ਤਰਨ ਤਾਰਨ : ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ‘ਤੇ ਅੱਜ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਇੱਕ ਕਨਵੈਨਸ਼ਨ ਇਥੋਂ ਦੇ ਰਾਮਗੜ੍ਹੀਆ ਬੁੰਗਾ ਵਿਖੇ ਧਰਮ ਸਿੰਘ ਪੱਟੀ, ਦਿਲਬਾਗ ਸਿੰਘ ਰਾਜੋਕੇ, ਸੁਖਵੰਤ ਸਿੰਘ ਵਲਟੋਹਾ, ਦਿਲਬਾਗ ਸਿੰਘ ਉਸਮਾਂ ਦੀ ਪ੍ਰਧਾਨਗੀ ਹੇਠ ਹੋਈ। ਕਨਵੈਨਸ਼ਨ ਵਿੱਚ ਵਿਸ਼ੇਸ਼ ਤੌਰ ‘ਤੇ ਸੂਬਾ ਕਮੇਟੀ ਵੱਲੋਂ ਮਾਸਟਰ ਸੁਭਾਸ਼ ਸ਼ਰਮਾ ਹਾਜ਼ਰ ਹੋਏ। ਉਨ੍ਹਾਂ ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਕਿਰਤ ਕਾਨੂੰਨਾਂ ਨੂੰ ਤੇਜ਼ੀ ਨਾਲ ਖੋਹ ਰਹੀ ਹੈ ਅਤੇ ਨਿਰਮਾਣ ਮਜ਼ਦੂਰਾਂ ਦੇ ਹੱਕ ਚ ਬਣੇ 1996 ਦੇ ਕਾਨੂੰਨ ਨੂੰ ਨਿਰਮਾਣ ਮਜ਼ਦੂਰਾਂ ਦੀ ਆਨਲਾਈਨ ਰਜਿਸਟਰੇਸ਼ਨ ਕਰਨ ਦੇ ਨਾਂ ‘ਤੇ ਖੋਟ ਰਲਾਈ ਜਾ ਰਹੀ ਹੈ। ਦੂਸਰੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਦੇ 1600 ਸੇਵਾ ਕੇਂਦਰ ਬੰਦ ਕਰਕੇ ਬੇਰੁਜ਼ਗਾਰੀ ਦੀ ਫੌਜ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿਰਮਾਣ ਮਜ਼ਦੂਰਾਂ ਦੀ ਰਜਿਸਟਰੇਸ਼ਨ ਨਾ ਮਾਤਰ ਹੀ ਹੋ ਰਹੀ ਹੈ ਅਤੇ ਲੱਖਾਂ ਕਾਪੀਆਂ ਰੀਨਿਊ ਨਾ ਹੋਣ ਕਾਰਨ ਬੰਦ ਹੋ ਕੇ ਰਹਿ ਗਈਆਂ ਹਨ। ਇਸ ਮੌਕੇ ਉਨ੍ਹਾਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਅਤੇ ਉਨ੍ਹਾਂ ਦੀ ਜੀਵਨੀ ‘ਤੇ ਚਾਨਣਾ ਵੀ ਪਾਇਆ ਅਤੇ ਜ਼ੋਰਦਾਰ ਮੰਗ ਕੀਤੀ ਕਿ ਨਿਰਮਾਣ ਮਜ਼ਦੂਰਾਂ ਦੀ ਰਜਿਸਟਰੇਸ਼ਨ ਆਫ਼ਲਾਈਨ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਮਿਲਦੀਆਂ ਸਹੂਲਤਾਂ ਤੁਰੰਤ ਜਾਰੀ ਕੀਤੀਆਂ ਜਾਣ। ਇਸ ਮੌਕੇ ਨਿਰਮਾਣ ਮਜ਼ਦੂਰ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਬਲਬੀਰ ਸੂਦ ਨੇ ਬੋਲਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਘੱਟ ਗਿਣਤੀ, ਦਲਿਤਾਂ, ਔਰਤਾਂ ‘ਤੇ ਜਬਰ ਕਰ ਰਹੀ ਹੈ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਕਾਨੂੰਨਾਂ ਨੂੰ ਵੀ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ।।ਕਨਵੈਨਸ਼ਨ ਦੌਰਾਨ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਨਸ਼ਿਆਂ ਦੇ ਜਾਲ ਵਿੱਚ ਜਵਾਨੀ ਨੂੰ ਪਾ ਕੇ ਰੁਜ਼ਗਾਰ ਤੋਂ ਧਿਆਨ ਲਾਂਭੇ ਕੀਤਾ ਹੈ। ਕਨਵੈਨਸ਼ਨ ਵਿੱਚ ਵੱਖ ਵੱਖ ਮਤਿਆਂ ਰਾਹੀਂ ਮੰਗ ਕੀਤੀ ਕਿ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਲੇਬਰ ਦਫ਼ਤਰ ਰਾਹੀਂ ਕੀਤੀ ਜਾਵੇ। ਕਿਰਤ ਵਿਭਾਗ ਦਾ ਜ਼ਿਲ੍ਹਾ ਤਰਨਤਾਰਨ ‘ਚ ਤੁਰੰਤ ਦਫ਼ਤਰ ਲਿਆਂਦਾ ਜਾਵੇ। ਨਸ਼ਿਆਂ ਦੇ ਵਪਾਰੀਆਂ ਸਮੱਗਲਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਨਸ਼ਾ ਛੁਡਾਉਣ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਮੁਫ਼ਤ ਇਲਾਜ ਕਰਕੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਅੰਤ ਵਿੱਚ 19 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਧਰਮ ਸਿੰਘ ਪੱਟੀ ਜ਼ਿਲ੍ਹਾ ਕਨਵੀਨਰ ਚੁਣੇ ਗਏ। ਇਸ ਮੌਕੇ ਭਰਾਤਰੀ ਜਥੇਬੰਦੀਆਂ ਵੱਲੋਂ ਆਰਐਮਪੀ ਡਾਕਟਰ ਐਸੋਸੀਏਸ਼ਨ ਵੱਲੋਂ ਡਾ. ਸਵਿੰਦਰ ਸਿੰਘ ਸਰਲੀ, ਡਾ. ਰਣਜੀਤ ਸਿੰਘ ਵੇਈਂਪੁਈ ਅਤੇ ਡਾਕਟਰ ਪ੍ਰੇਮ ਸਿੰਘ ਤੋਂ ਇਲਾਵਾ ਨੌਜਵਾਨ ਸਭਾ ਦੇ ਆਗੂ ਕਾਬਲ ਸਿੰਘ ਪਹਿਲਵਾਨਕੇ ਨੇ ਭਰਾਤਰੀ ਸੰਦੇਸ਼ ਦਿੱਤੇ। ਇਸ ਮੌਕੇ ਸਰਵਨ ਸਿੰਘ ਦੇਊ, ਕਰਤਾਰ ਸਿੰਘ ਪੱਖੋਕੇ, ਗੁਲਜਾਰ ਸਿੰਘ ਪੰਡੋਰੀ, ਤਰਸੇਮ ਸਿੰਘ ਉਸਮਾ, ਇੰਦਰਜੀਤ ਸਿੰਘ, ਸੁਖਦੇਵ ਸਿੰਘ ਠਰੂ, ਪ੍ਰਤਾਪ ਸਿੰਘ ਹੋਠੀਆਂ, ਬੱਬੂ ਫੈਲੋਕੇ, ਪ੍ਰਗਟ ਸਿੰਘ, ਹਰੀ ਸਿੰਘ, ਅਜੀਤ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।