
ਗੁਰਦਾਸਪੁਰ- ਅੱਜ ਇੱਥੇ ਵੱਖ-ਵੱਖ ਟਰੇਡ ਯੂਨੀਅਨ ਦੇ ਸਾਂਝੇ ਮੋਰਚੇ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਇਕੱਠੇ ਹੋ ਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ। ਦੇਸ਼ ਦੀਆਂ 10 ਟਰੇਡ ਯੂਨੀਅਨ ਦੇ ਸੱਦੇ ‘ਤੇ ਕੀਤੇ ਇਸ ਸੱਤਿਆ ਗ੍ਰਹਿ ਦੀ ਅਗਵਾਈ ਗੁਰਮੀਤ ਸਿੰਘ ਬਖਤਪੁਰ, ਰਘਬੀਰ ਸਿੰਘ ਵਿਰਕ, ਸੁਭਾਸ਼ ਕੈਰੇ ਅਤੇ ਜਸਵੰਤ ਸਿੰਘ ਬੁੱਟਰ ਨੇ ਕੀਤੀ। ਇਸ ਮੌਕੇ ਗੁਲਜ਼ਾਰ ਸਿੰਘ ਭੁਬਲੀ, ਅਸ਼ਵਨੀ ਕੁਮਾਰ ਹੈਪੀ, ਮੱਖਣ ਕੋਹਾੜ, ਨਿਰਮਲ ਸਿੰਘ ਬੋਪਾਰਾਏ, ਵਿਜੇ ਸੋਹਲ, ਵਰਿੰਦਰ ਕੌਰ, ਨਿਰਮਲ ਸਿੰਘ, ਫ਼ਤਿਹ ਚੰਦ, ਬਲਵਿੰਦਰ, ਜਸਵੀਰ ਆਦਿ ਨੇ ਸੰਬੋਧਨ ਕੀਤਾ। ਟਰੇਡ ਯੂਨੀਅਨ ਏਟਕ, ਸੀਟੂ, ਸੀਟੀਯੂ ਅਤੇ ਏਕਟੂ ਦੇ ਕਾਰਕੁਨਾਂ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮੈਂਬਰਾਂ ਨੇ ਖੁਦ ਨੂੰ ਪੁਲਸ ਸਾਹਮਣੇ ਗ੍ਰਿਫਤਾਰੀਆਂ ਲਈ ਪੇਸ਼ ਵੀ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਠਾਕੁਰ ਧਿਆਨ ਸਿੰਘ, ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ, ਰਣਬੀਰ ਸਿੰਘ ਵਿਰਕ, ਸੁਭਾਸ਼ ਕੈਰੇ ਅਤੇ ਜਸਵੰਤ ਸਿੰਘ ਬੁੱਟਰ ਨੇ ਕਿਹਾ ਕਿ ਕੇਂਦਰ ਸਰਕਾਰ ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੈ ਅਤੇ ਉਹ ਆਮ ਲੋਕਾਂ ਨੂੰ ਗੁੰਮਰਾਹ ਰਹੇ ਹਨ। ਇਸ ਮੌਕੇ ਧਰਨਾਕਾਰੀਆਂ ਨੇ ਕਿਰਤ ਕਾਨੂੰਨ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕਰਨ, ਮਨਰੇਗਾ ਨੂੰ 200 ਦਿਨ ਲਾਗੂ ਕਰਨ, ਆਂਗਣਵਾੜੀ, ਆਸ਼ਾ ਅਤੇ ਮਿਡ-ਡੇ ਮੀਲ ਸਮੇਤ ਹੋਰਨਾਂ ਸਕੀਮਾਂ ਤਹਿਤ ਤਾਇਨਾਤ ਵਰਕਰਾਂ ਨੂੰ ਘੱਟ ਤੋਂ ਘੱਟ ਉਜ਼ਰਤ ਦੇ ਘੇਰੇ ਵਿੱਚ ਲਿਆਉਣ, ਨਿੱਜੀਕਰਨ ਬੰਦ ਕਰਨ ਸਮੇਤ ਹੋਰਨਾਂ ਮੰਗਾਂ ਦੇ ਹੱਲ ਦੀ ਮੰਗ ਕੀਤੀ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।