Now Reading
ਨਸਲੀ ਵਿਤਕਰਿਆਂ ਵਿਰੁੱਧ ਅਮਰੀਕਾ ’ਚ ਉੱਭਰਿਆ ਵਿਆਪਕ ਵਿਦਰੋਹ

ਨਸਲੀ ਵਿਤਕਰਿਆਂ ਵਿਰੁੱਧ ਅਮਰੀਕਾ ’ਚ ਉੱਭਰਿਆ ਵਿਆਪਕ ਵਿਦਰੋਹ

ਹਰਕੰਵਲ ਸਿੰਘ

ਸੰਯੁਕਤ ਰਾਜ ਅਮਰੀਕਾ ਦੇ ਹਾਕਮ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਉਨ੍ਹਾਂ ਦਾ ਦੇਸ਼ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਵਸਨੀਕਾਂ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਭਿੰਨ-ਭੇਦ ਨਹੀਂ ਤੇ ਸਾਰਿਆਂ ਨੂੰ ਇਕ ਸਮਾਨ ਸ਼ਹਿਰੀ ਤੇ ਸਿਆਸੀ ਅਧਿਕਾਰ ਪ੍ਰਾਪਤ ਹਨ। ਪ੍ਰੰਤੂ ਇਹ ਦਾਅਵੇ ਦਰੁੱਸਤ ਨਹੀਂ ਤੇ ਅਸਲੋਂ ਹੀ ਖੋਖਲੇ ਹਨ। ਕਿਉਕਿ ਪੂੰਜੀਵਾਦੀ ਪ੍ਰਬੰਧ ਹੋਣ ਕਰਕੇ ਯੂ. ਐੱਸ. ਏ. ਵਿਚ ਅਮੀਰੀ ਤੇ ਗਰੀਬੀ ਵਿਚਕਾਰ ਬਹੁਤ ਵੱਡਾ ਪਾੜਾ ਹੈ, ਜਿਸ ਕਰਕੇ ਸਮਾਜ ਅੰਦਰ ਤਿੱਖੇ ਜਮਾਤੀ ਵਿਰੋਧ ਹਨ। ਇਸਤੋਂ ਇਲਾਵਾ ਇਥੇ ਨਸਲੀ ਵਿਤਕਰੇ ਦਾ ਨਾਸੂਰ ਵੀ ਲਗਾਤਾਰ ਰਿਸਦਾ ਆ ਰਿਹਾ ਹੈ, ਜਿਹੜਾ ਸਮੇਂ-ਸਮੇਂ ’ਤੇ ਅਤੀ ਘਿਨਾਉਣੇ ਰੂਪਾਂ ਵਚ ਫੁੱਟਦਾ ਹੈ। ਪਿਛਲੇ ਦਿਨੀਂ, ਪੁਲਸ ਵੱਲੋਂ ਨਸਲੀ ਅਧਾਰ ’ਤੇ ਕੀਤੇ ਗਏ ਇਕ ਅਮਾਨਵੀ ਕੁਕਰਮ ਵਿਰੁੱਧ ਉੱਭਰੇ ਪ੍ਰਬੱਲ ਜਨਤਕ ਪ੍ਰਤੀਰੋਧ ਨੇ ਅਮਰੀਕੀ ਹਾਕਮਾਂ ਦੇ ਸਮਾਨਤਾ ਦੇ ਸਾਰੇ ਦਾਅਵਿਆਂ ਦੀ ਕਲਈ ਖੋਲ੍ਹ ਦਿੱਤੀ ਹੈ। ਇਸ ਲਾਮਿਸਾਲ ਜਨਤਕ ਪ੍ਰਤੀਰੋਧ, ਜਿਹੜਾ ਅਮਰੀਕਾ ਦੀਆਂ ਹੱਦਾਂ ਤੱਕ ਹੀ ਸੀਮਤ ਨਹੀਂ ਰਿਹਾ, ਨੇ ਕਈ ਹਾਂ ਪੱਖੀ ਸੰਭਾਵਨਾਵਾਂ ਉਭਾਰੀਆਂ ਹਨ। ਜਿਨ੍ਹਾਂ ਨੂੰ ਸਾਕਾਰ ਕਰਨ ਵਾਸਤੇ ਨਸਲਵਾਦ ਤੇ ਪੁਲਸੀ ਵਹਿਸ਼ਤ ਵਿਰੁੱਧ ਜੁੜਵੇਂ ਰੂਪ ’ਚ ਉੱਭਰੇ ਇਸ ਵਿਆਪਕ ਜਨਤਕ ਵਿਦਰੋਹ ਦੇ ਪਿਛੋਕੜ ਵਿਚਲੇ ਸਾਰੇ ਪਸਾਰਾਂ ਨੂੰ ਇਸ ਲਿਖਤ ਰਾਹੀਂ ਪ੍ਰਦਰਸ਼ਿਤ ਕਰਨ ਦਾ ਇਕ ਨਿਮਾਣਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ।

ਇਸ ਜਨਤਕ ਵਿਦਰੋਹ ਦਾ ਆਗਾਜ਼ ਉਦੋਂ ਹੋਇਆ ਜਦੋਂ 25 ਮਈ 2020 ਨੂੰ, ਅਮਰੀਕਾ ਦੇ ਕੈਨੇਡਾ ਨਾਲ ਲਗਦੇ ਪ੍ਰਾਂਤ ਮਿਨਸੋਟਾ ਦੀ ਰਾਜਧਾਨੀ ਮੀਨਾਪੋਲਿਸ ਵਿਚ ਅਫਰੀਕੀ ਨਸਲ ਦੇ ਇਕ ਸ਼ਹਿਰੀ ਜਾਰਜ ਫਲਾਈਡ ਨੂੰ ਪੁਲਸ ਵੱਲੋਂ ਬਹੁਤ ਹੀ ਵਹਿਸ਼ਿਆਨਾ ਢੰਗ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਚਿੱਟੀ ਨਸਲ ਦੇ ਇਕ ਪੁਲਸੀਏ ਨੇ ਕਾਲੀ ਚਮੜੀ ਵਾਲੇ ਇਸ ਨੌਜਵਾਨ ਦੀ ਧੌਣ ’ਤੇ ਗੋਡਾ ਰੱਖ ਕੇ ਉਸਨੂੰ 9 ਮਿੰਟਾਂ ਲਈ ਉਦੋਂ ਤੱਕ ਦਬਾਈ ਰੱਖਿਆ, ਜਦੋਂ ਤੱਕ ਕਿ ਉਹ ਮਰ ਨਹੀਂ ਗਿਆ। ਜਾਰਜ ਫਲਾਈਡ ਲਗਾਤਾਰ ਕੁਰਲਾਉਦਾ ਰਿਹਾ ‘ਉਏ ਮੈਨੂੰ ਸਾਹ ਨਹੀਂ ਆ ਰਿਹਾ’, ਪ੍ਰੰਤੂ ਉਸ ਬਦਨਸੀਬ ਦਾ ਇਹ ਵਿਰਲਾਪ ਹੱਤਿਆਰੇ ਪੁਲਸੀਏ ਨੇ ਨਹੀਂ ਸੁਣਿਆ। ਕੋਲ ਖੜ੍ਹੇ ਤਿੰਨ ਹੋਰ ਪੁਲਸੀਏ ਇਸ ਦਰਿੰਦਗੀ ਦਾ ਆਨੰਦ ਮਾਣਦੇ ਰਹੇ। ਜਦੋਂਕਿ ਦਿਨ-ਦਿਹਾੜੇ, ਭਰੇ ਬਾਜ਼ਾਰ ਵਿਚ ਅਨੇਕਾਂ ਹੋਰ ਲੋਕ ਬੇਵੱਸ ਖੜ੍ਹੇ ਦੇਖਦੇ ਰਹੇ ਅਤੇ ਅਫਰੀਕੀ ਨਸਲ ਦਾ ਇਹ ਨੌਜਵਾਨ ਪੁਲਸੀ ਦਹਿਸ਼ਤਗਰਦੀ ਦੀ ਭੇਟ ਚੜ੍ਹ ਗਿਆ।

ਪੁਲਸ ਦੀ ਇਸ ਨੰਗੀ-ਚਿੱਟੀ ਤੇ ‘ਦਲੇਰਾਨਾ’ ਵਹਿਸ਼ਤ ਵਿਰੁੱਧ ਤੁਰੰਤ ਹੀ ਅਮਰੀਕਾ ਦੇ ਅਨੇਕਾਂ ਸ਼ਹਿਰਾਂ ਤੇ ਕਸਬਿਆਂ ਅੰਦਰ ਗੁੱਸੇ ਤੇ ਰੋਹ ਦੀ ਇਕ ਜ਼ੋਰਦਾਰ ਲਹਿਰ ਉੱਭਰ ਆਈ। ਉਹ ਕਿਹੜਾ ਦੋਸ਼ ਸੀ, ਜਿਸ ਕਾਰਨ ਜਾਰਜ ਫਲਾਈਡ ਨਾਲ ਅਜਿਹਾ ਰਾਖਸ਼ੀ ਵਿਵਹਾਰ ਕੀਤਾ ਗਿਆ? ਇਹ ਗੱਲ ਅਰਥਹੀਣ ਹੋ ਗਈ ਸੀ। ਅਤੇ, ਨਸਲੀ ਵਿਤਕਰੇ ਵਿਰੁੱਧ ਸਦੀਆਂ ਤੋਂ ਸੁਲਗਦੀ ਆ ਰਹੀ ਅੱਗ ਅਮਰੀਕਾ ਤੇ ਯੂਰਪ ਦੇ ਹੋਰ ਕਈ ਦੇਸ਼ਾਂ ਵਿਚ ਭਾਂਬੜ ਬਣ ਕੇ ਫੁੱਟ ਪਈ। ਅਮਰੀਕਾ ਅੰਦਰ 40 ਤੋਂ ਵੱਧ ਵੱਡੇ ਸ਼ਹਿਰਾਂ ਵਿਚ ਕਰਫਿਊ ਲਾਉਣ ਤੱਕ ਦੀ ਸਥਿਤੀ ਪੈਦਾ ਹੋ ਗਈ। ਐਪਰ ਬਲਿਹਾਰੇ ਜਾਈਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਿਸਨੇ ਪੁਲਸ ਦੀ ਇਸ ਅਮਾਨਵੀ ਕਰਤੂਤ ਦੀ ਨਿਖੇਧੀ ਕਰਨ ਦੀ ਥਾਂ ਉਲਟਾ ਆਪਣੀ ਨਸਲਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਜ਼ਹਿਰੀਲੀ ਤੇ ਗੈਰ-ਜ਼ਿੰਮੇਂਵਾਰਾਨਾ ਬਿਆਨਬਾਜ਼ੀ ਰਾਹੀਂ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ। ਉਸਨੇ ਕਿਹਾ ਕਿ ‘ਅਜਿਹੇ ਲੋਕਾਂ ਨੂੰ ਗੋਲੀ ਨਾਲ ਉਡਾਉਣਾ ਹੀ ਠੀਕ ਹੈ’ ( , )। ਉਸਨੇ ਲਗਾਤਾਰ ਵਧਦੇ ਜਾ ਰਹੇ ਇਨ੍ਹਾਂ ਰੋਹ ਭਰਪੂਰ ਜਨਤਕ ਮੁਜ਼ਾਹਰਿਆਂ ਲਈ ਖੱਬੀ ਧਿਰ (ਰੈਡੀਕਲ ਲੈਫਟ) ਨੂੰ ਜ਼ਿੰਮੇਂਵਾਰ ਠਹਿਰਾਉਣ ਦੇ ਵੀ ਯਤਨ ਕੀਤੇ ਅਤੇ ਪ੍ਰਾਂਤਾਂ ਦੇ ਗਵਰਨਰਾਂ ਨੂੰ ਮੁਜ਼ਾਹਰਾਕਾਰੀਆਂ ਵਿਰੁੱਧ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ। ਐਪਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਇਕ ਪੁਲਸ ਅਧਿਕਾਰੀ ਵੱਲੋਂ ਰਾਸ਼ਟਰਪਤੀ ਨੂੰ ਮੰੂਹ ਬੰਦ ਰੱਖਣ ਦੀ ਸਲਾਹ ਵੀ ਦੇਣੀ ਪਈ। ਇਥੋਂ ਤੱਕ ਕਿ ਇਸ ਰਾਸ਼ਟਰਪਤੀ ਨੇ ਤਾਂ ਸਮੁੱਚਾ ਦੇਸ਼ ਫੌਜ ਦੇ ਹਵਾਲੇ ਕਰ ਦੇਣ ਦੀ ਧਮਕੀ ਵੀ ਦੇ ਦਿੱਤੀ। ਉਥੋਂ ਦੀ ਫੌਜ ਦੇ ਮੁਖੀ ਨੇ ਕਿਹਾ ਕਿ ਅਸੀਂ ਯੂ.ਐਸ. ਦੇ ਸੰਵਿਧਾਨ ਪ੍ਰਤੀ ਜੁਆਬਦੇਹ ਹਾਂ ਨਾ ਕਿ ਟਰੰਪ ਪ੍ਰਤੀ। ਟਰੰਪ ਦੀ ਇਸ ਬੇਹੂਦਾ ਧਮਕੀ ਨਾਲ ਲੋਕਾਂ ਦਾ ਗੁੱਸਾ ਹੋਰ ਵਧੇਰੇ ਪ੍ਰਚੰਡ ਹੋ ਗਿਆ ਅਤੇ ਇਸ ਨਸਲੀ ਵਿਤਕਰੇ ਵਿਰੁੱਧ ਲੱਖਾਂ ਦੀ ਗਿਣਤੀ ’ਚ ਲੋਕ ਗਲੀਆਂ-ਬਾਜ਼ਾਰਾਂ ਵਿਚ ਉੱਤਰ ਆਏ।

ਇਸ ਤਰ੍ਹਾਂ ਇਸ ਰੋਸ-ਲਹਿਰ ਨੇ ‘ਕਾਲੀਆਂ ਜ਼ਿੰਦੜੀਆਂ ਦਾ ਵੀ ਅਰਥ ਹੈ’ (2 ) ਦੇ ਝੰਡੇ ਹੇਠ ਇਕ ਆਲਮੀ ਅੰਦੋਲਨ ਦਾ ਰੂਪ ਅਖਤਿਆਰ ਕਰ ਲਿਆ। ਇਹ ਰੋਹ ਭਰਪੂਰ ਜਨਤਕ ਮੁਜ਼ਾਹਰੇ ਡੋਨਾਲਡ ਟਰੰਪ ਦੇ ਮਹਿਲ ( 8) ਤੱਕ ਵੀ ਜਾ ਪੁੱਜੇ। ਜਿਸਤੋਂ ਘਬਰਾ ਕੇ ਸੁਰੱਖਿਆ ਗਾਰਡਾਂ ਨੂੰ 29 ਮਈ ਰਾਤ ਨੂੰ ਰਾਸ਼ਟਰਪਤੀ ਤੇ ਉਸਦੇ ਪਰਿਵਾਰ ਨੂੰ ਉਥੇ ਬਣੇ ਹੋਏ ਇਕ ਜ਼ਮੀਨਦੋਜ਼ ਬੰਕਰ ਵਿਚ ਉਤਾਰਨ ਲਈ ਮਜ਼ਬੂਰ ਹੋਣਾ ਪਿਆ। ਇਸ ਪ੍ਰਚੰਡ ਲੋਕ-ਰੋਹ ਤੋਂ ਡਰਦਾ ਟਰੰਪ ਇਥੇ ਇਕ ਘੰਟੇ ਤੱਕ ਲੁਕਿਆ ਰਿਹਾ। ਦੇਖਣ ਵਾਲੀ ਗੱਲ ਇਹ ਹੈ ਕਿ ਅਮਰੀਕਾ, ਯੂਰਪ ਤੇ ਆਸਟ੍ਰੇਲੀਆ ਜਿਥੇ ਵੀ ਨਸਲੀ ਨਫ਼ਰਤ ਦੇ ਘਿਨਾਉਣੇ ਪਰਛਾਵੇਂ ਅਜੇ ਵੀ ਗੂੜੇ੍ਹ ਹਨ, ਉਥੇ ਹਰ ਥਾਂ ਹੀ ਲੋਕਾਂ ਵੱਲੋਂ ਰੋਹ-ਭਰਪੂਰ ਤੇ ਵਿਸ਼ਾਲ ਮੁਜ਼ਾਹਰੇ ਕੀਤੇ ਗਏ। ਜਿਨ੍ਹਾਂ ਵਿਚ ਨਸਲੀ ਨਫ਼ਰਤ ਤੇ ਵਿਤਕਰਿਆਂ ਦੇ ਸ਼ਿਕਾਰ ਬਣੇ ਹੋਏ ਕਾਲੀ ਜਾਂ ਭੂਰੀ ਚਮੜੀ ਵਾਲੇ ਮਰਦ ਤੇ ਔਰਤਾਂ ਨੇ ਹੀ ਸ਼ਮੂਲੀਅਤ ਨਹੀਂ ਕੀਤੀ, ਸਗੋਂ ਚਿੱਟੀ ਚਮੜੀ ਵਾਲੇ ਅਨੇਕਾਂ ਲੋਕ, ਪ੍ਰਸਿੱਧ ਵਿਦਵਾਨ, ਬੁੱਧੀਜੀਵੀ, ਰਾਜਨੀਤੀਵਾਨ ਅਤੇ ਆਮ ਨਾਗਰਿਕ ਵੀ ਵੱਡੀ ਗਿਣਤੀ ’ਚ ਸ਼ਾਮਲ ਹੋਏ। ਜਿਸ ਨਾਲ ਨਸਲਵਾਦ ਵਿਰੁੱਧ ਸੰਸਾਰ ਭਰ ਵਿਚ ਵਿਆਪਕ ਵਿਰੋਧ ਦੀ ਭਾਵਨਾ ਉਜਾਗਰ ਹੋਈ।

ਅਮਰੀਕਾ ਅੰਦਰ ਕੁੱਝ ਥਾਵਾਂ ’ਤੇ, ਲੁੱਟਮਾਰ ਦੀਆਂ ਇੱਕਾ-ਦੁੱਕਾ ਘਟਨਾਵਾਂ ਵੀ ਵਾਪਰੀਆਂ। ਜਿਹੜੀਆਂ ਕਿ ਸਦੀਆਂ ਤੋਂ ਹਰ ਤਰ੍ਹਾਂ ਦੀ ਲੁੱਟ-ਖਸੁੱਟ ਦਾ ਸ਼ਿਕਾਰ ਬਣਾ ਕੇ ਰੱਖੇ ਹਏ ਅਤੇ ਅਮਾਨਵੀ ਨਿਵਾਣਾਂ ਤੱਕ ਦਬਾਅ ਕੇ ਰੱਖੇ ਹੋਏ ਲੋਕਾਂ ਦੀ ਵੇਦਨਾ ਦੀ ਸੁਭਾਵਕ ਪ੍ਰਤੀਕਿਰਿਆ ਨੂੰ ਹੀ ਰੂਪਮਾਨ ਕਰਦੀਆਂ ਹਨ। ਸਮੁੱਚੇ ਤੌਰ ’ਤੇ ਇਹ ਸਾਰੇ ਰੋਸ ਮੁਜ਼ਾਹਰੇ ਨਸਲਵਾਦ ਤੇ ਇਸਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਵਿਰੁੱਧ ਲੋਕਾਂ ਦੇ ਅਥਾਹ ਗੁੱਸੇ ਦਾ ਪੁਰਅਮਨ ਪ੍ਰਗਟਾਵਾ ਹੀ ਬਣੇ ਰਹੇ, ਜਿਸਨੇ ਗੁਲਾਮਦਾਰੀ ਦੇ ਯੁੱਗ ਤੋਂ ਚੱਲੇ ਆ ਰਹੇ ਚਮੜੀ ਦੇ ਰੰਗ ’ਤੇ ਅਧਾਰਿਤ ਵਿਤਕਰੇ ਦੇ ਅਤੀ ਗੰਭੀਰ ਮੁੱਦੇ ਨੂੰ ਇਕ ਵਾਰ ਫਿਰ ਦੁਨੀਆਂ ਦੇ ਚੇਤਨ ਲੋਕਾਂ ਦੇ ਸਨਮੁੱਖ ਉਭਾਰ ਕੇ ਪੇਸ਼ ਕਰ ਦਿੱਤਾ ਹੈ। ਇਸ ਪੱਖੋਂ ਲੋਕਾਂ ਅੰਦਰ ਪਾਏ ਜਾ ਰਹੇ ਵਿਆਪਕ ਗੁੱਸੇ ਦਾ ਪ੍ਰਗਟਾਵਾ ਹੀ ਹੈ ਕਿ ਉਨ੍ਹਾਂ ਨੇ ਗੁਲਾਮਾਂ ਦਾ ਵਪਾਰ ਕਰਨ ਵਾਲੇ ਅਤੇ ਗੁਲਾਮਾਂ-ਗਰੀਬਾਂ ’ਤੇ ਜ਼ੁਲਮ ਢਾਹੁਣ ਲਈ ਬਦਨਾਮ ਵਿਅਕਤੀਆਂ ਦੇ, ਅਮਰੀਕਾ ਦੇ ਸ਼ਹਿਰਾਂ ਅੰਦਰਲੇ ਹੀ ਨਹੀਂ ਬਲਕਿ ਬਰਤਾਨੀਆ ਤੇ ਯੂਰਪ ਦੇ ਹੋਰ ਦੇਸ਼ਾਂ ਵਿਚ ਲੱਗੇ ਹੋਏ ਬਹੁਤ ਸਾਰੇ ਬੁੱਤ ਵੀ ਢਾਹ-ਤੋੜ ਦਿੱਤੇ ਹਨ ਅਤੇ ਉਨ੍ਹਾਂ ਨੂੰ ਨਦੀਆਂ-ਨਾਲਿਆਂ ’ਚ ਸੁੱਟ ਦਿੱਤਾ ਹੈ। ਇਸਨੂੰ ਮਾਨਵਵਾਦੀ ਸਮਾਨਤਾ ਲਈ ਲੋਕਾਂ ਦੀ ਇਕ ਸਿਹਤਮੰਦ ਲਲਕ ਵਜੋਂ ਲਿਆ ਜਾ ਸਕਦਾ ਹੈ, ਜਿਹੜੀ ਕਿ ਇਕ ਚੰਗੀ ਤੇ ਇਤਿਹਾਸਕ ਪ੍ਰਾਪਤੀ ਸਮਝੀ ਜਾਣੀ ਚਾਹੀਦੀ ਹੈ। ਕਿਉਕਿ ਤਸਵੀਰਾਂ ਜਾਂ ਬੁੱਤਾਂ ਦੀ ਹੋਂਦ ਨੂੰ ਕੇਵਲ ਕਲਾ-

ਦੇ ਰੂਪ ਵਿਚ ਹੀ ਨਹੀਂ ਲਿਆ ਜਾ ਸਕਦਾ। ਬੁਨਿਆਦੀ ਤੌਰ ’ਤੇ ਬੁੱਤ ਦੋ ਪ੍ਰਕਾਰ ਦੇ ਮਨੋਰਥਾਂ ਲਈ ਲਾਏ ਜਾਂਦੇ ਹਨ। ਇਕ ਕਿਸੇ ਮਹਾਨ ਪੁਰਸ਼ ਤੋਂ ਪ੍ਰੇਰਨਾ ਲੈਣ ਲਈ ਅਤੇ ਦੂਜਾ ਕਿਸੇ ਜਰਵਾਣੇ ਦੀ ਧੌਂਸ ਜਮਾਉਣ ਲਈ। ਪ੍ਰੇਰਨਾ ਦੇ ਸਰੋਤ ਵਜੋਂ ਲਾਏ ਗਏ ਬੁੱਤ ਵੀ, ਬਹੁਤੀ ਵਾਰ, ਸਮੇਂ ਦੇ ਪ੍ਰਵਾਹ ਨਾਲ ਆਉਦੀਆਂ ਸਮਾਜਿਕ ਸੱਭਿਆਚਾਰਕ ਤਬਦੀਲੀਆਂ ਦੇ ਪ੍ਰਭਾਵ ਹੇਠ ਪ੍ਰੇਰਨਾ ਦੀ ਥਾਂ ਕੇਵਲ ਪੂਜਾ ਦੇ ਸਾਧਨ ਬਣ ਕੇ ਰਹੀ ਰਹਿ ਜਾਂਦੇ ਹਨ। ਇਸ ਤਰ੍ਹਾਂ ਉਹ ਵੀ ਅਕਸਰ ਆਪਣੀ ਸਾਰਥਿਕਤਾ ਗੁਆ ਲੈਂਦੇ ਹਨ ਅਤੇ ਮਾਨਸਿਕ ਗੁਲਾਮੀ ਤੇ ਅੰਧ-ਵਿਸ਼ਵਾਸ਼ ਨੂੰ ਬੜ੍ਹਾਵਾ ਦੇਣ ਦੇ ਸੰਦ ਮਾਤਰ ਬਣ ਕੇ ਹੀ ਰਹਿ ਜਾਂਦੇ ਹਨ। ਜਦੋਂਕਿ ਕਿਸੇ ਜਰਵਾਣੇ ਦੀ ਧੌਂਸ ਜਮਾਉਣ ਲਈ ਲਾਏ ਗਏ ਬੁੱਤ ਤਾਂ ਆਮ ਲੋਕਾਂ ਵਾਸਤੇ ਨਫ਼ਰਤ ਦੇ ਪਾਤਰ ਹੀ ਬਣੇ ਹੋਏ ਹੁੰਦੇ ਹਨ। ਇਸ ਲਈ ਗੁਲਾਮਦਾਰੀ ਤੇ ਨਸਲੀ ਭੇਦ-ਭਾਵ ਨੂੰ ਪ੍ਰਮੋਟ ਕਰਨ ਵਾਲੇ ਵਿਅਕਤੀਆਂ ਦੇ ਬੁੱਤਾਂ ਦੀ ਹੋਂਦ ਦਾ ਲੋਕਾਂ ਦੀ ਸਹਿਣਸ਼ੀਲਤਾ ਦੀਆਂ ਹੱਦਾਂ ਤੋਂ ਬਾਹਰ ਹੋ ਜਾਣਾ ਅਤੇ ਅਜਿਹੇ ਅੰਤ ਦਾ ਭਾਗੀ ਬਣ ਜਾਣਾ ਵੀ ਸੁਭਾਵਿਕ ਹੀ ਹੈ।ਨਸਲਵਾਦੀ ਵਿਤਕਰੇ ਵਾਂਗ ਹੀ ਪੁਲਸ ਦੀਆਂ ਵਧੀਕੀਆਂ ਵੀ ਆਮ ਲੋਕਾਂ, ਵਿਸ਼ੇਸ਼ ਤੌਰ ’ਤੇ ਸਮਾਜ ਦੇ ਚੇਤਨ ਅਤੇ ਇਕ ਹੱਦ ਤੱਕ ਜਥੇਬੰਦ ਹੋ ਚੁੱਕੇ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਚੁੱਕੀਆਂ ਹਨ। ਇਤਿਹਾਸਕ ਤੌਰ ’ਤੇ ਵੀ ਪੁਲਸ ਕੋਈ ਜਨ ਕਲਿਆਣ ਦੀ ਸੰਸਥਾ ਨਹੀਂ ਹੈ। ਬਲਕਿ ਇਹ ਰਾਜ ਸ਼ਕਤੀ () ਦੇ ਜ਼ਬਰ ਦਾ ਇਕ ਹੱਥਕੰਡਾ ਹੈ। ਇਸ ਲਈ ਵਧੇਰੇ ਕਰਕੇ ਪੁਲਸੀਏ ਦੋਸ਼ੀਆਂ ਨੂੰ ਤਸੀਹੇ ਦੇਣ ਦੇ ਨਾਲ-ਨਾਲ ਨਿਰਦੋਸ਼ਾਂ ਨਾਲ ਵੀ ਹੈਂਕੜ-ਭਰਪੂਰ ਵਿਵਹਾਰ ਕਰਨ ਅਤੇ ਹਰੇਕ ਨੂੰ ਅਪਮਾਨਿਤ ਕਰਨ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ। ਸਾਡੇ ਦੇਸ਼ ਵਾਂਗ ਜਦੋਂ ਇਨ੍ਹਾਂ ਨੂੰ ਹਾਕਮ ਪਾਰਟੀਆਂ ਦੇ ਆਗੂਆਂ ਦੀ ਸਿਆਸੀ ਸ਼ਹਿ ਮਿਲ ਜਾਂਦੀ ਹੈ ਤਾਂ ਇਹ ਪੁਲਸੀਏ ਹੋਰ ਵੀ ਵਧੇਰੇ ਖੰੂਖਾਰ ਬਣ ਜਾਂਦੇ ਹਨ। ਜਾਰਜ ਫਲਾਈਡ ਨਾਲ ਕੀਤੇ ਗਏ ਅਮਾਨਵੀ ਵਿਵਹਾਰ ਪਿੱਛੇ ਉਸਦੀ ਕਾਲੀ ਚਮੜੀ ਕਾਰਨ ਉਸ ਨਾਲ ਨਫ਼ਰਤ ਦਾ ਹੋਣਾ ਵੀ ਹੈ ਤੇ ਪੁਲਸ ਦੀ ਇਸ ਹਾਕਮੀ ਹੈਂਕੜ ਦਾ ਵੀ ਸਪੱਸ਼ਟ ਪ੍ਰਗਟਾਵਾ ਵੀ। ਇਸੇ ਲਈ ਇਨ੍ਹਾਂ ਸ਼ਕਤੀਸ਼ਾਲੀ ਰੋਸ ਮੁਜ਼ਾਹਰਿਆਂ ਦੌਰਾਨ ਪੁਲਸ ਦੀ ਭਰਤੀ ਖਤਮ ਕਰਨ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉੱਠੀ ਹੈ। ਇਥੋਂ ਤੱਕ ਕਿ ਇਕ ਕਾਉਟੀ (ਵੱਡਾ ਸ਼ਹਿਰ) ਦੇ ਕੌਂਸਲਰਾਂ ਨੇ ਆਪਣੇ ਖੇਤਰ ਦੀ ਪੁਲਸ ਨੂੰ ਖਤਮ ਕਰ ਦੇਣ ਅਤੇ ਸਿਵਲੀਅਨ ਅਨੁਸਾਸ਼ਨ ਲਈ ਕੋਈ ਹੋਰ ਬਦਲਵੇਂ ਪ੍ਰਬੰਧ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਅਤੇ, ਰਾਸ਼ਟਰਪਤੀ ਟਰੰਪ ਨੂੰ ਵੀ ਪੁਲਸ ਨੂੰ ਮਾਨਵਵਾਦੀ ਕਦਰਾਂ-ਕੀਮਤਾਂ ਦੀ ਸਿਖਲਾਈ ਦੇਣ ਵਾਸਤੇ ਤੇ ਇਸ ਨਾਲ ਸਬੰਧਿਤ ਹੋਰ ਸੁਧਾਰਾਂ ਵਾਸਤੇ ਲੋੜੀਂਦੇ ਫੰਡਾਂ ਦੀ ਮੰਨਜੂਰੀ ਦੇਣ ਲਈ ਤਿਆਰ ਕੀਤੇ ਗਏ ਡਰਾਫਟ ਉੱਪਰ ਸਹੀ ਪਾਉਣ ਲਈ ਮਜ਼ਬੂਰ ਹੋਣਾ ਪਿਆ।ਅਮਰੀਕਾ ਅੰਦਰ ਉੱਠੇ ਇਸ ਵਿਆਪਕ ਜਨਤਕ ਵਿਦਰੋਹ ਲਈ ਪ੍ਰਮੁੱਖ ਤੌਰ ’ਤੇ ਭਾਵੇਂ ਦੋ ਕਾਰਨਨਸਲੀ ਨਫ਼ਰਤ ਤੇ ਪੁਲਸ ਦੀ ਦਰਿੰਦਗੀ ਹੀ ਜ਼ਿੰਮੇਂਵਾਰ ਦਿਖਾਈ ਦਿੰਦੇ ਹਨ। ਪ੍ਰੰਤੂ ਜਰਾ ਗਹੁ ਨਾਲ ਦੇਖਿਆ ਜਾਵੇ ਤਾਂ ਇਸ ਦੇਸ਼-ਵਿਆਪੀ ਜਨਤਕ ਬੇਚੈਨੀ ਦੇ ਕੁੱਝ ਹੋਰ ਠੋਸ ਕਾਰਨ ਵੀ ਦਿਖਾਈ ਦਿੰਦੇ ਹਨ। ਜਿਨ੍ਹਾਂ ਵਿਚੋਂ ਇਕ ਹੈ ਟਰੰਪ ਪ੍ਰਸ਼ਾਸਨ ਦੀ ਕੋਰੋਨਾ ਮਹਾਮਾਰੀ ਤੋਂ ਦੇਸ਼ ਵਾਸੀਆਂ ਨੂੰ ਸੁਰੱਖਿਅਤ ਬਨਾਉਣ ਪੱਖੋਂ ਅਤੀ ਸ਼ਰਮਨਾਕ ਅਸਫ਼ਲਤਾ। ਦੂਜਾ ਹੈ, ਇਸ ਮਹਾਮਾਰੀ ਦੀ ਰੋਕਥਾਮ ਲਈ ਕੀਤੇ ਗਏ ਲਾਕਡਾਊਨ ਕਾਰਨ ਅਮਰੀਕਾ ਅੰਦਰ ਬੇਰੁਜ਼ਗਾਰੀ ਦੀ ਦਰ ’ਚ ਹੋਇਆ ਤਿੱਖਾ ਵਾਧਾ ਅਤੇ ਤੀਜਾ ਕਾਰਨ ਹੈ, ਪੂੰਜੀਵਾਦੀ ਵਿਕਾਸ ਦੇ ਅਜੋਕੇ ਪੜਾਅ ’ਤੇ ਪੈਦਾ ਹੋਈ ਭਿਅੰਕਰ ਆਰਥਿਕ ਅਸਮਾਨਤਾ। ਇਨ੍ਹਾਂ ਸਾਰੀਆਂ ਅਵਸਥਾਵਾਂ ਦੇ ਸਾਂਝੇ ਪ੍ਰਭਾਵ ਨੇ ਆਮ ਲੋਕਾਂ ਦੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਵਿਚ ਤਿੱਖਾ ਵਾਧਾ ਕੀਤਾ ਹੈ। ਤੱਥ ਗਵਾਹ ਹਨ ਕਿ ਦੁਨੀਆਂ ਅੰਦਰ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿਚ ਸਭ ਤੋਂ ਵੱਧ ਗਿਣਤੀ ਅਮਰੀਕਾ ਵਾਸੀਆਂ ਦੀ ਹੈ ਅਤੇ ਇਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿਚ ਵੀ ਅਮਰੀਕਾ ਦਾ ਨਾਂਅ ਪਹਿਲੇ ਦਰਜੇ ’ਤੇ ਹੈ। ਇਸ ਮਹਾਮਾਰੀ ਪ੍ਰਤੀ ਟਰੰਪ ਪ੍ਰਸ਼ਾਸਨ ਦਾ ਅਵੇਸਲਾਪਨ ਇਸਦੇ ਲਈ ਸਪੱਸ਼ਟ ਤੌਰ ’ਤੇ ਜ਼ਿੰਮੇਂਵਾਰ ਹੈ। ਡੋਨਾਲਡ ਟਰੰਪ ਤਾਂ ਅਮਰੀਕਾ ਦੇ ਪਿਛਲੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਜਨਤਕ ਸਿਹਤ ਪ੍ਰਣਾਲੀ ਲਈ ਰਾਖਵੇਂ ਕੀਤੇ ਗਏ ਮਾਮੂਲੀ ਜਿਹੇ ਫੰਡਾਂ ਦਾ ਵੀ ਸਖ਼ਤ ਵਿਰੋਧੀ ਰਿਹਾ ਹੈ। ਇਸ ਲਈ ਇਸ ਮਹਾਮਾਰੀ ਨੂੰ ਰੋਕਣ ਲਈ ਲੋੜੀਂਦੀਆਂ ਪਹਿਲ-ਕਦਮੀਆਂ ਕਰਨ ਦੀ ਥਾਂ ਉਸ ਵੱਲੋਂ ਸ਼ੁਰੂ ਵਿਚ ਹੀ ਇਹ ਅਨੁਮਾਨ ਜਗ-ਜਾਹਿਰ ਕਰ ਦਿੱਤਾ ਗਿਆ ਕਿ ਅਮਰੀਕਾ ਵਿਚ ਇਸ ਨਾਲ 2 ਲੱਖ 40 ਹਜ਼ਾਰ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਆਮ ਲੋਕਾਂ ਦੀਆਂ ਮੁਸੀਬਤਾਂ ਪ੍ਰਤੀ ਟਰੰਪ ਪ੍ਰਸ਼ਾਸਨ ਦੀ ਘੋਰ ਅਣਗਹਿਲੀ ਤੇ ਮੁਜ਼ਮਰਾਨਾ ਨਲਾਇਕੀ ਤੋਂ ਛੁੱਟ ਸਿਰੇ ਦੀ ਸੰਵੇਦਨਹੀਨਤਾ ਦਾ ਪ੍ਰਤੀਕ ਸੀ। ਸਪੱਸ਼ਟ ਦਿਖਾਈ ਦੇ ਰਿਹਾ ਸੀ ਕਿ ਉਸਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲੋਂ ਆਰਥਿਕ ਉਤਪਾਦਨ ਦੀ ਵਧੇਰੇ ਚਿੰਤਾ ਹੈ। ਇਹ ਵੀ ਨੰਗਾ-ਚਿੱਟਾ ਤੱਥ ਹੈ ਕਿ ਬਹੁਤ ਸਾਰੇ ਹੋਰ ਦੇਸ਼ਾਂ ਵਾਂਗ ਅਮਰੀਕਾ ਵਿਚ ਵੀ ਲਾਕਡਾਊਨ ਕਾਰਨ ਬੇਰੁਜ਼ਗਾਰੀ ਦੀ ਦਰ ’ਚ ਤਿੱਖਾ ਵਾਧਾ ਹੋਇਆ ਹੈ ਅਤੇ 4 ਕਰੋੜ ਤੋਂ ਵੀ ਵੱਧ ਲੋਕ ਬੇਰੁਜ਼ਗਾਰ ਹੋਏ ਹਨ। ਇਸਦੇ ਨਾਲ ਹੀ ਨਵ-ਉਦਾਰਵਾਦੀ ਪੂੰਜੀਵਾਦੀ ਢਾਂਚੇ ਅਧੀਨ ਹਰ ਥਾਂ ਹੀ ਅਮੀਰਾਂ ਤੇ ਗਰੀਬਾਂ ਵਿਚਕਾਰ ਆਰਥਿਕ ਪਾੜਾ ਭਿਆਨਕ ਹੱਦ ਤੱਕ ਵਧਦਾ ਜਾ ਰਿਹਾ ਹੈ। ਅਮਰੀਕਾ ਵਿਚ ਵੀ ਇਹ ਵਰਤਾਰਾ ਸਪੱਸ਼ਟ ਦੇਖਿਆ ਜਾ ਸਕਦਾ ਹੈ। ਅਜਿਹੀਆਂ ਹਾਲਤਾਂ ਵਿਚ ਆਮ ਲੋਕਾਂ ਅੰਦਰ ਡੰੂਘੀ ਨਿਰਾਸ਼ਾ ਦਾ ਪੈਦਾ ਹੋਣਾ ਅਤੇ ਹਾਕਮਾਂ ਪ੍ਰਤੀ ਵਿਆਪਕ ਰੋਹ ਦਾ ਫੁੱਟਣਾ ਸੁਭਾਵਕ ਵਰਤਾਰੇ ਹਨ। ਜਿਨ੍ਹਾਂ ਦਾ ਇਨ੍ਹਾਂ ਵਿਸ਼ਾਲ ਤੇ ਰੋਹ-ਭਰਪੂਰ ਮੁਜ਼ਾਹਰਿਆਂ ਦੇ ਰੂਪ ਵਿਚ ਪ੍ਰਗਟਾਵਾ ਹੋਇਆ ਹੈ।ਇਥੇ ਇਹ ਗੱਲ ਨੋਟ ਕਰਨੀ ਵੀ ਜ਼ਰੂਰੀ ਹੈ। ਚਰਚਾ ਹੈ ਕਿ ਡੋਨਾਲਡ ਟਰੰਪ ਦੀਆਂ ਪ੍ਰਤੱਖ ਰੂਪ ਵਿਚ ਦਿਖਾਈ ਦਿੰਦੀਆਂ ਬਹੁਤ ਸਾਰੀਆਂ ਲੋਕ-ਵਿਰੋਧੀ ਪੁਜੀਸ਼ਨਾਂ ਉਸਦੀ ਚੋਣਾਵੀ ਚਾਲ ਦਾ ਇਕ ਹਿੱਸਾ ਹਨ। ਨਵੰਬਰ 2020 ਵਿਚ ਹੋਣ ਜਾ ਰਹੀ ਚੋਣ ਵਿਚ ਉਹ ਦੁਬਾਰਾ ਰਾਸ਼ਟਰਪਤੀ ਬਣਨ ਦੀ ਦੌੜ ਵਿਚ ਹੈ। ਇਸ ਵਾਸਤੇ ਉਹ ਆਪਣੀ ਪਹਿਲਾਂ ਵਾਲੀ ਅੰਧ-ਰਾਸ਼ਟਰਵਾਦੀ ਪਹੰੁਚ ਹੀ ਅਪਨਾਉਣੀ ਚਾਹੁੰਦਾ ਹੈ, ਜਿਹੜੀ ਕਿ ਨਸਲਵਾਦ ਨੂੰ ਵੀ ਪੱਠੇ ਪਾਉਦੀ ਹੈ ਅਤੇ ਪ੍ਰਵਾਸੀਆਂ, ਵਿਸ਼ੇਸ਼ ਤੌਰ ’ਤੇ ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ਤੋਂ ਰੁਜ਼ਗਾਰ ਦੀ ਭਾਲ ਵਿਚ ਆਉਣ ਵਾਲੇ ਲੋਕਾਂ ’ਤੇ ਰੋਕਾਂ ਲਾਉਦੀ ਹੈ। ਪਿਛਲੀ ਵਾਰ ਵੀ ਉਹ ‘ਅਮਰੀਕਾ ਪ੍ਰਥਮੈ ਅਤੇ ਅਮਰੀਕਾ ਮਹਾਨ’ ਵਰਗੇ ਨਾਅਰਿਆਂ ਦੇ ਸਿਰ ’ਤੇ ਚੋਣ ਜਿੱਤਿਆ ਸੀ। ਇਸ ਵਾਰ ਵੀ ਚਰਚ ’ਚ ਜਾ ਕੇ ਤੇ ਬਾਈਬਲ ਹੱਥ ’ਚ ਫੜ ਕੇ ਫੋਟੋ ਖਿਚਵਾਉਣ ਵਾਸਤੇ ਸੜਕ ਨੂੰ ਖਾਲੀ ਕਰਵਾਉਣ ਲਈ ਜਿਸ ਤਰ੍ਹਾਂ ਧਰਨੇ ’ਤੇ ਬੈਠੇ ਪੁਰਅਮਨ ਲੋਕਾਂ ’ਤੇ ਅਥਰੂ ਗੈਸ ਦੇ ਗੋਲੇ ਵਰ੍ਹਾਏ ਗਏ ਤੇ ਲਾਠੀਚਾਰਜ ਕਰਵਾਇਆ ਗਿਆ, ਉਸਤੋਂ ਸਪੱਸ਼ਟ ਸਿੱਧ ਹੁੰਦਾ ਹੈ ਕਿ ਹੁਣ ਡੋਨਾਲਡ ਟਰੰਪ ਅੰਧ-ਰਾਸ਼ਟਰਵਾਦ ਦੇ ਨਾਲ-ਨਾਲ ਆਪਣਾਧਾਰਮਿਕ ਅਕਸ ਚਮਕਾਉਣ ਲਈ ਵੀ ਬਹੁਤ ਕਾਹਲਾ ਹੈ।ਅਸਲ ਵਿਚ ਪੂੰਜੀਵਾਦੀ ਸਿਆਸਤ ਦੇ ਧਨੀ ਅਖਵਾਉਦੇ ਬਹੁਤੇ ਆਗੂ, ਲੋਕਦੋਖੀ ਪੰੂਜੀਵਾਦੀ ਪ੍ਰਣਾਲੀ ਦੀ ਰਾਖੀ ਕਰਦਿਆਂ, ਲੋਕਾਂ ਦੀਆਂ ਵੋਟਾਂ ਬਟੋਰਨ ਲਈ ਅਕਸਰ ਹੀ ਅਜਿਹੀਆਂ ਅਨੈਤਿਕ ਚਾਲਾਂ ਚੱਲਦੇ ਹਨ। ਉਹ ਲੋਕਾਂ ਅੰਦਰ ਮਾਨਵ ਪ੍ਰੇਮ, ਸਮਾਨਤਾ, ਸਰਬ ਸਾਂਝੀਵਾਲਤਾ ਅਤੇ ਸਰਬਪੱਖੀ ਤੇ ਸਾਵੇਂ ਵਿਕਾਸ ਨੂੰ ਪ੍ਰਫੁੱਲਤ ਕਰਦੀਆਂ ਸਕਾਰਾਤਮਿਕ ਭਾਵਨਾਵਾਂ ਨੂੰ ਉਭਾਰਨ ਦੀ ਥਾਂ ਨਸਲੀ, ਧਾਰਮਿਕ ਤੇ ਇਲਾਕਾਈ ਵਖਰੇਵਿਆਂ ’ਤੇ ਅਧਾਰਿਤ ਵੰਡਵਾਦੀ ਤੇ ਨਕਾਰਾਤਮਕ ਭਾਵਨਾਵਾਂ ਦੀ ਦੁਰਵਰਤੋਂ ਕਰਦੇ ਹਨ ਅਤੇ ਇਸ ਤਰ੍ਹਾਂ ਜਮਹੂਰੀਅਤ ਨੂੰ ਤਕੜਾ ਨਹੀਂ ਕਰਦੇ, ਸਗੋਂ ਕਲੰਕਿਤ ਕਰਦੇ ਹਨ। ਅਜਿਹੀ ਅਨੈਤਿਕ ਪਹੰੁਚ ਸਾਡੇ ਦੇਸ਼ ਅੰਦਰ ਵੀ ਬੜੀ ਬੇਸ਼ਰਮੀ ਨਾਲ ਅਪਣਾਈ ਜਾ ਰਹੀ ਹੈ। ਇਥੇ ਵੋਟਾਂ ਬਟੋਰਨ ਲਈ ਜਾਤਾਂ ਤੇ ਗੋਤਾਂ ਆਦਿ ’ਤੇ ਅਧਾਰਿਤ ਅਪੀਲਾਂ ਆਮ ਹੀ ਕੀਤੀਆਂ ਜਾਂਦੀਆਂ ਹਨ। ਸੰਘ ਪਰਿਵਾਰ ਨੇ ਤਾਂ ਧਰਮ ਅਧਾਰਿਤ ਫਿਰਕੂ ਵਖਰੇਵਿਆਂ ਨੂੰ ਹੀ ਸੱਤਾ ਪ੍ਰਾਪਤੀ ਦੇ ਮੁੱਖ ਹਥਿਆਰ ਵਜੋਂ ਵਰਤਿਆ ਹੈ। ਇਨ੍ਹਾਂ ਸਾਰੀਆਂ ਲਾਹਨਤਾਂ ਵਿਰੁੱਧ ਵਿਚਾਰਧਾਰਕ ਸੰਘਰਸ਼ ਤਾਂ ਚੱਲਦੇ ਆ ਹੀ ਰਹੇ ਹਨ। ਐਪਰ ਸਿਆਸੀ ਖੇਤਰ ਵਿਚ ਜਨਤਕ ਲਾਮਬੰਦੀ ਕਰਕੇ ਹੀ ਅਜਿਹੀਆਂ ਅਨੈਤਿਕ ਪਹੰੁਚਾਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਇਸ ਪੱਖੋਂ ਜਾਰਜ ਫਲਾਈਡ ਦੇ ਵਹਿਸ਼ਿਆਨਾ ਕਤਲ ਵਿਰੁੱਧ ਉੱਠੀ ਲਹਿਰ ਨੇ ਇਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ, ਜਿਹੜਾ ਦੁਨੀਆਂ ਭਰ ਦੇ ਮਿਹਨਤਕਸ਼ਾਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਲਈ ਲਾਜ਼ਮੀ ਇਕ ਮੁੱਲਵਾਨ ਰਾਹ-ਦਰਸਾਵਾ ਬਣੇਗਾ।

Scroll To Top