Now Reading
ਜੇ.ਐਨ.ਯੂ. ਵਿਦਿਆਰਥੀ ਚੋਣਾਂ ‘ਚ ਖੱਬੀ ਧਿਰ ਨੇ ਇਕ ਵਾਰ ਮੁੜ ਝੰਡੇ ਗੱਡੇ

ਜੇ.ਐਨ.ਯੂ. ਵਿਦਿਆਰਥੀ ਚੋਣਾਂ ‘ਚ ਖੱਬੀ ਧਿਰ ਨੇ ਇਕ ਵਾਰ ਮੁੜ ਝੰਡੇ ਗੱਡੇ

ਜੇ.ਐਨ.ਯੂ. ਵਿਦਿਆਰਥੀ ਚੋਣਾਂ ‘ਚ ਖੱਬੀ ਧਿਰ ਨੇ ਇਕ ਵਾਰ ਮੁੜ ਝੰਡੇ ਗੱਡੇ
ਸੰਸਾਰ ਭਰ ਵਿਚ ਸਿੱਖਿਆ ਦੇ ਮਾਮਲੇ ਵਿਚ ਉਘਾ ਥਾਂ ਰੱਖਦੀ ਦੇਸ਼ ਦੀ ਪ੍ਰਮੁੱਖ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੀ ਵਿਦਿਆਰਥੀ ਯੂਨੀਅਨ  ਦੀਆਂ ਚੋਣਾਂ ਪਿਛਲੇ ਦਿਨੀਂ ਹੋਈਆਂ। ਇਹ ਚੋਣਾਂ ਮੁੱਖ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਵਲੋਂ ‘ਯੂਨਾਇਟਿਡ ਲੈਫਟ’ ਨਾਂਅ ‘ਤੇ ਸਾਂਝਾ ਮੋਰਚਾ ਬਣਾਕੇ ਲੜੀਆਂ ਗਈਆਂ ਸਨ।
‘ਯੂਨਾਇਟਿਡ ਲੈਫਟ’ ਦੇ ਉਮੀਦਵਾਰਾਂ ਨੇ ਵਿਦਿਆਰਥੀ ਯੂਨੀਅਨ ਦੇ ਚਾਰਾਂ ਹੀ ਮੁੱਖ ਅਹੁਦਿਆਂ ‘ਤੇ ਜਿੱਤ ਹਾਸਲ ਕੀਤੀ। ਐਸ.ਐਫ.ਆਈ. ਦੀ ਆਇਸ਼ੇ ਘੋਸ਼ ਨੇ 5728 ਵੋਟਾਂ ਲੈਂਦੇ ਹੋਏ ਪ੍ਰਧਾਨ ਦੇ ਅਹੁਦੇ ‘ਤੇ ਕਬਜ਼ਾ ਕੀਤਾ ਅਤੇ ਆਪਣੀ ਮੁੱਖ ਵਿਰੋਧੀ ਆਰ.ਐਸ.ਐਸ. ਤੇ ਬੀ.ਜੇ.ਪੀ. ਦੇ ਵਿਦਿਆਰਥੀ ਵਿੰਗ ਦੇ ਉਮੀਦਵਾਰ ਨੂੰ ਮਾਤ ਦਿੱਤੀ, ਜਿਸਨੂੰ ਸਿਰਫ 2313 ਵੋਟਾਂ ਹੀ ਮਿਲੀਆਂ। ਮੀਤ ਪ੍ਰਧਾਨ ਦੇ ਅਹੁਦੇ ‘ਤੇ ‘ਯੂਨਾਇਟਿਡ ਲੈਫਟ’ ਦੇ ਉਮੀਦਵਾਰ ਡੀ.ਐਸ.ਐਫ. ਦੇ ਸਾਕੇਤ ਮੂਨ ਨੇ ਜਿੱਤ ਹਾਸਲ ਕੀਤੀ ਅਤੇ ਉਨ੍ਹਾਂ ਏ.ਬੀ.ਵੀ.ਪੀ. ਦੀ ਸ਼ਰੂਤੀ ਅਗਨੀਹੋਤਰੀ ਨੂੰ ਉਸ ਤੋਂ ਢਾਈ ਗੁਣਾਂ ਵੱਧ ਵੋਟਾਂ ਲੈਂਦੇ ਹੋਏ ਮਾਤ ਦਿੱਤੀ।
ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ‘ਤੇ ‘ਯੂਨਾਇਟਿਡ ਲੈਫਟ’ ਦੇ ਉਮੀਦਵਾਰ ਆਇਸਾ ਦੇ ਸਤੀਸ਼ ਚੰਦਰ ਯਾਦਵ ਨੇ ਜਿੱਤ ਹਾਸਲ ਕੀਤੀ ਅਤੇ ਉਪ ਸਕੱਤਰ ਦੇ ਅਹੁਦੇ ‘ਤੇ ਏ.ਆਈ.ਐਸ.ਐਫ. ਦੇ ਮੁਹੰਮਦ ਦਾਨਿਸ਼ ਨੇ ਕਬਜ਼ਾ ਕੀਤਾ। ਉਨ੍ਹਾਂ ਵੀ ਏ.ਬੀ.ਵੀ.ਪੀ. ਦੇ ਉਮੀਦਵਾਰ ਨੂੰ ਹਰਾਇਆ। ਖੱਬੀ ਧਿਰ ਨੇ ਆਪਣੇ ਵੋਟ ਨੂੰ ਵੀ ਵਧਾਇਆ ਹੈ, ਇਹ ਪਿਛਲੇ ਸਾਲ ਨਾਲੋਂ 5% ਵੱਧਕੇ 50.15% ਹੋ ਗਿਆ ਹੈ। ਜਦੋਂ ਕਿ ਏ.ਬੀ.ਵੀ.ਪੀ. ਨੇ 23.2% ਵੋਟਾਂ ਹਾਸਲ ਕੀਤੀਆਂ ਹਨ।
ਇੱਥੇ ਇਹ ਵਰਣਨਯੋਗ ਹੈ ਕਿ ਜਦੋਂ ਤੋਂ ਕੇਂਦਰ ਵਿਚ ਬੀ.ਜੇ.ਪੀ. ਦੀ ਅਗਵਾਈ ਵਾਲੀ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਉਹ ਇਸ ਯੂਨੀਵਰਸਿਟੀ, ਜਿਹੜੀ ਕਿ ਧਰਮ ਨਿਰਪੱਖਤਾ, ਜਮਹੂਰੀਅਤ ਦੇ ਸਿੱਖਿਆ ਦੇ ਖੇਤਰ ਵਿਚ ਵਿਗਿਆਨਕ ਲੀਹਾਂ ਦੀ ਝੰਡਾਬਰਦਾਰ ਹੋਣ ਕਰਕੇ ਸਮੁੱਚੀ ਦੁਨੀਆਂ ਦੇ ਬੌਧਿਕ ਹਲਕਿਆਂ ਵਿਚ ਵਕਾਰੀ ਥਾਂ ਰੱਖਦੀ ਹੈ, ਨੂੰ ਖਤਮ ਕਰਨਾ ਚਾਹੁੰਦੀ ਹੈ। ਉਸੇ ਸਿਲਸਿਲੇ ਵਿਚ ਉਸਨੇ ਸਭ ਤੋਂ ਪਹਿਲਾਂ ਹਮਲਾ ਇਸਦੀ ਵਿਦਿਆਰਥੀ ਯੂਨੀਅਨ ‘ਤੇ ਕੀਤਾ ਸੀ ਜਦੋਂ ਉਸਨੇ ਇਸਦੇ ਚੁਣੇ ਹੋਏ ਪ੍ਰਧਾਨ ਸਾਥੀ ਕਨਹੈਇਆ ਕੁਮਾਰ ਉਤੇ ਝੂਠੇ ਕੇਸ ਬਣਾਏ ਅਤੇ ਕੋਰਟ ਵਿਚ ਪੇਸ਼ੀ ਦੌਰਾਨ ਆਰ.ਐਸ.ਐਸ. ਦੇ ਗੁੰਡਿਆਂ ਨੇ ਉਸ ਉਤੇ ਹਮਲਾ ਵੀ ਕੀਤਾ ਸੀ। ਇਨ੍ਹਾਂ ਸਭ ਮੁਖਾਲਫ ਸਥਿਤੀਆਂ ਦੇ ਬਾਵਜੂਦ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਅਗਵਾਈ ਵਿਚ ਆਪਣਾ ਸੰਘਰਸ਼ ਜਾਰੀ ਰੱਖ ਰਹੇ ਹਨ।  ਵਿਦਿਆਰਥੀ ਯੂਨੀਅਨ ਚੋਣਾਂ ਵਿਚ ‘ਯੂਨਾਇਟਿਡ ਲੈਫਟ’ ਦੀ ਜਿੱਤ ਇਸ ਸੰਘਰਸ਼ ਦੀ ਹੀ ਇਕ ਕੜੀ ਹੈ।

Scroll To Top