
ਪਠਾਨਕੋਟ – ਕੇਂਦਰ ਵਿਚ ਕੰਮ ਕਰਦੀਆਂ ਸਾਂਝੀਆਂ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਪੂਰੇ ਭਾਰਤ ਵਿਚ ਜ਼ਿਲ੍ਹਾ ਹੈਡਕੁਆਰਟਰਾਂ ਉੱਤੇ 30 ਜਨਵਰੀ 2018 ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਸੱਤਿਆਗ੍ਰਹਿ ਕਰਕੇ ਵੱਡੀ ਗਿਣਤੀ ਵਿਚ ਜੇਲ੍ਹਾਂ ਭਰਨ ਵਾਸਤੇ ਪੇਸ਼ ਹੋਣਗੇ। ਇਸੇ ਫ਼ੈਸਲੇ ਦੀ ਲੜੀ ਵਿਚ ਅੱਜ ਜਿੱਲ੍ਹਾ ਪਠਾਨਕੋਟ ਸੈਂਕੜੇ ਵਰਕਰਾਂ ਤੇ ਕਿਰਤੀਆਂ ਨੇ ਏਟਕ,ਸੀਟੂ ਅਤੇ ਸੀ.ਟੀ.ਯੂ. ਪੰਜਾਬ ਦੇ ਸਾਂਝੇ ਬੈਨਰ ਹੇਠ ਡੀ.ਸੀ. ਦਫ਼ਤਰ ਅੱਗੇ ਇਕੱਠ ਕੀਤਾ ਅਤੇ ਰੋਸ ਮੁਜ਼ਾਹਰਾ ਵੀ ਕੀਤਾ। ਜਿਸ ਦੀ ਪ੍ਰਧਾਨਗੀ ਸਾਂਝੇ ਰੂਪ ਵਿਚ ਕਾਮਰੇਡ ਅਮਰੀਕ ਸਿੰਘ, ਵਿਨੋਦ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ, ਠਾਕੁਰ ਰਮੇਸ਼ ਸਿੰਘ, ਸੁਰਿੰਦਰ ਸਹਿਗਲ ਤੇ ਬਲਕਾਰ ਚੰਦ ਨੇ ਕੀਤੀ। ਸੱਤਿਆਗ੍ਰਹਿ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਨਿੱਜੀਕਰਨ, ਸੰਸਾਰੀਕਰਨ, ਤੇ ਉਦਾਰੀਕਰਨ ਦੀਆਂ ਨੀਤੀਆਂ ਕਾਰਨ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਮਿਹਨਤੀ ਲੋਕਾਂ ਦੀਆਂ ਜੀਵਨ ਹਾਲਤਾਂ ਲਗਾਤਾਰ ਹੇਠਾਂ ਡਿਗ ਰਹੀਆਂ ਹਨ। ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸਹੂਲਤਾਂ ਤੇ ਰੁਜ਼ਗਾਰ ਮਿਲਣਾ ਤਾਂ ਦੂਰ ਦੀ ਗਲ, ਸਾਫ਼ ਪੀਣ ਯੋਗ ਪਾਣੀ ਤੋਂ ਵੀ ਲੋਕ ਵਾਂਝੇ ਹੋ ਗਏ ਹਨ। ਵਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮਹੌਲ ਵਿਚ ਗ਼ਰੀਬੀ ਤੇ ਅਮੀਰੀ ਦਾ ਪਾੜਾ ਦਿਨੋ-ਦਿਨ ਵਧ ਰਿਹਾ ਹੈ। ਇਨ੍ਹਾਂ ਹਾਲਤਾਂ ਵਿਚ ਹਿੰਦੁਸਤਾਨ ਦਾ ਮਿਹਨਤਕਸ਼ ਕਿਰਤੀ ਸੱਤਿਆਗ੍ਰਹਿ ਕਰਨ ਵਾਸਤੇ ਮਜਬੂਰ ਹੋ ਗਿਆ ਹੈ। ਮਿਹਨਤਕਸ਼ ਤੇ ਕਿਰਤੀ ਨੂੰ ਜਿਉਂਦੇ ਰਹਿਣ ਵਾਸਤੇ ਉਸ ਦੀ ਘੱਟੋ-ਘਟ ਤਨਖ਼ਾਹ 18,000/- ਰੁਪਏ ਪ੍ਰਤੀ ਮਹੀਨਾ, 3,000/- ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਜਨਤਕ ਵੰਡ ਪ੍ਰਣਾਲੀ ਨੂੰ ਸਾਰਥਿਕ ਰੂਪ ਵਿਚ ਯਕੀਨੀ ਬਣਾਉਣਾ, ਉਸਾਰੀ ਕਾਨੂੰਨ ਤਹਿਤ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ, ਰੀਨੀਊਲ ਅਤੇ ਲਾਭਪਾਤਰੀ ਸਕੀਮਾਂ ਨੂੰ ਲਾਗੂ ਕਰਨ ਵਾਸਤੇ ਆਨ-ਲਾਈਨ ਦੇ ਨਾਲ-ਨਾਲ ਆਫ਼-ਲਾਈਨ ਵੀ ਜਾਰੀ ਰੱਖਣਾ, ਗੈਰ ਜਥੇਬੰਦ ਕਾਮਿਆਂ ਤੇ ਘਰੇਲੂ ਔਰਤਾਂ ਵਾਸਤੇ ਸਮਾਜਿਕ ਸੁਰੱਖਿਆ ਬੋਰਡ ਦਾ ਗਠਨ ਕਰਕੇ ਬਣਦੇ ਲਾਭ ਦੇਣੇ। ਮਨਰੇਗਾ ਸਕੀਮ ਅੰਦਰ ਕੰਮ ਕਰਦੇ ਮਜ਼ਦੂਰਾਂ ਦੀ ਘੱਟੋ-ਘਟ 600/- ਰੁਪਏ ਦਿਹਾੜੀ ਹੋਣੀ ਜ਼ਰੂਰੀ ਹੈ। ਉਪਰੋਕਤ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਮਹਿੰਦਰ ਪਾਲ, ਹਰਬੰਸ ਲਾਲ, ਨੱਥਾ ਸਿੰਘ, ਸੇਵਾ ਰਾਮ, ਕੇਵਲ ਕਾਲੀਆ, ਸ਼ਿਵ ਕੁਮਾਰ, ਧਿਆਨ ਸਿੰਘ, ਰਾਜ ਕੁਮਾਰ, ਮਾਸਟਰ ਪ੍ਰੇਮ ਸਾਗਰ, ਉਂਕਾਰ ਸਿੰਘ, ਬਿਕਰਮਜੀਤ, ਤਿਲਕ ਰਾਜ ਜੈਣੀ, ਬਲਬੀਰ ਸਿੰਘ, ਜਗਦੀਸ਼ ਰਾਜ ਬਿੱਲਾ, ਠਾਕੁਰ ਰਾਮ ਬਿਲਾਸ, ਆਦਿ ਨੇ ਸੰਬੋਧਨ ਕੀਤਾ। ਅੱਖਰ ਤੇ ਪ੍ਰਧਾਨਗੀ ਮੰਡਲ ਵਿਚੋਂ ਮਾਸਟਰ ਸੁਭਾਸ਼ ਸ਼ਰਮਾ ਨੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਆਉਣ ਵਾਲੇ ਸਮੇਂ ਵਿਚ ਦੇਸ ਵਿਆਪੀ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।