
ਜੋਧਾਂ – ਪਿਛਲੇ ਦਿਨੀਂ ਕਸਬਾ ਜੋਧਾਂ ਦੇ ਨਜ਼ਦੀਕੀ ਪਿੰਡ ਢੈਪਈ ਵਿਖੇ ਇੱਕ ਵਿਅਕਤੀ ਨੈਬ ਸਿੰਘ ਦਾ ਪਿੰਡ ਦੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਭਾਵੇਂ ਕਿ ਵਿਅਕਤੀ ਨੇ ਕਤਲ ਕਰਨ ਤੋ ਬਾਅਦ ਆਪਣੇ ਆਪ ਨੂੰ ਪੁਲਿਸ ਅੱਗੇ ਪੇਸ਼ ਕਰ ਦਿੱਤਾ ਸੀ ਬਾਕੀ ਅਣਪਛਾਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ, ਨਗਰ ਨਿਵਾਸੀ ਪਿੰਡ ਢੈਪਈ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਪੁਲਿਸ ਥਾਣਾ ਜੋਧਾਂ ਵਿਖੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਦੀ ਕਾਤਲਾਂ ਨੂੰ ਨਾ ਫੜਨ ਤੇ ਢਿੱਲੀ ਕਾਰਗੁਜ਼ਾਰੀ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੁਲਿਸ ਥਾਣਾ ਜੋਧਾਂ ਦੇ ਮੁਖੀ ਰਾਹੀ ਐਸ ਐਸ ਪੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਜਗਰਾਉਂ ਨੂੰ ਮ੍ਰਿਤਕ ਦੀ ਪਤਨੀ ਮਹਿੰਦਰ ਕੌਰ, ਗੁਰਚਰਨ ਸਿੰਘ ਪੁੱਤਰ, ਕੁਲਜੀਤ ਕੌਰ ਨੂੰਹ, ਕੁਲਦੀਪ ਸਿੰਘ ਪੁੱਤਰ, ਪਾਲ ਸਿੰਘ, ਜਗਦੀਸ਼ ਸਿੰਘ ਤੇ ਮਹਿੰਦਰ ਸਿੰਘ ਭਰਾਵਾਂ ਅਤੇ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਰਘਬੀਰ ਸਿੰਘ ਬੈਨੀਪਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅੰਮ੍ਰਿਤਪਾਲ, ਜਸਵੰਤ ਧਾਲੀਆਂ, ਜਸਪਾਲ ਸਿੰਘ ਢੈਪਈ, ਸਾਬਕਾ ਸਰਪੰਚ ਹਰਜੀਤ ਸਿੰਘ, ਰਾਜ ਕੰਵਲ ਸਿੰਘ ਅਧਿਕਾਰਤ ਪੰਚ, ਦਲਬਾਰਾ ਸਿੰਘ, ਅਜੀਤ ਸਿੰਘ, ਨੰਬਰਦਾਰ ਬਲਦੇਵ ਸਿੰਘ, ਜਸਵਿੰਦਰ ਸਿੰਘ ਜੱਸਾ, ਮਹਿੰਦਰ ਸਿੰਘ ਢੈਪਈ, ਕੁਲਦੀਪ ਸਿੰਘ ਦੀ ਅਗਵਾਈ ਹੇਠ ਦਿੱਤੇ ਗਏ ਮੰਗ ਪੱਤਰ ਰਾਹੀ ਐਸਐਸਪੀ ਲੁਧਿਆਣਾ ਦਿਹਾਤੀ ਨੂੰ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਪੁਲਿਸ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਥਾਣਾ ਜੋਧਾਂ ਅੱਗੇ ਮ੍ਰਿਤਕ ਦੀ ਪਤਨੀ ਮਹਿੰਦਰ ਕੌਰ ਨੇ ਬੇਹੱਦ ਭਾਵੁਕ ਹੋ ਕੇ ਇਹ ਐਲਾਨ ਕਰ ਦਿੱਤਾ ਕਿ ਜੇਕਰ ਉਸ ਦੇ ਪਤੀ ਨੈਬ ਸਿੰਘ ਦੇ ਕਾਤਲਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਨਾ ਕੀਤਾ ਤਾਂ ਉਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਆਤਮਦਾਹ ਕੀਤਾ ਜਾਵੇਗਾ। ਸਮੂਹ ਨਗਰ ਨਿਵਾਸੀ, ਹੋਰ ਵੱਖ ਵੱਖ ਜਥੇਬੰਦੀਆਂ ਨੇ ਪਰਿਵਾਰ ਦਾ ਡਟ ਕੇ ਸਾਥ ਦਿੰਦਿਆਂ ਪੁਲਿਸ ਦੇ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕੀਤਾ। ਇਸੇ ਦੌਰਾਨ ਪੁਲਿਸ ਥਾਣਾ ਜੋਧਾਂ ਦੇ ਏ ਐਸ ਆਈ ਰੁਪਿੰਦਰ ਸਿੰਘ ਨੇ ਮੰਗ ਪੱਤਰ ਸਵੀਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਤਫ਼ਤੀਸ਼ ਥਾਣਾ ਜੋਧਾਂ ਦੇ ਮੁਖੀ ਜਸਬੀਰ ਸਿੰਘ ਖ਼ੁਦ ਕਰ ਰਹੇ ਹਨ ਉਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ।