Now Reading
ਨਾਬਰਾਬਰੀ ਦਾ ਦਸਤਾਵੇਜ਼ : ਮਨੂੰ ਸਿਮ੍ਰਤੀ ਮਨੂੰ ਸਿਮ੍ਰਤੀ ਵਿਚ ਔਰਤ ਦੀ ਸਥਿਤੀ

ਨਾਬਰਾਬਰੀ ਦਾ ਦਸਤਾਵੇਜ਼ : ਮਨੂੰ ਸਿਮ੍ਰਤੀ ਮਨੂੰ ਸਿਮ੍ਰਤੀ ਵਿਚ ਔਰਤ ਦੀ ਸਥਿਤੀ

ਡਾ. ਕਰਮਜੀਤ ਸਿੰਘ

ਅਜੋਕੇ ਉੱਤਰਆਧੁਨਿਕ ਪੂੰਜੀਵਾਦੀ ਦੌਰ ਵਿਚ ਭਾਵੇਂ ਮੁੱਖ ਵਿਰੋਧ ਪੂੰਜੀਵਾਦ ਤੇ ਮਜ਼ਦੂਰ ਵਰਗ ਦਾ ਹੀ ਹੈ ਪਰ ਉਸਦੇ ਅਧੀਨ ਸਮਾਜ ਵਿਚ ਸੈਂਕੜੇ ਧਾਰਾਵਾਂ ਪੈਦਾ ਹੁੰਦੀਆਂ ਤੇ ਵਿਗਸਦੀਆਂ ਹਨ। ਇਕ ਧਾਰਾ ਔਰਤ ਦੀ ਸਮਾਜ ਵਿਚ ਸਮਾਨਤਾ ਨਾਲ਼ ਜੁੜੀ ਹੋਈ ਹੈ, ਜਿਸਨੂੰ ਨਾਰੀਵਾਦ ਦਾ ਨਾਂ ਦਿੱਤਾ ਗਿਆ ਹੈ। ਡਾ. ਰਜਨੀ ਰਾਣੀ (ਨਾਰੀਵਾਦੀ ਚਿੰਤਨ ਅਤੇ ਪੰਜਾਬੀ ਕਹਾਣੀ, ਐਮ.ਪੀ. ਪ੍ਰਕਾਸ਼ਨ ਦਿੱਲੀ, 2006) ਲਿਖਦੀ ਹੈ, “ਸਾਧਾਰਣ ਅਰਥਾਂ ਵਿਚ ਨਾਰੀਵਾਦ ਔਰਤ ਦੇ ਹੱਕਾਂ ਦਾ ਸਿਧਾਂਤ ਹੈ। ਆਧੁਨਿਕ ਸਮੇਂ ਦੇ ਬਹੁਤੇ ਸਿਧਾਂਤਾਂ ਵਾਂਗ ਨਾਰੀਵਾਦ ਪੱਛਮੀ ਸਮਾਜਾਂ ਵਚਿ ਹੀ ਉਗਮਿਆ ਅਤੇ ਵਿਗਸਿਆ ਹੈ। ਇਸ ਦਾ ਮੁੱਖ ਕਾਰਣ ਇਹ ਹੈ ਕਿ ਪੱਛਮੀ ਸਨਅਤੀ ਇਨਕਲਾਬਾਂ ਦੇ ਸਿੱਟੇ ਵੱਜੋਂ ਆਧੁਨਿਕ ਬੌਧਿਕ ਲਹਿਰਾਂ ਦਾ ਜਨਮ ਹੋਇਆ ਹੈ। ਪੱਛਮ ਵਿਚ ਨਾਰੀਵਾਦੀ ਸਿਧਾਂਤ ਦਾ ਵਿਕਾਸ ਨਾਰੀ ਮੁਕਤੀ ਦੇ ਅੰਦੋਲਨਾਂ ਦੇ ਨਾਲ਼ ਰਿਹਾ ਹੈ।” (ਪੰਨਾ-12)

ਦੁਨੀਆਂ ਭਰ ਵਿਚ ਨਾਰੀਵਾਦੀ ਚੇਤਨਾ ਫੈਲੀ ਤਾਂ ਹਰ ਦੇਸ਼ ਦੀਆਂ ਔਰਤਾਂ ਨੇ ਆਪਣੀ ਸਥਿਤੀ ਅਨੁਸਾਰ ਆਪਣੇ ਅੰਦਲੋਨਾਂ ਦੀ ਰੂਪ ਰੇਖਾ ਉਲੀਕੀ। ਇਸ ਤਰ੍ਹਾਂ ਅਣਗਿਣਤ ਤਰ੍ਹਾਂ ਦੇ ਨਾਰੀਵਾਦ ਹੋਂਦ ਵਿਚ ਆਏ। ਇਨ੍ਹਾਂ ਵਿਚੋਂ ਸਾਡੇ ਲਈ ਦੋ ਤਰ੍ਹਾਂ ਦਾ ਨਾਰੀਵਾਦ ਵਧੇਰੇ ਮਹੱਤਵਪੂਰਣ ਹੈ। ਸਮਾਜਵਾਦੀ ਨਾਰੀਵਾਦ ਅਤੇ ਰੈਡੀਕਲ ਨਾਰੀਵਾਦ। ਸਮਾਜਵਾਦੀ ਦਿ੍ਰਸ਼ਟੀ ਅਨੁਸਾਰ, ਸਮਾਜਿਕ ਬਦਲਾਅ ਅਜਿਹਾ ਹੋਵੇ ਕਿ ਦੌਲਤ ਦੀ ਤਰਕਸੰਗਤ ਵੰਡ ਨੂੰ ਸੁਨਿਸ਼ਚਿਤ ਕੀਤਾ ਜਾਵੇ ਅਤੇ ਦਮਨ ਭੋਗ ਰਹੇ ਲੋਕਾਂ ਦੀ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਬਰਾਬਰੀ ਦੀ ਗਾਰੰਟੀ ਕੀਤੀ ਜਾਵੇ। ਪਰ ਇਹ ਕੁਝ ਸਮਕਾਲੀ ਪੂੰਜੀਵਾਦੀ ਪ੍ਰਬੰਧ ਵਿਚ ਸੰਭਵ ਨਹੀਂ ਹੋ ਸਕਦਾ ਇਸ ਲਈ ਸਮਾਜ ਵਿਚ ਇਨਕਲਾਬੀ ਪਰਿਵਰਤਨ ਦੀ ਜ਼ਰੂਰਤ ਹੈ। ਸਮਾਜਵਾਦੀ ਨਾਰੀਵਾਦ ਮਾਰਕਸਵਾਦ ਦੇ ਬੁਨਿਆਦੀ ਸਿਧਾਂਤਾਂ ਉੱਪਰ ਆਪਣੇ ਵਿਚਾਰ ਅਤੇ ਅੰਦੋਲਨਾਂ ਦੀ ਉਸਾਰੀ ਕਰਦਾ ਹੈ। ਪਿੱਤਰ ਸੱਤਾ ਨੂੰ ਸਦੀਵੀ ਨਹੀਂ ਮੰਨਿਆ ਗਿਆ ਸਗੋਂ ਉਨ੍ਹਾਂ ਅਨੁਸਾਰ ਪਿੱਤਰ ਸੱਤਾ ਇਕ ਖਾਸ ਇਤਿਹਾਸਕ ਦੌਰ ਵਿਚ ਆਰੰਭ ਹੋਈ ਤੇ ਇਸਦਾ ਇਕ ਭੌਤਿਕ ਆਧਾਰ ਹੈ। ਉਤਪਾਦਨ ਦੇ ਤਰੀਕਿਆਂ ਵਿਚ ਪਰਿਵਰਤਨ ਆਉਣਾ ਲਾਜ਼ਮੀ ਹੈ। ਰੈਡੀਕਲ ਨਾਰੀਵਾਦ ਨੇ ਜੈਵਿਕਤਾ ਨੂੰ ਲਿੰਗ ਭੇਦ ਦਾ ਆਧਾਰ ਬਣਾਇਆ ਜਿਸ ਨੂੰ ਸਮਾਜਵਾਦੀ ਨਾਰੀਵਾਦੀਆਂ ਨੇ ਸਵੀਕਾਰ ਨਹੀਂ ਕੀਤਾ।

ਜਦੋਂ ਨਾਰੀਵਾਦ ਨੇ ਹਰ ਥਾਂ ਦਸਤਕ ਦੇਣੀ ਸ਼ੁਰੂ ਕੀਤੀ ਅਤੇ ਇਸਨੇ ਹਰ ਸਮਾਜ ਤੇ ਸਭਿਆਚਾਰ ਦੀ ਆਪਣੀ ਦਿ੍ਰਸ਼ਟੀ ਤੋਂ ਪੁਣਛਾਣ ਕਰਨੀ ਸ਼ੁਰੂ ਕੀਤੀ ਤਾਂ ਵਿਰੋਧੀ ਧਿਰਾਂ ਨੇ ਡਿਫੈਂਸਿਵ ਹੁੰਦਿਆਂ ਆਪਣੇ ਸਮਾਜਾਂ ਵਿਚ ਔਰਤ ਦੇ ਰੋਲ ਨੂੰ ਆਦਰਸ਼ਿਆ ਕੇ ਪੇਸ਼ ਕੀਤਾ ਅਤੇ ਅਮਲੀ ਰੂਪ ਵਿਚ ਔਰਤ ਦੀ ਗ਼ੁਲਾਮ ਵਰਗੀ ਸਥਿਤੀ ਨੂੰ ਢੱਕਣ ਦਾ ਯਤਨ ਕੀਤਾ। ਭਾਰਤ ਵਿਚ ਇਸਦੇ ਦੇਵੀ ਰੂਪ ਨੂੰ ਸਾਹਮਣੇ ਲਿਆ ਕੇ ਕੰਨਿਆ-ਪੂਜਨ ਆਦਿ ਦੇ ਹਵਾਲੇ ਦੇ ਕੇ ਆਪਣੇ ਸਭਿਆਚਾਰ ਨੂੰ ਸਭ ਤੋਂ ਉੱਤਮ ਦੱਸਣ ਦਾ ਯਤਨ ਕੀਤਾ ਗਿਆ। ਪਰ ਵਿਹਾਰਕ ਰੂਪ ਵਿਚ ਇਹ ਕੀਤੇ ਦਾਅਵੇ ਖੋਖਲੇ ਸਾਬਿਤ ਹੁੰਦੇ ਹਨ ਕਿਉਂਕਿ ਨਾਲ਼ ਹੀ ‘ਢੋਲ ਗੰਵਾਰ ਸ਼ੂਦਰ ਪਸ਼ੂ ਨਾਰੀ; ਇਹ ਸਭ ਤਾੜਨ ਕੇ ਅਧਿਕਾਰੀ’ ਦੇ ਕਥਨ ਹਾਵੀ ਹੋ ਜਾਂਦੇ ਹਨ। ਜਿਸ ਸੰਵਿਧਾਨ ਉਪਰ ਤੁਸੀਂ ਭਾਰਤੀ ਸਮਾਜ ਨੂੰ ਚਲਦਾ ਦੇਖਦੇ ਹੋ ਜਾਂ ਚਲਾਉਣਾ ਚਾਹੁੰਦੇ ਹੋ ਜਦੋਂ ਉਸ ਸ਼ਾਸਤਰ (ਮਨੂੰ ਸਿਮ੍ਰਤੀ) ਦਾ ਅਧਿਐਨ ਕਰਦੇ ਹਾਂ ਤਾਂ ਤੁਹਾਡੇ ਸਾਹਮਣੇ ਸਾਰਾ ਹੀਜ ਪਿਆਜ ਨੰਗਾ ਹੋ ਜਾਂਦਾ ਹੈ।

ਔਰਤ ਨਾਲ਼ ਜੁੜੇ ਸੰਸਕਾਰ ਛੋਟੀ ਉਮਰ ਦੇ ਨਿਭਾਏ ਜਾਣ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਇਨ੍ਹਾਂ ਸੰਸਕਾਰਾਂ ਉੱਪਰ ਕਿਸੇ ਕਿਸਮ ਦੇ ਮੰਤ੍ਰ ਉਚਾਰਣ ਦੀ ਮਨਾਹੀ ਹੈ (ਅਧਿਆਇ-2, ਸ਼ਲੋਕ-66, ਮਨੂੰਸਿਮ੍ਰਤੀ (ਹਿੰਦੀ ਭਾਸ਼ਾ-ਟੀਕਾ ਸਹਿਤ, ਪੰਡਿਤ ਦੇਵ ਨਾਰਾਇਣ ਪਾਠਕ, ਪ੍ਰਕਾਸ਼ ਪਬਲਿਕੇਸ਼ਨ, ਨਵੀਂ ਦਿੱਲੀ-31) ‘ਇਸਤ੍ਰੀਆਂ ਦੇ ਵਿਆਹ ਦੀ ਵਿਧੀ ਨੂੰ ਵੈਦਿਕ ਸੰਸਕਾਰ ਕਿਹਾ ਗਿਆ ਹੈ। ਪਤੀ ਦੀ ਸੇਵਾ, ਗੁਰੂਕੁਲ ਵਿਚ ਵਾਸ ਅਤੇ ਘਰ ਦਾ ਕੰਮ ਧੰਦਾ ਇਸਤ੍ਰੀਆਂ ਲਈ ਅਗਨੀ ਸੇਵਾ ਹੀ ਹੈ।’ (2/67) ਇਸਦੇ ਨਾਲ਼ ਹੀ ਸਿਮ੍ਰਤੀ ਵਿਚ ਕਹੇ ਗਏ ਔਰਤ ਦੇ ਧਰਮਾਂ (ਫਰਜ਼ਾਂ) ਨੂੰ ਵੀ ਵਿਚਾਰ ਲੈਣਾ ਚਾਹੀਦਾ ਹੈ। ਇਥੇ ਇਸਤਰੀ ਦੀ ਕਿਸੇ ਵੀ ਤਰ੍ਹਾਂ ਦੀ ਸੁਤੰਤਰ ਹੋਂਦ ਤੋਂ ਇਨਕਾਰ ਕੀਤਾ ਗਿਆ ਹੈ। ਜੇ ਉਹ ਅਜਿਹਾ ਪ੍ਰਗਟਾਵ ਵੀ ਕਰਦੀ ਹੈ ਤਾਂ ਇਸ ਨਾਲ਼ ਦੋਨਾਂ ਕੁੱਲ਼ਾਂ ਦੀ ਨਿੰਦਿਆ ਹੁੰਦੀ ਹੈ। ਪਤੀ ਚੁਣਨ ਦਾ ਅਧਿਕਾਰ ਪਿਉ-ਭਰਾ ਨੂੰ ਹੈ ਜਿਸ ਤੋਂ ਉਹ ਇਨਕਾਰ ਨਹੀਂ ਕਰ ਸਕਦੀ। ਇਥੋਂ ਤਕ ਕਿ ਮਰਨ ਉਪਰੰਤ ਵੀ ਉਹ ਪਤੀ ਦਾ ਸ਼੍ਰਾਧ ਆਦਿ ਕਰਦੀ ਰਹੇ। ਪਤੀ ਕਿਹੋ ਜਿਹਾ ਵੀ ਔਗੁਣਾਂ ਵਾਲ਼ਾ ਹੋਵੇ ਔਰਤ ਨੇ ਉਸਦੀ ਦੇਵਤਿਆਂ ਵਾਂਗ ਪੂਜਾ ਕਰਨੀ ਹੈ। ‘ਬਾਲਿਕਾ, ਜਾਂ ਯੁਵਤੀ ਜਾਂ ਬੁੱਢੀ ਇਸਤ੍ਰੀ ਨੂੰ ਘਰਾਂ ਵਿਚ ਕੋਈ ਕੰਮ ਸੁਤੰਤਰ ਹੋ ਕੇ ਨਹੀਂ ਕਰਨਾ ਚਾਹੀਦਾ।’ (5/147) ‘ਬਾਲ ਅਵਸਥਾ ਵਿਚ ਇਸਤ੍ਰੀ ਪਿਤਾ ਦੇ ਵੱਸ ਵਿਚ, ਜਵਾਨ ਅਵਸਥਾ ਵਿਚ ਪਤੀ ਦੇ ਵੱਸ ਵਿਚ ਅਤੇ ਪਤੀ ਦੇ ਮਰਨ ਤੋਂ ਪਿੱਛੋਂ ਪੁੱਤਰਾਂ ਦੇ ਵੱਸ ਵਿਚ ਰਹੇ, ਪਰ ਸੁਤੰਤਰ ਨਾ ਰਹੇ।’ (5/148) ‘ਇਸਤ੍ਰੀ ਨੂੰ ਚਾਹੀਦਾ ਹੈ ਕਿ ਪਿਤਾ, ਪਤੀ ਅਤੇ ਪੁੱਤਰ ਤੋਂ ਕਦੇ ਵੱਖ ਨਾ ਹੋਣਾ ਚਾਹੇ ਕਿਉਂਕਿ ਇਨ੍ਹਾਂ ਨੂੰ ਛੱਡ ਕੇ ਇਸਤ੍ਰੀ ਦੋਨਾਂ ਕੁੱਲਾਂ ਨੂੰ ਨਿੰਦਿਤ (ਕਲੰਕਿਤ) ਕਰਦੀ ਹੈ।’ (5/149) ‘ਪਤੀ ਰਾਤ ਦਿਨ ਔਰਤਾਂ ਨੂੰ ਸੁਤੰਤਰਤਾ ਨਾਲ਼ ਨਾ ਰਹਿਣ ਦੇਵੇ, ਆਨੰਦ ਵਾਲ਼ੇ ਵਿਸ਼ਿਆਂ ਵਿਚ ਵੀ ਲੱਗੀ ਹੋਵੇ ਤਾਂ ਵੀ ਉਸਨੂੰ ਆਪਣੇ ਵੱਸ ਵਿਚ ਰੱਖੇ।’ (9/2) ਨੌਵੇਂ ਅਧਿਆਏ ਦੇ 103 ਸਲੋਕਾਂ ਵਿਚ ਔਰਤ-ਮਰਦ ਦੇ ਸੰਯੋਗ-ਵਿਯੋਗ ਦੇ ਰੋਜ਼ਾਨਾ ਦੇ ਧਰਮ-ਫਰਜ਼ ਦੱਸੇ ਗਏ ਹਨ ਜਿਨ੍ਹਾਂ ਵਿਚ ਔਰਤ ਹੀ ਹੀਣੀ ਸਮਝੀ ਗਈ ਹੈ, ਸ਼ੂਦਰਾ (ਸ਼ੂਦਰ ਔਰਤ) ਸਭ ਤੋਂ ਹੀਣੀ ਮੰਨੀ ਗਈ ਹੈ। ਇਉਂ ਮਨੂੰ ਸਿਮ੍ਰਤੀ ਵਿਚ ਔਰਤ ਜ਼ਰ ਖਰੀਦ, ਗ਼ੁਲਾਮ ਦੀ ਜੂਨ ਹੰਢਾਉਣ ਵਾਲ਼ਾ ਪ੍ਰਾਣੀ ਬਣ ਜਾਂਦੀ ਹੈ। ‘ਕੋਈ ਔਰਤ ਸਾਂਝੇ ਟੱਬਰ ਦੇ ਜੀਆਂ ਦੇ ਆਮ ਧਨ ਵਿਚੋਂ ਵੀ ਅਤੇ ਆਪਣੇ ਧਨ ਵਿਚੋਂ ਵੀ ਆਪਣੇ ਪਤੀ ਦੀ ਆਗਿਆ ਬਗ਼ੈਰ ਧੰਨ ਆਪਣੇ ਕੋਲ ਨਹੀਂ ਰੱਖ ਸਕਦੀ ਤੇ ਨਾ ਹੀ ਇਸਨੂੰ ਖ਼ਰਚ ਕਰ ਸਕਦੀ ਹੈ। (9/199) ਅੱਜ ਜਦੋਂ ਅਸੀਂ ਵੇਖਦੇ ਹਾਂ ਕਿ ਕੰਮਕਾਜੀ ਔਰਤਾਂ ਨੂੰ ਵੀ ਆਪਣੇ ਏਟੀਐਮ ਪਤੀ ਨੂੰ ਸੌਂਪਣੇ ਪੈਂਦੇ ਹਨ ਅਤੇ ਸਕੂਲ/ਦਫ਼ਤਰ ਜਾਣ ਲਈ ਪਤੀ ਸਾਹਮਣੇ ਹੱਥ ਅੱਡਣੇ ਪੈਂਦੇ ਹਨ ਤਾਂ ਇਸ ਅਧਿਕਾਰ ਪਿੱਛੇ ਹਜ਼ਾਰਾਂ ਸਾਲ ਪਹਿਲਾ ਦੇ ਮਨੂੰ ਦੇ ਨਿਯਮ ਕੰਮ ਕਰਦੇ ਸਪੱਸ਼ਟ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਸੁਚੇਤ ਪੱਧਰ ’ਤੇ ਤੋੜਿਆ ਨਹੀਂ ਗਿਆ। ‘ਇਸਤ੍ਰੀ ਸਦਾ ਪ੍ਰਸੰਨ ਚਿੱਤ, ਘਰ ਦੇ ਕੰਮਾਂ ਵਿਚ ਪ੍ਰਵੀਣ, ਘਰ ਦੀ ਸਮੱਗ੍ਰੀ ਨੂੰ ਥਾਂ ਸਿਰ ਰੱਖਣ ਵਾਲ਼ੀ ਅਤੇ ਖ਼ਰਚ ਹੱਥ ਰੋਕ ਕੇ ਕਰਨ ਵਾਲ਼ੀ ਹੋਵੇ।’ (5/150) ‘ਪਿਤਾ ਜਾਂ ਪਿਤਾ ਦੀ ਸਲਾਹ ਨਾਲ਼ ਭਰਾ ਔਰਤ ਨੂੰ ਜਿਸ ਨਾਲ਼ ਵੀ ਤੋਰੇ ਉਹ ਉਸਦੀ ਜਿੰਦਗੀ ਭਰ ਟਹਿਲ ਸੇਵਾ ਕਰੇ ਅਤੇ ਮਰਨ ਦੇ ਪਿੱਛੋਂ ਵੀ ਉਸ ਪਤੀ ਦੀ ਉਲੰਘਣਾ ਨਾ ਕਰੇ’ (ਭਾਵ ਵਿਭਚਾਰ ਆਦਿ ਵਿਚ ਨਾ ਪੈ ਕੇ ਉਸਦਾ ਸ਼੍ਰਾਧ ਆਦਿ ਕਰਦੀ ਰਹੇ।) (5/151)’ ‘ਵਿਆਹ ਵਿਚ ਜੋ ਵਾਕਦਾਨ ਕੀਤਾ ਜਾਂਦਾ ਹੈ, ਉਸ ਨਾਲ਼ ਹੀ ਔਰਤ ਉਪਰ ਅਧਿਕਾਰ (ਸਵਮੀਤਵ) ਹੁੰਦਾ ਹੈ।’ (5/152) ‘ਰਿਤੂ ਕਾਲ ਵਿਚ ਇਸ ਲੋਕ ਅਤੇ ਪਰਲੋਕ ਵਿਚ ਨਿੱਤ ਸੁੱਖ ਦੇਣ ਵਾਲ਼ਾ ਅਤੇ ਮੰਤਰਾਂ ਨਾਲ਼ ਸੰਸਕਾਰ ਦੇਣ ਵਾਲ਼ਾ ਪਤੀ ਹੀ ਹੈ।’ (5/153) ‘ਪਤੀਵਰਤਾ ਔਰਤ ਨੂੰ ਸ਼ੀਲ ਰਹਿਤ (ਗੁੱਸੇਖੋਰ), ਪਰ ਇਸਤ੍ਰੀਗਾਮੀ ਜਾਂ ਗੁਣਹੀਣ ਪਤੀ ਦੀ ਵੀ ਸਦਾ ਦੇਵਤਾ ਵਾਂਗ ਪੂਜਾ ਕਰਨੀ ਚਾਹੀਦੀ ਹੈ।’ (5/154) ਔਰਤਾਂ ਨੂੰ ਪਤੀ ਤੋਂ ਬਗੈਰ ਵੱਖਰਾ ਯੱਗ, ਵਰਤ ਅਤੇ ਉਪਵਾਸ ਕਰਨ ਦਾ ਅਧਿਕਾਰ ਨਹੀਂ ਹੈ। ਔਰਤ ਤਾਂ ਸਿਰਫ ਪਤੀ ਦੀ ਸੇਵਾ ਨਾਲ਼ ਹੀ ਸਵਰਗ ਵਿਚ ਆਦਰ ਪਾਉਂਦੀ ਹੈ। (5/155) ‘ਪਤੀ ਲੋਕ ਨੂੰ ਚਾਹੁਣ ਵਾਲ਼ੀ ਪਤੀਵ੍ਰਤਾ ਔਰਤ ਜਿਉਂਦੇ ਜਾਂ ਮਰੇ ਪਤੀ ਦਾ ਕੁਝ ਵੀ ਅਪਿ੍ਰਅ ਆਚਰਣ ਨਾ ਕਰੇ।’ (5/156) ‘ਔਰਤ ਆਪਣੀ ਦੇਹ ਨੂੰ ਚਾਹੇ ਦੁਰਬਲ ਕਰ ਦੇਵੇ, ਪਰ ਪਤੀ ਦੇ ਮਰਨ ’ਤੇ ਦੂਸਰੇ ਦਾ ਨਾਂ ਵੀ ਨਾ ਲਵੇ।’ (5/157) ਇਸ ਤੋਂ ਬਾਅਦ ਵਿਧਵਾ ਨੂੰ ਬ੍ਰਹਮਚਰਯ ਅਪਣਾਉਣ ਅਤੇ ਪੁੱਤਰ ਨਾ ਹੋਣ ਤੇ ਵੀ ਕਿਸੇ ਓਪਰੇ ਮਰਦ ਦੀ ਤਾਕ ਨਾ ਰੱਖਣ ਦੀ ਹਿਦਾਇਤ ਕੀਤੀ ਗਈ ਹੈ ਕਿਉਂਕਿ ਔਰਤ ਲਈ ਦੂਸਰਾ ਪਤੀ ਵਿਵਰਜਤ ਹੈ। ਪਤੀਬ੍ਰਤਾ ਇਸਤ੍ਰੀਆਂ ਲਈ ਦੂਸਰਾ ਪਤੀ ਕਿਤੇ ਵੀ ਨਹੀਂ ਕਿਹਾ ਗਿਆ। (5/162)’ ‘ਇਸਦਾ ਪਹਿਲਾਂ ਦੂਸਰਾ ਪਤੀ ਸੀ’ ਦਾ ਕਥਨ ਇਕ ਤਰ੍ਹਾਂ ਨਾਲ ਲਾਹਨਤ ਮੰਨੀ ਗਈ ਹੈ। ਜੋ ਔਰਤ ਦੂਸਰੇ ਪਤੀ ਨਾਲ਼, ਪਰਪੁਰਸ਼ ਨਾਲ਼ ਗੱਲ ਕਰਦੀ ਹੈ ਉਹ ‘ਮਰਨ ਪਿੱਛੋਂ ਗਿੱਦੜ ਦੀ ਜੂਨ ਵਿਚ ਪੈਂਦੀ ਹੈ ਅਤੇ ਅਨੇਕ ਪਾਪਾਂ ਤੇ ਰੋਗਾਂ ਤੋਂ ਦੁੱਖ ਭੋਗਦੀ ਹੈ।’ (5/164) ਪਤੀਵ੍ਰਤਾ ‘ਪਤੀਲੋਕ ਨੂੰ ਪਹੁੰਚਦੀ ਹੈ। ਪਤੀਬ੍ਰਤਾ ਦੇ ਸਾਰੇ ਦਹਿ ਕਰਮ ਕਰਨੇ ਚਾਹੀਦੇ ਹਨ। ਔਰਤਾਂ ਦਾ ਪਤੀ ਦੇ ਮਰਨ ਤੋਂ ਬਾਅਦ ਵੀ ਪਤੀਬ੍ਰਤਾ ਧਰਮ ਰਹੇ ਅਤੇ ਉਹ ਦੂਜੇ ਵਿਆਹ ਦੀ ਕਲਪਨਾ ਵੀ ਨਾ ਕਰੇ ਪਰ ਮਰਦ ਦੂਸਰਾ ਵਿਆਹ ਪਤਨੀ ਦੇ ਮਰਨ ਤੋਂ ਤੁਰੰਤ ਪਿਛੋਂ ਕਰਵਾ ਸਕਦਾ ਹੈ। ‘ਪਹਿਲੇ ਮਰੀ ਹੋਈ ਇਸਤ੍ਰੀ ਦਾ ਦਾਹ ਸੰਸਕਾਰ ਕਰਕੇ ਫਿਰ ਗਿ੍ਰਹਸਤ ਆਸ਼ਰਮ ਲਈ (ਮਰਦ) ਵਿਆਹ ਕਰੇ ਅਤੇ ਅਗਨੀ ਦੇ ਫੇਰੇ ਵੀ ਲਏ।’ (5/168)

ਉਪਰੋਕਤ ਔਰਤ ਦੇ ਫ਼ਰਜ਼ਾਂ ਵਿਚ ਪਹਿਲੀ ਗੱਲ ਸਾਹਮਣੇ ਆਉਂਦੀ ਹੈ ਕਿ ਔਰਤ ਨੂੰ ਸਮਾਜ ਵਿਚ ਕੋਈ ਨਿੱਜੀ ਸੁਤੰਤਰਤਾ ਨਾਂ ਦੀ ਚੀਜ਼ ਮਨੂੰ ਸਿਮ੍ਰਤੀ ਨਹੀਂ ਦਿੰਦੀ। ਪਤੀ ਜਿਹੋ ਜਿਹਾ ਵੀ ਕੁੱਤਾ-ਬਿੱਲਾ ਹੋਵੇ ਉਸਨੂੰ ਦੇਵਤਾ ਮੰਨਣਾ ਜ਼ਰੂਰੀ ਹੈ ਤੇ ਮੌਤ ਤੋਂ ਬਾਅਦ ਵੀ ਉਸਦਾ ਪਤੀਬ੍ਰਤਾ ਰਹਿਣਾ ਜ਼ਰੂਰੀ ਹੈ। ਜਿਹੜਾ ਵੀ ਧਰਮ/ਸਮਾਜ ਔਰਤਾਂ ਤੋਂ ਅਜਿਹੀਆਂ ਮੰਗਾਂ ਮੰਨਵਾਉਂਦਾ ਹੈ ਉਹ ਮਨੂੰਵਾਦੀ ਹੈ ਤੇ ਅਵੇਰ-ਸਵੇਰ ਮੰਨੂਵਾਦ ਨੇ ਉਸਨੂੰ ਨਿਗਲ਼ ਲੈਣਾ ਹੈ।

ਵਰਣਾਂ ਦੀ ਉਤਪੱਤੀ ਵਿਚ ਮਰਦਾਂ ਦੇ ਵਰਣਾਂ ਦੀ ਉਤਪੱਤੀ ਹੈ, ਔਰਤ ਇਸ ਵਿਚ ਸ਼ਾਮਿਲ ਨਹੀਂ ਹੈ। ਔਰਤ ਜਿਸ ਵਰਣ ਵਿਚ ਵੀ ਹੈ ਉਸ ਵਰਣ ਦੇ ਮਰਦ ਦੇ ਹੀ ਅਧੀਨ ਹੈ। ਔਰਤ ਨੂੰ ਧਰਤੀ ਨਾਲ਼ ਉਪਮਾ ਦੇ ਕੇ ਮਰਦ ਦੇ ਬੀਜ ਨੂੰ ਉੱਤਮ ਸਿੱਧ ਕੀਤਾ ਗਿਆ ਹੈ। ‘ਉੱਤਮ ਬੀਜ ਉੱਤਮ ਖੇਤ ਵਿਚ ਬੀਜਣ ਨਾਲ਼ ਜਿਵੇਂ ਵਾਧਾ ਹੁੰਦਾ ਹੈ ਉਸੇ ਤਰ੍ਹਾਂ ਦਵਿਜ ਜਾਤੀਆਂ (ਬ੍ਰਾਹਮਣ, ਕਸ਼ਤਰੀ ਅਤੇ ਵੈਸ਼) ਵਲੋਂ ਦਵਿਜ ਜਾਤੀਆਂ ਦੀਆਂ ਔਰਤਾਂ ਤੋਂ ਪੈਦਾ ਹੋਈ ਔਲਾਦ ਸਾਰੇ ਸੰਸਕਾਰਾਂ ਦੇ ਯੋਗ ਹੁੰਦੀ ਹੈ।’ (10/69) ਮਨੂੰ ਸਿਮ੍ਰਤੀਕਾਰ ਇਸ ਵਿਚਾਰ ਪ੍ਰਤਿ ਸੁਚੇਤ ਹੈ ਕਿ ਵਿਦਵਾਨ ਬੀਜ ਅਤੇ ਧਰਤੀ ਦੋਨਾਂ ਦੀ ਪ੍ਰਸੰਸਾ ਕਰਦੇ ਹਨ, ਪਰ ਉਹ ਬੀਜ ਦੇ ਪੱਖ ਵਿਚ (ਮਰਦ ਦੇ ਹੱਕ ਵਿਚ) ਭੁਗਤਦਾ ਹੈ, ਜਦੋਂ ਉਹ ਕਹਿੰਦਾ ਹੈ, “ਬੰਜਰ ਧਰਤੀ ਵਿਚ ਬੀਜਿਆ ਬੀਜ ਫੁੱਟਣ ਤੋਂ ਪਹਿਲਾਂ ਹੀ ਨਸ਼ਟ ਹੋ ਜਾਂਦਾ ਹੈ ਅਤੇ ਬਿਨਾ ਬੀਜ ਬੀਜੇ ਉਪਜਾਊ ਜ਼ਮੀਨ ਵੀ ਨਿਹਫਲ ਹੋ ਜਾਂਦੀ ਹੈ।’(10/71) ਇਸ ਤਰਕ ਵਿਚ ਵੀ ਉਪਜਾਊ ਜ਼ਮੀਨ ਵਿਚ ਹੀ ਚੰਗਾ ਬੀਜ ਪੈਦਾ ਹੁੰਦਾ ਹੈ ਨਿਹਿਤ ਹੈ ਪਰ ਸਿਮ੍ਰਤੀਕਾਰ ਬੀਜ (ਮਰਦ) ਦੇ ਹੱਕ ਵਿਚ ਫਤਵਾ ਦੇ ਦਿੰਦਾ ਹੈ। ਇਉਂ ਮਨੂੰ ਸਿਮ੍ਰਤੀ ਮਰਦ ਪ੍ਰਧਾਨ ਸਮਾਜ ਨੂੰ ਪੱਕਿਆਂ ਕਰਦੀ ਹੈ।

ਔਰਤ ਸ਼ੂਦਰ ਅਤੇ ਚੰਡਾਲ ਦੀ ਵੀ ਦਾਸੀ ਬਣਾ ਦਿੱਤੀ ਗਈ ਹੈ। ਉਸ ਨਾਲ਼ ਜੇ ਉਪਰਲੀਆਂ ਜਾਤੀਆਂ ਸੰਬੰਧ ਜੋੜਦੀਆਂ ਹਨ ਤਾਂ ਉਨ੍ਹਾਂ ਦੀ ਪੈਦਾ ਹੋਈ ਔਲਾਦ ਵੀ ਚੰਡਾਲ ਹੋਵੇਗੀ ਅਤੇ ਉਪਰਲੀ ਜਾਤੀ ਦਾ ਮਰਦ ਪਤਿਤ ਹੋ ਜਾਵੇਗਾ। ‘ਆਪੱਤੀ ਕਾਲ ਵਿਚ ਵੀ ਬ੍ਰਾਹਮਣ ਤੇ ਕਸ਼ਤਰੀ ਨੂੰ ਸ਼ੂਦਰ ਔਰਤ ਨਾਲ਼ ਸੰਬੰਧ ਬਣਾਉਣੇ ਜਾਇਜ਼ ਨਹੀਂ। ਮਨੂੰ ਸਿਮ੍ਰਤੀ ਦਾ ਲੇਖਕ ਦੱਸਦਾ ਹੈ ਕਿ ਇਸਦੀ ਇਜਾਜ਼ਤ ਕਿਸੇ ਪੁਰਾਣ ਵਿਚ ਵੀ ਨਹੀਂ।’ (3/14) ‘ਜੋ ਦਵਿਜ ਮੋਹ ਵਸ ਹੀਣ ਜਾਤੀ (ਸ਼ੂਦਰ) ਦੀ ਕੰਨਿਆ ਨਾਲ਼ ਵਿਆਹ ਕਰਦੇ ਹਨ ਉਹ ਆਪਣੇ ਵੰਸ਼ ਨੂੰ ਔਲਾਦ ਸਮੇਤ ਸ਼ੂਦਰ ਬਣਾ ਦਿੰਦੇ ਹਨ।’ (3/15) ‘ਸ਼ੂਦਰਾਂ ਨੂੰ ਵਿਆਹੁਣ ਵਾਲਾ ਪਤਿਤ ਹੁੰਦਾ ਹੈ – ਇਹ ਆਤਰੀ ਰਿਸ਼ੀ (ਬ੍ਰਾਹਮਣਾਂ) ਲਈ ਗੌਤਮ ਦਾ ਮਤ ਹੈ। ਸ਼ੂਦਰਾਂ ਤੋਂ ਪੁੱਤਰੀ ਪੈਦਾ ਕਰਨ ਵਾਲ਼ਾ (ਕਸ਼ਤਰੀ) ਪਤਿਤ ਹੁੰਦਾ ਹੈ, ਇਹ ਸ਼ੌਨਕ ਰਿਸ਼ੀ ਦਾ ਮਤ ਹੈ। ਭਿ੍ਰਗੂ ਦਾ ਮਤ ਹੈ ਕਿ (ਵੈਸ਼) ਪੋਤਰਾ ਪੈਦਾ ਕਰਨ ਨਾਲ਼ ਪਤਿਤ ਹੁੰਦਾ ਹੈ। (3/16) ਭਾਵ ਸ਼ੂਦਰ ਔਰਤ ਨਾਲ਼ ਸੰਬੰਧ ਬਣਾਉਣ ਤੇ ਸਾਰੀਆਂ ਦਵਿਜ ਜਾਤੀਆਂ ਪਤਿਤ ਹੋ ਜਾਂਦੀਆਂ ਹਨ। ਬ੍ਰਾਹਮਣ ਸ਼ੂਦਰਾਂ ਨੂੰ ਪਲੰਘ ਤੇ ਬਿਠਾਉਣ ਨਾਲ਼ ਹੀ ਅਧੋਗਤੀ ਨੂੰ ਪ੍ਰਾਪਤ ਹੁੰਦਾ ਹੈ। ਉਸ ਤੋਂ ਪੁੱਤਰ ਪੈਦਾ ਕਰਨ ਉੱਤੇ ਉਹ ਆਪਣਾ ਬ੍ਰਾਹਮਣਪੁਣਾ ਖ਼ਤਮ ਕਰ ਲੈਂਦਾ ਹੈ।’ (5/17) ਜਿਸ ਘਰ ਵਿਚ ਸ਼ੂਦਰਾਂ ਦੀ ਪ੍ਰਧਾਨਤਾ ਵਿਚ ਦੇਵ, ਪਿੱਤਰ ਅਤੇ ਅਤਿਥੀ ਦੇ ਕੰਮ ਹੁੰਦੇ ਹਨ ਉਸਦੇ ਹਵਨ ਦੀ ਸਮੱਗ੍ਰੀ ਦੇਵ-ਪਿੱਤਰ ਨਹੀਂ ਖਾਂਦੇ ਤੇ ਉਹ ਸਵਰਗ ਨੂੰ ਵੀ ਨਹੀਂ ਜਾਂਦੇ।” (3/18) ਸ਼ੂਦਰਾਂ ਦੇ ਹੋਠਾਂ ਦਾ ਰਸ ਪੀਣ ਵਾਲਾ, ਜਿਸਦੇ ਮੂੰਹ ਤੇ ਸ਼ੂਦਰਾਂ ਦਾ ਸਾਹ ਲੱਗ ਗਿਆ ਹੋਵੇ ਅਤੇ ਜੋ ਆਪ ਸ਼ੂਦਰਾਂ ਤੋਂ ਪੈਦਾ ਹੋਇਆ ਹੋਵੇ ਅਜਿਹੇ ਆਦਮੀ ਦਾ ਕਲਿਆਣ ਨਹੀਂ ਹੋ ਸਕਦਾ।

ਸ਼ਾਇਦ ਇਥੇ ਇਹ ਵੀ ਸਪੱਸ਼ਟ ਕਰਨ ਦੀ ਲੋੜ ਹੈ ਕਿ ਮਨੂੰ ਸਿਮ੍ਰਤੀ ਵਿਚ ਜੂਨਾਂ, ਪੁਨਰਜਨਮ, ਨਰਕ-ਸਵਰਗ, ਪਰਲੋਕ ਦਾ ਸੰਕਲਪ ਡਰਾਵੇ ਵਾਸਤੇ ਬਾਰ ਬਾਰ ਆਇਆ ਹੈ। ਜੂਨਾਂ ਬਾਰੇ : ‘ਬ੍ਰਾਹਮਣ ਦਾ ਹਤਿਆਰਾ, ਕੁੱਤਾ, ਸੂਅਰ, ਗਧਾ, ਊਠ, ਬੱਕਰਾ, ਭੇਡ, ਮਿ੍ਰਗ, ਪੰਛੀ-ਚੰਡਾਲ ਅਤੇ ਨੀਚ ਜੂਨਾਂ ਵਿਚ ਪੈਂਦਾ ਹੈ।’ (12/55) ਪੁਨਰ ਜਨਮ ਬਾਰੇ : ‘ਬ੍ਰਾਹਮਣ ਦੀ ਸ਼ੂਦਰਾਂ ਤੋਂ ਪੈਦਾ ਹੋਈ ਪਾਰਸ਼ਵ ਕੰਨਿਆ ਜੇਕਰ ਉੱਤਮ ਇਸਤ੍ਰੀ ਹੋ ਜਾਏ ਤਾਂ ਨਖਿੱਧ ਪਾਰਸ਼ਵ ਵੀ ਸੱਤਵੇਂ ਜਨਮ ਵਿਚ ਬ੍ਰਾਹਮਣ ਜਾਤੀ ਦੀ ਹੋ ਜਾਂਦੀ ਹੈ।’ (10/64) ਸਵਰਗ ਬਾਰੇ : ‘ਇਨਾਮ ਦੀ ਇੱਛਾ ਨਾ ਕਰਕੇ ਗਊ, ਬ੍ਰਾਹਮਣ, ਔਰਤ ਅਤੇ ਬਾਲਕ ਇਨ੍ਹਾਂ ਵਿਚੋਂ ਕਿਸੇ ਲਈ ਵੀ ਪ੍ਰਾਣ ਤਿਆਗ ਕਰਨਾ, ਪ੍ਰਤਿਲੋਭਨ ਜਾਤੀਆਂ ਵਾਲ਼ਿਆਂ ਲਈ ਸਿੱਧੀ ਦਾ ਕਾਰਣ ਹੁੰਦਾ ਹੈ ਭਾਵ ਉਹ ਸਵਰਗ ਨੂੰ ਜਾਂਦੇ ਹਨ।’ (10/62) ਪੂਰਵ ਜਨਮ ਬਾਰੇ : ‘ਨਿਰੰਤਰ ਵੇਦ ਦਾ ਅਭਿਆਸ, ਪਵਿਤ੍ਰਤਾ, ਤਪ ਅਤੇ ਪ੍ਰਾਣੀਆਂ ਦੇ ਅਦੋਹ ਤੋਂ (ਧ੍ਰੋਹ ਨਾ ਕਮਾਉਣ ਤੋਂ) ਮਨੁੱਖ ਨੂੰ ਪੂਰਵ ਜਨਮ ਦੀ ਜਾਤੀ ਦੀ ਯਾਦ ਆਉਂਦੀ ਹੈ।’ (4/148) ਨਰਕ ਬਾਰੇ : ‘ਦਵਿਜ ਜਾਤੀ ਵਾਲਾ ਬ੍ਰਾਹਮਣ ਨੂੰ ਮਾਰਨ ਦੀ ਇੱਛਾ ਕਰਕੇ ਉਸ ਉਪਰ ਡੰਡਾ ਚੁੱਕਣ ਨਾਲ਼ ਹੀ ਸੌ ਸਾਲ ਤਕ ਤਾਮਿ੍ਰਸ ਨਰਕ ਵਿਚ ਭਉਂਦਾ ਰਹਿੰਦਾ ਹੈ।’ (4/165) ਇਉਂ ਪੁਨਰ-ਜਨਮ, ਨਰਕ ਸੁਰਗ, ਪਰਲੋਕ ਆਦਿ ਨੂੰ ਡਰਾਵੇ ਦਾ ਸਾਧਨ ਬਣਾ ਕੇ ਜਾਤੀ ਪ੍ਰਬੰਧ ਵਿਚ ਦਾਖਿਲ ਕੀਤਾ ਗਿਆ ਹੈ ਜਿਸ ਨਾਲ਼ ਸਾਮੂਹਿਕ ਅਵਚੇਤਨ (ਕੁਲੈਕਟਿਵ ਕਾਂਸ਼ਿਅਸਨੈਸ) ਦਾ ਹਿੱਸਾ ਬਣਾ ਕੇ ਸਮਾਜ ਨੂੰ ਨਿਪੁੰਸਕ ਬਣਾਇਆ ਗਿਆ ਹੈ। ਔਰਤ ਨੂੰ ਮਰਦ ਅਧੀਨ ਰੱਖਣ ਲਈ ਅਤੇ ਉਪਰਲੀਆਂ ਦਵਿਜ ਜਾਤੀਆਂ ਨੂੰ ਸ਼ੂਦਰ ਔਰਤਾਂ ਤੋਂ ਦੂਰ ਰੱਖਣ ਲਈ ਇਹ ਸਾਰੇ ਡਰਾਵੇ ਵੀ ਵਰਤੇ ਗਏ ਹਨ।

ਔਰਤ ਦੇ ਸੁਭਾਅ ਨੂੰ ਵੀ ਵਿਸਤਾਰ ਵਿਚ ਵਿਚਾਰਿਆ ਗਿਆ ਹੈ ਤੇ ਵਿਆਹ ਵਿਚ ਕਿਹੋ ਜਿਹੀ ਕੰਨਿਆ ਹੋਵੇ ਤੇ ਕਿਹੋ ਜਿਹੀ ਨਾਲ਼ ਵਿਆਹ ਨਾ ਕਰੇ ਇਸ ਬਾਰੇ ਅਨੇਕਾਂ ਨਿਯਮ ਥਾਪੇ ਗਏ ਹਨ। ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿਚ ਇਹ ਸਾਰੇ ਮਰਦ ਦੀ ਦਿ੍ਰਸ਼ਟੀ ਨੂੰ ਹੀ ਪ੍ਰਮੁੱਖਤਾ ਦਿੰਦੇ ਹਨ। ਕਿਹਾ ਗਿਆ ਹੈ, ‘ਇਸ ਸੰਸਾਰ ਵਿਚ ਮਰਦਾਂ ਤੇ ਦੂਸ਼ਣ ਲਾਉਣਾ ਔਰਤਾਂ ਦਾ ਸੁਭਾਅ ਹੁੰਦਾ ਹੈ। ਇਸ ਲਈ ਪੰਡਿਤ ਜਨ ਔਰਤਾਂ ਵਿਚ ਬੜੀ ਸਾਵਧਾਨੀ ਨਾਲ਼ ਰਹਿੰਦੇ ਹਨ।’ (2/213) ‘ਸੰਸਾਰ ਵਿਚ ਔਰਤਾਂ ਮੂਰਖ ਨੂੰ ਜਾਂ ਕਾਮ ਕ੍ਰੋਧ ਦੇ ਵੱਸ ਵਿਚ ਆਏ ਪੰਡਿਤ ਨੂੰ ਬੁਰੇ ਮਾਰਗ ਲੈ ਜਾਣ ਦੇ ਸਮਰੱਥ ਹੁੰਦੀਆਂ ਹਨ। ਸਿਮ੍ਰਤੀਕਾਰ ਇਹ ਨਹੀਂ ਦੱਸਦਾ ਕਿ ਕੀ ਮਰਦ ਔਰਤਾਂ ਉਪਰ ਦੂਸ਼ਣ ਨਹੀਂ ਲਾਉਂਦਾ? ਕੀ ਔਰਤਾਂ ਨੂੰ ਮਰਦਾਂ ਵਿਚ ਸਾਵਧਾਨੀ ਨਾਲ਼ ਨਹੀਂ ਰਹਿਣਾ ਚਾਹੀਦਾ। ਔਰਤਾਂ ਪੰਡਿਤ ਨੂੰ ਜਿਸ ਬੁਰੇ ਮਾਰਗ ਤੇ ਲੈ ਜਾਣ ਦੇ ਸਮਰੱਥ ਹੁੰਦੀਆਂ ਹਨ, ਕੀ ਮਰਦ ਔਰਤਾਂ ਨੂੰ ਵੀ ਇਸ ਬੁਰੇ ਮਾਰਗ ਉਪਰ ਨਹੀਂ ਲੈ ਕੇ ਜਾਂਦੇ?’ ‘ਸ਼ਰਧਾ ਪੂਰਵਕ …ਨੀਚ ਕੁੱਲ ਤੋਂ ਵੀ ਇਸਤ੍ਰੀ ਰਤਨ ਨੂੰ ਗ੍ਰਹਿਣ ਕਰ ਲਵੇ।’ (3/238) ਫਿਰ ਇਹ ਕੀ ਹੈ?

ਮਰਦ ਕਿਸ ਇਸਤ੍ਰੀ ਨਾਲ਼ ਵਿਆਹ ਨਾ ਕਰੇ? ਗੱਲ ਹਾਸੋਹੀਣੀ ਹੈ ਪਰ ਮਨੂੰ ਸਿਮ੍ਰਤੀ ਨੇ ਕਿਹਾ ਹੈ ਤਾਂ ਨਿਯਮ ਹੈ, ‘ਨੱਛਤਰ, ਬਿ੍ਰਖ, ਨਦੀ, ਮਲੇਛ, ਪਰਬਤ, ਪੰਛੀ, ਸੱਪ, ਦਾਸੀ ਦੇ ਨਾਂ ਉਪਰ ਜਿਸਦਾ ਨਾਂ ਹੋਵੇ ਅਤੇ ਜਿਸਦਾ ਨਾਂ ਭਿਅੰਕਰ (ਭੀਸ਼ਣ) ਹੋਵੇ ਅਜਿਹੀ ਕੰਨਿਆ ਨਾਲ਼ ਵਿਆਹ ਨਾ ਕਰੇ।’(3/9) ਤੇ ਕਰੇ ਕਿਸ ਨਾਲ਼? ‘ਜੋ ਅੰਗਹੀਣ ਨਾ ਹੋਵੇ, ਜਿਸਦਾ ਸੁੰਦਰ ਸਿੱਧਾ ਜਿਹਾ ਨਾਂ ਹੋਵੇ। ਜਿਸਦੀ ਹੰਸ ਤੇ ਹਾਥੀ ਵਰਗੀ ਚਾਲ ਹੋਵੇ, ਜਿਸਦੇ ਰੋਮ, ਬਾਲ਼ ਤੇ ਦੰਦ ਛੋਟੇ ਹੋਣ ਅਜਿਹੇ ਕੋਮਲ ਅੰਗਾਂ ਵਾਲ਼ੀ ਕੰਨਿਆ ਨਾਲ਼ ਵਿਆਹ ਕਰੇ। (3/10) ਅੰਗਹੀਣ ਨਾਲ਼ ਤਾਂ ਮੰਨ ਲਿਆ ਵਿਆਹ ਨਹੀਂ ਹੋਣਾ ਚਾਹੀਦਾ ਪਰ ਸਿੱਧੇ ਸਾਦੇ ਨਾਮ ਵਾਲ਼ੀ ਤੇ ਉਪਰਲੇ ਨਾਵਾਂ ਵਾਲੀ ਨਾਲ਼ ਵਿਆਹ ਨਾ ਕਰਾਉਣ ਦਾ ਕੀ ਤਰਕ ਹੈ? ਕੁੜੀ ਦੇ ਘਰ ਵਾਲ਼ਿਆਂ ਵਲੋਂ ਚੀਜ਼ਾਂ ਵਸਤਾਂ ਲੈਣ ਨੂੰ ਬੁਰਾ ਨਹੀਂ ਗਿਣਿਆ ਗਿਆ ਸਗੋਂ ‘ਵਰ ਤੋਂ ਇਕ ਗਾਂ-ਬਲਦ ਦੀ ਜੋੜੀ ਜਾਂ ਦੋ ਗਾਵਾਂ ਦੀ ਜੋੜੀ ਧਰਮ ਦੇ ਨਾਂ ਲੈ ਕੇ ਵਿਧੀ ਪੂਰਵਕ ਕੰਨਿਆ ਦਾਨ ਕਰਨਾ ਧਰਮ ਹੈ।’ (3/29) ਕੀ ਇਹ ਕੰਨਿਆ ਵੇਚਣਾ ਨਹੀਂ? ‘ਔਰਤ ਦੇ ਸੰਤਾਨ ਨਾ ਹੋਵੇ ਤਾਂ ਵਿਆਹ ਤੋਂ ਅੱਠਵੇਂ ਸਾਲ ਸੰਤਾਨ ਹੋ ਕੇ ਮਰ ਜਾਂਦੀ ਹੋਵੇ ਤਾਂ ਦਸਵੇਂ ਸਾਲ, ਔਰਤ ਦੇ ਸਿਰਫ਼ ਕੰਨਿਆਵਾਂ ਹੀ ਹੁੰਦੀਆਂ ਹੋਣ ਤਾਂ ਗਿਆਰਵੇਂ ਸਾਲ ਮਰਦ ਦੂਸਰਾ ਵਿਆਹ ਕਰ ਲਵੇ ਤੇ ਜੇ ਔਰਤ ਕੌੜੇ ਬੋਲ ਬੋਲਣ ਵਾਲ਼ੀ ਹੋਵੇ ਤਾਂ ਤੁਰੰਤ ਹੀ ਦੂਸਰਾ ਵਿਆਹ ਕਰ ਲਵੇ।’ (9/81) ਅੱਜ ਸਾਨੂੰ ਪਤਾ ਹੈ ਕਿ ਕੰਨਿਆ ਜਾਂ ਮੁੰਡੇ ਪੈਦਾ ਹੋਣ ਲਈ ਮਰਦ ਜ਼ਿੰਮੇਵਾਰ ਹੈ ਫਿਰ ਵੀ ਲੋਕ ਔਰਤ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ ਤਾਂ ਹਜ਼ਾਰਾਂ ਸਾਲ ਪਹਿਲਾਂ ਦੇ ਬਣਾਏ ਨਿਯਮ ਅੱਜ ਵੀ ਜਿਉਂ ਦੇ ਤਿਉਂ ਮੰਨੇ ਜਾਣੇ ਹੈਰਾਨੀ ਪੈਦਾ ਨਹੀਂ ਕਰਦੇ। ਬਾਲ ਵਿਆਹ ਦੀ ਜੜ੍ਹ ਜਾਂ ਨੀਂਹ ਵੀ ਮਨੂੰ ਸਿਮ੍ਰਤੀ ਵਿਚ ਮਿਲ਼ ਜਾਂਦੀ ਹੈ ਤੇ ਵੱਡੀ ਉਮਰ ਦੇ ਮਰਦ ਨਾਲ਼ ਛੋਟੀ ਕੁੜੀ ਦੇ ਵਿਆਹ ਨੂੰ ਵੀ ਸਿਮ੍ਰਤੀ ਜਾਇਜ਼ ਠਹਿਰਾਉਂਦੀ ਹੈ ਜਦੋਂ ਕਿਹਾ ਗਿਆ ਹੈ ਕਿ, ‘ਤੀਹ ਸਾਲਾਂ ਦਾ ਜਵਾਨ ਸੁਨੱਖੀ ਅਤੇ ਬਾਰਾਂ ਸਾਲਾਂ ਦੀ ਕੰਨਿਆ ਨਾਲ਼, ਚੌਵੀ ਸਾਲਾਂ ਦਾ ਮੁੰਡਾ ਅੱਠ ਸਾਲਾਂ ਦੀ ਕੰਨਿਆ ਨਾਲ਼ ਵਿਆਹ ਕਰੇ, ਜੋ ਇਸਤੋਂ ਉਲਟ ਕਰਦਾ ਹੈ ਉਹ ਗ੍ਰਹਿਸਤ-ਧਰਮ ਵਿਚ ਦੁੱਖ ਪਾਉਂਦਾ ਹੈ।’ (9/94) ਸੰਵਿਧਾਨ ਵਿਚ ਇੱਕੀ ਸਾਲ ਦੇ ਮੁੰਡੇ ਅਤੇ 18 ਸਾਲ ਦੀ ਕੁੜੀ ਦਾ ਵਿਆਹ ਜਾਇਜ਼ ਠਹਿਰਾਇਆ ਗਿਆ ਹੈ ਪਰ ਅਸਲ ਜੀਵਨ ਵਿਚ, ਦੇਸ਼ ਵਿਚ ਸਾਲ ਵਿਚ ਹਜ਼ਾਰਾਂ ਬਾਲ ਵਿਆਹ ਅਤੇ ਨਰੜ ਸਿਰੇ ਚੜ੍ਹਦੇ ਹਨ ਆਪਾਂ ਸਾਰੇ ਜਾਣਦੇ ਹਾਂ।

ਪਿਛਲੇ ਦਿਨੀਂ ਮਹਾਂਰਾਸ਼ਟਰ ਦੇ ਇਕ ਸਾਧੂ ਨੇ ਬਿਆਨ ਦਿੱਤਾ ਕਿ ਵਿਆਹ ਤੋਂ ਬਾਅਦ ਜੇ ਔਰਤ ਮਰਦ ਛੇਵੀਂ..ਅੱਠਵੀਂ… ਰਾਤ ਨੂੰ ਮਿਲਣਗੇ ਤਾਂ ਉਨ੍ਹਾਂ ਦੇ ਪੁੱਤਰ ਪੈਦਾ ਹੋਵੇਗਾ। ਇਹ ਗੱਲ ਗ਼ੈਰ ਵਿਗਿਆਨਕ ਹੋਣ ਕਾਰਣ ਰੌਲ਼ਾ ਪੈਣ ਤੇ ਸਾਧੂ ਨੂੰ ਮੁਆਫ਼ੀ ਮੰਗਣੀ ਪਈ। ਅਸਲ ਵਿਚ ਉਹ ਜਾਣੇ-ਅਣਜਾਣੇ ਮਨੂੰ ਸਿਮ੍ਰਤੀ ਦਾ ਪ੍ਰਚਾਰ ਹੀ ਕਰ ਰਿਹਾ ਸੀ ਜਿਸ ਅਨੁਸਾਰ, ‘ਯੁਗਮ (ਛੇਵੀਂ, ਅੱਠਵੀਂ ਆਦਿ ਰਾਤਾਂ ਨੂੰ ਸੰਗਮ ਕਰਨ ਨਾਲ਼ ਪੁੱਤਰ ਪੈਦੇ ਹੁੰਦੇ ਹਨ ਅਤੇ ਅਯੁਗਮ (ਟਾਂਕ, ਪੰਜਵੀ, ਸੱਤਵੀਂ ਆਦਿ)’ ਰਾਤਾਂ ਨੂੰ ਮਿਲਣ ਤੇ ਕੁੜੀਆਂ ਪੈਦਾ ਹੁੰਦੀਆਂ ਹਨ, ਇਸ ਲਈ ਪੁੱਤਰ ਚਾਹੁਣ ਵਾਲ਼ਿਆਂ ਨੂੰ ਔਰਤ ਕੋਲ਼ ਯੁਗਮ ਰਾਤਾਂ ਨੂੰ ਜਾਣਾ ਚਾਹੀਦਾ ਹੈ।’ (3/48) ਇਸੇ ਤਰ੍ਹਾਂ ਅਗਲੀ ਧਾਰਣਾ ਵੀ ਗ਼ੈਰ ਵਿਗਿਆਨਕ ਹੈ ਕਿਉਂਕਿ ਹੁਣ ਮੈਡੀਕਲ ਸਾਇੰਸ ਬਹੁਤ ਅਗਾਂਹ ਜਾ ਚੁੱਕੀ ਹੈ। ‘ਮਰਦ ਬੀਜ ਵੱਧ ਹੋਵੇ ਤਾਂ ਮੁੰਡਾ ਪੈਦਾ ਹੁੰਦਾ ਹੈ, ਔਰਤ ਦਾ ਬੀਜ ਵੱਧ ਹੋਵੇ ਤਾਂ ਕੁੜੀ ਪੈਦਾ ਹੁੰਦੀ ਹੈ, ਬਰਾਬਰ ਬੀਜ ਹੋਵੇ ਤਾਂ ਜੌੜੇ ਪੈਦਾ ਹੁੰਦੇ ਹਨ। ਥੋੜ੍ਹਾ ਵੀਰਜ ਹੋਵੇ ਤਾਂ ਗਰਭ ਗਿਰ ਜਾਂਦਾ ਹੈ।’ (3/49)

ਸਿਮ੍ਰਤੀਕਾਰ ਕੀ ਖਾਣਾ, ਕੀ ਨਹੀਂ ਖਾਣਾ, ਕਿਹਦਾ ਖਾਣਾ, ਕਿਸਦਾ ਨਹੀਂ ਖਾਣਾ ਆਦਿ ਦੇ ਬਾਰੇ ਵਿਸਤਿ੍ਰਤ ਚਰਚਾ ਕਰਦਾ ਹੈ। ਇਥੇ ਔਰਤ ਦੇ ਪੁੱਤਰ ਨਹੀਂ ਹੈ ਤਾਂ ਉਸਦੇ ਹੱਥ ਦਾ ਨਾ ਖਾਣ ਦੀ ਚਰਚਾ ਹੈ ਜੋ ਔਰਤ ਦੇ ਅਪਮਾਨ ਕਰਨ ਦੇ ਤੁੱਲ ਹੈ। ‘ਬਿਨਾਂ ਆਦਰ ਤੋਂ ਦਿੱਤਾ ਗਿਆ ਅੰਨ, ਦੇਵਤਾਵਾਂ ਦੇ ਲਈ ਜੋ ਮਾਸ ਬਣਾਇਆ ਨਹੀਂ ਗਿਆ, ਪੁੱਤਰਹੀਣ ਔਰਤ ਦਾ, ਵੈਰੀ ਅਤੇ ਨਗਰ ਪਤਿਤ ਦਾ ਅੰਨ ਅਤੇ ਜਿਸ ਉੱਪਰ ਛਿੱਕ ਦਿੱਤਾ ਗਿਆ ਹੋਵੇ ਅਜਿਹਾ ਅੰਨ ਨਹੀਂ ਖਾਣਾ ਚਾਹੀਦਾ।’ ਜੰਗ ਵਿਚ ਲੁੱਟੀਆਂ ਵਸਤਾਂ ਵਿਚ ਲੁੱਟੀ ਗਈ ਔਰਤ ਵੀ ਹੈ। ‘ਰੱਥ, ਘੋੜੇ, ਹਾਥੀ, ਛੱਤਰ, ਧੰਨ, ਧਾਨ, ਪਸ਼ੂ, ਇਸਤ੍ਰੀ, ਤਾਂਬਾ ਆਦਿ ਧਾਤੂਆਂ (ਸੋਨਾ, ਚਾਂਦੀ ਨੂੰ ਛੱਡ ਕੇ), ਗੁੜ, ਲੂਣ, ਘਿਉ ਆਦਿ ਸਾਰੀਆਂ ਵਸਤੂਆਂ ਵਿਚੋਂ ਜੋ ਲੁੱਟ ਲੈਂਦਾ ਹੈ ਉਹ ਉਸੇ ਦੀਆਂ ਮੰਨੀਆਂ ਜਾਣਗੀਆਂ।’ (7/96)

ਰਾਜਾ ਜਦੋਂ ਮੰਤਰੀਆਂ ਆਦਿ ਨਾਲ਼ ਸਲਾਹ ਕਰਦਾ ਹੈ ਤਾਂ ਅਜਿਹੇ ਸਮੇਂ ਔਰਤ ਨੂੰ ਸਲਾਹਕਾਰਾਂ ਵਿਚ ਬੈਠਣ ਦੀ ਮਨਾਹੀ ਕੀਤੀ ਗਈ ਹੈ। ਉਸਦੀ ਗਿਣਤੀ ਗੂੰਗਿਆਂ ਅਤੇ ਬਹਿਰਿਆਂ ਵਿਚ ਕੀਤੀ ਗਈ ਹੈ। ‘ਮੂਰਖ, ਗੂੰਗੇ, ਅੰਨ੍ਹੇ, ਬਹਿਰੇ, ਅਤਿ ਬੁੱਢੇ, ਪੰਛੀ, ਤੋਤਾ-ਮੈਨਾ ਆਦਿ, ਔਰਤ, ਮਲੇਛ, ਰੋਗੀ ਅਤੇ ਵਿਕਲਾਂਗਾਂ ਨੂੰ ਰਾਜਾ ਸਲਾਹ ਸਮੇਂ ਬਾਹਰ ਕੱਢ ਦੇਵੇ। (7/149)’ ਕਿਉਂਕਿ ਔਰਤਾਂ ਗੁਪਤ ਫੈਸਲਿਆਂ ਨੂੰ ਜ਼ਾਹਿਰ ਕਰ ਦਿੰਦੀਆਂ ਹਨ। (7/150) ਰਾਜਾ ਨੂੰ ਸਲਾਹ ਹੈ ਕਿ ਉਹ ਮਹਿਲਾਂ ਦੀਆਂ ਇਸਤ੍ਰੀਆਂ ਦੇ ਵਿਹਾਰ ਦੀ ਚਿੰਤਾ ਕਰੇ। (7/153) ਅੱਜ ਅਸੀਂ ਦੂਸਰੇ ਧਰਮਾਂ ਖਾਸ ਤੌਰ ਤੇ ਮੁਸਲਿਮ ਧਰਮ ਦਾ ਹਵਾਲਾ ਦੇ ਕੇ ਕਹਿੰਦੇ ਹਾਂ ਕਿ ਇਸ ਵਿਚ ਔਰਤ ਦੀ ਗਵਾਹੀ ਅੱਧੀ ਮੰਨੀ ਜਾਂਦੀ ਹੈ, ਪਰ ਮਨੂੰ ਸਿਮ੍ਰਤੀ ਵਿਚ ਤਾਂ ਉਸਨੂੰ ਗਵਾਹੀ ਦੇ ਯੋਗ ਹੀ ਨਹੀਂ ਸਮਝਿਆ ਗਿਆ। ‘ਲੋਭ ਰਹਿਤ ਇਕ ਮਨੁੱਖ ਵੀ ਗਵਾਹ ਹੋ ਸਕਦਾ ਹੈ, ਪਰੰਤੂ ਅਨੇਕ ਔਰਤਾਂ ਪਵਿਤ੍ਰ ਹੋਣ ਤੇ ਵੀ ਗਵਾਹੀ ਦੇ ਯੋਗ ਨਹੀਂ ਹਨ, ਕਿਉਂਕਿ ਔਰਤਾਂ ਦੀ ਬੁੱਧੀ ਅਸਥਿਰ ਹੁੰਦੀ ਹੈ।’ (8/77) ਔਰਤ-ਸੰਭੋਗ ਵਿਚ ਝੂਠੀ ਸਹੁੰ ਖਾਣ ਤੇ ਵੀ ਮਨੂੰ ਸਿਮ੍ਰਤੀਕਾਰ ਨੂੰ ਕੋਈ ਇਤਰਾਜ਼ ਨਹੀਂ ਹੈ। ‘ਇਸਤ੍ਰੀ-ਸੰਭੋਗ, ਵਿਆਹ, ਗਾਈਆਂ ਲਈ ਘਾਹ ਆਦਿ ਲੈਣ ਵਿਚ, ਹਵਨ ਲਈ ਲਕੜੀਆਂ ਚੁੱਕਣ ਵਿਚ ਅਤੇ ਬ੍ਰਾਹਮਣਾਂ ਦੀ ਰੱਖਿਆ ਲਈ ਝੂਠੀ ਸਹੁੰ ਖਾਣ ਵਿਚ ਵੀ ਕੋਈ ਪਾਪ ਨਹੀਂ ਲੱਗਦਾ।’ (8/112) ਧਨ ਆਦਿ ਵਾਂਗ ਜੇ ਔਰਤ ਨੂੰ ਕੋਈ ਭੋਗ ਵੀ ਲਵੇ ਤਾਂ ਵੀ ਉਸ ਉਪਰ ਕਿਸੇ ਦਾ ਦਾਅਵਾ ਖਾਰਿਜ ਨਹੀਂ ਹੁੰਦਾ। ‘ਗਿਰਵੀ, ਪਿੰਡ ਦੀ ਸੀਮਾ, ਬਾਲਕ ਦਾ ਧਨ, ਧਰੋਹਰ, ਉਪਨਿਧੀ (ਬਿਨਾ ਗਿਣਿਆ ਭਾਂਡੇ ਵਿਚ ਪਿਆ ਧਨ), ਔਰਤ, ਰਾਜਧਨ, ਵੇਦ ਪਾਠੀ ਦਾ ਧਨ-ਇਨ੍ਹਾਂ ਸਾਰੀਆਂ ਚੀਜ਼ਾਂ ਦਾ ਦਾਅਵਾ ਭੋਗਣ ਤੋਂ ਬਾਅਦ ਵੀ ਖ਼ਤਮ ਨਹੀਂ ਹੁੰਦਾ।’ (8/149)

ਮਨੂੰ ਸਿਮ੍ਰਤੀ ਬਹੁ ਪਤਨੀ ਵਿਆਹ ਨੂੰ ਜਾਇਜ਼ ਠਹਿਰਾਉਂਦੀ ਹੈ। ਕਿਵੇਂ? ‘ਜੇਕਰ ਕੋਈ ਸੁਨੱਖੀ ਕੰਨਿਆਂ ਦਿਖਾ ਕੇ ਕਰੂਪ ਕੰਨਿਆ ਦਾ ਦਾਨ ਕਰੇ ਤਾਂ ਵਰ ਇਕ ਬਾਰ ਤੈਅ ਕੀਤੇ ਧਨ ਵਿਚ ਹੀ (ਜੋ ਪੈਸਾ ਕੰਨਿਆ ਲਈ ਦੇਣਾ ਤੈਅ ਹੋਇਆ ਹੈ) ਦੋਨਾਂ ਕੰਨਿਆਵਾਂ ਨਾਲ਼ ਵਿਆਹ ਕਰੇ, ਅਜਿਹਾ ਮਨੂੰ ਨੇ ਕਿਹਾ ਹੈ।’ (8/204) ਦਕਸ਼ ਪ੍ਰਜਾਪਤੀ ਖੁਸ਼ ਹੋ ਕੇ ਆਪਣੀਆਂ ਕਈ-ਕਈ ਕੰਨਿਆਵਾਂ ਧਰਮ ਰਾਜ, ਕਸ਼ਯਪ ਅਤੇ ਚੰਦ੍ਰਮਾ ਨੂੰ ਸੌਂਪਦਾ ਹੈ। ‘ਦਕਸ਼ ਪ੍ਰਜਾਪਤੀ ਨੇ ਪ੍ਰਸੰਨ ਚਿੱਤ ਨਾਲ ਧਰਮ ਰਾਜ ਨੂੰ ਦਸ, ਕਸ਼ਯਪ ਨੂੰ ਤੇਰਾਂ ਅਤੇ ਸੋਮਰਾਜ (ਚੰਦ੍ਰਮਾ) ਨੂੰ ਸਤਾਈ ਕੰਨਿਆਵਾਂ ਸਤਿਕਾਰ ਪੂਰਵਕ ਦਿੱਤੀਆਂ ਸਨ।’ (9/129) ਇਸੇ ਤਰ੍ਹਾਂ ਜੇ ਬ੍ਰਾਹਮਣ ਦੀਆਂ ਬ੍ਰਾਹਮਣੀ, ਕਸ਼ਤਰਾਣੀ, ਵੈਸ਼ ਤੇ ਸ਼ੂਦਰ ਚਾਰ ਔਰਤਾਂ ਹੋਣ ਤਾਂ ਉਨ੍ਹਾਂ ਦੇ ਪੁੱਤਰਾਂ ਵਿਚ ਜਾਇਦਾਦ ਦੇ ਬਟਵਾਰੇ ਬਾਰੇ ਚਰਚਾ ਕੀਤੀ ਗਈ ਹੈ। ਇਥੇ ਸ਼ੂਦਰ ਔਰਤ ਦੀ ਔਲਾਦ ਨੂੰ ਜਾਇਦਾਦ ਦਾ ਸਭ ਤੋਂ ਘੱਟ ਹਿੱਸਾ ਦੇਣ ਦਾ ਨਿਯਮ ਬਣਾਇਆ ਗਿਆ ਹੈ। (9/149) ਜੇ ਦੂਸਰੀਆਂ ਔਰਤਾਂ ਦੇ ਔਲਾਦ ਨਾ ਵੀ ਹੋਵੇ ਤਾਂ ਵੀ ਸ਼ੂਦਰਾ ਦੇ ਪੁੱਤਰ ਨੂੰ ਦਸਵੇਂ ਹਿੱਸੇ ਤੋਂ ਵੱਧ ਨਹੀਂ ਮਿਲ਼ੇਗਾ। (9/154) ਜੋ ਆਦਮੀ ਦੋਸ਼ਾਂ ਵਾਲ਼ੀ ਕੰਨਿਆਂ ਦੇ ਦੋਸ਼ ਦੱਸੇ ਬਿਨਾਂ ਕੰਨਿਆ ਦਾਨ ਕਰੇ ਰਾਜਾ ਉਸ ਉਪਰ 96 ਪਣ (ਉਸ ਸਮੇਂ ਦੇ ਪੈਸੇ) ਦਾ ਦੰਡ ਲਾਏਗਾ।’(8/224) ਵਿਆਹ ਸਮੇਂ ਕੰਨਿਆ ਨਮਿੱਤ ਉਚਾਰੇ ਮੰਤ੍ਰ ਉਸ ਕੰਨਿਆ ਲਈ ਨਹੀਂ ਹਨ ਜਿਸਦਾ ਸਤਭੰਗ ਹੋਇਆ ਹੋਵੇ। (8/226) ਹੁਣ ਇਹ ਕਿਵੇਂ ਪਤਾ ਲਗਾਇਆ ਜਾਂਦਾ ਹੋਵੇਗਾ ਕਿ ਕੰਨਿਆ ਦਾ ਸਤ ਭੰਗ ਹੋਇਆ ਹੈ ਕਿ ਨਹੀਂ? ਕੁਲੀਨ ਪੁਰਸ਼ਾਂ ਦੀ ਖ਼ਾਸ ਤੌਰ ਤੇ ਕੁਲੀਨ ਔਰਤਾਂ ਦੀ ਚੋਰੀ ਕਰਨ ਵਾਲ਼ੇ ਨੂੰ ਅਤੇ ਕੀਮਤੀ ਰਤਨਾਂ ਦੇ ਚੋਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। (8/223)

ਜਿੱਥੋਂ ਤਕ ਯੁੱਧ ਵਿਚ ਔਰਤਾਂ ਨੂੰ ਬਚਾਉਣ ਦਾ ਸਵਾਲ ਹੈ ਉਥੇ ਕਸ਼ਤਰੀਆਂ ਤੋਂ ਇਲਾਵਾ ਵੈਸ਼ ਨੂੰ ਵੀ ਸ਼ਸਤਰ ਉਠਾਉਣ ਦੀ ਖੁਲ੍ਹ ਦਿੱਤੀ ਗਈ ਹੈ। ‘ਕਿਉਂਕਿ ਧਰਮ ਦੇ ਯੁੱਧ ਵਿਚ ਦੁਸ਼ਮਣਾਂ ਨੂੰ ਮਾਰਨ ਵਾਲ਼ਾ ਕਿਸੇ ਦੋਸ਼ ਦਾ ਭਾਗੀ ਨਹੀਂ ਬਣਦਾ।’ (8/349) ਔਰਤ ਮਰਦ ਜੇ ਆਪਣੀ ਮਰਜ਼ੀ ਨਾਲ਼ ਸਰੀਰਕ ਸੰਬੰਧ ਬਣਾਉਂਦੇ ਹਨ ਤਾਂ ਉਹ ਸਵੀਕਾਰ ਕੀਤਾ ਜਾਵੇਗਾ।’ (8/358) ਪਰ ਜੇ ਮਸਲਾ ਜਾਤ ਦਾ ਆ ਗਿਆ ਤਾਂ ਮਾਮਲਾ ਗੁੰਝਲਦਾਰ ਬਣ ਜਾਵੇਗਾ। ਕਿਉਂਕਿ ‘ਜੇ ਅਬ੍ਰਾਹਮਣ ਇਸ ਤਰ੍ਹਾਂ ਬ੍ਰਾਹਮਣੀ ਦਾ ਗ੍ਰਹਿਣ ਕਰੇ ਤਾਂ ਉਸਦਾ ਦੰਡ ਮੌਤ ਹੋਵੇਗਾ।’ (8/359)

ਭਿਕਸ਼ੂ, ਬੰਦੀ, ਬਲ਼ੀ ਦੇਣ ਵਾਲ਼ਾ, ਬ੍ਰਾਹਮਣ, ਰਸੋਈਆ ਅਤੇ ਕਾਰੀਗਰ ਪਰਾਈਆਂ ਔਰਤਾਂ ਨਾਲ਼ ਬੇਝਿਜਕ ਗੱਲਬਾਤ ਕਰ ਸਕਦੇ ਹਨ, ਇਹ ਔਰਤ ਨਾਲ਼ ਆਪਸੀ ਸਹਿਮਤੀ ਨਾਲ਼ ਸੰਬੰਧ ਬਣਾਉਂਦੇ ਹਨ, ਇਨ੍ਹਾਂ ਨੂੰ ਦੰਡ ਦਾ ਭਾਗੀ ਨਹੀਂ ਬਣਨਾ ਪੈਂਦਾ। (8/360) ਜੇ ਪਤੀ ਮਨ੍ਹਾ ਕਰ ਦੇਵੇ ਤਾਂ ਪਰਾਈ ਔਰਤ ਨਾਲ਼ ਗੱਲ ਕਰਨੀ ਵਰਜਿਤ ਹੈ, ਜੇ ਕਰੇ ਤਾਂ ਜੁਰਮਾਨੇ ਦਾ ਭਾਗੀ ਹੋਵੇਗਾ। (8/361) ‘ਪਰ ਇਸਤ੍ਰੀ ਨਾਲ਼ ਸੰਬੰਧਿਤ ਨਿਯਮ ਵਿਧੀ ਨਟ, ਗਾਇਕਾਂ ਅਤੇ ਔਰਤ ਤੋਂ ਰੋਜ਼ੀ ਕਮਾਉਣ ਵਾਲ਼ੇ ਉਪਰ ਲਾਗੂ ਨਹੀਂ ਹੁੰਦੇ ਕਿਉਂਕਿ ਉਹ ਤਾਂ ਆਪ ਹੀ ਆਪਣੀਆਂ ਔਰਤਾਂ ਨੂੰ ਸਜਾ ਕੇ ਦੂਸਰਿਆਂ ਨਾਲ਼ ਤੋਰ ਦਿੰਦੇ ਹਨ ਅਤੇ ਛਿਪ ਕੇ ਦੂਸਰੇ ਨੂੰ ਘਰ ਵਾਲ਼ੀ ਨਾਲ਼ ਕੁਕਰਮ ਕਰਦਾ ਦੇਖਦੇ ਹਨ।’ (8/362) ਫਿਰ ਵੀ ਇਨ੍ਹਾਂ ਲੋਕਾਂ ਦੀਆਂ ਔਰਤਾਂ, ਦਾਸੀ, ਬੁੱਧਮਤ ਦੀ ਔਰਤ ਅਤੇ ਬ੍ਰਹਮਚਾਰਣੀ ਨਾਲ਼ ਏਕਾਂਤ ਵਿਚ ਗੱਲਬਾਤ ਕਰਨ ਵਾਲ਼ੇ ਨੂੰ ਕੁਝ ਦੰਡ ਤਾਂ ਮਿਲਣਾ ਹੀ ਚਾਹੀਦਾ ਹੈ। ਬੌਧੀ ਔਰਤ ਦੇ ਜ਼ਿਕਰ ਤੋਂ ਸਪੱਸ਼ਟ ਹੈ ਕਿ ਸਿਮ੍ਰਤੀ ਬੁੱਧ ਤੋਂ ਬਾਅਦ ਦੀ ਹੈ। ਜੋ ਸਮਾਨ ਜਾਤੀ ਦਾ ਮਨੁੱਖ, ਨਾ ਚਾਹੁੰਦੀ ਹੋਈ ਕੰਨਿਆ ਨਾਲ਼ ਗਮਨ ਕਰੇਗਾ ਉਸਦਾ ਦੰਡ ਮੌਤ ਹੈ। ਜੇ ਪਰਸਪਰ ਸਹਿਮਤੀ ਹੈ ਤਾਂ ਦੰਡ ਨਹੀਂ ਹੋਵੇਗਾ। (8/364)

‘ਨੀਚ ਜਾਤੀ ਦੀ ਕੰਨਿਆ ਆਪਣੇ ਤੋਂ ਊਚੀ ਜਾਤ ਦੇ ਮਰਦ ਨਾਲ਼ ਸੰਗ ਕਰੇ ਤਾਂ ਉਸ ਉੱਪਰ ਕੋਈ ਦੰਡ ਨਹੀਂ, ਪਰ ਨੀਚ ਜਾਤ ਨਾਲ਼ ਗਮਨ ਕਰੇ ਤਾਂ ਉਸਨੂੰ ਘਰ ਵਸਾ ਲਵੇ।’(8/365) ਨੀਚ ਜਾਤੀ ਦਾ ਮਰਦ ਜੇਕਰ ਊਚੀ ਜਾਤੀ ਦੀ ਕੰਨਿਆ ਨਾਲ਼ ਭੋਗ ਕਰੇ ਤਾਂ ਉਸਨੂੰ ਮੌਤ ਤੀ ਸਜ਼ਾ ਹੋਵੇਗੀ, ਪਰੰਤੂ ਬਰਾਬਰ ਦੀ ਜਾਤ ਦੀ ਕੰਨਿਆ ਦੇ ਨਾਲ਼ ਸਹਿਮਤੀ ਨਾਲ਼ ਭੋਗ ਕਰੇ ਤਾਂ ਕੰਨਿਆ ਦੇ ਪਿਤਾ ਦੀ ਸਹਿਮਤੀ ਨਾਲ਼ ਨੀਚ ਪੁਰਸ਼ ਤੋਂ ਪੈਸੇ ਲੈ ਕੇ ਉਸਦਾ ਵਿਆਹ ਕਰ ਲਏ।’(8/366) ਅਗਲੇ ਕੁਝ ਸ਼ਲੋਕਾਂ ਵਿਚ ਛੇੜਛਾੜ ਕਰਕੇ ਸਤ ਭੰਗ ਕਰਨ ਤੇ ਪੈਸਿਆਂ ਦੇ ਦੰਡ ਦਾ ਪ੍ਰਾਵਧਾਨ ਕੀਤਾ ਗਿਆ ਹੈ। ‘ਜੋ ਔਰਤ ਪਤੀ ਦਾ ਨਿਰਾਦਰ ਕਰਕੇ ਜਾਤ ਤੇ ਸੁਹੱਪਣ ਦੇ ਹੰਕਾਰ ਵਿਚ ਪਰਾਏ ਮਰਦ ਨਾਲ਼ ਗਮਨ ਕਰੇ ਤਾਂ ਰਾਜੇ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਹਾਜ਼ਰੀ ਵਿਚ ਐਸੀ ਇਸਤਰੀ ਨੂੰ ਕੁੱਤਿਆਂ ਤੋਂ ਨੁਚਵਾ ਦੇਵੇ।’ (8/371) ‘ਪਾਪੀ ਯਾਰ ਨੂੰ ਤਪਾਏ ਲੋਹੇ ਦੇ ਵਿਛੌਣੇ ਤੇ ਸੁਲ਼ਾ ਕੇ ਲਕੜੀ ਦੀ ਚਿਤਾ ਵਿਚ ਜਲਾ ਦੇਵੇ।’(8/372)

ਜੇ ਪੁੱਤਰੀ ਸਭ ਤੋਂ ਵੱਡੀ ਜਾਂ ਜੇਠੀ ਵੀ ਹੈ ਤਾਂ ਵੀ ਉਸਨੂੰ ਜੇਠੀ ਹੋਣ ਦਾ ਦਰਜਾ ਨਹੀਂ ਮਿਲ਼ੇਗਾ ਜੇਠਾ ਉਸਤੋਂ ਬਾਅਦ ਵਿਚ ਜੰਮਿਆ ਪੁੱਤਰ ਹੀ ਹੋਵੇਗਾ, ‘ਪੁੱਤਰੀ ਪੈਦਾ ਹੋਣ ਤੋਂ ਬਾਅਦ ਜੇ ਕਿਸੇ ਮਰਦ ਦੇ ਪੁੱਤਰ ਪੈਦਾ ਹੋਵੇ ਤਾਂ ਦੋਨੋਂ ਸਮਾਨ ਗਿਣੇ ਜਾਣਗੇ ਕਿਉਂਕਿ ਪੁੱਤਰੀ ਨੂੰ ਜੇਠੇ ਹੋਣ ਦਾ ਅਧਿਕਾਰ ਨਹੀਂ ਹੈ। ਪੁੱਤਰੀ ਜੇਠੀ ਹੋਣ ਤੇ ਵੀ ਉਸਨੂੰ ਪੁੱਤਰ ਵਾਲ਼ਾ ਦਰਜਾ ਨਹੀਂ ਮਿਲੇਗਾ।’(9/134) ਹਾਂ ਭਰਾਵਾਂ ਲਈ ਇਹ ਨਿਯਮ ਜ਼ਰੂਰ ਹੈ ਕਿ ਉਹ ‘ਬਿਨ ਵਿਆਹੀਆਂ ਭੈਣਾਂ ਦੇ ਵਿਆਹ ਤੇ ਹਰ ਭਰਾ ਨੂੰ ਆਪਣੇ-ਆਪਣੇ ਹਿੱਸੇ ਵਿਚੋਂ ਚੌਥਾ ਹਿੱਸਾ ਦੇਣਾ ਪਵੇਗਾ। ਜੋ ਨਹੀਂ ਦੇਵੇਗਾ ਉਹ ਪਤਿਤ ਹੋਵੇਗਾ।’ (9/118) ‘ਜੇ ਪੁੱਤਰ ਦੇ ਸੰਤਾਨ ਨਹੀਂ ਤਾਂ ਉਸਦਾ ਧਨ ਮਾਂ ਨੂੰ ਤੇ ਮਾਤਾ ਦੇ ਮਰਨੇ ਤੇ ਦਾਦੀ ਨੂੰ ਮਿਲ਼ੇਗਾ।’ (9/217) ਇਹ ਸਿਮ੍ਰਤੀ ਵਿਚ ਅਪਵਾਦ ਲੱਗ ਸਕਦਾ ਹੈ, ਪਰ ਜਦੋਂ ਅਸੀਂ ਇਸ ਨਿਯਮ ਨਾਲ਼ ਮਿਲਾ ਕੇ ਪੜ੍ਹਦੇ ਹਾਂ ਕਿ ਪੁੱਤਰ, ਔਰਤ ਦਾ ਸਾਰਾ ਧਨ ਮਰਦ ਦਾ ਹੀ ਹੈ ਤਾਂ ਇਹ ਅਪਵਾਦ ਵੀ ਸਮਝ ਆਉਣ ਲਾਇਕ ਬਣ ਜਾਂਦਾ ਹੈ। ਮਨੂੰ ਸਿਮ੍ਰਤੀ ਵਿਚ ਭੈਣਾਂ ਨੂੰ ਜਾਇਦਾਦ ਦਾ ਅਧਿਕਾਰ ਦਿੱਤਾ ਗਿਆ ਹੈ, ਪਰ ਵਿਆਹ ਹੋਣ ਤੇ ਉਹ ਜਾਇਦਾਦ ਪਤੀ ਦੀ ਹੋ ਜਾਵੇਗੀ ਜਿਸ ਤੇ ਉਸਦਾ ਅਧਿਕਾਰ ਨਹੀਂ ਰਹੇਗਾ। ‘ਜੇ ਭਰਾਵਾਂ ਵਿਚ ਵੱਡਾ ਜਾਂ ਛੋਟਾ ਭਰਾ ਸੰਨਿਆਸੀ, ਪਤਿਤ ਆਦਿ ਹੋਣ ਤੇ ਅੰਸ਼ ਰਹਿਤ ਹੋ ਜਾਵੇ ਜਾਂ ਮਰ ਜਾਵੇ ਤਾਂ ਉਸਦਾ ਹਿੱਸਾ ਖ਼ਤਮ ਨਹੀਂ ਹੋਵੇਗਾ, ਉਹ ਅਗਾਂਹ ਪੁੱਤਰ ਨੂੰ ਜਾਵੇਗਾ ਜੇ ਪੁੱਤਰ ਨਾ ਹੋਣ ਤਾਂ ਉਸ ਧਨ ਨੂੰ ਸਾਰੇ ਸਕੇ ਭਰਾ, ਮਤ੍ਰਏ ਭਰਾ ਅਤੇ ਸਕੀਆਂ ਭੈਣਾਂ ਇਕੱਠੇ ਹੋ ਕੇ ਸਮਾਨ ਰੀਤੀ ਨਾਲ਼ ਆਪਸ ਵਿਚ ਵੰਡ ਲੈਣ।’(9/212) ਕਮਾਲ ਦੀ ਗੱਲ ਹੈ ਕਿ ਜੋ ਤਮਾਮ ਅਣਮਨੁੱਖੀ ਨਿਯਮ ਅੱਜ ਤਕ ਅਪਣਾਏ ਜਾ ਰਹੇ ਹਨ ਪਰੰਤੂ ਜਦੋਂ 1950 ਤੋਂ ਇਹ ਜਾਇਦਾਦ ਦਾ ਅਧਿਕਾਰ ਸੰਵਿਧਾਨ ਵਿਚ ਹੈ ਵੀ ਤਾਂ ਵੀ ਭਾਰਤੀਆਂ ਨੇ ਉਸਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ। ਧੀਆਂ ਭੈਣਾਂ ਨੂੰ ਮਨਾ ਕੇ ਜਾਇਦਾਦ ਪੁੱਤਰਾਂ ਦੇ ਨਾਂ ਹੀ ਕੀਤੀ ਜਾਂਦੀ ਰਹੀ ਹੈ।

ਦੰਡ ਸੰਹਿਤਾ ਵਿਚ ਔਰਤ, ਬਾਲਕ ਤੇ ਬੁੱਢਿਆਂ ਨੂੰ ਵੀ ਕਿਸੇ ਤਰ੍ਹਾਂ ਦੀ ਛੋਟ ਨਹੀਂ ਹੈ। ‘ਔਰਤ, ਬਾਲਕ, ਉਨਮੱਤ, ਬਿਰਧ, ਦਲਿਦਰੀ ਅਤੇ ਰੋਗੀ ਨੂੰ ਬੈਂਤ, ਬਾਂਸ ਤੇ ਰੱਸੀ ਨਾਲ਼ ਬੰਨ੍ਹਣ ਦਾ ਦੰਡ ਦਿੱਤਾ ਜਾਵੇ।’(9/230) ਔਰਤ ਹਵਨ-ਕਰਤਾ ਨਹੀਂ ਹੋ ਸਕਦੀ, ਇਹ ਕੰਮ ਬ੍ਰਾਹਮਣ ਵੇਦਪਾਠੀ ਲਈ ਨਿਸ਼ਚਿਤ ਹੈ। ਹੋਰ ਵੀ, ‘ਕੰਨਿਆ, ਨੌਜਵਾਨ ਔਰਤ, ਅੱਧਪੜ੍ਹ, ਮੂਰਖ, ਰੋਗੀ ਅਤੇ ਜਨੇਊ ਰਹਿਤ ਮਨੁੱਖ ਕਦੇ ਵੀ ਹਵਨ-ਕਰਤਾ ਨਹੀਂ ਹੋ ਸਕਦੇ।’(11/36) ‘ਹੋਮ-ਯੱਗ ਕਰਦੇ ਹੋਏ ਇਹ ਸਾਰੇ ਨਰਕ ਨੂੰ ਜਾਂਦੇ ਹਨ। ਜਿਸ ਵਲੋਂ ਯੱਗ ਇਹ ਕਰਦੇ ਹਨ ਉਹ ਵੀ ਨਰਕ ਨੂੰ ਜਾਂਦਾ ਹੈ।’(11/37) ਇਹ ਸਥਿਤੀ ਕੇਵਲ ਹਿੰਦੂ ਧਰਮ ਵਿਚ ਹੀ ਨਹੀਂ ਬਾਕੀ ਤਮਾਮ ਧਰਮਾਂ ਵਿਚ ਵੀ ਹੈ। ਪਰ ਉਹ ਦੂਸਰੇ ਧਰਮ ਵਲ ਉਂਗਲ ਕਰ ਦਿੰਦੇ ਹਨ ਤੇ ਆਪਣੇ ਧਰਮ ਬਾਰੇ ਚੁੱਪੀ ਧਾਰ ਲੈਂਦੇ ਹਨ।

ਗਿਆਰਵੇਂ ਅਧਿਆਇ ਦੇ ਸ਼ਲੋਕ 170 ਤੋਂ ਲੈ ਕੇ 178 ਤਕ

‘ਅਯੋਗ ਇਸਤ੍ਰੀ ਨਾਲ਼ ਸੰਗ ਕਰਨ ਦੇ ਪਾਪ ਲਈ ਕੀਤੇ ਜਾਣ ਵਾਲ਼ੇ ਵਰਤਾਂ ਜਾਂ ਪਸ਼ਚਾਤਾਪ ਦੀ ਵਿਆਖਿਆ ਕੀਤੀ ਗਈ ਹੈ। ਸਕੀ ਭੈਣ, ਮਿੱਤਰ ਦੇ ਪੁੱਤਰ ਦੀ ਔਰਤ, ਕੁਆਰੀ ਅਤੇ ਚੰਡਾਲਣੀ ਨਾਲ਼ ਸੰਗ ਨਾ ਕਰੇ। (11/170) ‘ਮਾਸੀ ਦੀ ਬੇਟੀ, ਭੂਆ ਦੀ ਬੇਟੀ, ਮਾਤਾ ਦੇ ਸਕੇ ਭਰਾ ਦੀ ਬੇਟੀ, ਇਸ ਨਾਲ਼ ਸੰਗ ਨਾ ਕਰੇ।’(11/171) ‘ਬੁੱਧੀਮਾਨ ਇਨ੍ਹਾਂ ਤਿੰਨਾਂ ਨਾਲ਼ ਵਿਆਹ ਨਾ ਕਰੇ ਕਿਉਂਕਿ ਨੇੜਲਾ ਰਿਸ਼ਤਾ ਹੋਣ ਕਾਰਣ ਵਿਆਹ ਯੋਗ ਨਹੀਂ ਹੈ। ਵਿਆਹ ਕਰਨ ਵਾਲ਼ਾ ਨਰਕ ਵਿਚ ਜਾਂਦਾ ਹੈ।’(11/172) ‘ਬ੍ਰਾਹਮਣ ਅਣਜਾਣੇ ਵਿਚ ਵੀ ਚੰਡਾਲਨੀ ਅਤੇ ਮਲੇਛਣੀ ਦਾ ਸੰਗ ਕਰਨ ਨਾਲ਼, ਭੋਜਨ ਕਰਨ ਨਾਲ਼ ਅਤੇ ਉਨ੍ਹਾਂ ਦਾ ਦਾਨ ਲੈਣ ਨਾਲ਼ ਪਤਿਤ ਹੁੰਦਾ ਹੈ। ਜੇ ਜਾਣਬੁਝ ਕੇ ਇਹ ਕੁਝ ਕਰਦਾ ਹੈ ਤਾਂ ਚੰਡਾਲ ਤੇ ਮਲੇਛ ਹੋ ਜਾਂਦਾ ਹੈ।’ (11/175) ‘ਵਿਭਚਾਰਣੀ ਔਰਤ ਨੂੰ ਪਤੀ ਘਰ ਵਿਚ ਤਾੜ ਕੇ ਰੱਖੇ ਤੇ ਪ੍ਰਾਸ਼ਚਿਤ ਕਰਾਵੇ। (11/176) ਜੇ ਸਜਾਤੀ ਨਾਲ਼ ਔਰਤ ਦੂਜੀ ਵਾਰ ਦੂਸ਼ਿਤ ਹੋਵੇ ਤਾਂ ਵੀ ਪ੍ਰਾਸ਼ਚਿਤ ਕਰਨਾ ਪਵੇਗਾ। (11/177) ਇਨ੍ਹਾਂ ਉਪਰੋਕਤ ਸਾਰੇ ਅਪਰਾਧਾਂ ਲਈ ਲੰਮੇ ਚੌੜੇ ਪ੍ਰਾਸ਼ਚਿਤ ਨਿਸਚਿਤ ਕੀਤੇ ਗਏ ਹਨ ਜਿਨ੍ਹਾਂ ਬਾਰੇ ਇਥੇ ਚਰਚਾ ਕਰਨ ਦੀ ਲੋੜ ਨਹੀਂ। ਆਖਰੀ ਦੇਖ ਲੈਂਦੇ ਹਾਂ ‘ਦਵਿਜ (ਬ੍ਰਹਾਮਣ), ਚੰਡਾਲਣੀ ਔਰਤ ਨਾਲ਼ ਰਹਿ ਕੇ ਜੋ ਪਾਪ ਕਰਦਾ ਹੈ, ਉਸ ਪਾਪ ਨੂੰ ਉਹ ਤਿੰਨ ਸਾਲਾਂ ਤਕ ਹਰ ਰੋਜ਼ ਮੰਗਿਆ ਅੰਨ ਖਾ ਕੇ ਅਤੇ ਗਾਇਤ੍ਰੀ ਜਪ ਨਾਲ਼ ਦੂਰ ਕਰ ਸਕਦਾ ਹੈ।’

ਸਾਰ ਰੂਪ ਵਿਚ ਮਨੂੰ ਸਿਮ੍ਰਤੀ ਵਿਚ ਔਰਤ ਦੇ ਕਿਸੇ ਸੰਸਕਾਰ ਲਈ ਮੰਤਰ ਉਚਾਰਣ ਨਹੀਂ, ਉਸਦੀ ਕੋਈ ਨਿੱਜੀ ਸੁੰਤਤਰਤਾ ਨਹੀਂ, ਉਸ ਵਿਚ ਗੁਣ ਸਾਰੇ ਹੋਣ ਪਰ ਉਸਦਾ ਅਧਿਕਾਰ ਕੋਈ ਨਹੀਂ। ਉਸ ਲਈ ਮਰਦ ਦੇ ਮਰਨ ਪਿਛੋਂ ਵੀ ਪਤੀਵ੍ਰਤਾ ਧਰਮ ਨਿਭਾਉਣ ਦਾ ਨਿਯਮ ਹੈ। ਉਹ ਦੂਸਰਾ ਵਿਆਹ ਨਹੀਂ ਕਰ ਸਕਦੀ ਜਦ ਕਿ ਮਰਦ ਔਰਤ ਦਾ ਕਿ੍ਰਆ ਕਰਮ ਕਰਕੇ ਦੂਜਾ ਵਿਆਹ ਕਰਨ ਲਈ ਆਜ਼ਾਦ ਹੈ। ਪਤੀ ਵਿਚ ਸੌ ਔਗੁਣ ਵੀ ਕਿਉਂ ਨਾ ਹੋਣ, ਉਹ ਭਾਵੇਂ ਪਰ ਇਸਤ੍ਰੀਗਾਮੀ ਕਿਉਂ ਨਾ ਹੋਵੇ ਪਰ ਔਰਤ ਉਸਨੂੰ ਦੇਵਤੇ ਦਾ ਸਤਿਕਾਰ ਦੇਵੇ। ਔਰਤ ਨੂੰ ਧਰਤੀ ਨਾਲ਼ ਤੁਲਨਾ ਦੇ ਕੇ ਮਰਦ ਦੇ ਬੀਜ ਦੀ ਉੱਤਮਤਾ ਸਿੱਧ ਕੀਤੀ ਗਈ ਹੈ। ਔਰਤਾਂ ਵਿਚੋਂ ਸ਼ੂਦਰ ਜੋ ਦਵਿਜ ਜਾਤੀਆਂ ਵਲੋਂ ਵਿਆਹ ਲਈ ਜਾਂਦੀ ਹੈ ਤਾਂ ਦਵਿਜ ਮਰਦ ਪਤਿਤ ਹੋ ਜਾਂਦੇ ਹਨ। ਔਰਤ ਦੇ ਸੁਭਾਅ ਨੂੰ ਭੈੜਾ ਕਿਹਾ ਗਿਆ ਹੈ, ਉਹ ਕੋਈ ਭੇਦ ਪਚਾ ਨਹੀਂ ਸਕਦੀ ਇਸ ਲਈ ਉਸਨੂੰ ਸਲਾਹਕਾਰ ਮੰਡਲ ਤੋਂ ਬਾਹਰ ਰੱਖਣ ਦਾ ਆਦੇਸ਼ ਹੈ। ਬਾਲ ਵਿਆਹ ਜਾਇਜ਼ ਠਹਿਰਾਇਆ ਗਿਆ ਹੈ। ਉਸਦਾ ਵਿਆਹ ਤਿੰਨ ਗੁਣਾਂ ਵੱਡੇ ਮਰਦ ਨਾਲ਼ ਕਰਨ ਦਾ ਨਿਯਮ ਬਣਾਇਆ ਗਿਆ ਹੈ। ਜਿਸ ਕੁੜੀ ਦਾ ਸਿੱਧ ਪੱਧਰਾ ਨਾਂ ਵੀ ਹੋਵੇ ਉਸ ਨਾਲ਼ ਮਰਦ ਵਿਆਹ ਨਹੀਂ ਕਰਵਾਏਗਾ, ਲੜਾਕੀ ਔਰਤ ਨੂੰ ਇਕ ਦਮ ਤਿਆਗਿਆ ਜਾ ਸਕਦਾ ਹੈ। ਕੁੜੀਆਂ ਪੈਦਾ ਕਰਨ ਵਾਲ਼ੀ ਔਰਤ ਦਾ ਪਤੀ ਦੂਸਰਾ ਵਿਆਹ ਕਰਵਾਏਗਾ। ਯੁੱਧ ਸਮੇਂ ਹੋਰਨਾਂ ਚੀਜਾਂ ਵਾਂਗ ਔਰਤ ਨੂੰ ਲੁੱਟ ਦੇ ਰੂਪ ਵਿਚ ਲੁਟੇਰਾ ਘਰ ਪਾਵੇਗਾ। ਉਸਨੂੰ ਗਵਾਹੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਬਹੁਪਤਨੀ ਵਿਆਹ ਮਨੂੰ ਸਿਮ੍ਰਤੀ ਅਨੁਸਾਰ ਜਾਇਜ਼ ਹੈ। ਘਰ ਵਿਚ ਕਿਸੇ ਧਨ, ਚੀਜ਼, ਵਸਤ ਉਪਰ ਦਾਸ ਵਾਂਗ ਕੋਈ ਅਧਿਕਾਰ ਨਹੀਂ। ਉਹ ਕਿਸੇ ਵੀ ਸੂਰਤ ਵਿਚ ਹਵਨ ਕਰਨ ਦੇ ਯੋਗ ਨਹੀਂ ਸਮਝੀ ਗਈ। ਫਿਰ ਉਹ ਕੀ ਹੈ, ਦਾਸੀ, ਗੁਲਾਮ? ਕੀ ਔਰਤ ਨੂੰ ਅਜਿਹੀ ਸਥਿਤੀ ਵਿਚ ਪਾਉਣ ਲਈ ਮਨੂੰ ਸਿਮ੍ਰਤੀ ਨੂੰ ਮੁੜ ਆਪਣਾਇਆ ਜਾ ਸਕਦਾ ਹੈ? ਕਦੇ ਵੀ ਨਹੀਂ।

ਉਪਰੋਕਤ ਵਿਚਾਰਾਂ ਕਰਕੇ ਹੀ ਵਿਦਵਾਨ ਇਸ ਸਿਮ੍ਰਤੀ ਦੀ ਨਿੰਦਾ ਕਰਦੇ ਹਨ। ਡਾ. ਅੰਬੇਡਕਰ ਮੰਨਦੇ ਸਨ ਕਿ ਮਨੂੰ ਸਿਮ੍ਰਤੀ ਔਰਤ ਨੂੰ ਕਈ ਅਧਿਕਾਰਾਂ ਤੋਂ ਵਾਂਝਿਆਂ ਕਰ ਦਿੰਦੀ ਹੈ ਜਿਵੇਂ ਵਿਦਿਆ, ਸੁਤੰਤਰਤਾ ਅਤੇ ਜਾਇਦਾਦ ਦੇ ਅਧਿਕਾਰ ਤੋਂ। ਉਹ ਮਨੂੰਸਿਮ੍ਰਤੀ ਦੀਆਂ ਉਪਰੋਕਤ ਉਕਤੀਆਂ ਬਾਰ ਬਾਰ ਉਧਰਿਤ (ਜੱਗ ਜ਼ਾਹਿਰ) ਕਰਦੇ ਸਨ। ਮਨੂੰ ਸਿਮ੍ਰਤੀ ਦਹਿਨ ਕਰਨ ਦਾ ਇਕ ਕਾਰਣ ਸ਼ੂਦਰਾਂ ਅਤੇ ਔਰਤਾਂ ਨਾਲ਼ ਜਾਨਵਰਾਂ ਵਰਗਾ ਅਤੇ ਗੁਲਾਮਾਂ ਵਾਲ਼ਾ ਵਿਹਾਰ ਵੀ ਸੀ। ਇਸੇ ਕਰਕੇ ਮਨੂੰ ਸਿਮ੍ਰਤੀ-ਦਹਿਨ ਦਿਨ ਨੂੰ ‘ਇਸਤ੍ਰੀ ਮੁਕਤੀ ਦਿਨ’ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ।

ਜਯੋਤੀਬਾ ਰਾਉ ਫੂਲੇ ਭਾਰਤੀ ਸਮਾਜ ਵਿਚ ਸ਼ੂਦਰਾਂ ਅਤੇ ਔਰਤਾਂ ਦੀ ਸਥਿਤੀ ਨੂੰ ਗ਼ੁਲਾਮਾਂ ਵਾਲ਼ੀ ਸਥਿਤੀ ਹੀ ਕਹਿੰਦੇ ਸਨ, ਜਿਨ੍ਹਾਂ ਨੂੰ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਹੈ। ਇਸ ਸਥਿਤੀ ਨੂੰ ਬਦਲਣ ਲਈ ਉਨ੍ਹਾਂ ਸਿਖਿਆ ਤੇ ਜ਼ੋਰ ਦਿੰਦਿਆਂ ਦਲਿਤਾਂ ਲਈ ਸਕੂਲ ਖੁਲ੍ਹਵਾਏ, ਸਵਿਤ੍ਰੀ ਬਾਈ ਫੂਲੇ ਨੂੰ ਪੜ੍ਹਾ ਕੇ ਟੀਚਰ ਬਣਾਇਆ, ਜਿਨ੍ਹਾਂ ਨੇ ਕੁੜੀਆਂ ਲਈ ਸਕੂਲ ਖੋਲ੍ਹੇ। ਉਨ੍ਹਾਂ ਦਾ ਔਰਤਾਂ ਪ੍ਰਤਿ ਦਿ੍ਰਸ਼ਟੀਕੋਣ ਸਮਝਣਾ ਹੋਵੇ ਤਾਂ ਉਨ੍ਹਾਂ ਵਲੋਂ ਕੱਢੇ ‘ਸੱਤਸਾਰ’ ਮੈਗਜ਼ੀਨ ਦੇ ਦੋ ਅੰਕ ਦੇਖੇ ਜਾ ਸਕਦੇ ਹਨ ਜਿੰਨ੍ਹਾਂ ਵਿਚ ਪੰਡਿਤਾ ਰਮਾਬਾਈ ਪ੍ਰਤਿ ਸਵਰਣ ਸਮਾਜ ਵਲੋਂ ਇਸ ਕਰਕੇ ਭੱਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਕਿਉਂਕਿ ਉਸਨੇ ਹਿੰਦੂ ਧਰਮ ਛੱਡ ਕੇ ਈਸਾਈ ਮਤ ਧਾਰਣ ਕਰ ਲਿਆ ਸੀ ਅਤੇ ਵਿਆਹ ਵੀ ਜਾਤ ਬਾਹਰਾ ਕਰਵਾਇਆ ਸੀ। ਅਸਲ ਵਿਚ ਸੰਸਕਿ੍ਰਤ ਗ੍ਰੰਥਾਂ ਦੇ ਅਧਿਐਨ ਤੋਂ ਰਮਾ ਬਾਈ ਨੂੰ ਔਰਤ ਦੀ ਸਥਿਤੀ ਦਾ ਭਾਰਤ ਵਿਚ ਸਹੀ ਗਿਆਨ ਹੋ ਗਿਆ ਸੀ। ਉਸਨੇ ਲਿਖਿਆ, ‘ਇਸ ਦੇਸ਼ ਦੇ 99% ਪੜ੍ਹੇ ਲਿਖੇ ਮਰਦ ਔਰਤਾਂ ਦੀ ਸਿਖਿਆ ਦਾ ਵਿਰੋਧ ਕਰਦੇ ਹਨ ਅਤੇ ਉਸਨੂੰ ਕਿਸੇ ਵੀ ਖੇਤਰ ’ਚ ਬਰਾਬਰੀ ਦੇਣ ਦੇ ਹੱਕ ਵਿਚ ਨਹੀਂ। ਜੇ ਉਹ ਔਰਤ ਵਿਚ ਮਾੜੀ ਜਿਹੀ ਗ਼ਲਤੀ ਦੇਖਦੇ ਹਨ ਤਾਂ ਤਿਲ ਦਾ ਤਾੜ ਬਣਾ ਦਿੰਦੇ ਹਨ ਅਤੇ ਉਸਦੇ ਚਰਿੱਤਰ ਹਨਨ ਵਿਚ ਲੱਗ ਜਾਂਦੇ ਹਨ।’(ਇਹ ਘਟਨਾ, 1882 ਦੇ ਆਸਪਾਸ ਦੀ ਹੈ।)

ਪੇਰੀਆਰ ਅਨੁਸਾਰ ਪਵਿਤ੍ਰਤਾ, ਪਿਆਰ, ਸੱਚਾਈ, ਇਨਸਾਫ ਵਰਗੇ ਸੰਕਲਪ ਮਜ਼ਦੂਰ ਜਮਾਤ ਤੇ ਔਰਤਾਂ ਲਈ ਰਾਖਵੇਂ ਕੀਤੇ ਹਨ ਜਿਨ੍ਹਾਂ ਨੂੰ ਮਨਵਾ ਕੇ ਉਨ੍ਹਾਂ ਨੂੰ ਉੱਚੇ ਲੋਕਾਂ ਦੇ ਹੱਕ ਵਿਚ ਸਿਧਾਇਆ ਜਾਂਦਾ ਹੈ। “ਇਹ ਕਿਹਾ ਗਿਆ ਹੈ ਕਿ ਕਾਨੂੰਨ ਮਰਦ ਨੇ ਬਣਾਏ ਹਨ ਤਾਂ ਕਿ ਔਰਤ ਨੂੰ ਅਧੀਨਗੀ ਦੀ ਸਥਿਤੀ ਵਿਚ ਰੱਖਿਆ ਜਾ ਸਕੇ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕਾਨੂੰਨ ਤਗੜਿਆਂ ਨੇ ਬਣਾਏ ਹਨ ਤਾਂ ਕਿ ਕਮਜ਼ੋਰ ਅਤੇ ਹੇਠਲਿਆਂ ਨੂੰ ਅਧੀਨ ਰੱਖਿਆ ਜਾ ਸਕੇ।” (ਕੁਲੈਕਟਡ ਵਰਕਸ, ਪੰਨਾ-464) ਔਰਤਾਂ ਦੇ ਅਧਿਕਾਰਾਂ ਉਪਰ ਲਿਖਦਿਆਂ ਪੇਰੀਆਰ ਲਿਖਦੇ ਹਨ, “ਭਾਰਤ ਵਿਚ ਔਰਤਾਂ ਸਭ ਤੋਂ ਵੱਧ ਦੁੱਖ ਭੋਗਦੀਆਂ ਹਨ, ਉਨ੍ਹਾਂ ਨੂੰ ਜ਼ਲੀਲ ਹੋਣਾ ਪੈਂਦਾ ਹੈ, ਹਰ ਖੇਤਰ ਵਿਚ ਗ਼ੁਲਾਮਾਂ ਵਾਂਗ ਵਿਚਰਨਾ ਪੈਂਦਾ ਹੈ। ਉਸਦੀ ਸਥਿਤੀ ਅਛੂਤਾਂ ਤੋਂ ਵੀ ਭੈੜੀ ਹੈ।” (ਉਪਰੋਕਤ-567)

ਅਜੋਕੀ ਸੱਤਾ ਜੋ ਆਰ.ਐਸ.ਐਸ. ਦੀ ਵਿਚਾਰਧਾਰਾ ਤੇ ਟਿਕੀ ਹੋਈ ਹੈ, ਸਿੱਧੇ-ਸਿੱਧੇ ਦਲਿਤਾਂ, ਔਰਤਾਂ ਦੇ ਖਿਲਾਫ਼ ਨਹੀਂ ਬੋਲਦੀ ਪਰ ਉਸਦੀਆਂ ਪਾਲਸੀਆਂ, ਸੰਵਿਧਾਨ ਨਾਲ਼ ਛੇੜਛਾੜ ਅਤੇ ਸਭਿਆਚਾਰਕ ਮੋਰਚੇ ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਆਦਿ ਸਭ ਕੁਝ ਇਨ੍ਹਾਂ ਨੂੰ ਅਧੀਨ ਕਰਨ ਵਲ ਸੇਧਿਤ ਹੈ। ਸਾਧਾਂ ਵਲੋਂ ਔਰਤਾਂ ਨੂੰ ਸੰਸਕਿ੍ਰਤ ਆਦਿ ਪੜ੍ਹਨ ਤੋਂ ਵਰਜਣਾ, ਬੀਜੇਪੀ ਦੀਆਂ ਔਰਤ ਸਾਂਸਦਾਂ ਅਤੇ ਵਜ਼ੀਰਾਂ ਵਲੋਂ ਔਰਤਾਂ ਨੂੰ ਪਰੰਪਰਾ ਦੇ ਨਾਂ ’ਤੇ ਘਰ ਵਿਚ ਰਹਿਣ ਦੇ ਉਪਦੇਸ਼ ਦੇਣੇ, ਕਲਸ਼ ਯਾਤਰਾਵਾਂ, ਨੌਰਾਤੇ ਪੂਜਨ, ਵ੍ਰਤ ਆਦਿ ਰੱਖਣ ਨਾਲ਼ ਜੁੜੇ ਅੰਧ ਵਿਸ਼ਵਾਸਾਂ ਨਾਲ਼ ਜੁੜਨ ਦੀ ਸਲਾਹ ਸਭ ਕੁਝ ਹੌਲ਼ੀ-ਹੌਲ਼ੀ ਇਨ੍ਹਾਂ ਨੂੰ ਮਨੂੰ ਸਿਮ੍ਰਤੀ ਵੇਲੇ ਦੀ ਅਵਸਥਾ ਵਲ ਧੱਕਣ ਦਾ ਏਜੰਡਾ ਹੈ। ਸਮਾਜ ਦੇ ਸਾਰੇ ਜਾਗਰੂਕ ਤਬਕਿਆਂ ਨੂੰ ਵਿਸ਼ੇਸ਼ ਤੌਰ ਤੇ ਮਾਰਕਸਵਾਦੀ-ਪ੍ਰਗਤੀਸ਼ੀਲ ਲੋਕਾਂ ਨੂੰ ਔਰਤਾਂ ਨੂੰ ਚੇਤੰਨ ਕਰਨ ਦਾ ਤਿੱਖਾ ਅੰਦੋਲਨ ਛੇੜਨਾ ਪਵੇਗਾ ਤਾਂ ਕਿ ਸਮਾਜ ਨੂੰ ਪੁੱਠਾ ਗੇੜਾ ਦੇਣ ਦੀ ਬਜਾਇ ਇਸਦੀ ਭਵਿੱਖਮੁਖੀ ਤੋਰ ਨਿਸਚਿਤ ਕੀਤੀ ਜਾ ਸਕੇ।

Scroll To Top