ ਫੂਲੇ ਨੇ ਪਹਿਲਾ ਅਛੂਤ ਕੁੜੀਆਂ ਲਈ ਸਕੂਲ ਖੁਲ੍ਹਵਾਇਆ।
ਬਚਪਨ ਵਿਚ ਸਵਿਤ੍ਰੀ ਬਾਈ ਫੂਲੇ ਨਾਲ਼ ਵਿਆਹ ਹੋ ਗਿਆ। ਇਹ ਆਪਣੇ ਆਪ ਵਿਚ ਇਕ ਉਦਾਹਰਣ ਹੈ ਕਿ 19 ਵੀਂ ਸਦੀ ਦੇ ਅੱਧ ਵਿਚ ਜਯੋਤੀ ਰਾਉ ਫੂਲੇ ਨੇ ਸਵਿਤ੍ਰੀ ਬਾਈ ਫੂਲੇ ਨੂੰ ਪੜ੍ਹਾਇਆ ਲਿਖਾਇਆ ਅਤੇ ਅਧਿਆਪਕ ਦੇ ਅਹੁਦੇ ਤਕ ਪਹੁੰਚਾਇਆ। ਜਯੋਤੀ ਰਾਉ ਫੂਲੇ ਤੇ ਸਵਿਤ੍ਰੀ ਬਾਈ ਫੂਲੇ ਨੂੰ ਅਛੂਤਾਂ ਨੂੰ ਪੜ੍ਹਾਉਣ ਕਰਕੇ ਜਾਤ-ਨਿਕਾਲ਼ਾ ਦਿੱਤਾ ਗਿਆ। ਪਰ ਉਨ੍ਹਾਂ ਹੋਰ ਸਕੂਲਾਂ ਦੀ ਸ਼ੁਰੂਆਤ ਕੀਤੀ, ਕਾਮਿਆਂ ਲਈ ਰਾਤ ਦਾ ਸਕੂਲ ਖੋਲ੍ਹਿਆ। ਇਸ ਸੇਵਾ ਲਈ ਜਯੋਤੀ ਰਾਉ ਨੂੰ ਸਿਖਿਆ ਵਿਭਾਗ ਵਲੋਂ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੇ ਵਿਧਵਾਵਾਂ ਦੇ ਲਈ ਅਤੇ ਉਨ੍ਹਾਂ ਦੇ ਪਿਉ ਬਾਹਰੇ ਬੱਚਿਆਂ ਲਈ ਆਸ਼ਰਮ ਬਣਾਇਆ। ਘਰ ਪਾਣੀ ਦੇ ਸ੍ਰੋਤ ਨੂੰ ਅਛੂਤਾਂ ਲਈ ਖੋਲ੍ਹ ਦਿੱਤਾ। ਸਤਿਆਸ਼ੋਧਕ ਸਮਾਜ ਦੀ ਨੀਂਹ ਰੱਖੀ। ਅਛੂਤਾਂ ਲਈ ਕੰਮ ਕਰਨ ਕਰਕੇ ਅਤੇ ਬ੍ਰਾਹਮਣੀ ਸਰਦਾਰੀ ਨੂੰ ਚੈਲੰਜ ਕਰਨ ਕਰਕੇ ਮਹਾਤਮਾ ਫੂਲੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਜਯੋਤੀ ਰਾਉ ਫੂਲੇ ਨੇ ਅਨੇਕਾਂ ਪੁਸਤਕਾਂ ਲਿਖੀਆਂ ਜਿਨ੍ਹਾਂ ਵਿਚ ਗ਼ੁਲਾਮਗਿਰੀ (1873) ਸਭ ਤੋਂ ਵੱਧ ਪ੍ਰਸਿੱਧ ਹੈ।
ਸਪੱਸ਼ਟ ਹੈ ਕਿ ਸਵਿਤ੍ਰੀ ਬਾਈ ਫੂਲੇ ਨੇ ਜਯੋਤੀ ਰਾਉ ਫੂਲੇ ਦੇ ਸਮੁੱਚੇ ਜੀਵਨ ਦਰਸ਼ਨ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ ਸੀ। ਸਵਿਤ੍ਰੀ ਬਾਈ ਫੂਲੇ ਦੀ ਟੀਚਰ ਟ੍ਰੇਨਿੰਗ ਤਕ ਦੀ ਸਹੇਲੀ ਫਾਤਿਮਾ ਸ਼ੇਖ ਸੀ ਜੋ ਹਮੇਸ਼ਾ ਉਸਦੇ ਪਰਿਵਾਰ ਦਾ ਇਕ ਅੰਗ ਬਣੀ ਰਹੀ। ਮੁਸਲਿਮ ਦਲਿਤ ਸੰਬੰਧਾਂ ਦੀ ਇਕ ਮਿਸਾਲ ਸੀ ਜਿਸਦੀ ਅੱਜ ਵੀ ਬਹੁਤ ਲੋੜ ਹੈ। ਸਵਿਤ੍ਰੀ ਬਾਈ ਫੂਲੇ ਨੇ ਆਪਣੀ ਵੱਖਰੀ ਪਛਾਣ ਵੀ ਬਣਾਈ। ਉਹ ਕੁੜੀਆਂ ਲਈ ਖੋਲ੍ਹੇ ਗਏ ਸਕੂਲ ਦੀ ਅਧਿਆਪਕ ਵੀ ਸੀ ਤੇ ਮੁਖ ਅਧਿਆਪਕ ਵੀ। ਫਾਤਿਮਾ ਸ਼ੇਖ ਵੀ ਇਸੇ ਸਕੂਲ ਵਿਚ ਪੜ੍ਹਦੀ ਸੀ। ਅਛੂਤ ਕੁੜੀਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਨੂੰ ਘਰੋਂ ਹੀ ਨਹੀਂ ਕੱਢਿਆ ਗਿਆ ਸਗੋਂ ਜਦੋਂ ਉਹ ਸਕੂਲ ਪੜ੍ਹਾਉਣ ਜਾਂਦੀਆਂ ਤਾਂ ਉਨ੍ਹਾਂ ਉਪਰ ਗੋਹਾ ਤੇ ਗੰਦ ਸੁੱਟਿਆ ਜਾਂਦਾ ਅਤੇ ਪੱਥਰਾਂ ਦੀ ਵਾਛੜ ਕੀਤੀ ਜਾਂਦੀ। ਸਵਿਤ੍ਰੀ ਬਾਈ ਫੂਲੇ ਇਕ ਸਾੜੀ ਪਾ ਕੇ ਜਾਂਦੀ ਤੇ ਇਕ ਨਾਲ਼ ਰੱਖਦੀ। ਸਕੂਲ ਜਾ ਕੇ ਉਹ ਗੰਦੀ ਹੋਈ ਸਾੜ੍ਹੀ ਬਦਲਦੀ ਅਤੇ ਆਉਂਦਿਆਂ ਮੁੜ ਪਹਿਲੀ ਸਾੜੀ ਪਹਿਨ ਲੈਂਦੀ। ਉਸਦੇ ਪੜ੍ਹਾਉਣ ਨੂੰ ਧਰਮ ਵਿਰੁੱਧ ਕਹਿ ਕੇ ਪ੍ਰਚਾਰਿਆ ਜਾਂਦਾ ਪਰ ਉਹ ਇਸਨੂੰ ਬ੍ਰਾਹਮਣਾਂ ਦਾ ਕੂੜ ਪ੍ਰਚਾਰ ਮੰਨਦੀ। ਉਹ ਵਿਧਵਾਵਾਂ ਲਈ ਆਸ਼ਰਮ ਵਿਚ ਉਨ੍ਹਾਂ ਦੇ ਬੱਚਿਆਂ ਨੂੰ ਸੰਭਾਲ਼ਦੀ। ਯਸ਼ਵੰਤ ਫੂਲੇ ਜੋ ਉਨ੍ਹਾਂ ਦਾ ਵਾਰਿਸ ਬਣਿਆ ਇਸੇ ਵਿਧਵਾ ਆਸ਼ਰਮ ਵਿਚ ਪੈਦਾ ਹੋਇਆ ਸੀ। ਜਯੋਤੀ ਰਾਉ ਫੂਲੇ ਦੇ ਚਲਾਣੇ ਤੋਂ ਬਾਅਦ ਸਤਿਆਸ਼ੋਧਕ ਸਮਾਜ ਦਾ ਕੰਮ ਸਵਿਤ੍ਰੀ ਬਾਈ ਫੂਲੇ ਨੇ ਹੀ ਦੇਖਿਆ। ਪੂਣੇ ਵਿਚ 1897 ਈ. ਵਿਚ ਪਲੇਗ ਫੈਲੀ, ਪਲੇਗ ਦੇ ਮਰੀਜ਼ਾਂ ਦੀ ਦੇਖ ਰੇਖ ਕਰਦੀ ਉਹ ਆਪ ਵੀ ਪਲੇਗ ਦੀ ਗਿ੍ਰਫ਼ਤ ਵਿਚ ਆ ਗਈ ਅਤੇ ਇਸ ਨਾਲ਼ ਹੀ ਉਸ ਦੀ ਮੌਤ ਹੋਈ।
ਸਵਿਤ੍ਰੀ ਬਾਈ ਫੂਲੇ ਇਕ ਲੇਖਕ/ਕਵਿਤ੍ਰੀ ਵੀ ਸੀ ਜਿਸਦੀਆਂ ਚਾਰ ਪੁਸਤਕਾਂ ਛਪੀਆਂ। ਇਥੇ ਅਸੀਂ ਜਯੋਤੀ ਰਾਉ ਫੂਲੇ ਨੂੰ ਲਿਖੇ ਤਿੰਨ ਖ਼ਤਾਂ ਦਾ ਅਤੇ ਦੋ ਕਾਵਿ ਪੁਸਤਕਾਂ ਦੀ ਸੰਖੇਪ ਚਰਚਾ ਕਰਨਾ ਚਾਹਾਂਗੇ।
ਸਵਿਤ੍ਰੀ ਬਾਈ ਫੂਲੇ ਦੀ ਸਾਰੀ ਰਚਨਾ ਮਰਾਠੀ ਵਿਚ ਹੈ। ਤਿੰਨ ਖ਼ਤ ਅਸੀਂ ਪੰਜਾਬੀ ਵਿਚ ਕਰਕੇ ਛਾਪੇ ਹਨ ਅਤੇ ਕਵਿਤਾਵਾਂ ਬਾਰੇ ਕੁਝ ਲੇਖ ਹਿੰਦੀ ਵਿਚ ਆਏ ਹਨ। ਇਸ ਪੱਖ ਬਾਰੇ ਅਜੇ ਚਰਚਾ ਸ਼ੁਰੂ ਹੀ ਹੋਈ ਹੈ। 1850 ਈ. ਵਿਚ ਬਿਮਾਰੀ ਦੀ ਹਾਲਤ ਵਿਚ ਸਵਿਤ੍ਰੀ ਬਾਈ ਫੂਲੇ ਨੂੰ ਮਾਪਿਆਂ ਦੇ ਘਰ ਆਉਣਾ ਪਿਆ। ਇਥੋਂ ਲਿਖੇ ਖ਼ਤ ਵਿਚ ਪਹਿਲੀ ਚਿੰਤਾ ਫਾਤਿਮਾ ਬਾਰੇ ਹੈ ਜਿਸਨੂੰ ਇਕੱਲੇ ਤੌਰ ਤੇ ਸਾਰਾ ਘਰ ਸੰਭਾਲਣਾ ਪੈਂਦਾ ਹੈ। ਇਥੇ ਹੀ ਭਰਾ ਨਾਲ਼ ਤਿੱਖੀ ਵਿਚਾਰਧਾਰਕ ਝੜਪ ਹੁੰਦੀ ਹੈ। ਸਵਿਤ੍ਰੀ ਦਾ ਤਰਕ ਜਿੱਤਦਾ ਹੈ। ਭਰਾ ਦਾ ਕਹਿਣਾ ਹੈ ਕਿ, “ਤੈਨੂੰ ਤੇ ਤੇਰੇ ਪਤੀ ਨੂੰ ਜਾਤ ਨਿਕਾਲ਼ਾ ਠੀਕ ਹੀ ਦਿੱਤਾ ਗਿਆ ਹੈ ਕਿਉਂਕਿ ਤੁਸੀਂ ਦੋਨੋਂ ਅਛੂਤਾਂ (ਮਹਾਰ ਤੇ ਮਾਂਗਾਂ) ਦੀ ਸੇਵਾ ਕਰਦੇ ਹੋ…।” ਇਥੇ ਸ਼ੂਦਰ ਤੇ ਅਛੂਤ ਦਾ ਅਰਥ ਸਮਝ ਲੈਣਾ ਜਰੂਰੀ ਹੈ। ਹੱਥੀਂ ਕੰਮ ਕਰਨ ਵਾਲ਼ੇ ਸਾਰੇ ਭਾਰਤੀ ਸ਼ੂਦਰ ਹਨ ਪਰ ਚਮੜੇ ਦਾ ਕੰਮ ਕਰਨ ਵਾਲ਼ੇ ਅਤੇ ਗੰਦ ਦੀ ਸਫ਼ਾਈ ਕਰਨ ਵਾਲ਼ੇ ਅਛੂਤ ਹਨ। ਸ਼ੂਦਰਾਂ ਵਿਚੋਂ ਅਤਿ ਸ਼ੂਦਰ। ਇਨ੍ਹਾਂ ਨਾਲ਼ ਸ਼ੂਦਰ ਜਾਤਾਂ ਵੀ ਬ੍ਰਾਹਮਣਾਂ ਵਰਗਾ ਹੀ ਵਿਹਾਰ ਕਰਦੀਆਂ ਹਨ। ਭਰਾ ਨਾਲ਼ ਤਰਕ ਸਮੇਂ ਸਵਿਤ੍ਰੀ ਬਾਈ ਫੂਲੇ ਕਹਿੰਦੀ ਹੈ, “ਵੀਰ ਤੇਰੀ ਸੋਚ ਸੌੜੀ ਹੈ ਅਤੇ ਬ੍ਰਾਹਮਣਾਂ ਦੀ ਸੋਚ ਨੇ ਇਸਨੂੰ ਹੋਰ ਵੀ ਭੈੜੀ ਬਣਾ ਦਿੱਤਾ ਹੈ। ਬਕਰੀ ਅਤੇ ਗਾਂ ਵਰਗੇ ਜਾਨਵਰ ਤੇਰੇ ਲਈ ਅਛੂਤ ਨਹੀਂ ਹਨ, ਉਸਨੂੰ ਬੜੇ ਪਿਆਰ ਨਾਲ਼ ਤੂੰ ਪਲੋਸਦਾ ਹੈਂ। ਨਾਗਪੰਚਮੀ ਵਾਲ਼ੇ ਦਿਨ ਜ਼ਹਿਰੀਲੇ ਸੱਪਾਂ ਨੂੰ ਫੜ ਫੜ ਕੇ ਦੁੱਧ ਪਿਲਾਉਂਦਾ ਹੈ, ਪਰ ਮਹਾਰ ਅਤੇ ਮਾਂਗ ਨੂੰ ਜੋ ਤੇਰੇ ਵਰਗੇ ਇਨਸਾਨ ਹਨ ਉਨ੍ਹਾਂ ਨੂੰ ਅਛੂਤ ਸਮਝਦਾ ਹੈਂ? ਜਦੋਂ ਬ੍ਰਾਹਮਣ ਪਵਿੱਤਰ ਕਪੜੇ ਪਾ ਕੇ ਪੂਜਾ ਪਾਠ ਕਰਦੇ ਹਨ ਤਾਂ ਉਹ ਤੁਹਾਨੂੰ ਵੀ ਅਸ਼ੁੱਧ ਤੇ ਅਛੂਤ ਮੰਨਦੇ ਹਨ ਕਿ ਤੁਹਾਡਾ ਛੂਹਣਾ ਉਨ੍ਹਾਂ ਨੂੰ ਦੂਸ਼ਿਤ ਕਰ ਦੇਵੇਗਾ। ਉਹ ਤੁਹਾਡੇ ਨਾਲ਼ ਮਹਾਰਾਂ ਤੋਂ ਵੱਖਰਾ ਵਿਹਾਰ ਨਹੀਂ ਕਰਦੇ।” ਸਵਿਤ੍ਰੀ ਬਾਈ ਫੂਲੇ ਦੇ ਇਸ ਕਥਨ ਨੂੰ ਭਗਤ ਸਿੰਘ ਦੇ ਵਿਚਾਰਾਂ (ਅਛੂਤ ਦਾ ਸਵਾਲ) ਨਾਲ਼ ਮੇਲ ਕੇ ਪੜ੍ਹਨ ਦੀ ਜ਼ਰੂਰਤ ਹੈ। ਉਸ ਅਨੁਸਾਰ ਇਕ ਕੁੱਤਾ ਤਾਂ ਤੁਹਾਡੀ ਗੋਦੀ ਵਿਚ ਬੈਠ ਕੇ ਰੋਟੀ ਖਾ ਸਕਦਾ ਹੈ ਪਰ ਇਕ ਅਛੂਤ ਤੁਹਾਡੇ ਨਾਲ਼ ਬੈਠ ਕੇ ਖਾਣਾ ਨਹੀਂ ਖਾ ਸਕਦਾ। ਸਵਿਤ੍ਰੀ ਬਾਈ ਫੂਲੇ ਬ੍ਰਾਹਮਣਾਂ ਦੇ ਭੰਡੀ ਪ੍ਰਚਾਰ ਦੀ ਅਸਲੀਅਤ ਨੂੰ ਸਮਝਦੀ ਹੈ। ਉਹ ਭਰਾ ਨੂੰ ਦੱਸਦੀ ਹੈ, “ਅਸੀਂ ਦੋਨੋਂ (ਉਹ ਤੇ ਉਸਦਾ ਪਤੀ) ਕੁੜੀਆਂ ਨੂੰ ਤੇ ਔਰਤਾਂ ਨੂੰ ਮਾਂਗਾਂ ਅਤੇ ਮਹਾਰਾਂ ਨੂੰ ਸਿਖਿਆ ਦਿੰਦੇ ਹਾਂ। ਬ੍ਰਾਹਮਣ ਨਾਰਾਜ਼ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ਼ ਉਨ੍ਹਾਂ ਦੀ ਪਰੇਸ਼ਾਨੀ ਵਧੇਗੀ ਇਸ ਲਈ ਉਹ ਸਾਡਾ ਵਿਰੋਧ ਕਰਦੇ ਹਨ ਅਤੇ ਇਹ ਮੰਤਰ ਜਪਦੇ ਹਨ ਕਿ ਅਜਿਹਾ ਕਰਨਾ ਸਾਡੇ ਧਰਮ ਦੇ ਖ਼ਿਲਾਫ਼ ਹੈ। ਉਹ ਸਾਡੀ ਨਿੰਦਾ ਕਰਦੇ ਹਨ ਅਤੇ ਸਾਨੂੰ ਜਾਤ ਬਰਾਦਰੀ ਵਿਚੋਂ ਛੇਕਦੇ ਹਨ ਅਤੇ ਤੁਹਾਡੇ ਵਰਗੇ ਚੰਗੇ ਲੋਕਾਂ ਦੇ ਮਨਾਂ ਵਿਚ ਵੀ ਜ਼ਹਿਰ ਘੋਲ਼ਦੇ ਹਨ।” ਇਹ ਹੈ ਸਮਾਜ ਦੀ ਸਮਝ ਤੇ ਦੁਸ਼ਮਣ ਦੀ ਸਮਝ।
ਦੂਸਰੇ ਖ਼ਤ ਵਿਚ ਸਵਿਤ੍ਰੀ ਬਾਈ ਫੂਲੇ ਇਕ ਕਰਮ ਕਾਂਡੀ ਬ੍ਰਾਹਮਣ ਗਣੇਸ਼ ਅਤੇ ਅਛੂਤ ਮਹਾਰ ਕੁੜੀ ਸ਼ਰਜਾ ਦੇ ਪਿਆਰ ਦੀ ਕਥਾ ਦਾ ਬਿ੍ਰਤਾਂਤ ਦੱਸਦੀ ਹੈ ਜਿਨ੍ਹਾਂ ਨੂੰ ਲੋਕਾਂ ਨੇ ਜਲੂਸ ਦੀ ਸ਼ਕਲ ਵਿਚ ਪਿੰਡ ਵਿਚ ਘੁਮਾਇਆ ਅਤੇ ਮਾਰਨ ਦੀ ਧਮਕੀ ਵੀ ਦਿੱਤੀ। ਸਵਿਤ੍ਰੀ ਓਥੇ ਪਹੁੰਚ ਕੇ ਪਿੰਡ ਵਾਲ਼ਿਆਂ ਨੂੰ ਬਰਤਾਨਵੀ ਸਜ਼ਾਵਾਂ ਦਾ ਡਰ ਦੇ ਕੇ ਦੋਨਾਂ ਨੂੰ ਬਚਾਉਂਦੀ ਹੈ ਅਤੇ ਬਚਾ ਕੇ ਜਯੋਤੀ ਰਾਉ ਫੂਲੇ ਕੋਲ਼ ਭੇਜ ਦਿੰਦੀ ਹੈ। ਤੀਸਰੇ ਖ਼ਤ ਵਿਚ 1876 ਈ. ਦੇ ਅਕਾਲ਼ ਦਾ ਵਰਣਨ ਹੈ ਜਿਸ ਵਿਚ ਸਵਿਤ੍ਰੀ ਰਾਤ ਦਿਨ ਲੋਕਾਂ ਦੀ ਮਦਦ ਕਰਦੀ ਹੈ। ਉਹ ਉਨ੍ਹਾਂ ਸ਼ਾਹੂਕਾਰਾਂ ਦਾ ਤਿ੍ਰਸਕਾਰ ਕਰਦੀ ਹੈ ਜਿਹੜੇ, “ਬੜੀ ਧਿ੍ਰਸ਼ਟਤਾ ਨਾਲ਼ ਇਨ੍ਹਾਂ ਹਾਲਾਤ ਦਾ ਫਾਇਦਾ ਉਠਾ ਰਹੇ ਹਨ।” ਅਕਾਲ਼ ਦੀ ਭਿਆਨਕਤਾ ਦਾ ਵਰਣਨ ਕਰਦੀ ਸਵਿਤ੍ਰੀ ਬਾਈ ਫੂਲੇ ਲਿਖਦੀ ਹੈ, “1876 ਬੀਤ ਗਿਆ ਹੈ ਪਰ ਅਕਾਲ਼ ਖ਼ਤਮ ਨਹੀਂ ਹੋਇਆ, ਵਿਕਰਾਲ ਰੂਪ ਵਿਚ ਅਜੇ ਵੀ ਇਹ ਮੌਜੂਦ ਹੈ, ਲੋਕ ਮਰ ਰਹੇ ਹਨ, ਜਾਨਵਰ ਮਰ ਰਹੇ ਹਨ, ਧਰਤੀ ਤੇ ਡਿੱਗੇ ਪਏ ਹਨ। ਭੋਜਨ ਦੀ ਬੇਹੱਦ ਘਾਟ ਹੈ। ਜਾਨਵਰਾਂ ਲਈ ਚਾਰਾ ਨਹੀਂ ਹੈ। ਲੋਕ ਆਪਣੇ ਪਿੰਡ ਛੱਡਣ ਲਈ ਮਜਬੂਰ ਹੋ ਰਹੇ ਹਨ। ਕੁਝ ਲੋਕ ਆਪਣੇ ਬੱਚਿਆਂ, ਛੋਟੀਆਂ ਬੱਚੀਆਂ ਨੂੰ ਵੇਚ ਰਹੇ ਹਨ ਅਤੇ ਪਿੰਡ ਛੱਡ ਰਹੇ ਹਨ। ਨਦੀਆਂ, ਨਾਲ਼ੇ ਤਲਾਅ ਸਾਰੇ ਪੂਰੀ ਤਰ੍ਹਾਂ ਸੁੱਕ ਗਏ ਹਨ। ਪੀਣ ਨੂੰ ਪਾਣੀ ਤਕ ਨਹੀਂ ਹੈ। ਦਰਖ਼ਤ ਤਬਾਹ ਹੋ ਰਹੇ ਹਨ, ਇਨ੍ਹਾਂ ਤੇ ਪੱਤੇ ਵੀ ਨਹੀਂ ਰਹੇ। ਜ਼ਮੀਨ ਵਿਚ ਤਰੇੜਾਂ ਪਈਆਂ ਹੋਈਆਂ ਹਨ। ਸੂਰਜ ਤਪ ਰਿਹਾ ਹੈ, ਲੋਕ ਭੋਜਨ ਤੇ ਪਾਣੀ ਲਈ ਕਰਾਹ ਰਹੇ ਹਨ। ਮਰਨ ਲਈ ਜ਼ਮੀਨ ਤੇ ਡਿੱਗ ਰਹੇ ਹਨ। ਕੁਝ ਲੋਕ ਜ਼ਹਿਰੀਲੇ ਫਲ਼ ਖਾ ਰਹੇ ਹਨ ਅਤੇ ਤੇਹ ਮਿਟਾਉਣ ਲਈ ਆਪਣਾ ਪਿਸ਼ਾਬ ਪੀ ਰਹੇ ਹਨ।” ਅਜਿਹਾ ਬਿਆਨ ਮਾਨਵੀ ਹਮਦਰਦੀ ਰੱਖਣ ਵਾਲ਼ਾ ਕੋਈ ਭਾਵੁਕ ਲੇਖਕ ਹੀ ਕਰ ਸਕਦਾ ਹੈ।
ਸਵਿਤ੍ਰੀ ਬਾਈ ਫੂਲੇ ਦੇ ਦੋ ਕਾਵਿ-ਸੰਗ੍ਰਹਿ ਛਪੇ ਪਹਿਲਾ “ਕਾਵਯਾ ਫੂਲੇ” (1854 ਈ.) ਅਤੇ ਦੂਸਰਾ “ਬਾਵਨ ਕਸ਼ੀ ਸੁਬੋਧ ਰਤਨਾਕਰ” (1892 ਈ.) ਪਹਿਲਾ ਕਾਵਿ-ਸੰਗ੍ਰਹਿ ਛਪਣ ਸਮੇਂ ਸਵਿਤ੍ਰੀ ਬਾਈ ਫੂਲੇ ਦੀ ਉਮਰ 23 ਸਾਲ ਹੈ। ਇਸ ਸੰਗ੍ਰਹਿ ਵਿਚ ਧਰਮ, ਧਰਮ ਸ਼ਾਸਤਰ, ਧਾਰਮਿਕ ਪਾਖੰਡਾਂ ਤੇ ਕੁਰੀਤੀਆਂ ਦੇ ਖ਼ਿਲਾਫ਼ ਲਿਖਿਆ ਗਿਆ ਹੈ। ਅਨੀਤਾ ਭਾਰਤੀ ਅਨੁਸਾਰ ਉਸਨੇ, “ਔਰਤਾਂ ਦੀ ਸਮਾਜਿਕ ਸਥਿਤੀ ’ਤੇ ਕਵਿਤਾਵਾਂ ਲਿਖੀਆਂ ਅਤੇ ਉਨ੍ਹਾਂ ਦੀ ਭੈੜੀ ਸਥਿਤੀ ਲਈ ਜ਼ਿਮੇਦਾਰ ਧਰਮ, ਜਾਤੀ, ਬ੍ਰਾਹਮਣਵਾਦ ਅਤੇ ਪਿਤਰੀ ਸੱਤਾ ’ਤੇ ਤਿੱਖਾ ਪ੍ਰਹਾਰ ਕੀਤਾ।” ਉਹ ਅਗਿਆਨਤਾ ਨੂੰ ਫੜ ਕੇ ਮਾਰਨ ਦਾ ਹੋਕਾ ਦਿੰਦੀ ਹੈ, ਜੋਤਿਸ਼ ਪਾਂਚਾਂਗ ਦਾ ਵਿਰੋਧ ਕਰਦੀ ਹੈ, ਬ੍ਰਾਹਮਣਵਾਦੀ ਸੱਤਾ ਨੂੰ ਵੰਗਾਰਦੀ ਹੈ। ਮਨੂੰ ਦੀਆਂ ਸਥਾਪਨਾਵਾਂ ਨੂੰ ਤਹਿਸ ਨਹਿਸ ਕਰਦੀ ਹੈ। ਉਹ ਸ਼ੂਦਰ ਦੇ ਅਸਲੀ ਅਰਥ ਨੇਟਿਵ (ਆਦਿਵਾਸੀ) ਕਰਦੀ ਹੈ। ਛੱਤਰਪਤੀ ਸ਼ਿਵਾਜੀ, ਮਹਾਰਾਣੀ ਤਾਰਾ ਬਾਈ, ਅੰਬਾ ਬਾਈ ਆਦਿ ਦਾ ਗੁਣਗਾਨ ਕਰਦੀ ਹੈ। ਕੁਝ ਕੁ ਉਦਾਹਰਣਾਂ ਦੇਖੋ :
    – ਉਸਦਾ ਨਾਮ ਹੈ ਅਗਿਆਨ
    ਉਸਨੂੰ ਦਬੋਚ ਲਉ, ਚੰਗੀ ਤਰ੍ਹਾਂ ਫੜ੍ਹ ਕੇ ਫੈਂਟਾ ਚਾੜ੍ਹੋ
    ਤੇ ਆਪਣੀ ਜ਼ਿੰਦਗੀ ਵਿਚੋਂ ਬਾਹਰ ਕੱਢੋ

    -ਜੋਤਿਸ਼, ਪੰਚਾਂਗ ਹਸਤ ਰੇਖਾਵਾਂ ਵਿਚ ਉਲਝੇ ਮੂਰਖ
    ਸਵਰਗ ਨਰਕ ਦੀ ਕਲਪਨਾ ਵਿਚ ਰੁਚੀ
    ਪਸ਼ੂ ਜੀਵਨ ਵਿਚ ਵੀ
    ਅਜਿਹੇ ਭਰਮ ਨੂੰ ਕੋਈ ਥਾਂ ਨਹੀਂ
     ਪਤਨੀ ਵਿਚਾਰੀ ਕੰਮ ਕਰਦੀ ਰਹੇ
     ਮੁਫ਼ਤਖੋਰ ਬੇਸ਼ਰਮ ਖਾਂਦਾ ਰਹੇ
     ਪਸ਼ੂਆਂ ਵਿਚ ਵੀ ਅਜਿਹਾ ਅਜੂਬਾ ਨਹੀਂ
     ਉਸਨੂੰ ਕਿਵੇਂ ਇਨਸਾਨ ਕਹੀਏ?

    -ਹਲ ਜੋ ਚਲਾਵੇ, ਖੇਤੀ ਜੋ ਕਰੇ
    ਉਹ ਮੂਰਖ ਹਨ, ਕਹਿੰਦਾ ਹੈ ਮਨੂੰ
     ਮਤ ਕਰੋ ਖੇਤੀ ਕਹੇ ਮਨੂੰ ਸਮਿ੍ਰਤੀ
    ਧਰਮ ਦਾ ਕਰੇ ਐਲਾਨ, ਬ੍ਰਾਹਮਣ ਦਾ।
ਸਵਿਤ੍ਰੀ ਬਾਈ ਫੂਲੇ ਲਿਖਦੀ ਮਰਾਠੀ ਵਿਚ ਹੈ ਅਤੇ ਸ਼ੂਦਰਾਂ ਨੂੰ ਅੰਗਰੇਜ਼ੀ ਪੜ੍ਹਨ ਲਈ ਉਤਸਾਹਿਤ ਕਰਦੀ ਹੈ। ਇਥੇ ਜਯੋਤੀ ਰਾਉ ਫੂਲੇ ਵਰਗਿਆਂ ਨੂੰ ਅੰਗ੍ਰੇਜ਼ੀ ਭਗਤ ਕਿਹਾ ਜਾ ਸਕਦਾ ਹੈ। ਇਸੇ ਲਈ ਕੁਝ ਵਿਚਾਰ-ਚਰਚਾ ਹੋ ਜਾਣ ਜ਼ਰੂਰੀ ਹੈ। ਸੰਸਕਿ੍ਰਤ ਭਾਸ਼ਾ ਤੇ ਬ੍ਰਾਹਮਣਾਂ ਦਾ ਕਬਜ਼ਾ ਹੈ। ਉਹ ਇਸ ਭਾਸ਼ਾ ਨੂੰ ਪੜ੍ਹਨ ਸੁਣਨ ਦੀ ਸ਼ੂਦਰ ਨੂੰ ਇਜਾਜ਼ਤ ਨਹੀਂ ਦਿੰਦੇ। ਲੋਕ ਆਪਣੀਆਂ ਸਥਾਨਿਕ ਭਾਸ਼ਾਵਾਂ ਪੜ੍ਹਦੇ ਹਨ ਅਤੇ ਅਗਾਂਹ ਅਪਣਾਉਂਦੇ ਹਨ। ਲੱਗਦਾ ਹੈ ਕਿ ਹਿੰਦੀ ਨੂੰ ਵੀ ਉਨ੍ਹਾਂ ਨੇ ਸੰਸਕਿ੍ਰਤ ਦੇ ਖਾਤੇ ਪਾ ਦਿੱਤਾ ਹੈ, ਇਸ ਲਈ ਇਸਦਾ ਤਿ੍ਰਸਕਾਰ ਅੱਜ ਤਕ ਹੋ ਰਿਹਾ ਹੈ। ਅੰਗ੍ਰੇਜ਼ਾਂ ਵਲੋਂ ਦਲਿਤਾਂ ਨੂੰ ਸਕੂਲਾਂ ਵਿਚ ਦਾਖਲ ਕਰਨਾ, ਫੌਜ ਵਿਚ ਭਰਤੀ ਕਰਨਾ ਅਜਿਹੇ ਕੰਮ ਹਨ ਕਿ ਦਲਿਤ ਮੱਧਕਾਲ ਵਿਚ ਜਿਵੇਂ ਬਰਾਬਰੀ ਲਈ ਮੁਸਲਮਾਨ ਬਣੇ ਉਵੇਂ ਹੀ ਅੰਗਰੇਜ਼ੀ ਸ਼ਾਸਨ ਸਮੇਂ ਇਸਾਈ ਬਣੇ। ਇਸ ਸਾਰੇ ਵਿਹਾਰ ਤੇ ਸਥਿਤੀਆਂ ਵਿਚੋਂ ਸਵਿਤ੍ਰੀ ਬਾਈ ਫੂਲੇ ਦੀਆਂ ਇਹ ਪੰਗਤੀਆਂ ਆਈਆਂ ਹਨ।
    -ਅੰਗਰੇਜ਼ੀ ਮਈਆਂ, ਹੁਣ ਨਹੀਂ ਮੁਗਲਾਈ
    ਅਤੇ ਨਹੀਂ ਬਚੀ ਹੈ ਹੁਣ
    ਪੇਸ਼ਵਾਈ, ਮੂਰਖ ਸ਼ਾਹੀ
    ਸ਼ੂਦਰਾਂ ਨੂੰ ਦਿੰਦੀ ਹੈ ਨਵੀਂ ਜ਼ਿੰਦਗੀ
    ਉਹ ਵੀ ਪਿਆਰ ਨਾਲ਼।
    -ਅੰਗਰੇਜ਼ੀ ਪੜ੍ਹ ਕੇ ਜਾਤੀ ਭੇਦ ਦੀਆਂ
    ਕੰਧਾਂ ਢਾਹ ਦਿਉ
    ਸੁੱਟ ਦਿਉ ਭੱਟ ਬ੍ਰਾਹਮਣਾਂ ਦੇ
    ਛੜਯੰਤਰੀ ਸ਼ਾਸਤਰ ਪੁਰਾਣਾਂ ਨੂੰ।
ਪਹਿਲੇ ਕਾਵਿ ਸੰਗ੍ਰਹਿ ਵਿਚ ਬਹੁਤ ਸਾਰੀਆਂ ਬਾਲ ਕਵਿਤਾਵਾਂ ਹਨ ਜਿਨ੍ਹਾਂ ਦਾ ਵੱਖਰਾ ਅਧਿਐਨ ਕਰਨ ਦੀ ਲੋੜ ਹੈ। ਇਹ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਲਿਖੀਆਂ ਗਈਆਂ ਹਨ। ਇਥੇ ਸਿਰਫ਼ ਇਕ ਉਦਾਹਰਣ ਦੇਖੀ ਜਾ ਸਕਦੀ ਹੈ :
    ਤਿਤਲੀਆਂ ਰੰਗ ਬਰੰਗੀਆਂ
    ਅਤਿ ਮਨਮੋਹਕ
    ਉਨ੍ਹਾਂ ਦੀਆਂ ਅੱਖੀਆਂ, ਚਮਕਦਾਰ, ਸਤਰੰਗੀ
    ਉਨ੍ਹਾਂ ਦਾ ਹਾਸਾ ਬਾਤੂਨੀ
    ਖੰਭ ਰੇਸ਼ਮ ਉਨ੍ਹਾਂ ਦੀ ਦੇਹ ਤੇ।
    ਛੋਟੇ ਵੱਡੇ ਪੀਲ਼ੇ ਰੰਗ ਦੇ
    ਮੁੜੇ ਖੰਭ ਪਰ ਭਰਨ ਉਡਾਣ ਆਕਾਸ਼ ਵਿਚ
    ਰੂਪ ਰੰਗ ਮਨੋਹਰ ਉਨ੍ਹਾਂ ਦਾ।
ਸਵਿਤ੍ਰੀ ਬਾਈ ਫੂਲੇ ਦਾ ਦੂਜਾ ਕਾਵਿ ਸੰਗ੍ਰਹਿ ਬਾਵਨਕਸ਼ੀ ਸੁਬੋਧ ਰਤਨਾਕਰ ਸਮੁੱਚੇ ਤੌਰ ਤੇ ਜਯੋਤੀ ਰਾਉ ਫੂਲੇ ਨੂੰ ਸਮਰਪਿਤ ਹੈ, ਜਿਸ ਵਿਚ ਫੂਲੇ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਤੇ ਵਿਚਾਰਾਂ ਨੂੰ 52 ਛੰਦਾਂ ਵਿਚ ਕਾਵਿ ਦਾ ਰੂਪ ਦਿੱਤਾ ਗਿਆ ਹੈ। ਇਸੇ ਲਈ ਐਮ.ਜੀ. ਮਾਲੀ ਨੇ ਇਸ ਰਚਨਾ ਨੂੰ ‘ਸਭ ਤੋਂ ਪਹਿਲੀ ਪ੍ਰਮਾਣਿਕ ਉਪਲੱਬਧ ਜੀਵਨੀ’ ਕਿਹਾ ਹੈ। ਜਯੋਤੀ ਰਾਉ ਫੂਲੇ ਵਲੋਂ ਪੜ੍ਹਾਏ ਦਲਿਤ ਜਦੋਂ ਗਿਆਨੀ ਬਣਦੇ ਹਨ ਤਾਂ ਬ੍ਰਾਹਮਣਾਂ ਦੀ ਪ੍ਰਤਿਕਿਰਿਆ ਕੁਝ ਅਜਿਹੀ ਹੈ :
ਗਿਆਨੀ ਬਣਦਾ ਦੇਖ, ਭੱਟ ਲੋਕ ਵਰਗਲਾਉਂਦੇ
ਦੇਖੋ ਕਿਵੇਂ ਈਸਾ ਹੱਕੇ ਭੇਡ ਬਕਰੀਆਂ ਨੂੰ।
ਝੂਠੇ ਵਧਾ ਚੜ੍ਹਾ ਕੇ
ਸਵਿਤ੍ਰੀ ਬਾਈ ਫੂਲੇ ਦਾ ਨਾਅਰਾ ਸੀ, ‘ਜਾਗੋ, ਉਠੋ, ਪੜ੍ਹੋ’ ‘ਤੋੜ ਦਿਉ ਪਰੰਪਰਾਵਾਂ-ਹੋਵੋ ਆਜ਼ਾਦ, ਨੀਂਦ ਤਿਆਗੋ, ਰਣਭੇਰੀ ਬਜਾਉ… ਛੇਤੀ ਉਠੋ।’
  ਅੰਤ ਉਪਰ ਕੁਝ ਤੱਥ ਹੋਰ। ਫੂਲੇ ਜੋੜੇ ਵਲੋਂ ਚਲਾਇਆ ਗਿਆ ਸਕੂਲ ਹਿਸਾਬ, ਸਾਇੰਸ ਤੇ ਸਮਾਜਿਕ ਵਿਗਿਆਨ ਦੀ ਸਿਖਿਆ ਵੀ ਦਿੰਦਾ ਸੀ ਜਿਸਦੀ ਸਿਖਿਆ ਘਰ ਵਿਚ ਚਲਾਏ ਗਏ ਬ੍ਰਾਹਮਣ ਸਕੂਲ ਨਹੀਂ ਸੀ ਦਿੰਦੇ। ਘਰੋਂ ਛੇਕੇ ਜਾਣ ਤੋਂ ਬਾਅਦ ਜਯੋਤੀ ਰਾਉ ਫੂਲੇ ਦੇ ਮਿੱਤਰ ਉਸਮਾਨ ਸ਼ੇਖ ਨੇ ਸ਼ਰਨ ਦਿੱਤੀ। ਇਥੇ ਹੀ ਸਵਿਤ੍ਰੀ ਬਾਈ ਫੂਲੇ ਦਾ ਮੇਲ ਫਾਤਿਮਾ ਬੇਗ਼ਮ ਸ਼ੇਖ ਨਾਲ਼ ਹੋਇਆ। ਜੇ ਸਵਿਤ੍ਰੀ ਬਾਈ ਫੂਲੇ ਭਾਰਤ ਵਿਚ ਪਹਿਲੀ ਦਲਿਤ ਅਧਿਆਪਕਾ ਸੀ ਤਾਂ ਫਾਤਿਮਾ ਸ਼ੇਖ ਪਹਿਲੀ ਮੁਸਲਮਾਨ ਅਧਿਆਪਕਾ ਸੀ। ਨਸਰੀਨ ਸਯੱਦ ਨੇ ਫਾਤਿਮਾ ਸ਼ੇਖ ਦੀ ਜੀਵਨੀ ਲਿਖੀ ਤੇ ਸਵਿਤ੍ਰੀ ਬਾਈ ਫੂਲੇ ਦੀਆਂ ਕਵਿਤਾਵਾਂ ਦਾ ਉਰਦੂ ਵਿਚ ਅਨੁਵਾਦ ਕੀਤਾ। ਕੁਝ ਵਿਦਵਾਨਾਂ ਨੇ ਸਵਿਤ੍ਰੀ ਬਾਈ ਫੂਲੇ ਨੂੰ ਨਾਰੀਵਾਦੀ ਰਚਨਾਕਾਰ ਤੇ ਕਾਰਕੁੰਨ ਕਿਹਾ ਹੈ ਜੋ ਉਪਰਲੇ ਵਿਚਾਰਾਂ ਦੀ ਰੌਸ਼ਨੀ ਵਿਚ ਸਹੀ ਨਹੀਂ ਹੈ। ਜਯੋਤੀਬਾ ਰਾਉ ਫੂਲੇ ਦੇ ਵਿਚਾਰਾਂ ਤੇ ਅਮਲਾਂ ਕਾਰਨ ਹੀ ਡਾ. ਅੰਬੇਡਕਰ ਮਹਾਤਮਾ ਬੁੱਧ ਅਤੇ ਕਬੀਰ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ।
    ਮਰਦਵਾਦੀ ਸੋਚ ਅਤੇ ਜਾਤੀ ਅਭਿਮਾਨ ਕਾਰਨ ਹੁਣ ਤਕ ਸਵਿਤ੍ਰੀ ਬਾਈ ਫੂਲੇ ਅਗਿਆਤ ਹੀ ਰਹੀ ਹੈ। 3 ਜਨਵਰੀ ਉਨ੍ਹਾਂ ਦਾ ਜਨਮ ਦਿਨ ਸੀ ਤੇ 10 ਮਾਰਚ ਨੂੰ ਨਿਰਵਾਣ ਦਿਵਸ ਹੈ। ਸਾਨੂੰ ਚਾਹੀਦਾ ਹੈ ਕਿ 8 ਮਾਰਚ ਆਲਮੀ ਨਾਰੀ ਦਿਵਸ ਨਾਲ਼ ਜੋੜ ਕੇ ਸਵਿਤ੍ਰੀ ਬਾਈ ਫੂਲੇ ਨੂੰ ਵੀ ਯਾਦ ਕਰੀਏ।

Scroll To Top