ਭਿੱਖੀਵਿੰਡ :ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਮੱਖੀ ਕਲਾਂ ਵਿੱਚ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 56ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਮੋਰਚੇ ਵਿੱਚ ਖੇਤ ਮਜ਼ਦੂਰ ਪਰਿਵਾਰਾਂ ਸਮੇਤ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਦੇ ਹਾਕਮਾਂ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ ਬੇਜ਼ਮੀਨੇ ਅਤੇ ਦਲਿਤ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਝੂਠੀ ਸਾਬਿਤ ਹੋ ਰਹੀ ਹੈ। ਇਸ ਦੀ ਮਿਸਾਲ ਪਿੰਡ ਮੱਖੀ ਕਲਾਂ ਦੇ ਬੇਜ਼ਮੀਨੇ ਅਤੇ ਦਲਿਤ ਪਰਿਵਾਰਾਂ ਤੋਂ ਮਿਲਦੀ ਹੈ, ਜੋ ਪਿਛਲੇ 2 ਮਹੀਨੇ ਤੋਂ 5-5 ਮਰਲੇ ਦੇ ਪਲਾਟ ਲੈਣ ਲਈ ਰਾਤ ਦਿਨ ਦਾ ਪੱਕਾ ਮੋਰਚਾ ਲਗਾਈ ਬੈਠੇ ਹਨ। ਹਲਕਾ ਵਿਧਾਇਕ ਖੇਮਕਰਨ ਵੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ ਅਤੇ ਨਾ ਹੀ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਉਸ ਨਾਲ ਰਾਬਤਾ ਕਾਇਤ ਕੀਤਾ। ਇਨ੍ਹਾਂ ਆਗੂਆਂ ਨੇ ਹਲਕਾ ਵਿਧਾਇਕ ਖੇਮਕਰਨ ਅਤੇ ਡੀ ਸੀ ਤਰਨਤਾਰਨ ਤੋਂ ਮੰਗ ਕੀਤੀ ਕਿ ਬੇਜ਼ਮੀਨੇ ਅਤੇ ਦਲਿਤ ਪਰਿਵਾਰਾਂ ਨੂੰ ਪਲਾਟ ਅਲਾਟ ਕੀਤੇ ਜਾਣ।