ਤਰਨ ਤਾਰਨ, 14 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਬਾਬਾ ਸਾਹਿਬ ਬੀ ਆਰ ਅੰਬੇਦਕਰ ਦਾ 130 ਜਨਮ ਦਿਨ ਨਗਰ ਕੌਂਸਲ ਦਫਤਰ ਤਰਨ ਤਾਰਨ ਵਿਖੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਸ਼ੇਰ ਗਿੱਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਡੀਐਸਪੀ ਦਿਲਬਾਗ ਸਿੰਘ ਅਤੇ ਚੇਅਰਮੈਨ ਇੰਦਰਜੀਤ ਸਿੰਘ ਰਾਏਪੁਰ ਹਾਜਰ ਹੋਏ। ਇਸ ਮੌਕੇ ਡਾਕਟਰ ਅੰਬੇਦਕਰ ਦੀਆ ਦਲਿਤ ਸਮਾਜ ਨੂੰ ਬਰਾਬਰ ਚੁੱਕਣ ਲਈ ਉਨ੍ਹਾਂ ਦੀਆਂ ਘਾਲਨਾਵਾ ਨੂੰ ਯਾਦ ਕਰਦਿਆਂ ਸੈੰਟਰ ਆਫ ਟਰੇਡ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਡੋਰੀ, ਐਸਡੀਓ ਸੁਰਜੀਤ ਸਿੰਘ, ਨਿਰਮਾਣ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਕਨਵੀਨਰ ਧਰਮ ਸਿੰਘ ਪੱਟੀ, ਤਹਿਸੀਲ ਭਲਾਈ ਅਫਸਰ ਰਣਜੀਤ ਸਿੰਘ ਤਰਨ ਤਾਰਨ, ਰੋਡਵੇਜ ਮੁਲਾਜ਼ਮ ਆਗੂ ਕੁਲਵਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਖ਼ਿੱਤੇ ਵਿੱਚ ਸਦੀਆਂ ਤੋਂ ਪੱਛੜੀ ਜਾਤੀਗਤ ਧੁੰਦ ਨੂੰ ਚੀਰਨ ਵਾਲੇ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ, ਲੇਖਕ ਅਤੇ ਕ੍ਰਾਂਤੀਕਾਰੀ ਯੁੱਗ ਪੁਰਸ਼ ਡਾ. ਬੀ ਆਰ ਅੰਬੇਡਕਰ ਦਾ ਜਨਮ ਦਿਵਸ ਹੈ। ਡਾ ਬੀ ਆਰ ਅੰਬੇਡਕਰ ਸਾਬ ਦੀ ਘਾਲਣਾ ਅੱਗੇ ਸਿਰ ਝੁੱਕਦਾ ਹੈ, ਜਿਸ ਨੇ ਗੁਲਾਮ ਦੇਸ਼ ਵਿੱਚ ਬਹੁਤ ਹੀ ਸੀਮਤ ਸਾਧਨਾਂ ਦੇ ਹੁੰਦਿਆਂ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਨੂੰ ਸਮਾਜਿਕ ਚੇਤਨਾ ਦੀ ਜਾਗ ਲਾਈ ਸੀ। ਅੱਜ ਤੋਂ 100 ਸਾਲ ਪਹਿਲਾਂ ਇੰਗਲੈਂਡ ਵਿੱਚ ਪੜਾਈ ਕਰਕੇ ਵਧੀਆ ਕਰੀਅਰ ਚੁਣ ਲੈਣਾ ਅਤੇ ਉੱਥੇ ਹੀ ਆਪਣੇ ਆਪ ਨੂੰ ਸੈਟਲ ਕਰ ਲੈਣਾ, ਉਸ ਦੇ ਲਈ ਕੋਈ ਔਖਾ ਨਹੀਂ ਸੀ। ਭਾਰਤ ਆ ਕੇ ਵੀ ਆਪਣੀ ਅਕਾਦਮਿਕ ਅਤੇ ਬੌਧਿਕ ਯੋਗਤਾ ਦੇ ਸਿਰ ਤੇ ਡਾ ਅੰਬੇਡਕਰ ਸਾਬ ਕਿਸੇ ਵੀ ਅਹੁਦੇ ਤੇ ਨਿਯੁਕਤ ਹੋ ਸਕਦੇ ਸਨ। ਪਰ ਉਸ ਬਿਖੜੇ ਰਾਹਾਂ ਦੇ ਪਾਂਧੀ ਨੇ ਜਾਤੀ ਅਤੇ ਜਮਾਤੀ ਨਫ਼ਰਤ ਨੂੰ ਬਹੁਤ ਨੇੜਿਓ ਝੱਲਿਆ ਸੀ, ਉਹ ਮਨੂਵਾਦੀ ਜ਼ਹਿਰ ਦਾ ਖ਼ਾਤਮਾ ਕਰਕੇ ਆਪਣੇ ਵਰਗੇ ਕਰੋੜਾਂ ਲੋਕਾਂ ਦੀ ਮੁਕਤੀ ਲਈ ਲੜਣਾ ਚਾਹੁੰਦਾ ਸੀ। ਉਸ ਦੀ ਜਦੋ-ਜਹਿਦ ਨੇ ਬੇਸ਼ੱਕ ਉਸ ਗੰਦ ਨੂੰ ਪੂਰੀ ਤਰਾਂ ਨਹੀਂ ਹੂੰਝਿਆ, ਪਰ ਸਦੀਆਂ ਤੋਂ ਲਿਤਾੜੇ ਲੋਕਾਂ ਲਈ ਸ਼ਾਨ ਨਾਲ ਜਿਉਣ ਦੀ ਬੁਨਿਆਦ ਰੱਖ ਦਿੱਤੀ। ਇਸ ਮੌਕੇ ਸਤਨਾਮ ਸਿੰਘ, ਬਲਵੰਤ ਰਾਏ, ਰਾਜ ਕੁਮਾਰ, ਪ੍ਰਤਾਪ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
