Now Reading
ਧਰਮ ਦੇ ਮਾਨਵਵਾਦੀ ਸਰੋਕਾਰ ਤੇ ਅੰਧ ਵਿਸ਼ਵਾਸ

ਧਰਮ ਦੇ ਮਾਨਵਵਾਦੀ ਸਰੋਕਾਰ ਤੇ ਅੰਧ ਵਿਸ਼ਵਾਸ

ਧਰਮ ਨਿਰਪੱਖ ਤੇ ਫਿਰਕਾਪ੍ਰਸਤ ਹੋਣ ਵਿਚ ਓਨਾ ਹੀ ਅੰਤਰ ਹੈ, ਜਿੰਨਾ ਧਾਰਮਿਕ ਤੇ ਅੰਧ ਵਿਸ਼ਵਾਸੀ ਹੋਣ ਵਿਚ। ਅਗਾਂਹਵਧੂ ਵਿਚਾਰਾਂ ਦੇ ਧਾਰਨੀ ਲੋਕਾਂ ਵਿਰੁੱਧ ਕੂੜ ਪ੍ਰਚਾਰ ਕਰਨ ਵਾਲੀਆਂ ਪਿਛਾਖੜੀ ਤਾਕਤਾਂ ਨੇ ਇਸ ਅੰਤਰ ਨੂੰ ਮੇਟਣ ਦਾ ਹਰ ਯਤਨ ਕੀਤਾ ਹੈ। ਜਿਸ ਕਾਰਨ, ਕੁੱਝ ਲੋਕਾਂ ਅੰਦਰ, ਵਿਗਿਆਨਕ ਤੇ ਮਾਨਵਵਾਦੀ ਵਿਚਾਰਾਂ ‘ਤੇ ਚੱਲਣ ਵਾਲੀਆਂ ਧਰਮ ਨਿਰਪੱਖ ਧਿਰਾਂ ਬਾਰੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਵੀ ਪੈਦਾ ਹੋਏ ਹਨ। ਇਨ੍ਹਾਂ ਭੁਲੇਖਿਆਂ ਤੇ ਗਲਤ ਫਹਿਮੀਆਂ ਕਾਰਨ ਖੱਬੀਆਂ ਤੇ ਲੋਕ ਪੱਖੀ ਸ਼ਕਤੀਆਂ ਲਈ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇਂ ਵਾਲਾ ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵਾਲਾ ਸੈਕੂਲਰ ਸਮਾਜ ਸਿਰਜਣ ਦੇ ਸੰਘਰਸ਼ ਵਿਚ, ਭਾਰੀ ਰੁਕਾਵਟਾਂ ਪੈਦਾ ਹੋ ਰਹੀਆਂ ਹਨ।
ਕਮਿਊਨਿਸਟ ਤੇ ਦੂਸਰੇ ਖੱਬੇ ਪੱਖੀ ਅਗਾਂਹਵਧੂ ਲੋਕ ਹਮੇਸ਼ਾਂ ਹੀ ਵਿਅਕਤੀ ਨੂੰ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਧਰਮ ਨੂੰ ਅਪਨਾਉਣ ਦੇ ਅਧਿਕਾਰ ਦੇ ਪੂਰਨ ਸਮਰਥਕ ਰਹੇ ਹਨ। ਹਰ ਵਿਅਕਤੀ ਆਪਣੀ ਆਤਮਕ ਸ਼ਾਂਤੀ ਤੇ ਆਨੰਦ ਦੀ ਪ੍ਰਾਪਤੀ ਲਈ ਬਿਨਾਂ ਕਿਸੇ ਰੋਕ ਟੋਕ ਦੇ ਇਸ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ। ਕਿਸੇ ਵੀ ਦੂਸਰੇ ਵਿਅਕਤੀ, ਸੰਸਥਾ ਜਾਂ ਧਰਮ ਨੂੰ ਉਸਦੇ ਇਸ ਨਿੱਜੀ ਅਧਿਕਾਰ ਨੂੰ ਖੋਹਣ ਦਾ ਹੱਕ ਨਹੀਂ ਹੈ। ਇਸ ਅਧਿਕਾਰ ਦੀ ਰਾਖੀ ਲਈ ਕਮਿਊਨਿਸਟਾਂ ਨੇ ਪੰਜਾਬ ਦੇ ਖਾਲਿਸਤਾਨੀ ਦਹਿਸ਼ਤਗਰਦੀ ਦੌਰ ਦੌਰਾਨ ਧਾਰਮਿਕ ਘੱਟ ਗਿਣਤੀਆਂ ਉਪਰ ਦਹਿਸ਼ਤਗਰਦਾਂ ਵਲੋਂ  ਕੀਤੇ ਗਏ ਹਮਲਿਆਂ, ਉਹਨਾਂ ਦੀਆਂ ਧਾਰਮਿਕ ਮਾਨਤਾਵਾਂ ਤੇ ਰੀਤੀ ਰਿਵਾਜ਼ਾਂ ਨੂੰ ਜ਼ੋਰ ਜ਼ਬਰ ਨਾਲ ਕੁਚਲਣ ਵਿਰੁੱਧ ਅਤੇ ਭੈਅ ਮੁਕਤ ਹੋ ਕੇ ਅਮਨ ਸ਼ਾਂਤੀ ਨਾਲ ਜਿਊਣ ਦੀ ਇੱਛਾ ਦੀ ਰਖਵਾਲੀ ਕਰਦਿਆਂ ਆਪਣੀ ਜਾਨਾਂ ਨਿਛਾਵਰ ਕੀਤੀਆਂ ਹਨ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਅੰਦਰ ਦਹਿਸ਼ਤਗਰਦ ਕਾਰਵਾਈਆਂ ਕਰਕੇ ਕਸ਼ਮੀਰੀ ਪੰਡਿਤਾਂ ਨੂੰ ਡਰਾ ਧਮਕਾ ਕੇ ਘਰੋਂ ਬੇਘਰ ਕਰਨ ਦੇ ਘਿਨਾਉਣੇ ਕਾਰਿਆਂ, ਗੁਜਰਾਤ ਵਿਚ ਹੋਈ ਫਿਰਕੂ ਬੁਰਛਾਗਰਦੀ, ਜਿਸ ਅੰਦਰ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਤੇ 1984 ‘ਚ ਦਿੱਲੀ ਦੀਆਂ ਸੜਕਾਂ ਉਪਰ ਸਿੱਖਾਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲੇਆਮ ਖਿਲਾਫ ਖੱਬੇ ਪੱਖੀ ਸ਼ਕਤੀਆਂ ਦਾ ਪੈਂਤੜਾ ਜਗ ਜ਼ਾਹਰ ਹੈ, ਜੋ  ਹਰ ਵਿਅਕਤੀ ਦੀ, ਬਿਨਾਂ ਕਿਸੇ ਵਿਤਕਰੇ ਦੇ, ਧਾਰਮਿਕ ਆਜ਼ਾਦੀ ਦੇ ਹੱਕ ਦੀ ਰਖਵਾਲੀ ਕਰਨ ਵੱਲ ਹੀ ਸੇਧਤ ਹੈ। ਅਜਿਹਾ ਕਰਦਿਆਂ ਹੋਇਆਂ ਖੱਬੇ ਪੱਖੀ ਸ਼ਕਤੀਆਂ ਨੇ ਸਦਾ ਹੀ ਘੱਟ ਗਿਣਤੀਆਂ ਦੇ ਵਾਜਬ ਅਧਿਕਾਰਾਂ ਦੀ ਲੜਾਈ ਵਿਚ ਉਨ੍ਹਾਂ ਦਾ ਸਾਥ ਵੀ ਦਿੱਤਾ ਹੈ। ਇਹ ਸਮਝ ਹੀ ਧਰਮ ਨਿਰਪੱਖਤਾ ਦਾ ਪੈਂਤੜਾ ਹੈ, ਜੋ ਧਰਮ ਤੇ ਰਾਜਨੀਤੀ ਨੂੰ ਅਲੱਗ ਅਲੱਗ ਰੱਖਦਾ ਹੈ। ਇਹ ਕਾਰਨ ਹੀ ਹੈ ਕਿ ਕਿਸੇ ਵੀ ਧਰਮ ਦੇ ਨਾਂਅ ਉਪਰ ਕੀਤੀ ਜਾਂਦੀ ਰਾਜਨੀਤੀ ਜਾਂ ਧਰਮ ਤੇ ਰਾਜਨੀਤੀ ਦੇ ਰਲੇਵੇਂ ਸਦਕਾ ਕਿਸੇ ਵੀ ਦੇਸ਼ ਅੰਦਰ ਧਰਮ ਅਧਾਰਤ ਰਾਜ ਦੀ ਹੋਈ ਸਥਾਪਨਾ ਦਾ ਜਾਂ ਅਜਿਹੀਆਂ ਪਿਛਾਂਹ ਖਿੱਚੂ ਲਹਿਰਾਂ ਦਾ ਕਮਿਊਨਿਸਟਾਂ ਤੇ ਖੱਬੀਆਂ ਤਾਕਤਾਂ ਨੇ ਡੱਟਵਾਂ ਵਿਰੋਧ ਕੀਤਾ ਹੈ। ਜਦੋਂ  ਵੀ ਧਾਰਮਿਕ ਜਨੂੰਨ ਅਧੀਨ, ਆਪਣੇ ਧਰਮ ਨੂੰ  ਵਡਿਆਉਣ ਵਾਸਤੇ ਤੇ ਲੋਕਾਂ ਦੀ ਧਾਰਮਿਕ ਆਸਥਾ ਦਾ ਦੁਰਪਯੋਗ ਕਰਕੇ ਕਿਸੇ ਰਾਜਨੀਤਕ ਪਾਰਟੀ, ਸਮਾਜਿਕ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਵਲੋਂ ਦੂਸਰੇ ਧਰਮਾਂ ਦਾ ਅਪਮਾਨ ਕੀਤਾ ਜਾਂਦਾ ਹੈ ਜਾਂ ਨਿੰਦਿਆਂ ਕੀਤੀ ਜਾਂਦੀ ਹੈ, ਤਾਂ ਇਸਦੇ ਫਲਸਰੂਪ ਫਿਰਕਾਪ੍ਰਸਤੀ ਦੀ ਬੁਰਾਈ ਪੈਦਾ ਹੁੰਦੀ ਹੈ। ਇਹ ਬੁਰਾਈ ਸਮੁੱਚੇ ਦੇਸ਼ ਅਤੇ ਦੂਸਰੇ ਵਿਰੋਧੀ ਧਰਮਾਂ ਦੇ ਲੋਕਾਂ ਨੂੰ ਹੀ ਤਬਾਹ ਨਹੀਂ ਕਰਦੀ, ਬਲਕਿ ਜਿਸ ਧਰਮ ਦੇ ਨੇਤਾਵਾਂ ਵਲੋਂ ਧਾਰਿਮਕ ਕੱਟੜਤਾ ਤੇ ਫਿਰਕੂ ਜਨੂੰਨ ਫੈਲਾ ਕੇ ਧਰਮ ਅਧਾਰਤ ਦੇਸ਼ ਦੀ ਸਥਾਪਨਾ ਕੀਤੀ ਗਈ ਹੁੰਦੀ ਹੈ, ਉਸੇ ਧਰਮ ਦੇ ਅਨੁਆਈਆਂ ਨੂੰ ਵੀ ਇਸਦੀ ਭਾਰੀ ਕੀਮਤ ਅਦਾ ਕਰਨੀ ਪੈਂਦੀ ਹੈ। ਸਾਊਦੀ ਅਰਬ, ਪਾਕਿਸਤਾਨ, ਅਫਗਾਨਿਸਤਾਨ, ਰਾਜਸ਼ਾਹੀ ਦੀ ਅਧੀਨਗੀ ਵਾਲਾ ਨੇਪਾਲ ਇਸਦੀਆਂ ਉਘੜਵੀਆਂ ਮਿਸਾਲਾਂ ਹਨ।
ਭਾਰਤ ਅੰਦਰ ਆਰ.ਐਸ.ਐਸ., ਸੰਘ ਪਰਿਵਾਰ ਤੇ ਦੂਸਰੇ ਪਿਛਾਖੜੀ ਲੋਕਾਂ ਵਲੋਂ ਕਮਿਊਨਿਸਟਾਂ ਤੇ ਖੱਬੇ ਪੱਖੀਆਂ ਵਿਰੁੱਧ, ਉਨ੍ਹਾਂ ਵਲੋਂ ਧਰਮ ਦੀ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਤੇ ਫਿਰਕਾਪ੍ਰਸਤੀ ਵਿਰੁੱਧ ਲਿਆ ਜਾਂਦਾ ਸਪੱਸ਼ਟ, ਨਿਰੰਤਰ ਤੇ ਡਟਵਾਂ ਪੈਂਤੜਾ ਲੈਣ ਕਰਕੇ, ਅਕਸਰ ਹੀ ਜ਼ਹਿਰ ਘੋਲਿਆ ਜਾਂਦਾ ਹੈ। ਜਦੋਂਕਿ ਆਪਣੇ ਇਸ ਸਟੈਂਡ ਉਪਰ ਕਮਿਊਨਿਸਟ ਤੇ ਹੋਰ ਅਗਾਂਹਵਧੂ ਲੋਕ ਦਰੁਸਤ ਤੌਰ ‘ਤੇ ਮਾਣ ਕਰ ਸਕਦੇ ਹਨ।
ਦੂਸਰਾ ਸਵਾਲ ਹੈ ਧਾਰਮਿਕ ਤੇ ਅੰਧ ਵਿਸ਼ਵਾਸੀ ਹੋਣ ਦੇ ਵਖਰੇਵੇਂ ਦਾ। ਸਮਾਜਿਕ ਵਿਕਾਸ ਨੂੰ ਵੱਖ-ਵੱਖ ਧਰਮਾਂ ਦੀ ਉਤਪੱਤੀ ਨੇ, ਕਈ ਕੋਨਿਆਂ ਤੋਂ ਪ੍ਰਭਾਵਤ ਕੀਤਾ ਹੈ। ਕਈ ਪ੍ਰਭਾਵ ਅਸਥਾਈ ਤੇ ਕਈ ਹੋਰ ਚਿਰ ਸਥਾਈ ਸਾਬਤ ਹੋਏ ਹਨ। ਪ੍ਰੰਤੂ ਇਨ੍ਹਾਂ ਪ੍ਰਭਾਵਾਂ ਤੋਂ ਕੋਈ ਵੀ ਸੂਝਵਾਨ ਵਿਅਕਤੀ ਮੁਨਕਰ ਨਹੀਂ ਹੋ ਸਕਦਾ। ਸਮਾਜਿਕ ਵਿਕਾਸ ਦੇ ਲੰਮੇ ਸਫਰ ਵਿਚ ਵੱਖ-ਵੱਖ ਪੜਾਵਾਂ ‘ਤੇ ਜਦੋਂ ਮਨੁੱਖ ਨੂੰ ਆਪਣੇ ਜਿਊਂਦੇ ਰਹਿਣ ਵਾਸਤੇ,  ਉਸਦੀ ਪਕੜ/ਸਮਝ ਤੋਂ ਬਾਹਰ, ਨਾ ਹੱਲ ਹੋਣ ਵਾਲੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ, ਤਦ ਉਸਨੇ ਇਸ ਨੂੰ ਹੱਲ ਕਰਨ ਵਾਸਤੇ ਜਾਂ ਇਸ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੀਆਂ ਮਿੱਥਾਂ ਸਿਰਜੀਆਂ, ਜਿਹੜੀਆਂ ਕਿ ਸਮਾਂ ਪਾ ਕੇ ਧਰਮਾਂ ਦਾ ਰੂਪ ਧਾਰਨ ਕਰ ਗਈਆਂ। ਏਸੇ ਕਰਕੇ ਧਰਮ ਨੂੰ ‘ਦੁਖੀ ਵਿਅਕਤੀ ਨੂੰ ਰਾਹਤ’, ਦੱਬੇ ਕੁਚਲੇ ਵਿਅਕਤੀ ਦੇ ‘ਦਿਲ ਅੰਦਰੋਂ ਨਿਕਲਿਆ ਹਉਕਾ’ ਤੇ ‘ਮਨ ਨੂੰ ਸ਼ਾਂਤੀ ਤੇ ਧਰਵਾਸ ਦੇਣ ਦਾ ਕੀਮਤੀ ਸਰੋਤ’ ਆਖਿਆ ਜਾਂਦਾ ਹੈ। ਭਾਵੇਂ ਅਮਲੀ ਜ਼ਿੰਦਗੀ ਵਿਚ ਨਾਕਸ ਆਰਥਿਕ ਪ੍ਰਬੰਧ ਸਦਕਾ ਉਸਨੂੰ ਦਰਪੇਸ਼ ਮੁਸ਼ਕਿਲਾਂ ਤਾਂ ਵਾਰ-ਵਾਰ ਸਿਰ ਉਠਾਉਂਦੀਆਂ ਰਹਿੰਦੀਆਂ ਹਨ, ਪ੍ਰੰਤੂ ਕਿਸੇ ਵੀ ਮੌਕੇ ਜਿੰਨੀ ਵੀ ਦੇਰ ਵਾਸਤੇ ਉਸਨੂੰ ਧਰਮ ਦੀ ਓਟ ਨਾਲ ਸਕੂਨ ਪ੍ਰਾਪਤ ਹੋਇਆ ਹੈ, ਉਸਨੂੰ ਸਾਰਥਿਕ ਪੱਖ ਤੋਂ ਸਮਝਣ ਦੀ ਜ਼ਰੂਰਤ ਹੈ।
ਪ੍ਰੰਤੂ ਇਸ ਤੱਥ ਨੂੰ ਵੀ ਯਾਦ ਰੱਖਣਾ ਹੋਵੇਗਾ ਕਿ ਲੁੱਟ ਖਸੁੱਟ ਕਰਨ ਵਾਲੀਆਂ ਹਾਕਮ ਜਮਾਤਾਂ ਤੇ ਸਵਾਰਥੀ ਹਿੱਤਾਂ ਨੇ ਆਪਣੀ ਸੱਤਾ ਤੇ ਲੁੱਟ ਕਾਇਮ ਰੱਖਣ ਲਈ ਹਮੇਸ਼ਾ ਹੀ ਧਰਮ ਦੀਆਂ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਲੋਕਾਂ ਦੀਆਂ ਨਿਗਾਹਾਂ ਤੋਂ ਲਾਂਭੇ ਕਰਨ ਤੇ ਉਨ੍ਹਾਂ ਦੇ ਧਾਰਮਿਕ ਅਕੀਦਿਆਂ ਨੂੰ ‘ਅੰਧ ਵਿਸ਼ਵਾਸ਼’ ਵਿਚ ਬਦਲਣ ਦਾ ਹਰ ਯਤਨ ਕੀਤਾ ਹੈ, ਜੋ ਅੱਜ ਵੀ ਜਾਰੀ ਹੈ। ਪੀੜਤ ਲੋਕਾਂ ਦਾ ਵੱਡਾ ਹਿੱਸਾ ਹਾਕਮ ਲੋਟੂ ਜਮਾਤਾਂ ਦੀ ਇਸ ਘਿਨਾਉਣੀ ਚਾਲ ਦਾ ਸ਼ਿਕਾਰ ਬਣਦਾ ਆ ਰਿਹਾ ਹੈ। ਜਦੋਂ ਕੋਈ ਵਿਅਕਤੀ ਕਿਸੇ ਸਰੀਰਕ ਰੋਗ, ਗਰੀਬੀ ਜਾਂ ਹੋਰ ਮੁਸ਼ਕਿਲ ਤੋਂ ਛੁਟਕਾਰਾ ਪਾਉਣ ਵਾਸਤੇ ਕਿਸੇ ਐਸੇ ਅਖੌਤੀ ‘ਬਾਬੇ’, ‘ਧਰਮ ਗੁਰੂ’ ਜਾਂ ਤਾਂਤਰਿਕ ਦੇ ਜਾਲ ਵਿਚ ਫਸਦਾ ਹੈ, ਜੋ ਮੋਰ ਦੇ ਖੰਭਾਂ ਨਾਲ, ਪਾਣੀ ਦੀ ਬੋਤਲ ਨਾਲ, ਅੰਗਾਰਾਂ ਉਪਰ ਤੋਰ ਕੇ, ਸਿਰ ਝਪਟ ਕੇ ਜਾਂ ਕਿਸੇ ਹੋਰ ਅਣਵਿਗਿਆਨਕ ਉਜੱਡਤਾ ਭਰਪੂਰ ਵਿਧੀ ਨਾਲ ਉਸਦੇ ਦੁੱਖਾਂ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਹੋਣ, ਤਾਂ ਇਸ ਨਾਲ ਸਮਾਜ ਅੰਦਰ ਹਨੇਰਬਿਰਤੀ ਅਤੇ ਪਿਛਾਖੜੀ ਵਾਤਾਵਰਨ ਦੀ ਸਿਰਜਣਾ ਸ਼ੁਰੂ ਹੋ ਜਾਂਦੀ ਹੈ। ਇਸ ਅੰਧ ਵਿਸ਼ਵਾਸ ਦੇ ਫਲਸਰੂਪ ਅਜਿਹੇ ਧਾਰਮਿਕ ਡੇਰੇ ਤੇ ਨਾਮ ਨਿਹਾਦ ਅਡੰਬਰੀ ਧਰਮ ਗੁਰੂ ਬਰਸਾਤੀ ਖੁੰਬਾਂ ਵਾਂਗਰ ਇਸ ਕਰਕੇ ਵੀ ਉਗ ਆਉਂਦੇ ਹਨ, ਕਿਉਂਕਿ ਇਕ ਪਾਸੇ ਸਰਕਾਰਾਂ ਦੀਆਂ ਨੀਤੀਆਂ ਤੇ ਧੋਖੇਬਾਜ਼ੀਆਂ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਅਥਾਹ ਵਾਧਾ ਹੋ ਰਿਹਾ ਹੁੰਦਾ ਹੈ ਤੇ ਦੂਸਰੇ ਬੰਨ੍ਹੇ ਸਮੇਂ ਦੇ ਹਾਕਮ ਅੰਧ ਵਿਸ਼ਵਾਸ ਫੈਲਾਉਣ ਵਾਲੇ ਤੱਤਾਂ ਦੀ ਪੁਸ਼ਤ ਪਨਾਹੀ ਕਰਦੇ ਹਨ। ਉਨ੍ਹਾਂ ਦੁਆਲੇ ਦੁਖੀ ਲੋਕਾਂ ਦੀਆਂ ਭੀੜਾਂ ਜੁਟਾਉਣ ਦੀ ਯੋਜਨਾਬੰਦੀ ਨਾਲ ਲੋਕ ਦੋਖੀ ਹਾਕਮ ਆਪ ਆਪਣੇ ਕੁਕਰਮਾਂ ਤੋਂ ਪੈਦਾ ਹੋਏ ਲੋਕ ਰੋਹ ਤੋਂ ਬਚਾਅ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਜਿਹੜੇ ਵਿਅਕਤੀ ਕੁਦਰਤੀ ਤੌਰ ‘ਤੇ ਸਰੀਰਕ ਜਾਂ ਮਾਨਸਿਕ ਰੂਪ ਵਿਚ ਅਪਾਹਜ ਹੋਣ ਕਾਰਨ ਸੋਚਣ, ਬੋਲਣ, ਲਿਖਣ, ਪੜ੍ਹਨ ਤੇ ਹੋਰ ਕੋਈ ਵੀ ਸਮਾਜਿਕ ਕਿਰਿਆ ਕਰਨ ਤੋਂ ਅਸਮਰਥ ਹੁੰਦੇ ਹਨ ਤੇ ਲੋਕਾਂ ਦੀਆਂ ਭੀੜਾਂ ਸਾਹਮਣੇ ਵੱਖ ਵੱਖ ਨਸ਼ਿਆਂ ਦਾ ਸੇਵਨ ਕਰਕੇ ਅਰਧ ਬੇਹੋਸ਼ ਜਿਹੇ ਬੈਠੇ ਰਹਿੰਦੇ ਹਨ, ਉਨ੍ਹਾਂ ਕੋਲੋਂ ਹਰ ਤਰ੍ਹਾਂ ਦੀਆਂ ਤਕਲੀਫਾਂ ਤੋਂ ਛੁਟਕਾਰਾ ਪਾਉਣ ਲਈ ਤੇ ਨੀਵੀਂ ਪੱਧਰ ਦੇ ਮਨੋਰੰਜਨ ਵਾਸਤੇ ਜਿਹੜੇ ਅਣਗਿਣਤ ਨੌਜਵਾਨ ਕੁੜੀਆਂ, ਮੁੰਡੇ ਇਕੱਤਰ ਹੁੰਦੇ ਹਨ, ਉਹ ਫਿਰ ਕਦੀ ਵੀ ਸਹਿਜ ਤੇ ਚੰਗੇਰੇ ਜੀਵਨ ਵਾਸਤੇ ਲੋੜੀਂਦੀ ਤਰਕਸ਼ੀਲਤਾ, ਗਿਆਨ ਤੇ ਸੰਘਰਸ਼ਮਈ ਪਹੁੰਚ ਵੱਲ ਪ੍ਰੇਰਤ ਨਹੀਂ ਹੁੰਦੇ। ਧਰਮ ਦੀ ਵਿਆਖਿਆ ਕਰਨ ਵਾਲੇ ਕਥਾ ਵਾਚਕ ਤੇ ਪ੍ਰਚਾਰਕ ‘ਰੱਬ ਦੇ ਦੂਤ’ ਵਜੋਂ ਕੰਮ ਕਰਦੇ ਕਰਦੇ ਆਪ ‘ਪ੍ਰਮਾਤਮਾ’, ‘ਰੱਬ’, ‘ਵਾਹਿਗੁਰੂ’, ‘ਗੌਡ’, ‘ਦੇਵੀ ਦੇਵਤੇ’ ਆਦਿ ਬਣ ਬੈਠਦੇ ਹਨ ਤੇ ਮਨਮਰਜ਼ੀ ਦਾ ਬੇਹੂਦਾ ਕੂੜ-ਪ੍ਰਚਾਰ ਕਰੀ ਜਾਂਦੇ ਹਨ। ਸਮੇਂ ਦੀਆਂ ਸਰਕਾਰਾਂ ਤੇ ਅਫਸਰਸ਼ਾਹੀ ਦੇ ਥਾਪੜੇ ਅਤੇ ਉਹਨਾਂ ਕੋਲ ਚੜ੍ਹਾਵੇ ਦੇ ਰੂਪ ਵਿਚ ਲੋਕਾਂ ਦੀ ਲੁੱਟ ਕਰਕੇ ਇਕੱਠੇ ਹੋਏ ਧਨ ਦੇ ਜ਼ੋਰ ਕਾਰਨ ਬਹੁਤੀ ਵਾਰ ਸਮਾਜ ਵਿਚਲੇ ਬੁੱਧੀਜੀਵੀ, ਵਿਦਵਾਨ, ਤਰਕਸ਼ੀਲ ਤੇ ਵਿਗਿਆਨਕ ਸੋਚ ਵਾਲੇ ਲੋਕ ਉਨ੍ਹਾਂ ਦੇ ਕੁਫ਼ਰ ਵਿਰੁੱਧ ਕੁਝ ਕਹਿਣ ਜਾਂ ਲਿਖਣ ਦਾ ਹੀਆ ਨਹੀਂ ਕਰਦੇ। ਕਈ ਵਾਰ ਅਜਿਹੀ ਜੁਰਅਤ ਕਰਨ ਵਾਲਿਆਂ ਨੂੰ ਹਿੰਸਾ ਤੇ ਸਰਕਾਰੀ ਤੰਤਰ ਨਾਲ ਦਬਾਅ ਵੀ ਦਿੱਤਾ ਜਾਂਦਾ ਹੈ।
ਇਨ੍ਹਾਂ ਪ੍ਰਸਥਿਤੀਆਂ ਦਾ ਲਾਹਾ ਲੈ ਕੇ ਹੀ ਆਰ.ਐਸ.ਐਸ. ਆਪਣੀ ਅੱਤ ਦੀ ਪਿਛਾਖੜੀ, ਅਣਵਿਗਿਆਨਕ ਤੇ ਫਿਰਕੂ ਵਿਚਾਰਧਾਰਾ ਨੂੰ ਅੰਧ ਰਾਸ਼ਟਰਵਾਦ ਤੇ ਭਾਰਤੀ ਸੰਸਕ੍ਰਿਤੀ ਦੀ ਵਡੱਪਣ ਦੇ ਰੂਪ ਵਿਚ ਪੇਸ਼ ਕਰਕੇ ਦੇਸ਼ ਦੇ ਧਰਮ ਨਿਰਪੱਖ ਤੇ ਲੋਕ ਰਾਜੀ ਤਾਣੇ ਨੂੰ ਤਬਾਹ ਕਰਨ ਦਾ ਬੀੜਾ ਚੁੱਕੀ ਬੈਠਾ ਹੈ। ਅਜੋਕੇ ਸੰਦਰਭ ਵਿਚ ਧਰਮ ਦੇ ਨਾਂਅ ਉਪਰ ਫਿਰਕਾਪ੍ਰਸਤੀ ਦੀ ਖੇਡ ਖੇਡਦੇ ਹੋਏ, ਦੇਸ਼ ਦੀ ਸਰਵਉਚ ਅਦਾਲਤ ਵਲੋਂ ਰਾਮ ਜਨਮ ਭੂਮੀ/ਬਾਬਰੀ ਮਸਜਿਦ ਦੇ ਝਗੜੇ ਦੇ ਸੰਬੰਧ ਵਿਚ ਹੋਣ ਵਾਲੀ ਸੁਣਵਾਈ ਨੂੰ ਜਨਵਰੀ 2019 ਤੱਕ ਅੱਗੇ ਪਾਉਣ ਦੇ ਫੈਸਲੇ ਉਪਰ, ਭਾਜਪਾ ਤੇ ਇਸਦੇ ਹਮਾਇਤੀ ਹਿੰਦੂ ਸੰਗਠਨਾਂ ਵਲੋਂ ਦਿੱਤਾ ਗਿਆ ਪ੍ਰਤੀਕਰਮ ਬਹੁਤ ਹੀ ਮੰਦਭਾਗਾ ਤੇ ਉਤੇਜਨਾ ਪੈਦਾ ਕਰਨ ਵਾਲਾ ਹੈ। ਜੇਕਰ ਹੋਰ ਕੋਈ ਰਾਜਨੀਤਕ ਪਾਰਟੀ ਜਾਂ ਵਿਅਕਤੀ ਅਦਾਲਤ ਦੇ ਕਿਸੇ ਫੈਸਲੇ ਵਿਰੁੱਧ ਅਦਾਲਤਾਂ ਤੇ ਭਾਰਤੀ ਸੰਵਿਧਾਨ ਬਾਰੇ ਅਜਿਹੀਆਂ ਟਿੱਪਣੀਆਂ ਕਰ ਦਿੰਦਾ ਤਾਂ ਭਾਜਪਾ ਤੁਰੰਤ ਹੀ ਉਸਨੂੰ ‘ਦੇਸ਼ ਧ੍ਰੋਹੀ’ ਹੋਣ ਦਾ ਫਤਵਾ ਦੇ ਦਿੰਦੀ। ਅਸਲ ਵਿਚ ਭਾਜਪਾ ਅਯੁਧਿਆ ਵਿਵਾਦ ਦੇ ਸੰਦਰਭ ਵਿਚ ਰਾਮ ਮੰਦਰ ਬਣਾਉਣ ਦੀ ਧੁੰਨ ਲਗਾ ਕੇ ਸਮਾਜ ਦੇ ਫਿਰਕੂ ਲੀਹਾਂ ਉਪਰ ਧਰੁਵੀਕਰਨ ਰਾਹੀਂ ਸਾਲ  2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੀ ਯੋਜਨਾ ਬਣਾਈ ਬੈਠੀ ਹੈ। ਭਾਜਪਾ ਤੇ ਇਸਦੇ ਸਹਿਯੋਗੀ ਸੰਗਠਨਾਂ ਤੋਂ ਬਿਨਾਂ ਹੋਰ ਕੋਈ ਵੀ ਰਾਜਸੀ ਦਲ ਜਾਂ ਸੰਸਥਾ ਨਹੀਂ ਹੈ, ਜੋ ਰਾਮ ਜਨਮ ਭੂਮੀ/ਬਾਬਰੀ ਮਸਜਿਦ ਵਿਵਾਦ ਬਾਰੇ ਸੁਪਰੀਮ ਕੋਰਟ ਦੇ ਕਿਸੇ ਵੀ ਸੰਭਾਵਿਤ ਫੈਸਲੇ ਨੂੰ ਮੰਨਣ ਤੋਂ ਆਨਾਕਾਨੀ ਕਰਦੀ ਹੋਵੇ। ਇਸੇ ਕਰਕੇ ਹੀ ਸੌੜੇ ਰਾਜਨੀਤਕ ਹਿਤਾਂ ਦੀ ਪ੍ਰਾਪਤੀ ਲਈ ਧਰਮ ਦਾ ਇਸਤੇਮਾਲ ਕਰਕੇ ਫਿਰਕਾਪ੍ਰਸਤੀ ਫੈਲਾਉਣ ਦੀ ਦੋਸ਼ੀ ਹੈ, ਭਾਜਪਾ। ਪ੍ਰੰਤੂ ਅਜਿਹੀ ਟਿੱਪਣੀ ਤੋਂ ਉਸਦੇ ਆਗੂ ਬਹੁਤ ਚਿੜਦੇ ਹਨ।
ਅਜੇਹੇ ਹਾਲਾਤ ਸਮਾਜ ਤੇ ਦੇਸ਼ ਦੇ ਵਿਕਾਸ  ਲਈ ਰਾਹ ਦਾ ਰੋੜਾ ਹਨ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਦੇ ਖਾਤਮੇਂ, ਬਰਾਬਰੀ ਵਾਲੇ ਸਮਾਜ ਤੇ ਅਮਨ ਸ਼ਾਂਤੀ ਦਾ ਮਾਹੌਲ ਸਿਰਜਣ ਲਈ ਸੰਘਰਸ਼ਸ਼ੀਲ ਤਾਕਤਾਂ ਦੇ ਵਾਧੇ ਲਈ ਭਾਰੀ ਔਕੜਾਂ ਪੇਸ਼ ਕਰਦੇ ਹਨ। ਲੋੜ ਹੈ ਕਿ ਆਮ ਲੋਕਾਂ ਨੂੰ ਧਰਮ ਨਿਰਪੱਖਤਾ ਤੇ ਫਿਰਕਾਪ੍ਰਸਤੀ, ਧਾਰਮਿਕ ਤੇ ਅੰਧਵਿਸ਼ਾਵਾਸੀ ਹੋਣ ਦੇ ਵੱਡੇ ਅੰਤਰ ਬਾਰੇ ਸਮਝਾਇਆ ਜਾਵੇ ਤਾਂ ਕਿ ਉਹ ਧਰਮ ਦੇ ਮਾਨਵਵਾਦੀ ਸਰੋਕਾਰਾਂ ਨਾਲ ਜੁੜਦੇ ਹੋਏ ਅੰਧ ਵਿਸ਼ਵਾਸ ਤੋਂ ਦੂਰ ਰਹਿਣ। ਇਸ ਤੋਂ ਬਿਨਾਂ ਸਮਾਜ ਦਾ ਹਕੀਕੀ ਲੋਕ ਪੱਖੀ ਵਿਕਾਸ ਕੀਤਾ ਜਾਣਾ ਅਸੰਭਵ ਹੈ।                          

– ਮੰਗਤ ਰਾਮ ਪਾਸਲਾ

Scroll To Top