ਕੇਂਦਰੀ ਕਮੇਟੀ ਦੇ ਸੱਦੇ ‘ਤੇ ਮਨਾਇਆ ਗਿਆ ਲੋਕ ਲਾਮਬੰਦੀ ਹਫਤਾ ਸੂਬੇ ਭਰ ਵਿਚ ਜ਼ਿਲ੍ਹਾ ਕੇਂਦਰਾਂ ‘ਤੇ ਮੁਜ਼ਾਹਰੇ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ 8 ਤੋਂ 10 ਦਿਸੰਬਰ ਤੱਕ ਜਲੰਧਰ ਵਿਖੇ ਹੋਈ ਕੇਂਦਰੀ ਕਮੇਟੀ ਮੀਟਿੰਗ ਵਲੋਂ 30 ਜਨਵਰੀ ਤੋਂ 6 ਫਰਵਰੀ ਤੱਕ ਦੇ ਹਫਤੇ ਨੂੰ ਜਨਤਕ ਲਾਮਬੰਦੀ ਹਫਤੇ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਉਸ ਸੱਦੇ ਮੁਤਾਬਕ ਹਫਤੇ ਭਰ ਪੰਜਾਬ ਵਿਚ ਜ਼ਿਲ੍ਹਾ ਕੇਂਦਰਾਂ ‘ਤੇ ਲੋਕਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਪਾਤੀ ਲਈ ਮੁਜ਼ਾਹਰੇ ਕੀਤੇ ਗਏ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਪ੍ਰਾਂਤ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਭੇਜੇ ਗਏ।
ਮੰਗ ਪੱਤਰ ਵਿਚ ਸ਼ਾਮਲ ਮੰਗਾਂ ਹਨ :
ਮਹਿੰਗਾਈ ਨੂੰ ਨੱਥ ਪਾਉਣ ਲਈ ਜਨਤਕ ਵੰਡ ਪ੍ਰਣਾਲੀ, ਭਾਵ ਜ਼ਰੂਰੀ ਵਸਤਾਂ ਸਰਕਾਰੀ ਦੁਕਾਨਾਂ ਰਾਹੀਂ ਸਸਤੇ ਮੁੱਲ ‘ਤੇ ਸਪਲਾਈ ਕਰਨ ਦੀ ਕਾਰਗਰ ਵਿਵਸਥਾ ਬਣਾਈ ਜਾਵੇ ਅਤੇ ਹਰ ਤਰ੍ਹਾਂ ਦੇ ਪ੍ਰਚੂਨ ਵਪਾਰ ਵਿਚ ਬਹੁਕੌਮੀ ਕੰਪਣੀਆਂ ਦੀ ਆਮਦ ‘ਤੇ ਰੋਕ ਲਾਈ ਜਾਵੇ। ਰੁਜ਼ਗਾਰ ਪੈਦਾ ਕਰਨ ਲਈ ਮਨਰੇਗਾ ਨੂੰ ਪੂਰਨ ਰੂਪ ਵਿਚ ਲਾਗੂ ਕਰਦੇ ਹੋਏ, ਇਸਦਾ ਪਸਾਰ ਕੀਤਾ ਜਾਵੇ ਅਤੇ ਦਿਹਾੜੀ 600 ਰੁਪਏ ਕੀਤੀ ਜਾਵੇ। ਸਾਰੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਤੇ ਵਿਭਾਗਾਂ ਦੀਆਂ ਖਾਲੀ ਤੇ ਖਤਮ ਕੀਤੀਆਂ ਗਈਆਂ ਨੌਕਰੀਆਂ ਰੈਗੂਲਰ ਤੌਰ ‘ਤੇ ਪੂਰੇ ਤਨਖਾਹ ਸਕੇਲਾਂ ਵਿਚ ਤੁਰੰਤ ਭਰੀਆਂ ਜਾਣ। ਬੇਜ਼ਮੀਨੇ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣ ਅਤੇ ਘਰ ਬਨਾਉਣ ਲਈ ਢੁਕਵੀਆਂ ਗਰਾਂਟਾਂ ਦਿੱਤੀਆਂ ਜਾਣ। ਸ਼ਹਿਰੀ ਮਜ਼ਦੂਰਾਂ ਲਈ ਰਹਿਣਯੋਗ ਘਰ ਬਣਾਏ ਜਾਣ। ਮਜ਼ਦੂਰਾਂ ਤੇ ਕਿਸਾਨਾਂ ਦੇ ਸਾਰੇ ਪਿਛਲੇ ਕਰਜ਼ੇ ਮੁਆਫ ਕੀਤੇ ਜਾਣ। ਖੇਤੀ ਲਾਗਤਾਂ ਦੀਆਂ ਕੀਮਤਾਂ ਘਟਾਈਆਂ ਜਾਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਾਰੀਆਂ ਖੇਤੀ ਜਿਣਸਾਂ ਦੇ ਭਾਅ ਨੀਯਤ ਕਰਕੇ ਉਹਨਾਂ ਦੀ ਸਰਕਾਰੀ ਪੱਧਰ ‘ਤੇ ਖਰੀਦ ਦੀ ਗਰੰਟੀ ਕੀਤੀ ਜਾਵੇ। ਬਾਰਡਰ ਤੇ ਕੰਢੀ ਖੇਤਰਾਂ ਦੇ ਮਜ਼ਦੂਰਾਂ, ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ ਅਤੇ ਆਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਕਿਰਤ ਕਾਨੂੰਨਾਂ ਵਿਚ ਪ੍ਰਸਤਾਵਿਤ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਈਆਂ ਜਾਣ। ਗੈਰ ਹੁਨਰਮੰਦ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ 18000 ਰੁਪਏ ਮਾਸਕ ਤੈਅ ਕੀਤੀਆਂ ਜਾਣ। ਨਿਰਮਾਣ ਮਜਦੂਰਾਂ ਦੀ ਆਫ-ਲਾਈਨ ਰਜਿਸਟਰੇਸ਼ਨ ਤੁਰੰਤ ਸ਼ੁਰੂ ਕੀਤੀ ਜਾਵੇ। ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਆਦਿ ਨੂੰ ਟੈਕਸ ਮੁਕਤ ਕੀਤਾ ਜਾਵੇ ਅਤੇ ਬਿਜਲੀ ਦੀਆਂ ਦਰਾਂ ਘਟਾ ਕੇ ਅੱਧੀਆਂ ਕੀਤੀਆਂ ਜਾਣ। ਮਜ਼ਦੂਰਾਂ ਦੀ ਘਰੇਲੂ ਖਪਤ ਲਈ ਬਿਜਲੀ ਮੁਫ਼ਤ ਦਿੱਤੀ ਜਾਵੇ। ਰੁਜ਼ਗਾਰ ਦੇ ਅਧਿਕਾਰ ਨੂੰ ਮੁਢਲੇ ਸੰਵਿਧਾਨਕ ਅਧਿਕਾਰਾਂ ਵਿਚ ਸ਼ਾਮਲ ਕੀਤਾ ਜਾਵੇ ਅਤੇ ਬੇਰੁਜ਼ਗਾਰਾਂ ਨੂੰ ਢੁਕਵਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਬੁਢਾਪਾ, ਵਿਧਵਾ ਤੇ ਬੇਸਹਾਰਾ ਪੈਨਸ਼ਨ ਘੱਟੋ ਘੱਟ 3000 ਰੁਪਏ ਮਾਸਕ ਕੀਤੀ ਜਾਵੇ। ਸਾਰੇ ਕੱਚੇ ਤੇ ਮਾਣ ਭੱਤੇ ‘ਤੇ ਕੰਮ ਕਰਦੇ ਮੁਲਾਜ਼ਮ ਰੈਗੂਲਰ ਕੀਤੇ ਜਾਣ ਅਤੇ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕੀਤੀ ਜਾਵੇ। ਸਿੱਖਿਆ ਤੇ ਸਿਹਤ ਸੇਵਾਵਾਂ ਦੇ ਸਰਕਾਰੀ ਢਾਂਚੇ ਨੂੰ ਮਜ਼ਬੂਤ ਬਣਾਇਆ ਜਾਵੇ। ਸਾਰੇ ਬੱਚਿਆਂ ਲਈ ਬਰਾਬਰ ਤੇ ਮਿਆਰੀ ਸਿੱਖਿਆ ਯਕੀਨੀ ਬਣਾਈ ਜਾਵੇ। ਪਿੰਡਾਂ ਤੇ ਮਜ਼ਦੂਰ-ਬਸਤੀਆਂ ਵਿਚ ਮੁਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਢੁਕਵੀਂ ਟਰੇਨਿੰਗ ਦੇ ਕੇ ਰਜਿਸਟਰ ਕੀਤਾ ਜਾਵੇ। ਨਸ਼ਿਆਂ ਦੇ ਨਾਜਾਇਜ਼ ਕਾਰੋਬਾਰ ਨੂੰ ਸਖਤੀ ਨਾਲ ਰੋਕਣ ਵਾਸਤੇ ਨਸ਼ਾ ਤਸਕਰਾਂ, ਪ੍ਰਸ਼ਾਸਨਿਕ ਤੇ ਪੁਲਸ ਅਫਸਰਾਂ ਅਤੇ ਸਿਆਸਤਦਾਨਾਂ ਦੀ ਘਾਤਕ ਤਰਿਕੜੀ ਨੂੰ ਤੋੜਿਆ ਜਾਵੇ। ਨਸ਼ਾਖੋਰੀ ਦੇ ਸ਼ਿਕਾਰ ਵਿਅਕਤੀਆਂ ਦੀ ਪੁਨਰ ਸਥਾਪਤੀ ਲਈ ਅਸਰਦਾਰ ਯੋਜਨਾਬੰਦੀ ਕੀਤੀ ਜਾਵੇ। ਸੰਵਿਧਾਨਕ ਜਮਹੂਰੀ ਸੰਸਥਾਵਾਂ ਨੂੰ ਅਤੇ ਧਰਮ-ਨਿਰਪੱਖਤਾ ‘ਤੇ ਆਧਾਰਤ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਧਰਮ ਤੇ ਸਿਆਸਤ ਨੂੰ ਰਲਗੱਡ ਕਰਨਾ ਬੰਦ ਕੀਤਾ ਜਾਵੇ। ਚੰਡੀਗੜ੍ਹ ਸਮੇਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕੀਤੇ ਜਾਣ ਅਤੇ ਦਰਿਆਈ ਪਾਣੀਆਂ ਦੀ ਰੀਪੇਰੀਅਨ ਅਸੂਲਾਂ ਅਨੁਸਾਰ ਅਤੇ ਸਬੰਧਤ ਰਾਜਾਂ ਦੀਆਂ ਲੋੜਾਂ ਅਨੁਸਾਰ ਨਿਆਈਂ ਵੰਡ ਕੀਤੀ ਜਾਵੇ। ਪੰਜਾਬੀ ਭਾਸ਼ਾ ਨੂੰ ਸਾਰੇ ਸਰਕਾਰੀ ਤੇ ਅਦਾਲਤੀ ਕੰਮਾਂ ਵਿਚ ਅਤੇ ਸਿੱਖਿਆ ਦੇ ਮਾਧਿਅਮ ਵਜੋਂ ਪ੍ਰਾਂਤ ਅੰਦਰ ਮੁਕੰਮਲ ਰੂਪ ਵਿਚ ਲਾਗੂ ਕੀਤਾ ਜਾਵੇ। ਗੁਆਂਢੀ ਮੁਲਕਾਂ ਨਾਲ ਗੱਲਬਾਤ ਰਾਹੀਂ ਸਾਰੇ ਮਸਲੇ ਨਿਪਟਾ ਕੇ ਸੰਬੰਧ ਸੁਧਾਰੇ ਜਾਣ। ਰਿਸ਼ਵਤਖੋਰਾਂ, ਸਮਾਜਿਕ ਜਬਰ ਦੇ ਦੋਸ਼ੀਆਂ, ਔਰਤਾਂ ‘ਤੇ ਅੱਤਿਆਚਾਰ ਕਰਨ ਵਾਲਿਆਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈਆਂ ਦੀ ਵਿਵਸਥਾ ਕੀਤੀ ਜਾਵੇ।
ਸੂਬਾ ਦਫਤਰ ਨੂੰ ਵੱਖ ਵੱਖ ਜ਼ਿਲ੍ਹਿਆਂ ਵਿਚ ਹੋਏ ਮੁਜ਼ਾਹਰਿਆਂ ਦੀਆਂ ਪੁੱਜੀਆਂ ਰਿਪੋਰਟਾਂ :
ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਜ਼ਿਲ੍ਹਾ ਇਕਾਈ ਵੱਲੋਂ ਕੇਂਦਰੀ ਕਮੇਟੀ ਦੇ ਸੱਦੇ ‘ਤੇ ਲੋਕਾਂ ਦੀਆਂ ਭੱਖਵੀਆਂ ਮੰਗਾਂ ਦੀ ਪ੍ਰਾਪਤੀ ਹਿੱਤ ਲੋਕ ਲਾਮਬੰਦੀ ਕਰਨ ਲਈ 30 ਜਨਵਰੀ ਤੋਂ 6 ਫਰਵਰੀ ਤੱਕ ਜ਼ਿਲ੍ਹਾ ਕੇਂਦਰਾਂ ‘ਤੇ ਮੁਜ਼ਾਹਰੇ ਕਰਨ ਦੇ ਸੱਦੇ ‘ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਸੈਂਕੜੇ ਕਾਰਕੁੰਨ ਇਕੱਤਰ ਹੋਏ। ਇਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਪਾਰਟੀਆਂ ਹੀ ਚੋਣਾਂ ਜਿੱਤਣ ਲਈ ਗੈਰ ਜ਼ਰੂਰੀ ਤੇ ਜਜ਼ਬਾਤੀ ਮੁੱਦੇ ਉਭਾਰ ਰਹੀਆਂ ਹਨ ਅਤੇ ਲੋਕਾਂ ਦੇ ਅਸਲੀ ਮੁੱਦੇ ਨਜ਼ਰ ਅੰਦਾਜ਼ ਕਰ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਤੀ ਦੇ ਸੰਕਟ ਦੇ ਹੋਰ ਡੂੰਘੇ ਹੋਣ ਨਾਲ ਖੇਤ ਮਜ਼ਦੂਰਾਂ ਸਮੇਤ ਹਰ ਵਰਗ ਦੀ ਹਾਲਤ ਪਹਿਲਾਂ ਨਾਲੋਂ ਮਾੜੀ ਹੋ ਰਹੀ ਹੈ। ਦੇਸ਼ ਦੇ ਹਾਕਮ ਅਤੇ ਪੂੰਜੀਪਤੀ ਦੋਹੀਂ ਹੱਥੀ ਲੁੱਟ ਮਚਾ ਰਹੇ ਹਨ। ਦੇਸ਼ ਦੇ ਕੁਦਰਤੀ ਸੋਮੇ ਜਲ, ਜੰਗਲ ਅਤੇ ਜ਼ਮੀਨ ਨੂੰ ਖੋਰਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਖੱਬੀਆਂ ਸ਼ਕਤੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਤਾਂ ਜੋ ਭਾਜਪਾ ਤੇ ਉਸਦੇ ਸਹਿਯੋਗੀਆਂ ਨੂੰ ਚੋਣਾਂ ਵਿਚ ਮੁਕੰਮਲ ਰੂਪ ਵਿਚ ਭਾਂਜ ਦਿੱਤੀ ਜਾ ਸਕੇ ਅਤੇ ਲੋਕ ਮਾਰੂ ਨਵਉਦਾਰਵਾਦੀ ਨੀਤੀਆਂ ਦਾ ਖੂੰਨੀ ਪੰਜਾ ਤੋੜਨ ਲਈ ਵੀ ਖੱਬੀ ਧਿਰ ਨੂੰ ਮਜ਼ਬੂਤ ਤੇ ਸਮਰਥ ਬਣਾਇਆ ਜਾ ਸਕੇ।
ਇਸ ਇਕੱਠ ਦੀ ਪ੍ਰਧਾਨਗੀ ਜ਼ਿਲ੍ਹਾ ਖਜ਼ਾਨਚੀ ਸਾਥੀ ਸੰਤੋਖ ਸਿੰਘ ਬਿਲਗਾ, ਨਿਰਮਲ ਆਧੀ, ਨਿਰਮਲ ਸਿੰਘ ਮਲਸੀਆਂ ਅਤੇ ਰਾਮ ਕਿਸ਼ਨ ਨੇ ਕੀਤੀ।
ਪਠਾਨਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ ‘ਤੇ ਜਿਲ੍ਹਾ ਪਠਾਨਕੋਟ ਤੋਂ ਆਏ ਸੈਂਕੜੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮੇਹਨਤੀ ਲੋਕਾਂ ਵਲੋਂ ਕਾਮਰੇਡ ਦਲਬੀਰ ਸਿੰਘ ਅਤੇ ਮਾਸਟਰ ਜਨਕ ਕੁਮਾਰ ਸਰਨਾ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਉਪਰੰਤ ਡਿਪਟੀ ਕਮਿਸ਼ਨਰ ਜਿਲ੍ਹਾ ਪਠਾਨਕੋਟ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਲੋਕਾਂ ਦੇ ਜੀਵਨ ਨਾਲ ਜੁੜੀਆਂ ਮੁੱਖ ਮੰਗਾਂ ਅਤੇ ਹੋਰ ਮਸਲਿਆਂ ਦੇ ਹੱਲ ਲਈ ਮੰਗ ਪੱਤਰ ਭੇਜਿਆ ।
ਰੈਲੀ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਆਗੂਆਂ ਕਾਮਰੇਡ ਲਾਲ ਚੰਦ ਕਟਾਰੂਚੱਕ, ਨੱਥਾ ਸਿੰਘ ਢਡਵਾਲ, ਹਰਿੰਦਰ ਸਿੰਘ ਰੰਧਾਵਾ ਅਤੇ ਸ਼ਿਵ ਕੁਮਾਰ ਨੇ ਸਾਂਝੇ ਤੌਰ ਉਤੇ ਕਿਹਾ ਕਿ ਕੇਂਦਰ ‘ਚ ਭਾਜਪਾ ਦੀ ਮੋਦੀ ਸਰਕਾਰ ਨੇ 2014 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਅਨੇਕਾਂ ਵਾਅਦੇ ਕੀਤੇ ਜੋ ਅੱਜ ਪੂਰੇ ਨਹੀਂ ਕੀਤੇ ਹੁਣ 2019 ਦੀਆਂ ਚੋਣਾਂ ਜਿੱਤਣ ਲਈ ਲੋਕਾਂ ਦਾ ਧਿਆਨ ਮਹਿੰਗਾਈ, ਬੇਰੁਜ਼ਗਾਰੀ ਵਰਗੇ ਭਰਿਸ਼ਟਾਚਾਰ ਜਿਹੇ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਲੋਕਾਂ ਨੂੰ ਧਰਮ ਤੇ ਜਾਤਪਾਤ ਵਿੱਚ ਵੰਡਣ ਅਤੇ ਮੰਦਰ ਬਣਕੇ ਰਹੇਗਾ, ਗੈਰ ਰਾਜਨੀਤਕ ਮੁੱਦੇ ਉਛਾਲੇ ਜਾ ਰਹੇ ਹਨ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੀ ਚੋਣਾਂ ਵਿੱਚ ਕੀਤੇ ਵਾਅਦਿਆਂ ਨੂੰ ਲਗਾਤਾਰ ਅਣਡਿੱਠ ਕਰ ਰਹੀ ਹੈ । ਆਗੂਆਂ ਨੇ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਹਨਾਂ ਜੁਮਲੇਬਾਜ਼ ਪਾਰਟੀਆਂ ਨੂੰ ਪਿਛਲੇ ਸਮੇਂ ਵਿੱਚ ਕੀਤੇ ਵਾਅਦਿਆਂ ਬਾਰੇ ਇਕੱਠੇ ਹੋ ਕੇ ਪਿੰਡ-ਪਿੰਡ ਗਲੀ ਮੁਹੱਲੇ ਸਵਾਲ ਜਰੂਰ ਕਰਨ ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਵ ਸਾਥੀ ਬਲਵੰਤ ਸਿੰਘ ਘੋਹ, ਪਰੇਮ ਸਾਗਰ, ਜਸਵੰਤ ਸਿੰਘ ਬੁੱਟਰ, ਰਵੀ ਕੁਮਾਰ, ਅਜੀਤ ਰਾਮ ਗੰਦਲਾਂ ਲਾਹੜੀ, ਬਲਬੀਰ ਸਿੰਘ ਬੇੜੀਆਂ, ਦੇਵ ਰਾਜ ਸੁਜਾਨਪੁਰ, ਰਘਬੀਰ ਸਿੰਘ ਧਲੌਰੀਆਂ, ਹੇਮ ਰਾਜ, ਰਾਮ ਬਿਲਾਸ ਠਾਕੁਰ, ਤਿਲਕ ਰਾਜ ਜਿਆਣੀ ਅਤੇ ਹੋਰ ਸਾਥੀਆਂ ਆਪਣੇ ਵਿਚਾਰ ਰੱਖੇ ਸਨ।
ਹੁਸ਼ਿਆਰਪੁਰ : ਭਾਰਤੀ ਇੰਨਕਲਾਬੀ ਮਾਰਕਸੀ ਪਾਰਟੀ (ਆਰ.ਐਮ.ਪੀ.ਆਈ.) ਦੀ ਜ਼ਿਲ੍ਹਾ ਇਕਾਈ ਵਲੋਂ 1 ਫਰਵਰੀ ਨੂੰ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਇੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਾਥੀ ਗੰਗਾ ਪ੍ਰਸ਼ਾਦ, ਸਾਥੀ ਗਿਆਨ ਸਿੰਘ ਗੁਪਤਾ, ਸਾਥੀ ਸਵਰਨ ਸਿੰਘ ਅਤੇ ਪ੍ਰਿੰਸੀਪਲ ਪਿਆਰਾ ਸਿੰਘ ਨੇ ਕੀਤੀ ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਕੰਵਲ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਰੈਲੀ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਰੈਲੀ ਨੂੰ ਪ੍ਰਧਾਨਗੀ ਮੰਡਲ ਤੋਂ ਇਲਾਵਾ ਸਰਵਜੀਤ ਸਿੰਘ, ਜੋਧ ਸਿੰਘ, ਹੁਸਨ ਲਾਲ ਰਾਹੀ, ਡਾ. ਤਰਲੋਚਨ ਸਿੰਘ, ਸੱਤਪਾਲ ਲੱਠ, ਕੇਸਰ ਸਿੰਘ ਬੰਸੀਆਂ, ਸ਼ਿਵ ਕੁਮਾਰ ਤਲਵਾੜਾ, ਦਵਿੰਦਰ ਸਿੰਘ ਕੱਕੋਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਰੈਲੀ ਦੇ ਅੰਤ ਵਿੱਚ ਸਾਥੀ ਹਰਕੰਵਲ ਸਿੰਘ ਨੇ ਹੋਕਾ ਦਿੱਤਾ ਕਿ ਜਿਲ੍ਹੇ ਦੇ ਕੋਨੇ-ਕੋਨੇ ਤੱਕ ਪਾਰਟੀ ਦਾ ਸੁਨੇਹਾ ਪੁੱਜਦਾ ਕੀਤਾ ਜਾਵੇ ਅਤੇ ਲੋਕਾਂ ਨੂੰ ਚੇਤਨ ਕਰਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਲਾਮਬੰਦ ਕੀਤਾ ਜਾਵੇ।
ਬਠਿੰਡਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਵਲੋਂ ਕੇਂਦਰੀ ਕਮੇਟੀ ਦੇ ਸੱਦੇ ‘ਤੇ ਇਕੱਤਰ ਹੋਏ ਸੈਂਕੜੇ ਕਾਰਕੁੰਨਾਂ ਨੇ 31 ਜਨਵਰੀ ਨੂੰ ਬਠਿੰਡਾ ਸ਼ਹਿਰ ਦੇ ਮੁੱਖ ਬਾਜ਼ਾਰਾਂ ‘ਚ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਜਬਰਦਸਤ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ ਨੇ ਮੰਗ ਪੱਤਰ ਦੀ ਤਸ਼ਰੀਹ ਕੀਤੀ ਅਤੇ ਐਲਾਨ ਕੀਤਾ ਕਿ ਆਰ ਐਮ ਪੀ ਆਈ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਫਿਰਕੂ-ਫਾਸ਼ੀਵਾਦੀ ਮੋਦੀ ਸਰਕਾਰ ਦੀ ਹਾਰ ਯਕੀਨੀ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਸੰਬੋਧਨ ਕਰਦਿਆਂ ਅਨੇਕਾਂ ਬੁਲਾਰਿਆਂ ਨੇ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਪੰਜਾਬ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ।
ਬਰਨਾਲਾ : ਆਰ ਐਮ ਪੀ ਆਈ ਦੀ ਬਰਨਾਲਾ ਜਿਲ੍ਹਾ ਕਮੇਟੀ ਦੇ ਸੱਦੇ ਤੇ ਇਕੱਠੇ ਹੋਏ ਪਾਰਟੀ ਕਾਰਕੁੰਨਾਂ ਨੇ ਮਹਿਲ ਕਲਾਂ ਵਿਖੇ ਰੋਹ ਭਰਪੂਰ ਰੈਲੀ ਕਰਨ ਉਪਰੰਤ ਵਰ੍ਹਦੇ ਮੀਂਹ ‘ਚ ਰੋਹ ਭਰਪੂਰ ਮਾਰਚ ਕੀਤਾ ਤਹਿਸੀਲਦਾਰ ਮਹਿਲ ਕਲਾਂ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ । ਰੋਸ ਐਕਸ਼ਨ ਦੀ ਅਗਵਾਈ ਸਾਥੀ ਅਮਰਜੀਤ ਸਿੰਘ ਕੁੱਕੂ, ਮਲਕੀਤ ਸਿੰਘ ਵਜ਼ੀਦਕੇ, ਯਸ਼ਪਾਲ ਮਹਿਲ ਕਲਾਂ, ਭੋਲਾ ਸਿੰਘ ਕਲਾਲ ਮਾਜਰਾ, ਗੁਰਦੇਵ ਸਿੰਘ ਸਹਿਜੜਾ, ਹਰਬੰਸ ਸਿੰਘ ਔਜਲਾ, ਬਲਦੇਵ ਸਿੰਘ, ਭਾਨ ਸਿੰਘ ਸੰਘੇੜਾ ਆਦਿ ਸਾਥੀਆਂ ਨੇ ਕੀਤੀ ।
ਮਾਨਸਾ : ਇਥੇ ਜਿਲ੍ਹਾ ਕਚੈਹਿਰੀਆਂ ਵਿਖੇ ਰੋਹ ਭਰਪੂਰ ਰੈਲੀ ਕਰਕੇ ਜਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ । ਉਪਰੰਤ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੱਕ ਰੋਹਲਾ ਪ੍ਰਦਰਸ਼ਨ ਕੀਤਾ ਗਿਆ । ਲਾਲ ਚੰਦ ਸਰਦੂਲਗੜ੍ਹ , ਮਾਸਟਰ ਛੱਜੂ ਰਾਮ ਰਿਸ਼ੀ, ਅਮਰੀਕ ਸਿੰਘ ਫਫੜੇ ਭਾਈ ਕੇ, ਸੁਖਦੇਵ ਸਿੰਘ ਅਤਲਾ, ਧੰਨਾ ਸਿੰਘ ਟਾਹਲੀਆਂ, ਨਾਤਾ ਰਾਮ , ਗੁਰਦੇਵ ਸਿੰਘ ਲੋਹਗੜ੍ਹ ਤੇ ਹੋਰਨਾਂ ਸਾਥੀਆਂ ਨੇ ਅਗਵਾਈ ਕੀਤੀ ।
ਫਰੀਦਕੋਟ : ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ ਪੀ ਐਮ ਓ) ਦੀ ਫਰੀਦਕੋਟ ਜਿਲ੍ਹਾ ਕਮੇਟੀ ਵੱਲੋਂ ਵਿਸ਼ਾਲ ਰੋਸ ਮਾਰਚ ਕੀਤਾ ਗਿਆ । ਇਸ ਤੋਂ ਪਹਿਲਾਂ ਰੋਸ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਪ੍ਰੋਫੈਸਰ ਜੈਪਾਲ ਅਤੇ ਜਗਜੀਤ ਜੱਸੇਆਣਾ ਨੇ ਮੋਦੀ-ਕੈਪਟਨ ਹਕੂਮਤਾਂ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਇਨ੍ਹਾਂ ਨੀਤੀਆਂ ਵਿਰੁੱਧ ਵਿਸ਼ਾਲ ਤੇ ਤਿੱਖੇ ਸੰਗਰਾਮ ਸਿਰਜਣ ਦਾ ਸੱਦਾ ਦਿੱਤਾ । ਰੈਲੀ ਅਤੇ ਮਾਰਚ ਦੀ ਅਗਵਾਈ ਗੁਰਤੇਜ ਸਿੰਘ ਹਰੀ ਨੌਂ, ਜਤਿੰਦਰ ਕੁਮਾਰ, ਜਗਜੀਤਪਾਲ ਜੇ ਪੀ , ਸਿਮਰਜੀਤ ਬਰਾੜ, ਵਰਿੰਦਰਜੀਤ ਸਿੰਘ ਪੁਰੀ ਵਲੋਂ ਕੀਤੀ ਗਈ।
ਮੁਕਤਸਰ : ਕੇਂਦਰੀ ਕਮੇਟੀ ਵਲੋਂ ਲੋਕ ਲਾਮਬੰਦੀ ਹਫਤਾ ਮਨਾਉਣ ਦੇ ਸੱਦੇ ‘ਤੇ ਜ਼ਿਲ੍ਹਾ ਮੁਕਤਸਰ ਦੇ ਜ਼ਿਲ੍ਹਾ ਕੇਂਦਰ ਮੁਕਤਸਰ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸੈਂਕੜੇ ਦੀ ਗਿਣਤੀ ਵਿਚ ਪਾਰਟੀ ਕਾਰਕੁੰਨ ਇਕੱਠੇ ਹੋਏ। ਇਸ ਮੌਕੇ ਹੋਈ ਰੈਲੀ ਨੂੰ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਤੋਂ ਬਿਨਾਂ ਸੂਬਾ ਕਮੇਟੀ ਮੈਂਬਰਾਂ ਸਾਥੀ ਜਗਜੀਤ ਸਿੰਘ ਜੱਸੇਆਣਾ ਤੇ ਹਰਜੀਤ ਮਦਰੱਸਾ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਜਿੱਥੇ ਮੰਗਾਂ ‘ਤੇ ਵਿਸਥਾਰ ਨਾਲ ਚਾਨਣਾ ਪਾਇਆ ਉਥੇ ਨਾਲ ਹੀ ਇਨ੍ਹਾਂ ਦੀ ਪ੍ਰਾਪਤੀ ਲਈ ਸੰਘਰਸ਼ ਤੇਜ ਕਰਨ ਤੇ ਮੋਦੀ ਦੀ ਪਾਰਟੀ ਬੀ.ਜੇ.ਪੀ ਨੂੰ ਆਉਣ ਵਾਲੀਆਂ ਲੋਕ ਸਭਾ ਵਿਚ ਭਾਂਜ ਦੇਣ ਅਤੇ ਸਮੁੱਚੀਆਂ ਖੱਬੇ ਪੱਖੀ ਸ਼ਕਤੀਆਂ ਨੂੰ ਇਕਜੁਟ ਕਰਨ ਦਾ ਅਹਿਦ ਕੀਤਾ। ਬਾਅਦ ਵਿਚ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਇਸ ਮੌਕੇ ਸਾਥੀ ਜਸਵਿੰਦਰ ਸਿੰਘ ਸੰਗੂਧੌਣ ਅਤੇ ਅੰਮ੍ਰਿਤਪਾਲ ਸਿੰਘ ਗੂੜ੍ਹੀ ਸੰਘਰ ਵੀ ਹਾਜ਼ਰ ਸਨ।
ਗੁਰਦਾਸਪੁਰ : ਪਾਰਟੀ ਵਲੋਂ ਲੋਕ ਲਾਮਬੰਦੀ ਹਫਤਾ ਮਨਾਏ ਜਾਣ ਦੇ ਸੱਦੇ ‘ਤੇ ਅਮਲ ਕਰਦਿਆਂ ਗੁਰਦਾਸਪੁਰ ਵਿਖੇ 5 ਫਰਵਰੀ ਨੂੰ ਰੈਲੀ ਤੇ ਮੁਜ਼ਾਹਰਾ ਕੀਤਾ ਗਿਆ। ਇਸ ਭਰਵੀਂ ਰੈਲੀ ਦੀ ਪ੍ਰਧਾਨਗੀ ਸਰਵਸਾਥੀ ਜਸਵੰਤ ਸਿੰਘ ਬੁਟਰ ਤੇ ਸੰਤੋਖ ਸਿੰਘ ਨੇ ਕੀਤੀ। ਇਸਨੂੰ ਕੇਂਦਰੀ ਕਮੇਟੀ ਮੈਂਬਰ ਸਾਕੀ ਰਘਬੀਰ ਸਿੰਘ ਪਕੀਵਾਂ ਜ਼ਿਲ੍ਹਾ ਸਕੱਤਰ ਤੇ ਸੂਬਾ ਪਾਰਟੀ ਦੇ ਖਜਾਂਚੀ ਸਾਥੀ ਲਾਲ ਚੰਦ ਕਟਾਰੂਚੱਕ ਤੋਂ ਬਿਨਾਂ ਮੱਖਣ ਸਿੰਘ ਕੁਹਾੜ, ਗੁਰਦਿਆਲ ਸਿੰਘ ਘੁਮਾਣ, ਸ਼ਿੰਦਰਪਾਲ ਸ਼ਰਮਾ, ਕਰਨੈਲ ਸਿੰਘ, ਸੁਖਦੇਵ ਸਿੰਘ ਅਤੇ ਜਗੀਰ ਸਿੰਘ ਨੇ ਵੀ ਸੰਬੋਧਨ ਕੀਤਾ। ਮੁਜ਼ਾਹਰਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਅੰਮ੍ਰਿਤਸਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਦੇਸ਼ ਨੂੰ ਤੋੜਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਤਹਿਸ ਨਹਿਰ ਕਰਨ ਦੇ ਮੁੱਦੇ ਨੂੰ ਲੈ ਕੇ ਸਥਾਨਕ ਭੰਡਾਰੀ ਪੁਲ ਦੇ ਨਾਲ ਬਣੀ ਦੀਨ ਦਿਆਲ ਉਪਾਧਿਆ ਮਾਰਕੀਟ ਵਿਖੇ ਰੋਸ ਧਰਨਾ ਦਿੱਤਾ ਤੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਕੋਸਦਿਆਂ ਪੰਜਾਬ ਦੇ ਲੋਕਾਂ ਨੂੰ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਸ ਮੁਜ਼ਾਹਰੇ ਦੀ ਪ੍ਰਧਾਨਗੀ ਪਾਰਟੀ ਦੇ ਸੀਨੀਅਰ ਆਗੂਆਂ ਗੁਰਮੇਜ਼ ਸਿੰਘ ਤਿੰਮੋਵਾਲ, ਸ਼ੀਤਲ ਸਿੰਘ ਤਲਵੰਡੀ, ਜਗਤਾਰ ਸਿੰਘ ਕਰਮਪੁਰਾ ਤੇ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਨੇ ਸਾਂਝੇ ਤੌਰ ‘ਤੇ ਕੀਤੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੰਗਤ ਰਾਮ ਪਾਸਲਾ ਕੌਮੀ ਜਨਰਲ ਸਕੱਤਰ ਨੇ ਕਿਹਾ ਕਿ ਵਿਆਪਕ ਪੱਧਰ ‘ਤੇ ਵੱਧਦੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗਰੀਬੀ ਆਦਿ ਵਰਗੀਆਂ ਭਿਆਨਕ ਸਮੱਸਿਆਵਾਂ ਦਰਅਸਲ ਹੁਣ ਤਕ ਦੀਆਂ ਸਰਮਾਏਦਾਰ, ਜਗੀਰਦਾਰ ਪੱਖੀ ਸਰਕਾਰਾਂ ਵਲੋਂ ਕਾਰਪੋਰੇਟ ਪੱਖੀ ਨੀਤੀਆਂ ਅਪਨਾਉਣ ਕਾਰਨ ਹੀ ਪੈਦਾ ਹੋਈਆਂ ਹਨ। ਇਹ ਸਰਕਾਰਾਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਲੋਕਾਂ ਦਾ ਧਿਆਨ ਕੁਰਾਹੇ ਪਾਉਣ ਲਈ ਕਈ ਤਰ੍ਹਾਂ ਦੇ ਬੇਲੋੜੇ, ਫਿਰਕੂ ਤੇ ਜਜ਼ਬਾਤੀ ਮੁੱਦੇ ਉਭਾਰ ਰਹੀਆਂ ਹਨ। ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬੱਜਟ ‘ਤੇ ਹਮਲੇ ਕਰਦਿਆਂ ਉਹਨਾਂ ਕਿਹਾ ਕਿ ਇਹ ਬੱਜਟ ਨਿਰਾ ਖੋਖਲਾ ਹੈ, ਬੇਰੁਜ਼ਗਾਰੀ ਨੂੰ ਹੱਲ ਕਰਨ ਲਈ ਇਸ ਵਿਚ ਕਿਸੇ ਕਿਸਮ ਦਾ ਉਪਾਅ ਨਹੀਂ ਦੱਸਿਆ ਗਿਆ, ਕਿਸਾਨਾਂ, ਖੇਤ ਮਜ਼ਦੂਰਾਂ ਨਾਲ ਮਜ਼ਾਕ ਕੀਤਾ ਗਿਆ ਹੈ। ਮੁਜ਼ਾਹਰੇ ਨੂੰ ਕੇਂਦਰੀ ਕਮੇਟੀ ਮੈਂਬਰ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਰਤਨ ਸਿੰਘ ਰੰਧਾਵਾ ਤੇ ਸਤਨਾਮ ਸਿੰਘ ਅਜਨਾਲਾ ਆਦਿ ਨੇ ਵੀ ਸੰਬੋਧਨ ਕੀਤਾ।
ਤਰਨ ਤਾਰਨ : ਪਾਰਟੀ ਦੀ ਕੇਂਦਰੀ ਕਮੇਟੀ ਦੇ ਸੱਦੇ ‘ਤੇ ਸੈਂਕੜੇ ਪਾਰਟੀ ਕਾਰਕੁੰਨ ਸ਼ਹਿਰ ਦੇ ਗਾਂਧੀ ਪਾਰਕ ਵਿਚ ਇਕੱਠੇ ਹੋਏ। ਇਸ ਮੌਕੇ ਹੋਈ ਰੈਲੀ ਨੂੰੂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰੇਤ ਮੈਂਬਰ ਸਾਥੀ ਪਰਗਟ ਸਿੰਘ ਜਾਮਾਰਾਏ, ਸੁਲੱਖਣ ਸਿੰਘ ਤੁੜ, ਹਰਭਜਨ ਸਿੰਘ, ਨਿਰਪਾਲ ਸਿੰਘ, ਨਰਿੰਦਰ ਕੌਰ, ਡਾਕਟਰ ਸਤਨਾਮ ਸਿੰਘ ਦੇਊ, ਡਾਕਟਰ ਗਿਆਨ ਸਿੰਘ, ਧਰਮ ਸਿੰਘ ਪੱਟੀ, ਬਲਵਿੰਦਰ ਸਿੰਘ ਭਿੱਖੀਵਿੰਡ, ਜਸਵੀਰ ਕੌਰ ਤਰਨ ਤਾਰਨ ਤੇ ਦਾਰਾ ਸਿੰਘ ਮੁੰਡਾ ਪਿੰਡ ਨੇ ਸੰਬੋਧਨ ਕੀਤਾ। ਇਸ ਰੈਲੀ ਤੇ ਰੋਸ ਮੁਜ਼ਾਹਰੇ ਦੀ ਅਗਵਾਈ ਸਰਵਸਾਥੀ ਦਲਜੀਤ ਸਿੰਘ ਅਤੇ ਚਮਨ ਲਾਲ ਦਰਾਜਕੇ ਨੇ ਕੀਤੀ।
ਲੁਧਿਆਣਾ, ਪਟਿਆਲਾ, ਰੋਪੜ, ਸੰਗਰੂਰ ਜ਼ਿਲ੍ਹਿਆਂ ਵਿਚ ਸੈਂਕੜੇ ਕਾਰਕੁੰਨਾਂ ਨੇ ਮੁਜ਼ਾਹਰੇ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ। ਕਪੂਰਥਲਾ ਦੇ ਕਸਬਾ ਸੁਲਤਾਨਪੁਰ ਲੋਧੀ ਵਿਖੇ ਵੀ ਮੁਜ਼ਾਹਰਾ ਕੀਤਾ ਗਿਆ।
ਗੰਨਾ ਉਤਪਾਦਕ ਕਿਸਾਨਾਂ ਦੀਆਂ ਮੰਗਾਂ ਲਈ ਧਰਨਾ
ਗੰਨਾ ਉਤਪਾਦਕ ਕਿਸਾਨਾਂ ਨੇ ਪਿਛਲੇ ਸਾਲਾਂ ਦੇ ਰਹਿੰਦੇ ਬਕਾਏ ਤੇ ਇਸ ਸਾਲ ਦੀ ਨਗਦ ਅਦਾਇਗੀ ਲਈ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਕੌਆਪਰੇਟਿਵ ਖੰਡ ਮਿੱਲ ਭਲਾ ਪਿੰਡ (ਅਜਨਾਲਾ) ਦੇ ਸਾਹਮਣੇ 11 ਫਰਵਰੀ ਨੂੰ ਰੋਹ ਭਰਿਆ ਧਰਨਾ ਦਿੱਤਾ ਤੇ ਮੁਜ਼ਾਹਰਾ ਕੀਤਾ। ਜਿਸ ਵਿਚ ਖੰਡ ਮਿੱਲ ਏਰੀਆ ਦੇ ਸੈਂਕੜੇ ਗੰਨਾ ਕਿਸਾਨ ਹੱਥਾਂ ਵਿਚ ਜਥੇਬੰਦੀ ਦੇ ਝੰਡੇ ਤੇ ਮਾਟੋ ਲੈ ਕੇ ਗੜਗਜ਼ ਨਾਹਰੇ ਮਾਰਦੇ ਹੋਏ ਸ਼ਾਮਲ ਹੋਏ। ਇਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਬਲਕਾਰ ਸਿੰਘ ਗੁੱਲਗੜ੍ਹ, ਪ੍ਰੀਤਮ ਸਿੰਘ ਟਨਾਣਾ, ਮੁਖਤਿਆਰ ਸਿੰਘ ਡੱਲਾ ਰਾਜਪੂਤਾਂ, ਪ੍ਰੀਤਮ ਸਿੰਘ ਤਲਵੰਡੀ ਰਾਏ ਦਾਦੂ ਤੇ ਹਰਜਿੰਦਰ ਸਿੰਘ ਸੋਹਲ ਅਵਾਨ ਵਸਾਊ ਨੇ ਕੀਤੀ।
ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ ਤੇ ਮਾਸਟਰ ਹਰਭਜਨ ਸਿੰਘ ਮਜੀਠਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੀ ਸਮੁੱਚੀ ਕਿਸਾਨੀ ਡਾਢੇ ਸੰਕਟ ਵਿਚ ਡੁੱਬੀ ਹੋਈ ਹੈ। ਉਪਰੋਂ ਖੰਡ ਮਿੱਲਾਂ ਦੀ ਮੈਨੇਜਮੈਂਟ ਤੇ ਅਧਿਕਾਰੀਆਂ ਵਲੋਂ ਗੰਨਾ ਉਤਪਾਦਕਾਂ ਦੀ ਭਾਰੀ ਖੱਜਲ ਖੁਆਰੀ ਕੀਤੀ ਜਾਂਦੀ ਹੈ, ਗੰਨਾ ਤੋਲਣ ਸਮੇਂ ਬਿਲਕੁਲ ਨਜਾਇਜ਼ ਢੰਗ ਨਾਲ ਤਿੰਨ ਤੋਂ ਦੱਸ ਕੁਵੰਟਲ ਪ੍ਰਤੀ ਟਰਾਲੀ ਦੇ ਕੱਟ ਲਾ ਕੇ ਗੰਨਾ ਕਿਸਾਨਾਂ ਦੀ ਮਾਲੀ ਲੁੱਟ ਕੀਤੀ ਜਾ ਰਹੀ ਹੈ, ਜਦਕਿ ਗੰਨਾ ਕਮਿਸ਼ਨਰ ਪੰਜਾਬ ਮੁਤਾਬਕ 1% ਕੱਟ ਲਾਇਆ ਜਾ ਸਕਦਾ ਹੈ। ਪਰ ਬੜੇ ਸਿਤਮ ਦੀ ਗੱਲ ਹੈ ਕਿ ਭਲਾ ਪਿੰਡ ਖੰਡ ਮਿੱਲ ਦੇ ਅਧਿਕਾਰੀ ਸਰਕਾਰੀ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕਰਦੇ। ਸ਼ਰੇਆਮ ਹੋ ਰਹੀ ਅਜਿਹੀ ਲੁੱਟ ਵਿਰੁੱਧ ਮੁੱਖ ਮੰਤਰੀ ਪੰਜਾਬ, ਜਿਹਨਾਂ ਕੋਲ ਖੇਤੀਬਾੜੀ ਮੰਤਰਾਲਾ ਵੀ ਹੈ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲਾਗਤਾਂ ‘ਚ ਭਾਰੀ ਵਾਧਾ ਹੋ ਗਿਆ ਹੈ ਪ੍ਰੰਤੂ ਪਿਛਲੇ ਦੋ ਸਾਲਾਂ ਤੋਂ ਗੰਨੇ ਦਾ ਭਾਅ ਨਹੀਂ ਵਧਾਇਆ ਗਿਆ ਜਿਹੜਾ ਸਭ ਤੋਂ ਨਿਚਲੇ ਪੱਧਰ ‘ਤੇ ਹੈ।
ਹਰਿਆਣਾ ਸੂਬੇ ਵਿਚ ਇਹ 340 ਰੁਪਏ ਪ੍ਰਤੀ ਕੁਵਿੰਟਲ ਹੈ। ਇਥੋਂ ਤੱਕ ਕਿ ਪੰਜਾਬ ਦੇ 310 ਰੁਪਏ ਪ੍ਰਤੀ ਕੁਵਿੰਟਲ ਨਾਲੋਂ ਯੂ.ਪੀ. ਵਿਚ ਵੀ ਜ਼ਿਆਦਾ ਹੈ, ਜਿਹਨਾਂ ਨਾਲੋਂ ਪੰਜਾਬ ਦੀ ਖੰਡ ਰਿਕਵਰੀ ਜ਼ਿਆਦਾ ਹੈ। ਧਰਨੇ ਦੌਰਾਨ ਨਾਅਰਿਆਂ ਦੀ ਗੂੰਜ ਵਿਚ ਪੰਜਾਬ ਦੇ ਗੰਨੇ ਦਾ ਭਾਅ 400 ਰੁਪਏ ਕੁਵਿੰਟਲ ਕਰਨ ਦੀ ਜ਼ੋਰਦਾਰ ਆਵਾਜ਼ ਉਠਾਈ ਗਈ। ਡਾ. ਸਤਨਾਮ ਸਿੰਘ ਅਜਨਾਲਾ ਜੋ ਖੇਤੀ ਮਾਹਰ ਵੀ ਹਨ ਉਹਨਾਂ ਕਿਹਾ ਕਿ ਖੰਡ ਮਿੱਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਹਰੇਕ ਸਾਲ ਪੰਦਰਾਂ ਅਕਤੂਬਰ ਤੋਂ ਚਲਾ ਕੇ ਸਮੁੱਚਾ ਗੰਨਾ ਪੀੜਨ ਤੱਕ ਚਾਲੂ ਰਹਿਣ ਤੇ ਇਹਨਾਂ ਮਿੱਲਾਂ ਦੀ ਸਮਰੱਥਾ ਵਧਾਈ ਜਾਵੇ। ਸੇਰੋਂ ਖੰਡ ਮਿੱਲ ਸਮੇਤ ਸਮੂਹ ਕੋਆਰਪਰੇਟਿਵ ਮਿੱਲਾਂ ਮੁੜ ਚਾਲੂ ਕੀਤੀਆਂ ਜਾਣ ਤਾਂ ਜੋ ਮਿੱਲਾਂ ਲੇਟ ਚੱਲਣ ਕਾਰਨ ਬਚਿਆ ਸਾਰਾ ਗੰਨਾ ਪੀੜਿਆ ਜਾ ਸਕੇ। ਇਹਨਾਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਗੰਨੇ ਦੀ ਖੋਜ ਤੇ ਪ੍ਰਸਾਰ ਦਾ ਸਮੁੱਚਾ ਕੰਮ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀ ਵਿਭਾਗ ਵਿਚ ਮਜ਼ਬੂਤ ਕੀਤਾ ਜਾਵੇ। ਉਹਨਾਂ 15 ਪ੍ਰਤੀਸ਼ਤ ਵਿਆਜ਼ ਸਮੇਤ ਪਿਛਲੇ ਬਕਾਏ ਦੀ ਮੰਗ ਕੀਤੀ।
ਕਤਲ ਦਾ ਮੁਕਦਮਾ ਦਰਜ ਹੋਣ ਦੇ ਸਾਲ ਬਾਅਦ ਵੀ ਦੋਸ਼ੀ ਗ੍ਰਿਫਤਾਰ ਨਾ ਕੀਤੇ ਜਾਣ ਵਿਰੁੱਧ ਧਰਨਾ
ਪਿੰਡ ਟਪਿਆਲਾ ਵਿੱਚ ਗਰੀਬ ਬੇਘਰੇ ਲੋਕਾਂ ਨੂੰ 1974 ਵਿੱਚ ਸਰਕਾਰ ਵੱਲੋ ਸਨਦਾਂ ਰਜਿਸਟਰੀਆਂ ਦੇ ਕੇ ਪਲਾਟ ਦਿੱਤੇ ਗਏ ਸਨ। ਜਿਸ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਘਰ ਬਣਾ ਕੇ ਰਿਹਾਇਸ਼ ਕਰ ਲਈ ਅਤੇ ਕਈ ਗਰੀਬ ਪਰਿਵਾਰ ਜਿਨ੍ਹਾ ਦੀ ਆਰਥਿਕ ਹਾਲਤ ਬਹੁਤ ਕਮਜੋਰ ਸੀ ਉਹਨਾਂ ਨੇ ਆਪਣੇ ਪਲਾਟਾਂ ਦੀਆ ਨੀਹਾਂ ਭਰ ਕੇ ਉਸਾਰੀ ਲਈ ਸਰਕਾਰੀ ਮਦਦ ਦੀ ਉਡੀਕ ਕਰਦੇ ਰਹੇ। ਇਸ ਜਮੀਨ ‘ਤੇ ਭੂ-ਮਾਫੀਆ ਦੀ ਅੱਖ ਹੋਣ ਕਰਕੇ 20 ਅਗਸ਼ਤ 2017 ਨੂੰ ਨਵੀ ਬਣੀ ਸਰਕਾਰ ਦੀ ਸ਼ਹਿ ‘ਤੇ ਪਲਾਟਾਂ ਤੋਂ ਕੁਝ ਦੂਰੀ ਤੇ ਬਣੇ ਸੰਨ ਸਟਾਰ ਪੈਲਸ ਵਿੱਚ ਭੂ ਮਾਫੀਆ ਦੇ ਲੋਕਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਗੁੰਡਿਆਂ ਦਾ ਇਕੱਠ ਕਰਕੇ ਪਲਾਟਾਂ ਵਿੱਚ ਰਹਿ ਰਹੇ ਗਰੀਬ ਮਜਦੂਰ ਲੋਕਾਂ ਦੇ ਘਰਾਂ ‘ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਛੇ ਮਜਦੂਰ ਜਖਮੀ ਅਤੇ ਸੁਖਦੇਵ ਸਿੰਘ ਸੁੱਖਾ ਨਾਮਕ ਮਜ਼ਦੂਰ ਦੀ ਗੋਲੀਆਂ ਵੱਜਣ ਨਾਲ ਮੌਤ ਹੋ ਗਈ ਸੀ। ਮਜਦੂਰਾਂ ਦੇ ਘਰਾਂ ਨੂੰ ਢਾਹ ਕੇ ਉਹਨਾਂ ਦੇ ਕੀਮਤੀ ਸਮਾਨ ਦੀ ਲੁੱਟ ਮਾਰ ਕਰਕੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਮੌਕੇ ‘ਤੇ ਆ ਕੇ ਐਸਐਸਪੀ ਦਿਹਾਤੀ ਪਰਮਪਾਲ ਸਿੰਘ ਅਤੇ ਹੋਰ ਜਿਲ੍ਹੇ ਦੇ ਅਫਸ਼ਰਾਂ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਕੁਝ ਦੋਸ਼ੀਆਂ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਅਤੇ 20 ਦੇ ਕਰੀਬ ਲੋਕਾਂ ‘ਤੇ ਬਣਦੀਆਂ ਧਾਰਾਵਾਂ ਤਹਿਤ ਮੁਕਦਮਾਂ ਦਰਜ ਕਰ ਦਿੱਤਾ ਗਿਆ। ਪਰ ਬਾਅਦ ਵਿੱਚ ਸਿਆਸੀ ਦਬਾਅ ਦੇ ਚਲਦਿਆਂ 10 ਮਹਿਨਿਆਂ ਦੇ ਬੀਤਣ ਦੇ ਬਾਵਜੂਦ ਅੱਜ ਤੱਕ ਪੁਲਿਸ ਵੱਲੋ ਕਿਸੀ ਵੀ ਹੋਰ ਮੁਜਰਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦ ਕੀ ਮਾਨਯੋਗ ਅਦਾਲਤ ਵੱਲੋਂ ਦੋਸ਼ੀਆਂ ਨੂੰ ਭਗੋੜਾ ਕਰਾਰ ਦਿੱਤਾ ਜਾਣ ਦੇ ਬਾਵਜੂਦ ਵੀ ਦੋਸ਼ੀ ਸ਼ਰੇਆਮ ਪਿੰਡ ਵਿੱਚ ਘੁੰੰਮ ਰਹੇ ਹਨ ਅਤੇ ਗਰੀਬ ਮਜਦੂਰਾਂ ਨੂੰ ਧਮਕੀਆਂ ਦੇ ਰਹੇ ਹਨ। ਜਿਸ ਕਰਕੇ ਪਿੰਡ ਟਪਿਆਲਾ ਵਿੱਚ ਤਨਾਅ ਦਾ ਮਾਹੌਲ ਬਣਿਆ ਹੋਇਆ ਹੈ। ”ਘਰ ਬਚਾਓ ਸੰਘਰਸ਼ ਕਮੇਟੀ” ਦੇ ਮੈਂਬਰ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਆਏ ਦਿਨ ਦੋਸ਼ੀਆਂ ਵੱਲੋਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜਰ ਜੇਕਰ ਪਿੰਡ ਵਿੱਚ ਕੋਈ ਝਗੜਾ ਹੋਇਆ ਤਾਂ ਇਸ ਦੀ ਜੁੰਮੇਵਾਰ ਪੁਲਿਸ ਹੋਵੇਗੀ। ਇਸ ਮੌਕੇ ਪੀੜਤ ਗਰੀਬ ਮਜਦੂਰ ਲੋਕਾਂ ਨੇ ਆਰਐਮਪੀਆਈ ਦੀ ਅਗਵਾਈ ਵਿੱਚ ਇੱਕਠੇ ਹੋ ਕੇ ਪੰਜਾਬ ਪੁਲਿਸ ‘ਤੇ ਦੋਸ਼ੀਆਂ ਖਿਲਾਫ ਭਾਰੀ ਨਾਹਰੇਬਾਜੀ ਕੀਤੀ ਅਤੇ ਐਲਾਨ ਕੀਤਾ ਕਿ 20 ਫਰਵਰੀ ਤੱਕ ਜੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ 21 ਫਰਵਰੀ ਨੂੰ ਆਰਐਮਪੀਆਈ ਦੀ ਅਗਵਾਈ ਵਿੱਚ ਪੁਲਿਸ ਥਾਣਾ ਲੋਪੋਕੇ ਦੇ ਅੱਗੇ ਅਣਮਿੱਥੇ ਸਮੇ ਲਈ ਧਰਨਾ ਲਗਾਇਆ ਜਾਵੇਗਾ।