ਬੈਂਕਾਂ ਦੀ ਲੁੱਟ ਵਿਰੁੱਧ ਪਾਰਟੀ ਵਲੋਂ ਕੇਰਲ ਵਿਖੇ ਮੁਜ਼ਾਹਰਾ
ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਲਾਗੂ ਹੋਣ ਤੋਂ ਬਾਅਦ ਅਮੀਰ-ਗਰੀਬ ਦਾ ਪਾੜਾ, ਲੋਕਾਂ ਦੀਆਂ ਦੁਸ਼ਵਾਰੀਆਂ, ਭ੍ਰਿਸ਼ਟਾਚਾਰ, ਸਾਮਰਾਜੀ ਲੁੱਟ ਅਤੇ ਚੌਤਰਫ਼ਾ ਦਖ਼ਲ, ਹੱਕੀ ਘੋਲਾਂ ਦੀ ਹਰ ਵੰਨਗੀ ਖਿਲਾਫ਼ ਹਕੂਮਤੀ ਜ਼ਬਰ ਆਦਿ ਤਾਂ ਵਧੇ ਹੀ ਹਨ। ਲੁੱਟ ਦੀ ਇਕ ਨਵੀਂ ਵਿਧੀ ”ਪ੍ਰਸ਼ਾਸਕੀ ਲੁੱਟ” ਵੀ ਲੋਕਾਂ ਦਾ ਰੱਤ ਚੂਸਣ ਦਾ ਵੱਡਾ ਜ਼ਰੀਆ ਬਣ ਗਈ ਹੈ। ਇਸ ਲੁੱਟ ਦੇ ਅਨੇਕਾਂ ਰੂਪਾਂ ‘ਚੋਂ ਇਕ ਹੈ ਬੈਂਕ ਵਲੋਂ ਲਾਏ ਗਏ ਨਵੇਂ-ਨਵੇਂ ਸੈਸ ਅਤੇ ਸੇਵਾ ਭੁਗਤਾਨ ਜਿਵੇਂ ‘ਖਾਤੇ’ ਘੱਟੋ ਘੱਟ ਬਕਾਇਆ (Minimum Balance) ਨਾ ਹੋਣ ‘ਤੇ ਵਸੂਲੀ ਜਾਂਦੀ ਬੇਬਹਾ ਰਕਮ। ਭਾਵ ਜੇ ਬੈਂਕ ਖਾਤਾ ਧਾਰਕ ਆਪਣੇ ਖਾਤੇ ‘ਚ ਇਕ ਖ਼ਾਸ ਰਕਮ ਤੋਂ ਘੱਟ ਰਕਮ ਰੱਖਦਾ ਹੈ ਤਾਂ ਉਸ ਦੇ ਖਾਤੇ ‘ਚੋਂ ਬੈਂਕ ਵਲੋਂ ਪੈਸਿਆਂ (ਮਨਮਰਜ਼ੀ) ਦੀ ਕਟੌਤੀ ਕੀਤੀ ਜਾਵੇਗੀ। ਆਰਥਕ ਮਾਹਿਰਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਵਿੱਤੀ ਸਾਲ (2016-17) ਵਿਚ ਬੈਂਕਾਂ ਵਲੋਂ ਗ੍ਰਾਹਕਾਂ ਦੇ ਖਾਤਿਆਂ ਵਿਚੋਂ ਉਪਰੋਕਤ ”ਮਿਨੀਮਮ ਬੈਲੇਂਸ” ਦੇ ਪਰਦੇ ਹੇਠ ਲੱਖਾਂ ਕਰੋੜ ਰੁਪਿਆਂ ਦੀ ਕਟੌਤੀ (ਸਹੀ ਅਰਥਾਂ ‘ਚ ਲੁੱਟ) ਕੀਤੀ ਗਈ ਹੈ। ਹਜ਼ਾਰਾਂ ਕਰੋੜਾਂ ਰੁਪਏ ਤਾਂ ਇਕੱਲਾ ਸਟੇਟ ਬੈਂਕ ਆਫ ਇੰਡੀਆ ਹੀ ਡਕਾਰ ਗਿਆ। ਇਸ ਵਿਰੋਧੀ ਪ੍ਰਿੰਟ ਬਿਜਲਈ ਅਤੇ ਸ਼ੋਸ਼ਲ ਮੀਡੀਆ ਵਿਚ ਚਰਚਾ ਵੀ ਬਹੁਤ ਹੋਈ ਹੈ। ਆਰ.ਐਮ.ਪੀ.ਆਈ. ਦੀ ਕੇਰਲਾ ਇਕਾਈ ਨੇ ਪਹਿਲ ਕਦਮੀ ਕਰਦਿਆਂ ਕੋਝੀਕੋਡ ਵਿਖੇ (SBI) ਦੀ ਇਸ ਲੁੱਟ ਖਿਲਾਫ਼ ਜ਼ੋਰਦਾਰ ਮੁਜ਼ਾਹਰਾ ਅਤੇ ਬੈਂਕ ਮੂਹਰੇ ਵਿਸ਼ਾਲ ਰੋਸ ਰੈਲੀ ਕੀਤੀ। ਪਾਰਟੀ ਦੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਕੇ.ਐਸ. ਹਰੀਹਰਨ, ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਟੀ.ਐਲ. ਸੰਤੋਸ਼, ਐਨ.ਵੇਣੂੰ, ਕੇਂਦਰੀ ਕਮੇਟੀ ਦੇ ਮੈਂਬਰਾਂ ਪੀ ਕੁਮਾਰਨਕੁਟੀ ਤੇ ਕੇ.ਕੇ. ਰੇਮਾ ਨੇ ਸਮੁੱਚੇ ਰੋਸ ਐਕਸ਼ਨ ਦੀ ਅਗਵਾਈ ਕੀਤੀ।
ਅੰਜਲੀ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਜ਼ਿਲ੍ਹਾ ਗੁਰਦਾਸਪੁਰ-ਪਠਾਨਕੋਟ ਵੱਲੋਂ, ਪਿੰਡ ਜੋਗੋਵਾਲ ਜੱਟਾਂ, ਥਾਣਾ ਧਾਰੀਵਾਲ ਦੀ ਮਾਸੂਮ ਬੱਚੀ, ਜਿਸ ਦੀ ਉਮਰ ਸਿਰਫ਼ ਸਾਢੇ ਸੱਤ ਸਾਲ ਸੀ, ਨਾਲ 5 ਅਗਸਤ ਨੂੰ ਪਿੰਡ ਦੇ ਕੁਝ ਗੁੰਡਾ ਅਨਸਰਾਂ ਵੱਲੋਂ ਕੀਤੇ ਬਲਾਤਕਾਰ ਅਤੇ ਕਤਲ ਦੇ ਦਰਿੰਦਗੀ ਭਰਪੂਰ ਕਾਰਨਾਮੇ ਵਿਰੁੱਧ ਨਹਿਰੂ ਪਾਰਕ ਵਿੱਚ ਰੈਲੀ ਅਤੇ ਬਜ਼ਾਰਾਂ ਵਿੱਚ ਮਾਰਚ ਕਰਕੇ ਐੱਸ ਐੱਸ ਪੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਆਰ ਐੱਮ ਪੀ ਆਈ ਦੇ ਕੁਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਇਸ ਐਕਸ਼ਨ ਵਿੱਚ ਆਪ ਸ਼ਾਮਲ ਹੋਏ। ਨਹਿਰੂ ਪਾਰਕ ਵਿੱਚ ਕੀਤੇ ਗਏ ਰੋਹ ਭਰੇ ਇਕੱਠ ਦੀ ਪ੍ਰਧਾਨਗੀ ਸਰਵਸਾਥੀ ਸ਼ਿਵ ਕੁਮਾਰ, ਨੱਥਾ ਸਿੰਘ, ਨੀਲਮ ਘੁਮਾਣ, ਜਸਵੰਤ ਬੁੱਟਰ ਅਤੇ ਅਜੀਤ ਸਿੰਘ ਸਿੱਧਵਾਂ ਨੇ ਸਾਂਝੇ ਤੌਰ ‘ਤੇ ਕੀਤੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਗਤ ਰਾਮ ਪਾਸਲਾ ਨੇ ਬੱਚੀ ਅੰਜਲੀ ਨਾਲ ਹੋਏ ਦੁਸ਼ਕਰਮ ਦੀ ਪੁਰਜ਼ੋਰ ਨਿਖੇਧੀ ਕੀਤੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਕਿਰਤੀ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਔਰਤਾਂ ਵਿਸ਼ੇਸ਼ ਕਰਕੇ ਮਾਸੂਮ ਬੱਚੀਆਂ ਨਾਲ ਹੋ ਰਹੇ ਘਿਣਾਉਣੇ ਜੁਰਮਾਂ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨ। ਉਨ੍ਹਾਂ ਕਿਹਾ ਕਿ ਮੰਨੂੰਵਾਦ ਦੀ ਪੁੱਠੇ ਚੜ੍ਹੇ ਨਿਘਾਰਗ੍ਰਸਤ ਪੂੰਜੀਵਾਦੀ ਸੱਭਿਆਚਾਰ ਵਿਰੁੱਧ ਬੇਕਿਰਕ ਸੰਗਰਾਮ ਅੱਜ ਦੀ ਪ੍ਰਮੁੱਖ ਲੋੜ ਹੈ। ਉਨ੍ਹਾ ਕਿਹਾ ਕਿ ਔਰਤਾਂ ਅਤੇ ਦਲਿਤਾਂ ਵਿਰੁੱਧ ਹੋ ਰਹੇ ਜਬਰ-ਜ਼ੁਲਮ ਦਾ ਮੁੱਖ ਕਾਰਨ ਮੌਜੂਦਾ ਸਰਮਾਏਦਾਰ-ਜਗੀਰਦਾਰ ਪ੍ਰਬੰਧ ਹੈ। ਇਹਨਾਂ ਜੁਰਮਾਂ ‘ਚ ਪਿਛਲੇ ਸਾਲਾਂ ਵਿੱਚ ਭਾਰੀ ਵਾਧਾ ਹੋਇਆ ਹੈ। ਮੋਦੀ ਰਾਜ ਦੇ ਸਮੇਂ ਇਹ ਵਹਿਸ਼ਤ ਚਰਮਸੀਮਾ ‘ਤੇ ਪੁੱਜ ਗਈ ਹੈ। ਪੰਜਾਬ ਵਿੱਚ ਕਾਂਗਰਸ ਸਰਕਾਰ ਇਸ ਵਿੱਚ ਕੋਈ ਸੁਧਾਰ ਨਹੀਂ ਕਰ ਸਕੀ। ਔਰਤਾਂ ਨਾਲ ਇਹ ਜੁਰਮ ਉਸੇ ਤਰ੍ਹਾਂ ਹੀ ਜਾਰੀ ਹਨ। ਦੁੱਖ ਦੀ ਗੱਲ ਹੈ ਕਿ ਸਰਕਾਰ ਅਤੇ ਉਸ ਦਾ ਪ੍ਰਬੰਧਕੀ ਢਾਂਚਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵਾਂਗ ਹੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਥਾਂ ਵਿੰਗੇ-ਟੇਢੇ ਢੰਗ ਨਾਲ ਦੋਸ਼ੀਆਂ ਦੀ ਮਦਦ ਕਰਦਾ ਹੈ। ਕੇਸ ਦੀ ਪੜਤਾਲ ਅਤੇ ਪੈਰਵੀ ਵਿੱਚ ਅਨੇਕਾਂ ਮਘੋਰੇ ਰੱਖ ਕੇ ਦੋਸ਼ੀਆਂ ਨੂੰ ਬਚ ਨਿਕਲਣ ਵਿੱਚ ਮਦਦ ਕਰਦਾ ਹੈ। ਇਸ ਅਵਸਥਾ ਵਿੱਚ ਕਿਰਤੀ ਲੋਕਾਂ ਦੀ ਜਨਤਕ ਲਹਿਰ ਹੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ ਕਟਾਰੂ ਚੱਕ ਅਤੇ ਕੇਂਦਰੀ ਕਮੇਟੀ ਮੈਂਬਰ ਰਘਬੀਰ ਸਿੰਘ ਪਕੀਵਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਔਰਤਾਂ ਵਿਸ਼ੇਸ਼ ਕਰਕੇ ਬਾਲੜੀਆਂ ਵਿਰੁੱਧ ਹੋਣ ਵਾਲੇ ਅਜਿਹੇ ਘਿਣਾਉਣੇ ਜੁਰਮਾਂ ਨੂੰ ਇੱਕ ਵੰਗਾਰ ਦੇ ਰੂਪ ਵਿੱਚ ਲੈ ਕੇ ਸੰਘਰਸ਼ ਕਰਦੀ ਹੈ। ਇਸ ਲਈ ਬੇਟੀ ਅੰਜਲੀ ਨਾਲ ਹੋਏ ਇਸ ਜੁਰਮ ਵਿੱਚ ਸ਼ਾਮਲ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਉਣ ਤੱਕ ਪਾਰਟੀ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਇਸ ਕੇਸ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਹੋਰ ਕਿਰਤੀ ਲੋਕਾਂ ਦੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਇਕੱਠ ਨੂੰ ਕ੍ਰਿਸਚੀਅਨ ਯੂਥ ਫਰੰਟ ਦੇ ਸੂਬਾ ਪ੍ਰਧਾਨ ਲੱਭਾ ਮਸੀਹ ਆਲੋਵਾਲ ਤੋਂ ਬਿਨਾਂ ਸ਼ਮਸ਼ੇਰ ਸਿੰਘ ਨਵਾਂ ਪਿੰਡ, ਅੰਬੇਡਕਰ ਮਿਸ਼ਨ ਜ਼ਿਲ੍ਹਾ ਪਠਾਨਕੋਟ ਦੇ ਆਗੂ ਸ਼ਿਵਕਾਰ ਤੇ ਸ਼ੰਕਰ ਅੰਬੇਡਕਰ ਨੇ ਵੀ ਸੰਬੋਧਨ ਕੀਤਾ। ਇਸ ਇਕੱਠ ਵਿੱਚ ਅੰਜਲੀ ਦੀ ਮਾਤਾ ਨਰਿੰਦਰ ਅਤੇ ਪਿਤਾ ਧਰਮਿੰਦਰ ਤੋਂ ਬਿਨਾਂ ਅਨੇਕਾਂ ਪਿੰਡ ਵਾਸੀ ਵੀ ਸ਼ਾਮਲ ਹੋਏ। ਉਪਰੋਕਤ ਆਗੂਆਂ ਤੋਂ ਬਿਨਾਂ ਅਵਤਾਰ ਸਿੰਘ, ਗੁਰਦਿਆਲ ਘੁਮਾਣ, ਰਵੀ ਕਟਾਰੂ ਚੱਕ, ਹਜ਼ਾਰੀ ਲਾਲ, ਨਿਰਮਲ ਸਿੰਘ ਬੋਪਾਰਾਏ, ਸੁਰਜੀਤ ਘੁਮਾਣ, ਅਜੀਤ ਸਿੰਘ ਠੱਕਰਸੰਧੂ, ਦਰਸ਼ਨ ਸਿੰਘ, ਕਰਮ ਸਿੰਘ ਵਰਸਾਲ ਚੱਕ, ਸੁਭਾਸ਼ ਸ਼ਰਮਾ, ਆਸ਼ਾ ਰਾਣੀ, ਸਿੰਦਰ ਕੌਰ ਮਨੇਸ ਆਦਿ ਸਾਥੀ ਵੀ ਹਾਜ਼ਰ ਸਨ।
ਦਿਹਾਤੀ ਮਜ਼ਦੂਰ ਸਭਾ ਵਲੋਂ ਜਥਾ ਮਾਰਚ
ਦਿਹਾਤੀ ਮਜ਼ਦੂਰ ਸਭਾ ਵਲੋਂ ਅਰੰਭਿਆ ”ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਊ ਮਾਰਚ” ਪਠਾਨਕੋਟ, ਜਲੰਧਰ, ਬਰਨਾਲਾ, ਫਰੀਦਕੋਟ, ਮੁਕਤਸਰ, ਬਠਿੰਡਾ ਆਦਿ ਜ਼ਿਲ੍ਹਿਆਂ ‘ਚ ਪ੍ਰਭਾਵਸ਼ਾਲੀ ਮਜ਼ਦੂਰ ਇਕੱਤਰਤਾਵਾਂ ਨੂੰ ਸੰਬੋਧਨ ਕਰਦਾ ਹੋਇਆ ਅੰਤਲੇ ਦਿਨ 1 ਅਗਸਤ ਦੇ ਮਹਾਨ ਆਜ਼ਾਦੀ ਘੁਲਾਟੀਏ ਗਦਰੀ ਬਾਬਾ ਮੰਗੂ ਰਾਮ ਦੀ ਜਨਮ ਭੂਮੀ ਮੁੱਗੋਵਾਲ (ਹੁਸ਼ਿਆਰਪੁਰ) ਵਿਖੇ ਪੁੱਜ ਕੇ ਸੰਪੰਨ ਹੋਇਆ।
ਇੱਥੇ ਪਿੰਡ ਦੇ ਪਤਵੰਤਿਆਂ, ਨਾਮਵਰ ਬੁੱਧੀਜੀਵੀਆਂ ਅਤੇ ਕੱਦਾਵਰ ਸਿਆਸੀ ਤੇ ਜਨਤਕ ਆਗੂਆਂ ਵਲੋਂ ਜੱਥੇ ਦੀ ਅਗਵਾਈ ਕਰ ਰਹੇ ਸਾਥੀਆਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ।
ਬਾਬਾ ਮੰਗੂ ਰਾਮ ਜੀ ਦੀ ਯਾਦਗਾਰ ਵਾਲੀ ਥਾਂ ‘ਤੇ ਸਰਵ ਸਾਂਝੀ ਜਨ ਸਭਾ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਸਕੱਤਰ ਲਾਲ ਚੰਦ ਕਟਾਰੂਚੱਕ ਅਤੇ ਪਰਮਜੀਤ ਸਿੰਘ ਰੰਧਾਵਾ ਨੇ ਬਾਬਾ ਮੰਗੂ ਰਾਮ ਦੀਆਂ ਘਾਲਣਾਵਾਂ ਨੂੰ ਸਲਾਮ ਕੀਤਾ ਅਤੇ ਪ੍ਰਣ ਕੀਤਾ ਕਿ ਜੱਥੇਬੰਦੀ ਉਨ੍ਹਾਂ ਦੇ ਮਿਸਾਲੀ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਸਮਾਜਕ ਨਾਬਰਾਬਰੀ, ਜਾਤੀ-ਪਾਤੀ ਅੱਤਿਆਚਾਰਾਂ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇਂ ਤੱਕ ਸੰਗਰਾਮ ਜਾਰੀ ਰੱਖੇਗੀ। ਆਗੂਆਂ ਨੇ ਜੱਥੇ ਦਾ ਮਨੋਰਥ ਵਿਸਥਾਰ ਨਾਲ ਸਾਂਝਾ ਕਰਦਿਆਂ, ਜਥੇਬੰਦੀ ਵਲੋਂ ਲੜੇ ਜਾਣ ਵਾਲੇ ਭਵਿੱਖੀ ਸੰਗਰਾਮਾਂ ਦੀ ਰੂਪਰੇਖਾ ਵੀ ਲੋਕਾਂ ਸਾਹਮਣੇ ਰੱਖੀ। ਬੁਲਾਰਿਆਂ ਵਲੋਂ ਇਸ ਪਿੰਡ ਦੇ ਹੋਰਨਾਂ ਸੁਤੰਤਰਤਾ ਸੰਗਰਾਮੀਆਂ ਨੂੰ ਵੀ ਅਦਬ ਨਾਲ ਸਿਜ਼ਦਾ ਕੀਤਾ ਗਿਆ। ਬਾਬਾ ਮੰਗੂ ਰਾਮ ਜੀ ਦੇ ਜੀਵਨ, ਘਾਲਣਾਵਾਂ ਅਤੇ ਪ੍ਰਾਪਤੀਆਂ ਬਾਰੇ ਬਹੁਮੁੱਲੀ ਜਾਣਕਾਰੀ ਤੇ ਤੱਥਾਂ ‘ਤੇ ਅਧਾਰਤ ਕਿਤਾਬ ਲਿਖ ਰਹੇ ਉਘੇ ਲੇਖਕ ਸ਼੍ਰੀ ਜਸਵੰਤ ਰਾਇ ਵੀ ਇਸ ਆਯੋਜਨ ਵਿਚ ਉਚੇਚੇ ਪੁੱਜੇ ਅਤੇ ਵਿਚਾਰ ਰੱਖੇ।
ਹੋਰਨਾਂ ਤੋਂ ਬਿਨਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਦਿਹਾਤੀ ਮਜ਼ਦੂਰ ਸਭਾ ਦੀ ਸੰਗਰਾਮ ਵਿਊਂਤਬੰਦੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਭਾਰਤ ਵਿਚ ”ਜਮਾਤ ਰਹਿਤ, ਜਾਤੀ ਵਿਹੀਣ, ਨਾਰੀ ਮੁਕਤੀ ਵੱਲ ਸੇਧਤ, ਸੈਕੂਲਰ ਸਮਾਜ” ਸਿਰਜਣ ਲਈ ਯਤਨਸ਼ੀਲ ਹੈ ਅਤੇ ਸਭਾ ਦਾ ਪ੍ਰੋਗਰਾਮ ਸਾਡੀ ਸੋਚ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਉਘੇ ਟਰੇਡ ਯੂਨੀਅਨ ਆਗੂ ਸਤੀਸ਼ ਰਾਣਾ, ਸਾਬਕਾ ਅਧਿਆਪਕ ਆਗੂ ਸ਼ਿਵ ਕੁਮਾਰ ਤਲਵਾੜਾ, ਪ੍ਰਿੰਸੀਪਲ ਪਿਆਰਾ ਸਿੰਘ ਤੇ ਪਿਆਰਾ ਸਿੰਘ ਪਰਖ਼ ਅਤੇ ਡਾਕਟਰ ਕਰਮਜੀਤ ਸਿੰਘ ਨੇ ਵੀ ਜਨਸਭਾ ਨੂੰ ਸੰਬੋਧਨ ਕੀਤਾ।
ਜੱਥੇ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ‘ਚ ਮੁਕੇਰੀਆਂ ਵਿਖੇ ਵੀ ਜਨ ਸਭਾ ਕੀਤੀ ਗਈ। ਜ਼ਿਲ੍ਹਾਵਾਰ ਸੰਖੇਪ ਰਿਪੋਰਟਾਂ :
ਪਠਾਨਕੋਟ ਜ਼ਿਲ੍ਹੇ ‘ਚ ਕਥਲੌਰ, ਘਰੋਟਾ, ਸਰਨਾ, ਵਿਖੇ ਸਭਾਵਾਂ ਕੀਤੀਆਂ ਗਈਆਂ। ਜਿਨ੍ਹਾਂ ਨੂੰ ਹਜਾਰੀ ਲਾਲ, ਅਜੀਤ ਰਾਜ, ਜਨਕ ਕੁਮਾਰ ਸਰਨਾ ਅਤੇ ਹੋਰਨਾ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ।
ਜਲੰਧਰ ਜ਼ਿਲ੍ਹੇ ‘ਚ ਮਾਹੂੰਵਾਲ, ਘੁੜਕਾ, ਆਧੀ, ਸ਼ਾਹਕੋਟ, ਮਲ੍ਹਸੀਆਂ…. ਵਿਖੇ ਜਨ ਸਭਾਵਾਂ ਕੀਤੀਆਂ ਗਈਆਂ। ਜਿਨ੍ਹਾਂ ਨੂੰ ਸਰਵ ਸਾਥੀ ਨਿਰਮਲ ਆਧੀ, ਨਿਰਮਲ ਮਲ੍ਹਸੀਆਂ, ਕਰਨੈਲ ਫਿਲੌਰ, ਬਨਾਰਸੀ ਦਾਸ……… ਅਤੇ ਹੋਰਨਾਂ ਵਲੋਂ ਸੰਬੋਧਨ ਕੀਤਾ ਗਿਆ।
ਬਠਿੰਡਾ ਜ਼ਿਲ੍ਹੇ ਦੇ ਜੰਗ੍ਹੀ ਰਾਣਾ, ਨੰਦਗੜ੍ਹ, ਘੁੱਦਾ, ਸੰਗਤ ਮੰਡੀ, ਫੁੱਲੋਮਿੱਠੀ, ਭਾਗੀਵਾਂਦਰ ਵਿਖੇ ਪ੍ਰਭਾਵਸ਼ਾਲੀ ਮਜ਼ਦੂਰ ਇਕੱਤਰਤਾਵਾਂ ਹੋਈਆਂ। ਸਰਵ ਸਾਥੀ ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਤਲਵੰਡੀ, ਪ੍ਰਕਾਸ਼ ਸਿੰਘ, ਸੁਰਜੀਤ ਸਿੰਘ ਪੱਕਾ ਕਲਾਂ, ਦਰਸ਼ਨ ਬਾਜਕ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਉਮਰਦੀਨ ਜੱਸੀ, ਕੂਕਾ ਸਿੰਘ ਨਥਾਣਾ, ਮੱਖਣ ਸਿੰਘ ਪੂਹਲੀ, ਬੂਟਾ ਸਿੰਘ ਜੰਗੀਰਾਣਾ, ਭੋਲਾ ਸਿੰਘ ਕਾਲਝਰਾਣੀ, ਸਰੂਪ ਸਿੰਘ ਰੁਲਦੂ ਵਾਲਾ, ਚੰਦ ਸਿੰਘ ਜੱਸੀ, ਬਾਵਾ ਸਿੰਘ ਭਾਗੀ ਵਾਂਦਰ, ਸਤਪਾਲ ਨਵਾਂ ਪਿੰਡ, ਦਰਸ਼ਨ ਸਿੰਘ ਕੁੱਤੀਵਾਲ ਆਦਿ ਨੇ ਆਪਣੇ ਵਿਚਾਰ ਰੱਖੇ।
ਫਰੀਦਕੋਟ ਜ਼ਿਲ੍ਹੇ ‘ਚ ਹਰੀਨੌ, ਖਾਰਾ, ਕੋਹਾਰਵਾਲਾ, ਕਾਸਿਮ ਭੱਟੀ, ਵਾੜਾ ਦਰਾਕਾ, ਸੂਰਘੂਰੀ ਵਿਖੇ ਮਜ਼ਦੂਰ ਇਕੱਠ ਹੋਏ। ਹਰੀ ਨੌ ਵਿਖੇ ਲੋਕ ਹਿੱਤਾਂ ਲਈ ਜੂਝਣ ਵਾਲੇ ਮਿਸਾਲੀ ਆਗੂ, 101 ਸਾਲਾ ਸਾਥੀ ਮਿਹਰ ਸਿੰਘ ਦਾ ਜੱਥੇ ਦੇ ਆਗੂਆਂ ਵਲੋਂ ਸਨਮਾਨ ਕੀਤਾ ਗਿਆ।
ਲੁਧਿਆਣਾ ਜ਼ਿਲ੍ਹੇ ‘ਚ ਰਾਏਕੋਟ ਵਿਖੇ ਜੱਥੇ ਦਾ ਬਹੁਤ ਹੀ ਸ਼ਾਨਦਾਰ ਸਵਾਗਤ ਕਰਦਿਆਂ ਪ੍ਰਭਾਵਸ਼ਾਲੀ ਜਲਸਾ ਕੀਤਾ ਗਿਆ।
ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ‘ਚ ਬਹੁਤ ਹੀ ਸ਼ਾਨਦਾਰ ਜਨ ਸਭਾ ਕੀਤੀ ਗਈ। ਭੋਲਾ ਸਿੰਘ ਕਲਾਲ ਮਾਜਰਾ, ਭਾਨ ਸਿੰਘ ਸੰਘੇੜਾ ਅਤੇ ਹੋਰਨਾਂ ਨੇ ਸੰਬੋਧਨ ਕੀਤਾ।
ਮੁਕਤਸਰ ਜ਼ਿਲ੍ਹੇ ਦੇ ਪਿੰਡਾਂ ਮੌੜ, ਚੱਕ, ਮਦਰੱਸਾ, ਬੱਲਮਗੜ੍ਹ ਅਤੇ ਮੁਕਤਸਰ ਸ਼ਹਿਰ ‘ਚ ਬਹੁਤ ਹੀ ਪ੍ਰਭਾਵਸ਼ਾਲੀ ਇਕੱਠ ਕੀਤੇ ਗਏ।
ਦਿਹਾਤੀ ਮਜਦੂਰਾਂ ਵਲੋਂ ਦਿਨ-ਰਾਤ ਦੇ ਧਰਨੇ
ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੇ ਫ਼ੈਸਲੇ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਮੁਕਤਸਰ, ਬਠਿੰਡਾ, ਫਰੀਦਕੋਟ, ਬਰਨਾਲਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਦਿਨ-ਰਾਤ ਦੇ ਤਿੰਨ ਰੋਜ਼ਾ ਸਫ਼ਲ ਧਰਨੇ ਮਾਰੇ ਗਏ। 6 ਅਗਸਤ ਨੂੰ ਆਰੰਭ ਹੋਏ ਇਨ੍ਹਾਂ ਧਰਨਿਆਂ ਦਾ 8 ਅਗਸਤ ਨੂੰ ਸ਼ਾਨਦਾਰ ਸਮਾਪਨ ਹੋਇਆ। ਇਨ੍ਹਾਂ ਧਰਨਿਆਂ ਦੌਰਾਨ ਪਾਵਰ ਕਾਮ ਦੇ ਦਫ਼ਤਰਾਂ, ਫੂਡ ਸਪਲਾਈ ਦਫ਼ਤਰਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰਾਂ ਵੱਲ ਰੋਹ ਭਰੇ ਮਾਰਚ ਕਰਕੇ ਹਕੂਮਤ ਨੂੰ ਮੰਗ ਪੱਤਰ ਭੇਜੇ ਗਏ। ਆਖਰੀ ਦਿਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਕੇ ਵਾਜਬ ਮੰਗਾਂ ਦਾ ਯੋਗ ਨਿਪਟਾਰਾ ਕਰਨ ਲਈ ਸੂਬਾਈ ਆਗੂ ਟੀਮ ਨੂੰ ਉੱੰਚ ਪੱਧਰੀ ਗੱਲਬਾਤ ਲਈ ਸੱਦਣ ਦੀ ਮੰਗ ਕੀਤੀ ਗਈ। ਤਿੰਨ ਦਿਨ ਧਰਨਾ ਸਥਾਨਾਂ ‘ਤੇ ਹੀ ਖੁਦ ਧਰਨਾਕਾਰੀਆਂ ਵੱਲੋਂ ਤਿਆਰ ਲੰਗਰ ਉੱਥੇ ਹੀ ਛਕਾਇਆ ਗਿਆ।
ਸਾਰੇ ਧਰਨੇ ਪ੍ਰਦਰਸ਼ਨਾਂ ਵਿੱਚ ਔਰਤਾਂ ਦੀ ਸ਼ਾਨਦਾਰ ਸ਼ਮੂਲੀਅਤ ਰਹੀ। ਅਨੇਕਾਂ ਥਾਵਾਂ ‘ਤੇ ਔਰਤਾਂ ਨੇ ਬੜੀ ਸਾਦਮੁਰਾਦੀ ਭਾਸ਼ਾ ‘ਚ ਧੜੱਲੇ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹੋਈਆਂ ਇੱਕਤਰਤਾਵਾਂ ਨੂੰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਵਿੱਤ ਸਕੱਤਰ ਮਹੀਪਾਲ, ਮੀਤ ਪਰਧਾਨ ਅਮਰੀਕ ਸਿੰਘ ਦਾਊਦ, ਚਮਨ ਲਾਲ ਦਰਾਜਕੇ, ਹਰਜੀਤ ਸਿੰਘ ਮਦਰੱਸਾ, ਮੀਤ ਸਕੱਤਰ ਲਾਲ ਚੰਦ ਕਟਾਰੂ ਚੱਕ, ਜਸਪਾਲ ਝਬਾਲ, ਪਰਮਜੀਤ ਰੰਧਾਵਾ, ਜਗਜੀਤ ਸਿੰਘ ਜੱਸੇਆਣਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਚੋਣ ਵਾਅਦੇ ਖਾਸ ਕਰ ਬੇਜ਼ਮੀਨੇ, ਦਲਿਤ, ਸਾਧਨਹੀਣ, ਮਜ਼ਦੂਰਾਂ ਨਾਲ ਕੀਤੇ ਵਾਅਦੇ ਮੁੱਢੋਂ ਹੀ ਵਿਸਾਰ ਦੇਣ ਲਈ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਅਮਰਿੰਦਰ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਜਮਹੂਰੀ ਲਹਿਰ ਅਤੇ ਦਲਿਤ ਸੰਗਠਨਾਂ ਦੇ ਜੋਰਦਾਰ ਸੰਘਰਸ਼ ਦੇ ਦਬਾਅ ਅਧੀਨ ਮੋਦੀ ਸਰਕਾਰ ਨੇ ਐਸਸੀ/ਐਸਟੀ ਅੱਤਿਆਚਾਰ ਰੋਕੂ ਕਾਨੂੰਨ ਵਿੱਚ ਸੁਪਰੀਮ ਕੋਰਟ ਵੱਲੋਂ ਕੀਤੀਆਂ ਮਾਰੂ ਸੋਧਾਂ ਰੱਦ ਕਰਕੇ ਇਸ ਕਾਨੂੰਨ ਦਾ ਪੁਰਾਣਾ ਸਰੂਪ ਬਹਾਲ ਕਰਨ ਦਾ ਐਲਾਨ ਬੇਸ਼ੱਕ ਕਰ ਦਿੱਤਾ ਹੈ ਪਰ ਇਹ ਵੀ ਇੱਕ ਨੰਗਾ ਚਿੱਟਾ ਸੱਚ ਹੈ ਕਿ ਸੰਘ, ਭਾਜਪਾ ਵੱਲੋਂ ਕੀਤੀਆਂ ਗਈਆਂ ਦਲਿਤ ਵਿਰੋਧੀ ਸਾਜ਼ਿਸ਼ਾਂ ਹੀ ਇਸ ਅਦਾਲਤੀ ਫ਼ੈਸਲੇ ਲਈ ਜਿੰਮੇਵਾਰ ਹਨ। ਆਗੂਆਂ ਨੇ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਜੇਕਰ ਮੋਦੀ ਸਰਕਾਰ ਇਸ ਸੇਧ ਵਿਚ ਆਪਣੀ ਕਥਨੀ ‘ਤੇ ਪੂਰਾ ਨਾ ਉਤਰੀ ਤਾਂ ਆਪਾਂ ਨੂੰ ਆਪਣੇ ਮਕਸਦ ਦੀ ਪੂਰਤੀ ਲਈ ਸੰਘਰਸ਼ ਵਾਸਤੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।
ਆਗੂਆਂ ਨੇ ਐਲਾਨ ਕੀਤਾ ਕਿ ਮੰਨੂਵਾਦੀ ਸੋਚ ਅਧੀਨ ਦਲਿਤਾਂ ‘ਤੇ ਸਰਕਾਰੀ ਸਰਪ੍ਰਸਤੀ ਸਦਕਾ ਕੀਤੇ ਜਾ ਰਹੇ ਜਾਤਪਾਤੀ ਅਤਿਆਚਾਰਾਂ ਦਾ ਫ਼ਸਤਾ ਵੱਢਣ ਲਈ ਅਤੇ ਬੇਜ਼ਮੀਨੇ ਮਜ਼ਦੂਰਾਂ ਦੀ ਅਣ ਮਨੁੱਖੀ ਆਰਥਿਕ ਲੁੱਟ ਦੇ ਖਾਤਮੇ ਲਈ ਵਿੱਢਿਆਂ ਸੰਗਰਾਮ ਹਰ ਹਾਲ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਹੋਰ ਤਿੱਖਾ ਕਰਨ ਅਤੇ ਜਿੱਤ ਤੱਕ ਪਹੁੰਚਾਣ ਦਾ ਹਰ ਯਤਨ ਕੀਤਾ ਜਾਵੇਗਾ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸਭਾ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ”ਮਨੂਵਾਦੀ ਗ਼ੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ” ਕੀਤਾ ਗਿਆ ਸੀ, ਜਿਸ ਰਾਹੀਂ ਪੰਜਾਬ ‘ਚ ਸੌ ਤੋਂ ਵਧੇਰੇ ਇੱਕਤਰਤਾਵਾਂ ਕਰਕੇ ਸੰਘਰਸ਼ ਦੀ ਲੋੜ ਅਤੇ ਵਾਜਬੀਅਤ ਤੋਂ ਆਮ ਲੋਕਾਂ, ਖਾਸ ਕਰ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਗਿਆ। ਉਕਤ ਮਾਰਚ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਜੀ ਦੇ ਪੁਰਖਿਆਂ ਦੇ ਪਿੰਡ ਗੱਗੋਮਾਹਲ ਤੋਂ ਆਰੰਭ ਹੋ ਕੇ ਮਹਾਨ ਦੇਸ਼ ਭਗਤ ਗ਼ਦਰੀ ਬਾਬਾ ਮੰਗੂ ਰਾਮ ਜੀ ਦੀ ਜਨਮ ਭੂਮੀ ਮੁੱਗੋਵਾਲ ਵਿਖੇ ਜਾ ਕੇ ਸੰਪੰਨ ਹੋਇਆ ਸੀ।
ਡਿਪਟੀ ਕਮਿਸ਼ਨਰਾਂ ਰਾਹੀਂ ਕੇਂਦਰੀ ਅਤੇ ਸੂਬਾ ਸਰਕਾਰ ਨੂੰ ਭੇਜੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਦਲਿਤ ਅਤਿਆਚਾਰਾਂ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਯਕੀਨੀ ਬਣਾਏ ਜਾਣ ਦੀ ਗਰੰਟੀ ਕੀਤੀ ਜਾਵੇ। ਧਾਰਮਿਕ ਥਾਵਾਂ, ਸ਼ਮਸ਼ਾਨ ਭੂਮੀਆਂ ਅਤੇ ਪਾਣੀ ਦੇ ਸਰੋਤਾਂ ‘ਤੇ ਸਾਰੇ ਨਾਗਰਿਕਾਂ ਦੇ ਬਰਾਬਰ ਅਧਿਕਾਰ ਅਤੇ ਵਰਤੋਂ ਯਕੀਨੀ ਬਣਾਈ ਜਾਵੇ ਅਤੇ ਸਦੀਆਂ ਤੋਂ ਲਿਤਾੜੇ ਦਲਿਤਾਂ ਬੇਜ਼ਮੀਨਿਆਂ ਦਾ ਆਰਥਿਕ ਪੱਧਰ ਅਤੇ ਸਮਾਜਿਕ ਰੁਤਬਾ ਉੱਚਾ ਚੁੱਕਣ ਹਿੱਤ ਤਿੱਖੇ ਜ਼ਮੀਨੀ ਸੁਧਾਰ ਕਰਕੇ ਇਨ੍ਹਾਂ ਵਰਗਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਾਵੇ। ਇਸ ਤੋਂ ਇਲਾਵਾ ਇਨ੍ਹਾਂ ਨੂੰ ਭੁੱਖਮਰੀ ਅਤੇ ਜਲਾਲਤ ਤੋਂ ਬਚਾਉਣ ਲਈ ਗੁਜ਼ਾਰੇਯੋਗ ਸਥਾਈ ਰੁਜ਼ਗਾਰ, ਹਰ ਪੱਧਰ ਦੀ ਮਿਆਰੀ ਸਿੱਖਿਆ, ਉੱਚ ਪੱਧਰੀਆਂ ਸਿਹਤ ਸੇਵਾਵਾਂ, ਪੀਣ ਵਾਲਾ ਸਾਫ ਪਾਣੀ, ਮਕਾਨ ਬਣਾਉਣ ਲਈ ਥਾਂਵਾ ‘ਤੇ ਉਸਾਰੀ ਲਈ ਗਰਾਂਟਾਂ, ਸਨਮਾਨਯੋਗ ਸਮਾਜਿਕ ਸੁਰੱਖਿਆ ਪੈਨਸ਼ਨਾਂ, ਸਮੇਂ ਦੇ ਹਾਣ ਦੀਆਂ ਉਜ਼ਰਤਾਂ ਅਤੇ ਸਰਵਪੱਖੀ ਜਨਤਕ ਵੰਡ ਪ੍ਰਣਾਲੀ ਸਰਕਾਰ ਵੱਲੋਂ ਦਿੱਤੇ ਜਾਣ ਦੀ ਗਾਰੰਟੀ ਕੀਤੀ ਜਾਵੇ।
ਧਰਨਿਆਂ ਨੂੰ ਸੂਬਾ ਕਮੇਟੀ ਮੈਂਬਰਾਂ ਨਿਰਮਲ ਸਿੰਘ ਛੱਜਲਵੱਡੀ, ਗੁਰਨਾਮ ਸਿੰਘ ਭਿੰਡਰ, ਨਰਿੰਦਰ ਸਿੰਘ ਵਡਾਲਾ, ਪਰਮਿੰਦਰ ਸਿੰਘ ਮਹਿਸਮਪੁਰ, ਗੁਰਨਾਮ ਸਿੰਘ ਉਮਰਪੁਰਾ, ਸਤਪਾਲ ਸ਼ਰਮਾ, ਬਲਦੇਵ ਸਿੰਘ ਭੈਲ, ਗੁਰਦਿਆਲ ਸਿੰਘ ਘੁਮਾਣ, ਹਜਾਰੀ ਲਾਲ, ਅਜੀਤ ਰਾਜ, ਜਰਨੈਲ ਫਿਲੌਰ, ਨਿਰਮਲ ਆਧੀ, ਨਿਰਮਲ ਮਲ੍ਹਸੀਆਂ, ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਤਲਵੰਡੀ, ਪ੍ਰਕਾਸ਼ ਸਿੰਘ, ਮਲਕੀਤ ਸਿੰਘ, ਗੁਰਤੇਜ ਸਿੰਘ ਹਰੀ ਨੌ, ਭੋਲਾ ਸਿੰਘ ਕਲਾਲ ਮਾਜਰਾ ਨੇ ਵੀ ਸੰਬੋਧਨ ਕੀਤਾ।
ਪੁਲਸ ਕੇਸਾਂ ਦੇ ਬਾਵਜੂਦ ਜਾਰੀ ਹੈ ਪਲਾਟਾਂ ਲਈ ਸੰਘਰਸ਼
ਦਿਹਾਤੀ ਮਜ਼ਦੂਰ ਸਭਾ ਦੀ ਮੁਕਤਸਰ ਜ਼ਿਲ੍ਹਾ ਕਮੇਟੀ ਦੀ ਅਗਵਾਈ ‘ਚ ਬੇਜ਼ਮੀਨੇ-ਦਲਿਤ ਮਜ਼ਦੂਰਾਂ ਦਾ ਰਿਹਾਇਸ਼ੀ ਥਾਵਾਂ ਦੀ ਪ੍ਰਾਪਤੀ ਲਈ ਸ਼ਾਨਦਾਰ ਸੰਘਰਸ਼ ਚਲ ਰਿਹਾ ਹੈ। ਇਸ ਪ੍ਰੇਰਣਾਮਈ ਸੰਘਰਸ਼ ਦੇ ਦਬਾਅ ਸਦਕਾ ਇਕ ਪਾਸੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਪਰ ਨਾਲ ਹੀ ਸਰਕਾਰ ਤੇ ਪੁਲਸ-ਪ੍ਰਸ਼ਾਸਨ ਨੇ ਆਪਣੇ ਜਮਾਤੀ ਖਾਸੇ ਅਨੁਸਾਰ ਜਾਬਰ ਹਥਕੰਡੇ ਵੀ ਸ਼ੁਰੂ ਕਰ ਦਿੱਤੇ ਹਨ।
ਰੰਗ ਬਿਰੰਗੀਆਂ ਸੂਬਾਈ ਹਕੂਮਤਾਂ ਵਲੋਂ ਵਾਰੋ-ਵਾਰੀ ਬੇਘਰੇ ਲੋਕਾਂ ਨੂੰ ਰਿਹਾਇਸ਼ੀ ਥਾਵਾਂ ਦੇਣ ਦੇ ਲਾਰੇ ਲਾਏ ਜਾਂਦੇ ਰਹੇ ਹਨ। ਇਨ੍ਹਾਂ ਲਾਰਿਆਂ ਅਤੇ ਵਾਅਦਾ ਖਿਲਾਫ਼ੀਆਂ ਤੋਂ ਅੱਕੇ ਸਾਧਨਹੀਨ ਦਲਿਤਾਂ ਨੇ ਆਪਣਾ ਕਾਨੂੰਨੀ ਹੱਕ ਹਾਸਲ ਕਰਨ ਲਈ ਵਾਜ਼ਬ ਢੰਗਾਂ ਨਾਲ ਫੈਸਲਾਕੁੰਨ ਸੰਘਰਸ਼ ਲੜਨ ਦਾ ਨਿਰਣਾ ਲਿਆ।
ਇਸ ਨਿਰਣੇ ‘ਤੇ ਅਮਲ ਕਰਦਿਆਂ ਲੋੜਵੰਦ ਮਜ਼ਦੂਰਾਂ ਨੇ ਮੌੜ, ਬਲੱਮਗੜ੍ਹ ਅਤੇ ਚੱਕ ਮਦਰਸਾ ਪਿੰਡਾਂ ਦੀਆਂ ਸਾਂਝੀਆਂ ਪੰਚਾਇਤੀ ਜ਼ਮੀਨਾਂ ‘ਤੇ ਆਪਣੇ ਰੈਣ ਬਸੇਰੇ ਬਣਾ ਲਏ। ਇਹ ਘੋਲ ਮੌੜ ਪਿੰਡ ਤੋਂ ਉਦੋਂ ਸ਼ੁਰੂ ਹੋਇਆ ਜਦੋਂ ਸਾਂਝੀ ਪੰਚਾਇਤੀ ਜ਼ਮੀਨ ‘ਤੇ ਪਿੰਡ ਦੇ ਹੀ ਕੁੱਝ ਸਰਕਾਰੀ ਸਰਪ੍ਰਸਤੀ ਹਾਸਲ ਰਸੂਖ਼ਵਾਨਾਂ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਸੂਰਾਂ ਦੇ ਘੁਰਣਿਆਂ ਵਰਗੇ ਘਰਾਂ ‘ਚ ਰਹਿਣ ਲਈ ਲਾਚਾਰ ਕਰ ਦਿੱਤੇ ਗਏ ਮਜ਼ਦੂਰਾਂ ਦਾ ਇਹ ਫੈਸਲਾ ਬੀਤੇ ਦੇ ਅਨੁਭਵਾਂ ਦੇ ਅਧਾਰ ‘ਤੇ ਬਿਲਕੁਲ ਜਾਇਜ਼ ਸਮਝਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਭਾਰੀ ਬਹੁਗਿਣਤੀ ਪਿੰਡਾਂ ਦੀਆਂ ਸਾਂਝੀਆਂ-ਪੰਚਾਇਤੀ ਜ਼ਮੀਨਾਂ ‘ਤੇ ਬਾਰਸੂਖ਼ ਬੰਦੇ ਕਾਬਜ਼ ਹਨ। ਇਹ ਜ਼ਮੀਨਾਂ ਛੁਡਾਉਣ ਲਈ ਪੰਚਾਇਤਾਂ ਅਤੇ ਵਿਭਾਗ ਅਵੱਲ ਤਾਂ ਕੋਈ ਕਾਰਵਾਈ ਹੀ ਨਹੀਂ ਕਰਦੇ ਅਤੇ ਜੇ ਕਿਤੇ ਕੋਈ ਕਾਨੂੰਨੀ ਚਾਰਾਜ਼ੋਈ ਹੋਈ ਵੀ ਹੋਵੇ ਤਾਂ ਨਿਆਂ ਪ੍ਰਣਾਲੀ ਦੀਆਂ ਕਮਜ਼ੋਰੀਆਂ ਅਤੇ ਮਘੋਰਿਆਂ ਦਾ ਲਾਹਾ ਲੈ ਕੇ ”ਤਕੜੇ ਬੰਦੇ” ਪੁਸ਼ਤ ਦਰ ਪੁਸ਼ਤ ਅਜਿਹੀਆਂ ਬੇਸ਼ਕੀਮਤੀ ਜ਼ਮੀਨਾਂ ਦਾ ਕਬਜ਼ਾ ਨਹੀਂ ਛੱਡਦੇ। ਇਸ ਘੋਲ ਨੇ ਇਕ ਹੋਰ ਬੜੀ ਸ਼ਾਨਦਾਰ ਰਿਵਾਇਤ ਕਾਇਮ ਕੀਤੀ ਹੈ। ਮਜ਼ਦੂਰ ਪਰਵਾਰਾਂ ਨੇ ਥਾਵਾਂ ਬੇਸ਼ੱਕ ਆਪੋ ਆਪਦੀਆਂ (5-5 ਮਰਲੇ) ਮੱਲੀਆਂ ਹਨ ਪਰ ਲੰਗਰ ਸਾਂਝਾ ਬਣ ਰਿਹਾ ਹੈ। ਮਜ਼ਦੂਰਾਂ ਦੇ ਨਿਆਈਂ ਸੰਘਰਸ਼ ਦਾ ਸਮਰਥਨ ਕਰਨ ਲਈ ਦਿਹਾਤੀ ਮਜ਼ਦੂਰ ਸਭਾ ਦਾ ”ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ” ਉਚੇਚਾ ਇਨ੍ਹਾਂ ਪਿੰਡਾਂ ‘ਚ ਪੁੱਜਾ ਅਤੇ ਹਰ ਸਹਿਯੋਗ ਦਾ ਪ੍ਰਣ ਕੀਤਾ।
2 ਅਪ੍ਰੈਲ ਦੇ ਭਾਰਤ ਬੰਦ ‘ਚ ਸ਼ਾਮਲ ਸੰਗਠਨਾਂ ‘ਚੋਂ ਬਹੁਗਿਣਤੀ ਸੰਗਠਨ ਇਸ ਘੋਲ ਦਾ ਹਰ ਪੱਖੋਂ ਸਾਥ ਦੇ ਰਹੇ ਹਨ। ਲਾਜ਼ਮੀ ਇਸ ਦਿਲੇਰ ਲੋਕ ਸੰਗਰਾਮ ਦੇ ਚਰਚੇ ਹੋਣੇ ਸਨ ਅਤੇ ਹੋਏ। ਆਪਣੀ ਲੋੜ ਅਤੇ ਮੌੜ ਪਿੰਡ ਦੇ ਮਜ਼ਦੂਰਾਂ ਦੇ ਸੰਘਰਸ਼ ਤੋਂ ਦਰੁਸਤ ਪ੍ਰੇਰਣਾ ਲੈਂਦੇ ਹੋਏ ਚੱਕ ਮਦਰੱਸਾ ਅਤੇ ਬੱਲ੍ਹਮਗੜ੍ਹ ਪਿੰਡਾਂ ਦੇ ਮਜ਼ਦੂਰਾਂ ਨੇ ਵੀ ਉਹੀ ਰਸਤਾ ਅਖ਼ਤਿਆਰ ਕੀਤਾ। ਸਮੁੱਚਾ ਪ੍ਰਸ਼ਾਸਨ ਤੰਤਰ ਅਤੇ ਸਿਆਸੀ ਜਮਾਤ ਇਸ ਹੱਕੀ ਸੰਘਰਸ਼ ਦੇ ਖਿਲਾਫ਼ ਸਾਰੇ ਮਤਭੇਦ ਭੁਲਾ ਕੇ ਗੋਲਬੰਦ ਹੋ ਗਏ। ਤਰ੍ਹਾਂ-ਤਰ੍ਹਾਂ ਦੇ ਦਬਕੇ-ਦਬਾਅ ਅਤੇ ਲੋਭ-ਲਾਲਚਾਂ ਨਾਲ ਜ਼ਮੀਨ ਖਾਲੀ ਕਰਾਉਣੋਂ ਅਸਫਲ ਰਹਿਣ ‘ਤੇ ਪੁਲਸ ਨੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਮੁੱਖ ਆਗੂਆਂ ਅਤੇ ਸਥਾਨਕ ਲੀਡਰਾਂ ‘ਤੇ ਪਰਚੇ ਦਰਜ਼ ਕਰ ਲਏ। ਇਨ੍ਹਾਂ ਪਰਚਿਆਂ ਵਿਰੁੱਧ 10 ਅਗਸਤ ਨੂੰ ਬਹੁਤ ਹੀ ਜੁਝਾਰੂ ਪ੍ਰਦਰਸ਼ਨ ਅਤੇ ਤਹਿਸੀਲ ਦਫਤਰ ਦਾ ਘੰਟਿਆਂ ਬੱਧੀ ਘਿਰਾਓ ਕੀਤਾ ਗਿਆ। ਮਜ਼ਦੂਰਾਂ ਦੇ ਰੋਹ, ਸੰਘਰਸ਼ ਦੀ ਤੀਬਰਤਾ, ਵਿਸ਼ਾਲ ਸ਼ਮੂਲੀਅਤ ਅਤੇ ਸਰਕਾਰੀ ਤੰਤਰ ਦੀ ਹੋ ਰਹੀ ਥੂਹ-ਥੂਹ ਦੇ ਦਬਾਅ ਅਧੀਨ ਤਹਿਸੀਲਦਾਰ ਨੇ ਪਰਚੇ ਰੱਦ ਕਰਨ ਅਤੇ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਦਾ ਐਲਾਨ ਲੋਕਾਂ ‘ਚ ਖੜ੍ਹੋ ਕੇ ਕੀਤਾ। ਹੌਂਸਲੇ ਦਾ ਸਬੱਬ ਇਹ ਹੈ ਕਿ ਇਸ ਜੁਝਾਰੂ ਘੋਲ ਦੀ ਸਮੁੱਚੀ ਅਗਵਾਈ ਉਨ੍ਹਾਂ ਹੀ ਆਗੂਆਂ ਨੇ ਕੀਤੀ ਜਿਹੜੇ ਪੁਲਸ ਨੇ ਪਰਚੇ ਵਿਚ ਨਾਮਜ਼ਦ ਕੀਤੇ ਗਏ ਹਨ। ਹਮੇਸ਼ਾ ਦੀ ਤਰ੍ਹਾਂ ਪ੍ਰਸ਼ਾਸਨ ਵਾਅਦੇ ‘ਤੇ ਪੂਰਾ ਨਹੀਂ ਉਤਰਿਆ। ਹਾਲੇ ਤੱਕ ਝੂਠੇ ਪਰਚੇ ਰੱਦ ਨਹੀਂ ਕੀਤੇ ਗਏ। ਪਲਾਟਾਂ ਦੀ ਵੰਡ ਕਰਨ ਵੇਲੇ ਪੈਮਾਨੇ ਅਜਿਹੇ ਬਣਾਏ ਕਿ ਲਾਭਪਾਤਰੀਆਂ ਦੀ ਗਿਣਤੀ ਨਿਗੂਣੀ ਰਹਿ ਗਈ ਹੈ। ਚੱਕ ਮਦਰੱਸਾ ਦੇ ਸੈਂਕੜੇ ਬੇਘਰਿਆਂ ‘ਚੋਂ ਕੇਵਲ 6 ਦੀ ਚੋਣ ਕੀਤੀ ਗਈ ਹੈ। ਇਸੇ ਤਰ੍ਹਾਂ ਬਲੱਮਗੜ੍ਹ ‘ਚ 28 ਅਤੇ ਮੌੜ ‘ਚ ਕੇਵਲ 26 ਲਾਭਪਾਤਰੀ ਚੁਣੇ ਗਏ ਹਨ। ਇੰਝ ਲੱਗਦਾ ਹੈ ਕਿ ਹਕੂਮਤੀ ਲਾਣਾ ਇਸ ਵਿਧੀ ਰਾਹੀਂ ਮਜ਼ਦੂਰਾਂ ‘ਚ ਫੁੱਟ ਪੁਆਕੇ ਘੋਲ ਨੂੰ ਸਾਬੋਤਾਜ਼ ਕਰਨਾ ਚਾਹੁੰਦਾ ਹੈ। ਪਰ ਆਗੂ ਅਤੇ ਮਜ਼ਦੂਰ ਇਸ ਪੱਖ ਤੋਂ ਸੁਚੇਤ ਹਨ। ਕਬਜ਼ਾ ਬਰਕਰਾਰ ਹੈ ਅਤੇ ਘੋਲ ਜਾਰੀ ਹੈ। ਅਤੇ ਮੁਕੰਮਲ ਜਿੱਤ ਤੱਕ ਜਾਰੀ ਰਹੇਗਾ।
ਐਸ.ਸੀ.-ਐਸ.ਟੀ. ਐਕਟ ਦੀ ਬਹਾਲੀ ‘ਤੇ ਜਿੱਤ ਰੈਲੀ
ਐਸ.ਸੀ.-ਐਸ.ਟੀ. ਐਕਟ ‘ਚ ਸੁਪਰੀਮ ਕੋਰਟ ਵਲੋਂ ਕੀਤੀ ਗਈ ਸੋਧ ਨੂੰ ਜਬਰਦਸਤ ਜਨਤਕ ਦਬਾਅ ਹੇਠ ਮੋਦੀ ਸਰਕਾਰ ਵਲੋਂ ਵਾਪਸ ਲੈਣ ਦੇ ਮੁੱਦੇ ‘ਤੇ ਦਿਹਾਤੀ ਮਜ਼ਦੂਰ ਸਭਾ ਵਲੋਂ 20 ਅਗਸਤ ਨੂੰ ਰਈਆ ਵਿਖੇ ਜਿੱਤ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਜਦੋਂ ਤੋਂ ਮੋਦੀ ਦੀ ਅਗਵਾਈ ਹੇਠ ਭਾਜਪਾ ਸੱਤਾ ਵਿਚ ਆਈ ਹੈ, ਦਲਿਤਾਂ ‘ਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਦੇਸ਼ ਨੂੰ ਮਨੂੰਵਾਦੀ ਵਿਵਸਥਾ ਵਾਲੇ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਦੇ ਰਾਹ ‘ਤੇ ਤੁਰੀ ਹੋਈ ਹੈ। ਐਸ.ਸੀ.-ਐਸ.ਟੀ. ਐਕਟ ਵਿਚ ਦਲਿਤ ਵਿਰੋਧੀ ਸੋਧ ਵੀ ਇਸੇ ਸੇਧ ਵਿਚ ਹੀ ਸੀ। ਜੇ ਇਹ ਸੋਧ ਵਾਪਸ ਲਈ ਗਈ ਹੈ ਤਾਂ ਇਹ ਆਰ.ਐਸ.ਐਸ. ਦੇ ਏਜੰਡੇ ਖਿਲਾਫ ਲੋਕਾਂ ਅੰਦਰ ਪਲ ਰਹੇ ਰੋਹ ਦਾ ਨਤੀਜਾ ਹੈ ਜਿਸ ਵਿਚ ਦਲਿਤ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਦੇ ਸੰਗਰਾਮਾਂ ਤੇ ਮਜ਼ਦੂਰ ਹਮਾਇਤੀ ਜਥੇਬੰਦੀਆਂ ਦਾ ਵੱਡਾ ਰੋਲ ਹੈ।
ਸਾਥੀ ਨਰਿੰਦਰ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਸਾਥੀ ਅਮਰੀਕ ਸਿੰਘ ਦਾਊਦ ਤੇ ਗੁਰਮੇਜ ਸਿੰਘ ਤਿੰਮੋਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਮਜਹਬੀ ਸਿੱਖ ਮੋਰਚਾ ਦੇ ਆਗੂ ਜੋਗਾ ਸਿੰਘ ਵਡਾਲਾ, ਰਣਜੀਤ ਸਿੰਘ ਗੱਗੜਭਾਣਾ ਵਾਲਮੀਕ ਮੋਰਚਾ ਦੇ ਆਗੂ ਜਸਪਾਲ ਸਿੰਘ ਰਜਧਾਨ ਨੇ ਦਿਹਾਤੀ ਮਜ਼ਦੂਰ ਸਭਾ ਵਲੋਂ ਨਿਰੰਤਰ ਲੜੇ ਜਾ ਰਹੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਐਕਟ ਵਿਚ ਸੋਧ ਨੂੰ ਵਾਪਸ ਲੈਣ ਵਿਚ ਇਸ ਸੰਘਰਸ਼ ਦਾ ਵੀ ਯੋਗਦਾਨ ਹੈ। ਸਟੇਜ ਸਕੱਤਰ ਦੇ ਫਰਜ਼ ਗੁਰਨਾਮ ਸਿੰਘ ਭਿੰਡਰ ਨੇ ਨਿਭਾਏ।
ਬਾਅਦ ਵਿਚ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਗੁੰਡਾਗਰਦੀ ਨੂੰ ਦਿੱਤੀ ਜਾ ਰਹੀ ਸ਼ਹਿ ਖਿਲਾਫ਼ ਸ਼ਹਿਰ ਅੰਦਰ ਜਬਰਦਸਤ ਰੋਸ ਮਾਰਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਦ ਇਹ ਮਾਰਚ ਡੀ.ਐਸ.ਪੀ. ਦਫਤਰ ਪੁੱਜਾ ਤਾਂ ਆਗੂਆਂ ਨੇ ਡੀ.ਐਸ.ਪੀ. ਨੂੰ ਬਾਹਰ ਆ ਕੇ ਮੰਗ ਪੱਤਰ ਪ੍ਰਾਪਤ ਕਰਨ ਦੀ ਅਪੀਲ ਕੀਤੀ। ਜਦ ਡੀ.ਐਸ.ਪੀ. ਮੁਜ਼ਾਹਰਾਕਾਰੀਆਂ ਦੇ ਇਕੱਠ ਵਿਚ ਆਏ ਤਾਂ ਆਗੂਆਂ ਨੇ ਕਿਹਾ ਕਿ ਵਿਧਾਇਕ ਭਲਾਈਪੁਰ ਤਾਂ ਤੁਹਾਨੂੰ ਬਦਮਾਸ਼ ਡੀ.ਐਸ.ਪੀ. ਦੱਸ ਰਿਹਾ ਹੈ। ਜਵਾਬ ਵਿਚ ਡੀ.ਐਸ.ਪੀ. ਨੇ ਯਕੀਨ ਦੁਆਇਆ ਕਿ ਵਿਧਾਇਕ ਜੋ ਮਰਜ਼ੀ ਕਹੀ ਜਾਵੇ ਪਰ ਉਹ ਕਾਨੂੰਨ ਦੇ ਦਾਇਰੇ ਵਿਚ ਰਹਿਕੇ ਹੀ ਆਪਣੇ ਫਰਜ਼ ਨਿਭਾਉਣਗੇ।
ਸੀਰੀ ‘ਤੇ ਪੁਲਸ ਤਸ਼ੱਦਦ ਵਿਰੁੱਧ ਧਰਨਾ
ਪਿੰਡ ਲਾਲੇਆਣਾ, ਨੇੜੇ ਰਾਮ ਮੰਡੀ, ਜ਼ਿਲ੍ਹਾ ਬਠਿੰਡਾ ਦੇ ਇਕ ਦਲਿਤ ਨੌਜਵਾਨ ਰਾਮ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਬਠਿੰਡਾ ਸੀ.ਆਈ.ਏ. ਥਾਣੇ ਦੇ ਅਧਿਕਾਰੀਆਂ-ਕਰਮਚਾਰੀਆਂ ਵਲੋਂ ਅਣਮਨੁੱਖੀ ਤਸੀਹੇ ਦੇ ਕੇ ਜ਼ਲੀਲ ਕੀਤਾ ਗਿਆ। ਰਾਮ ਸਿੰਘ ਜੁਆਨ ਹੋਣ ਤੋਂ ਪਹਿਲਾਂ ਹੀ ਪਿੰਡ ਦੇ ਇਕ ਰਸੂਖ਼ਵਾਨ ਨਛੱਤਰ ਸਿੰਘ ਦੇ ਘਰ ਪਸ਼ੂ-ਡੰਗਰ ਸਾਂਭਣ ਦਾ ਕੰਮ ਕਰਦਾ ਸੀ। ਇਹ ਡਿਊਟੀ ਉਸ ਨੇ ਛੇ ਸਾਲ ‘ਤਨਦੇਹੀ’ ਨਾਲ ਨਿਭਾਈ। ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਕਿ ਉਸ ਦੇ ਸਿਰ ”ਰੋਜ਼ਗਾਰ ਦਾਤਾ” ਪਰਿਵਾਰ ਦਾ ਕੋਈ ਕਰਜ਼ਾ ਨਹੀਂ। ਪਿਛਲੇ ਛੇਆਂ ਸਾਲਾਂ ‘ਚ ਉਸ ਵਿਰੁੱਧ ਕੋਈ ਚੋਰੀ-ਚਕਾਰੀ ਜਾਂ ਹੋਰ ਮਾੜੇ ਆਚਰਣ ਦੀ ਸ਼ਿਕਾਇਤ ਵੀ ਨਹੀਂ। ਬਸ ਉਹ ਛੇ ਸਾਲ ਕੰਮ ਕਰਨ ਪਿਛੋਂ ਨਛੱਤਰ ਸਿੰਘ ਦਾ ਸੀਰ ਛੱਡਣ ਦਾ ”ਗੁਨਾਹ” ਕਰ ਬੈਠਾ।
ਨਛੱਤਰ ਸਿੰਘ ਨੇ ਪਹਿਲਾਂ ਰਾਮ ਸਿੰਘ ਨੂੰ ਵਾਪਸ ਕੰਮ ‘ਤੇ ਆਉਣ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਲਾਲਚ ਦਿੱਤੇ, ਦਬਕੇ ਮਾਰੇ। ਅਖੀਰ ਥਾਣਾ ਰਾਮਾ ਮੰਡੀ ਵਿਖੇ ਚੋਰੀ ਦੀ ਝੂਠੀ ਅਰਜ਼ੀ ਦੇ ਦਿੱਤੀ। ਰਾਮਾ ਮੰਡੀ ਪੁਲਸ ਨੇ ਪੜਤਾਲ ਤੋਂ ਬਾਅਦ ਨਛੱਤਰ ਸਿੰਘ ਨੂੰ ਕਹਿ ਦਿੱਤਾ ਕਿ ਇਸ ਮੁੰਡੇ (ਰਾਮ ਸਿੰਘ) ਨੇ ਚੋਰੀ ਨਹੀਂ ਕੀਤੀ। ਨਛੱਤਰ ਸਿੰਘ ਨੇ ਆਪਣੀਆਂ ਰਿਸ਼ਤੇਦਾਰੀਆਂ ਦੇ ਪ੍ਰਭਾਵ ਅਤੇ ਪੈਸੇ ਦੇ ਜ਼ੋਰ ਨਾਲ ਸੱਚੇ-ਸੁੱਚੇ ਨਿਰਦੋਸ਼ ਕਿਰਤੀ ਰਾਮ ਸਿੰਘ ਨੂੰ ਸੀ.ਆਈ.ਏ. ਥਾਣੇ ਬਠਿੰਡਾ ਫੜਾਅ ਦਿੱਤਾ। ਉਥੋਂ ਦੇ ਬਾਵਰਦੀ ਜੱਲਾਦਾਂ ਨੇ ਰਾਮ ਸਿੰਘ ਦੇ ਨਛੱਤਰ ਸਿੰਘ ਦੀ ਹਾਜ਼ਰੀ ‘ਚ ਘੋਟੇ ਲਾਏ ਅਤੇ ਤਸੀਹੇ ਦੇ ਕੇ ਹਾਲੋਂ ਬੇਹਾਲ ਕਰ ਦਿੱਤਾ। ਰਾਮ ਸਿੰਘ ਵਿਚਾਰੇ ਨੇ ਨਾ ਚੋਰੀ ਕੀਤੀ ਸੀ ਅਤੇ ਨਾ ਹੀ ਉਸ ‘ਚੋਂ ਚੋਰੀ ਨਿਕਲੀ। ਪਿੰਡ ਦੇ ਮੋਹਤਬਰ ਬੰਦੇ ਆ ਕੇ ਉਸ ਨੂੰ ਛੁਡਾ ਕੇ ਲੈ ਗਏ।
ਇਸ ਵਧੀਕੀ ਵਿਰੁੱਧ 14 ਅਗਸਤ ਨੂੰ ਦਿਹਾਤੀ ਮਜ਼ਦੂਰ ਸਭਾ ਦੀ ਬਠਿੰਡਾ ਜਿਲ੍ਹਾ ਕਮੇਟੀ ਵਲੋਂ ਰਾਮਾ ਮੰਡੀ ਵਿਖੇ ਜ਼ੋਰਦਾਰ ਰੋਸ ਪ੍ਰਗਟ ਕੀਤਾ ਗਿਆ। ਥਾਣੇ ਅੱਗੇ ਕੀਤੇ ਗਏ ਇਸ ਰੋਸ ਐਕਸ਼ਨ ਦੀ ਅਗਵਾਈ ਸਾਥੀ ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਤਲਵੰਡੀ, ਪ੍ਰਕਾਸ਼ ਸਿੰਘ, ਗੁਰਮੀਤ ਸਿੰਘ ਜੈ ਸਿੰਘ ਵਾਲਾ ਵਲੋਂ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀ ਪੁਲਸੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਝੂਠੀ ਇਤਲਾਹ ਦੇਣ ਵਾਲੇ ਨਛੱਤਰ ਸਿੰਘ ‘ਤੇ ਪਰਚਾ ਦਰਜ ਕੀਤਾ ਜਾਵੇ ਅਤੇ ਐਸ.ਸੀ./ਐਸ.ਟੀ ਐਕਟ ਦੀਆਂ ਧਾਰਾਵਾਂ ਜੋੜੀਆਂ ਜਾਣ।
ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਹੋਰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ।
ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਵਸ ਮੌਕੇ ਸੁਨਾਮ ਵਿਖੇ ਸੈਮੀਨਾਰ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਜਲ਼ਿਆ ਵਾਲੇ ਬਾਗ ਦੇ ਸ਼ਹੀਦਾਂ ਦੇ ਸ਼ਤਾਬਦੀ ਵਰ੍ਹੇ ਅਤੇ ਸ਼ਹੀਦ ਊਧਮ ਸਿੰਘ ਦੇ 78ਵੇਂ ਸ਼ਹੀਦੀ ਦਿਨ ਨੂੰ ਸਮਰਪਿਤ 31 ਜੁਲਾਈ ਨੂੰ ਸੁਨਾਮ ਵਿਖੇ ਸਾਥੀ ਕੁਲਵੰਤ ਮੱਲੂਨੰਗਲ ਅਤੇ ਮਨਜਿੰਦਰ ਢੇਸੀ ਦੀ ਪ੍ਰਧਾਨਗੀ ਹੇਠ ”ਨਸ਼ਿਆਂ ਨਾਲ ਹੋ ਰਹੇ ਜਵਾਨੀ ਦੇ ਘਾਣ ਦੇ ਕਾਰਨ ਅਤੇ ਇਸ ਦਾ ਹੱਲ”, ”ਵਾਤਾਵਰਨ ਪ੍ਰਦੂਸ਼ਣ ਦੇ ਭਿਆਨਕ ਸਿੱਟੇ” ਵਿਸ਼ਿਆਂ ਉੱਪਰ ਸੂਬਾ ਪੱਧਰੀ ਸੈਮੀਨਾਰ ਕੀਤਾ ਗਿਆ। ਇਸ ਵਿੱਚ ਸੂਬੇ ਭਰ ਤੋਂ ਸਰਗਰਮ ਸਾਥੀਆਂ ਨੇ ਹਿੱਸਾ ਲਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਸੇਵਾ ਮੁਕਤ ਪ੍ਰੋ. ਜੈਪਾਲ ਨੇ ਕਿਹਾ ਕਿ ਨਸ਼ਿਆਂ ਨਾਲ ਜਵਾਨੀ ਦਾ ਹੋ ਰਿਹਾ ਘਾਣ ਅਤੇ ਵਾਤਾਵਰਣ ਪ੍ਰਦੂਸ਼ਣ ਪੂਰੇ ਦੇਸ਼ ਲਈ ਗੰਭੀਰ ਅਤੇ ਚਿੰਤਾਜਨਕ ਮੁੱਦੇ ਹਨ। ਨਸ਼ਿਆਂ ਨਾਲ ਦੇਸ਼ ਦੀ ਜਵਾਨੀ ਤਬਾਹ ਹੋ ਰਹੀ ਹੈ ਅਤੇ ਇਸ ਦੀ ਸਭ ਤੋ ਜ਼ਿਆਦਾ ਮਾਰ ਪੰਜਾਬ ਨੂੰ ਪਈ ਹੈ ਤੇ ਸ਼ਕ ਜ਼ਾਹਿਰ ਕੀਤਾ ਜਾਂਦਾ ਹੈ ਕਿ ਸੂਬੇ ਦੇ 89 ਪ੍ਰਤੀਸ਼ਤ ਨੌਜਵਾਨ ਨਸ਼ਿਆਂ ਦੇ ਆਦੀ ਹਨ ਜਿਨ੍ਹਾਂ ਵਿਚੋਂ 77 ਪ੍ਰਤੀਸ਼ਤ ਨੌਜਵਾਨ ਗੰਭੀਰ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਦੇਸ਼ ਅਤੇ ਸੂਬੇ ਦੇ ਹਾਕਮਾਂ ਵੱਲੋਂ ਨਸ਼ਿਆਂ ਦੇ ਮਸਲੇ ਨੂੰ ਹੱਲ ਕਰਨ ਲਈ ਨਾ ਤਾਂ ਕੋਈ ਨੀਤੀ ਬਣਾਈ ਗਈ ਹੈ ਤੇ ਨਾ ਹੀ ਇਸ ਪ੍ਰਤੀ ਸੁਹਿਰਦਤਾ ਦਿਖਾਈ ਜਾ ਰਹੀ ਹੈ, ਬਲਕਿ ਸਿਰਫ ਬਿਆਨਬਾਜ਼ੀ ਹੀ ਕੀਤੀ ਜਾ ਰਹੀ ਹੈ, ਕਿਉਂਕਿ ਜਦੋਂ ਤੱਕ ਨਸ਼ਿਆਂ ਦੀ ਸਮੱਸਿਆਂ ਦੇ ਅਸਲ ਕਾਰਨ ਬੇਰੁਜ਼ਗਾਰੀ ਦੀ ਸਮੱਸਿਆਂ ਦਾ ਹੱਲ ਨਹੀਂ ਕੀਤਾ ਜਾਂਦਾ ਓਨਾ ਚਿਰ ਨਿਰਾਸ਼ਾ ਵਿਚ ਡੁੱਬੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ‘ਚੋਂ ਨਹੀਂ ਬਚਾਇਆ ਜਾ ਸਕਦਾ। ਦੇਸ਼ ਦੇ ਹਾਕਮਾਂ ਵਲੋਂ ਅਪਣਾਈਆਂ ਜਾ ਰਹੀਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਰੁਜ਼ਗਾਰ ਦੇ ਸੋਮੇ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ‘ਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਨੇ ਜਨ-ਸਧਾਰਨ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਜਦਕਿ ਪੁਲਿਸ, ਸਿਆਸੀ, ਨਸ਼ਾ-ਸਮੱਗਲਰਾਂ ਦੀ ਤ੍ਰਿਕੜੀ ਜਿਉ ਦੀ ਤਿਉਂ ਨਸ਼ਿਆਂ ਦੀ ਖੇਡ ਖੇਡ ਰਹੇ ਹਨ।
ਵਾਤਾਵਰਨ ਪ੍ਰਦੂਸ਼ਣ ਦੇ ਭਿਆਨਕ ਸਿੱਟਿਆਂ ਬਾਰੇ ਬੋਲਦਿਆਂ ਊਘੇ ਸਿਆਸੀ ਆਗੂ ਤੇ ਦੇਸ਼ ਭਗਤ ਯਾਦਗਾਰ ਕਮੇਟੀ ਮੈਂਬਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਵਾਤਾਵਰਣ ਦਾ ਪ੍ਰਦੂਸ਼ਤ ਹੋਣਾ ਅੱਜ ਮਨੁੱਖਤਾ ਦੀ ਹੋਂਦ ਲਈ ਖਤਰਾ ਬਣ ਗਿਆ ਹੈ। ਸਾਮਰਾਜੀ ਦੇਸ਼ਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਦੀਆਂ ਮੰਡੀਆਂ ਦੀ ਲੁੱਟ ਕਰਨ ਲਈ ਇਥੋਂ ਦੇ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਮਿਲੀਭੁਗਤ ਨਾਲ ਕਾਰਖਾਨਿਆ/ਫੈਕਟਰੀਆਂ ਦਾ ਗੰਦਾ ਤੇ ਜਹਿਰੀਲਾ ਪਾਣੀ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਹੈ। ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਨਜ਼ਾਇਜ਼ ਮਾਇਨਿੰਗ ਨਾਲ ਧਰਤੀ ਦੇ ਹੇਠੋਂ ਰੇਤਾ-ਮਿੱਟੀ ਕੱਢਿਆ ਜਾ ਰਿਹਾ ਹੈ ਅਤੇ ਜਮੀਨ ਨੂੰ ਬੰਜਰ ਹੋਣ ਵੱਲ ਧੱਕਿਆ ਜਾ ਰਿਹਾ ਹੈ। ਇਸ ਮਾਰੂ ਵਰਤਾਰੇ ਖਿਲਾਫ ਸ਼ੰਘਰਸ਼ ਕਰਨਾ ਬਹੁਤ ਜਰੂਰੀ ਹੈ। ਇਹ ਲੜਾਈ ਨੌਜਵਾਨ-ਵਿਦਿਆਰਥੀਆਂ ਨੂੰ ਸਮਾਜ ਦੇ ਬਾਕੀ ਵਰਗਾਂ ਨੂੰ ਨਾਲ ਕੇ ਲੜਨੀ ਹੋਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨ ਸਭਾ ਦੇ ਸੂਬਾ ਸਕੱਤਰ ਸ਼ਮਸ਼ੇਰ ਬਟਾਲਾ ਅਤੇ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੇ ਫਿਲੌਰ ਨੇ ਕਿਹਾ ਕਿ ਊਧਮ ਸਿੰਘ ਦੀ ਸ਼ਹਾਦਤ ਦੇ 78 ਸਾਲ ਬੀਤ ਜਾਣ ਦੇ ਬਾਅਦ ਜਦ ਦੇਸ਼ ਦੀ ਸੱਤਾ ਫਿਰਕੂ ਤਾਕਤਾਂ ਦੇ ਹੱਥਾਂ ਵਿਚ ਹੋਵੇ ਤਾਂ ਉਨ੍ਹਾਂ ਦੀ ਸ਼ਹਾਦਤ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ, ਕਿਉਂਕਿ ਸ਼ਹੀਦ ਊਧਮ ਸਿੰਘ ਨੇ ਨਾ ਕੇਵਲ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ ਬਲਕਿ ਫਿਰਕਾਪ੍ਰਸਤੀ ਨੂੰ ਰੱਦ ਕਰਦਿਆਂ ਪ੍ਰਤੀਕ ਵਜੋਂ ਆਪਣਾ ਨਾਂਅ ”ਰਾਮ ਮੁਹੰਮਦ ਸਿੰਘ ਆਜ਼ਾਦ” ਰੱਖਿਆਂ ਸੀ। ਦੇਸ਼ ਅਤੇ ਸੂਬੇ ਦੇ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਕਾਰਨ ਵਿੱਦਿਆ ਦਾ ਨਿੱਜੀਕਰਨ ਕਰਕੇ ਗਰੀਬ ਵਰਗ ਦੇ ਬੱਚਿਆ ਕੋਲੋਂ ਸਿੱਖਿਆ ਪ੍ਰਾਪਤੀ ਦਾ ਹੱਕ ਖੋਹਿਆ ਜਾ ਰਿਹਾ ਹੈ। ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਸਿੱਖਿਆ ਦਾ ਫਿਰਕੂਕਰਨ ਕਰਕੇ ਅੰਧ-ਵਿਸ਼ਵਾਸ਼ ਫੈਲਾਏ ਜਾ ਰਹੇ ਹਨ, ਔਰਤਾਂ, ਘੱਟ-ਗਿਣਤੀਆਂ, ਦਲਿਤਾਂ ਉਪਰ ਅੰਨ੍ਹਾਂ ਤਸ਼ੱਦਦ ਲਗਾਤਾਰ ਕੀਤਾ ਜਾ ਰਿਹਾ ਹੈ। ਜਿਸ ਦਾ ਮੁਕਾਬਲਾ ਜਥੇਬੰਦ ਹੋ ਕੇ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਪਠਾਨਕੋਟ, ਮੱਖਣ ਸੰਗਰਾਮੀ, ਗੁਰਦੀਪ ਗੋਗੀ, ਬੰਸੀ ਲਾਲ ਸਰਦੂਲਗੜ੍ਹ, ਜਤਿੰਦਰ ਫਰੀਦਕੋਟ, ਸ਼ੁਰੇਸ਼ ਸਮਾਣਾ, ਸਿਮਰਜੀਤ ਬਰਾੜ, ਤਸਵੀਰ ਸਿੰਘ, ਸੁਰਜੀਤ ਦੁਧਰਾਏ, ਸੰਦੀਪ ਮਾਨਸਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
हरियाणा छात्र यूनियन का संघर्ष
हरियाणा के जिला फतेहाबाद के कस्बा रतिया स्थित के.टी. कालेज के विद्यार्थियों ने हरियाणा छात्र यूनियन (॥स्)के नेतृत्व में विगत 16 अगस्त से चला आ रहा अनिश्चितकालीन संघर्ष मांगें मानने के उपरांत हो गया। वर्णनीय है कि राज्य सरकार की शिक्षा विरोधी नीतियों तथा प्रतिक्रियावादी दृष्टिकोण के चलते प्रांत के सभी सरकारी शिक्षण संस्थान दयनीय स्थिति को पहुंच चुके हैं। रतिया का यह कालेज भी खट्टर सरकार के इसी शिक्षाविरो रवैये का शिकार है। रही सही कसर कालेज प्रबंधकों की उदासीन एवं हठी पहुंच ने निकाल दी। इस हालात से क्षुब्ध विद्यार्थियों को संगठित करते हुए हरियाणा छात्र यूनियन ने कालेज की स्थिति में आमूल-चूल सुधार करने का मांग पत्र सरकार एवं प्रबंधकों को भेज कर संघर्ष की शुरूआत की। कालेज गेट पर नवनीत कौर, साहिबा, नवदीप कौर, पूजा रानी, रवि कुमार रतिया, परमिंद्र अलीका, गुरतेज नागपुर, गुरदीप खोखर, अमर, गुरदीप शेरगढ़ आदि के नेतृत्व में धरना-प्रदर्शन शुरू किया गया। प्रशासन के ढुलमुल रवैये को देखते हुए समीपवर्ती 11 गावों तथा रतिया शहर में विभिन्न स्थानों पर मुख्यमंत्री मनोहर लाल खट्टर के पुतले फूंके गये।
इस उपरांत प्रशासन तथा प्रबंधकों ने विद्यार्थियों से बातचीत कर संघर्ष समाप्त करवाने के प्रयास शुरू किये। विद्यार्थी नेताओं ने कमरों की मुरम्मत, नये कमरों के निर्माण, पीने के पानी, जरूरत अनुसार अध्यापकों की नियुक्ति तथा अन्य बुनियादी मांगों की पूर्ति तक संघर्ष जारी रखने की बात कही। संघर्ष में सहयोगी संगठनों विशेषत: शहीद भगत सिंह नौजवान सभा का सर्वपक्षीय सर्मथन भी मिलता रहा। हालात को भांपते हुए प्रबंधन ने अधिकांश मांगें मानते हुए उन्हें शीघ्र पूरी करने का वादा किया। छात्र नेताओं ने जीत रैली की एवं छात्रों से एकजुट रहने की अपील की।
जे.पी.एम.ओ. हरियाणा द्वारा हिसार में विशाल जनसभा
हरियाणा में द्वारा ऐतिहासिक पहल करते हुए, संयुक्त बैठक बुला कर, ‘जन संगठनों का संयुक्त मोर्चा (जे.पी.एम.ओ.) हरियाणा’, का गठन करने का स्वागतयोग्य निर्णय लिया। उक्त आशय से बुलाई गई विशाल बैठक में शामिल राज्य स्तरीय जन-नेताओं द्वारा, देहाती मजदूर सभा हरियाणा के महासचिव तेजिंद्र सिंह रतिया को जे.पी.एम.ओ. का राज्य संयोजक नियुक्त किया गया। बैठक द्वारा 30 जुलाई 2018 को, राज्य के बड़े शहर हिसार में एक विशाल संयुक्त प्रतिरोध रैली-प्रदर्शन करने का अभूतपूर्व फैसला किया गया।
उत्साह से लबरेज इस बैठक में देहाती मजदूर सभा, शहीद भगत सिंह नौजवान सभा, हरियाणा छात्र यूनियन, जम्हूरी किसान सभा, भवन निर्माण व अन्य कामगार यूनियन, हरियाणा लोक राज विकास समिति, जन चेतना मंच, आंगनबाड़ी वर्करस एवं हैल्पर्स यूनियन, मिड डे मील कामगार यूनियन, हरियाणा किसान मंच, किसान संघर्ष समिति, अंबेदकर अधिकार मंच, परमाणु संयंत्र विरोधी मोर्चा आदि जन संगठनों के प्रतिनिधि शामिल हुए। बैठक द्वारा हिसार तथा अन्य समीपवर्ती जिलों फतेहाबाद, सिरसा, जींद, भिवानी में राज्य के श्रमिक वर्गों की हितरक्षा के उद्देश्य से क्रांतिमान पार्क में किये जाने वाले संयुक्त राज्य स्तरीय प्रदर्शन में विशाल जन भागीदारी सुनिश्चित करते हुए सघन जन संपर्क अभियान चलाने की ठोस योजनाबंदी की गईं। इस योजनाबंदी को अमल में लाते हुए ऊपर वर्णित पांच जिलों के गांवों, कस्बों तथा शहरों में प्रभावशाली जन सभाएं आयोजित की गईं। रेड आटर्स पंजाब की टीम द्वारा लगभग बीस दिनों दर्जनों कस्बों/गांवों में सांस्कृतिक कार्यक्रमों की प्रस्तुति के जरिये 30 जुलाई को हिसार में जुटने का आह्वान किया गया।
30 जुलाई को, अपने-अपने संगठनों का झंडा-बैनर व मांगों की तख्तियां हाथों में लिए हजारों लोग, जिन में लगभग तीन चौथाई संख्या महिलाओं एवं युवकों की थी, नारे लगाते हुए सभास्थल पहुंचे।
लोगों में, अपने हितों की पूर्णतया अनदेखी को लेकर, केंद्रीय एवं प्रांतीय सरकार के खिलाफ बेमिसाल रोष दृष्टिगोचर हो रहा था। विशेषतया मोदी एवं खट्टर सरकार द्वारा चुनावी वादों से मुकर जाने को लेकर लोग पूरी तरह से स्पष्ट दिखाई दिये।
भीषण गर्मी के बावजूद लोग, खासकर युवा तथा महिलाएं, लम्बे-लम्बे मार्च कर, ऊंची आवाज में उत्साहपूर्ण नारे लगाते हुए, सभा स्थल की ओर प्रस्थान कर रहे थे। विभिन्न दिशाओं से आ रहे प्रर्दशनों की अगुवाई मंच के भागीदार संगठनों के राज्य स्तरीय नेतागण कर रहे थे।
क्रांतिमान पार्क में हुई रैली की अध्यक्षता सर्वसाथी तेजिंद्र सिंह रतिया, रमेश बैनीवाल, मंगत राम, विमला रानी, मनदीप नथवान पर आधारित अध्यक्षीय मंडल की। मंच संचालन साथी सुखचैन सिंह एवं साथी राजेश कुमार चौबारा ने किया। जनतांत्रिक आंदोलन के वरिष्ट नेतागण साथी मंगत राम पासला एवं नत्था सिंह जनसमूह को संबोधित करने तथा जनप्रदर्शन में शामिल होने के लिये विशेष रूप से उपस्थित हुए। उन्होंने सांझा मंच निर्मित करने एवं तीखे संघर्षों की रूपरेखा तैयार करने के लिए मंच के नेताओं एवं सदस्यों को क्रांतिकारी बधाईयां दीं। रैली को साथी जगमति मलिलक, साथी शंकुतला, कृष्ण स्वरूप गोरखपुरिया, प्रदीप चौधरी, रवि रतिया आदि जननेताओं ने भी संबोधित किया। वक्ताओं ने जहां नवउदारवादी नीतियों के आम लोगों के जीवन पर पड़ रहे चौतरफा कुप्रभावों पर प्रकाश डाला वहीं संघ-भाजपा के नेतृत्व में किये जा रहे सांप्रदायिक विभाजन के प्रति भी लोगों को आगाह किया। सभी ने ऐलान किया कि सांझा मंच को और विस्तृत करने एवं संघर्ष तीव्र से तीव्रतम करने के भरसक प्रयास किये जाएंगे। प्रदर्शनकारियों द्वारा हिसार के डी.सी. कार्यलय का घेराव भी किया गया।
ਅੰਜਲੀ ਬਲਾਤਕਾਰ-ਕਤਲ ਕਾਂਡ ਵਿਰੁੱਧ ਕੈਂਡਲ ਮਾਰਚ
ਅੰਜਲੀ ਬਲਾਤਕਾਰ-ਕਤਲ ਕਾਂਡ ਵਿਰੁੱਧ ਆਵਾਜ਼ ਬੁਲੰਦ ਕਰਨ ਤੇ ਬਲਾਤਕਾਰੀ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਜਨਵਾਦੀ ਇਸਤਰੀ ਸਭਾ ਦੀ ਅੰਮ੍ਰਿਤਸਰ ਜ਼ਿਲ੍ਹਾ ਇਕਾਈ ਵਲੋਂ ਕੈਂਡਲ ਮਾਰਚ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਔਰਤਾਂ ਨੇ ਹਿੱਸਾ ਲਿਆ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੀ ਸੂਬਾਈ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਕਿਹਾ ਕਿ ਜਦ ਤੋਂ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਔਰਤਾਂ ‘ਤੇ ਜਿਣਸੀ ਹਮਲੇ ਵੱਧਦੇ ਜਾ ਰਹੇ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜੋਗੇਵਾਲ ਜੱਟਾਂ ਵਿਚ ਪਿਛਲੇ ਦਿਨੀਂ ਇਕ ਸਾਢੇ ਸੱਤ ਸਾਲ ਦੀ ਬੱਚੀ ਅੰਜਲੀ ਨਾਲ ਕਹਿਰ ਵਾਪਰਿਆ ਹੈ, ਉਸਨੇ ਸਭਨਾਂ ਸੰਵੇਦਨਸ਼ੀਲ ਲੋਕਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਅੰਜਲੀ ਨਾਲ ਵਾਪਰੇ ਕਹਿਰ ਨੇ ਕਸ਼ਮੀਰ ਦੀ ਧੀ ਆਸਿਫਾ ਨਾਲ ਹੋਈ ਵਹਿਸ਼ਤ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਮਾਰਚਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਜਦ ਤੱਕ ਅੰਜਲੀ ਦੇ ਬਲਾਤਕਾਰੀ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ, ਜਨਵਾਦੀ ਇਸਤਰੀ ਸਭਾ ਚੈਨ ਨਾਲ ਨਹੀਂ ਬੈਠੇਗੀ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਵੱਧ ਤੋਂ ਵੱਧ ਪਿੰਡਾਂ ਭੈਣੀ ਮੀਆਂ ਖਾਂ, ਧੰਦੋਈ, ਉਧੋਵਾਲ ਆਦਿ ‘ਚ ਅੰਜਲੀ ਬਲਾਤਕਾਰ-ਕਤਲ ਕਾਂਡ ਵਿਰੁੱਧ ਲਹਿਰ ਪੈਦਾ ਕਰਨ ਲਈ ਮੀਟਿੰਗਾਂ ਤੇ ਕੈਂਡਲ ਮਾਰਚ ਕੀਤੇ ਗਏ।
ਡੀ.ਸੀ. ਦਫਤਰ ਅੱਗੇ ਧਰਨਾ
ਜ਼ਿਲ੍ਹਾ ਕੇਂਦਰਾਂ ‘ਤੇ ਮੁਜ਼ਾਹਰੇ ਕਰਕੇ ਮੰਗ ਪੱਤਰ ਦੇਣ ਦੇ ਸੱਦੇ ਅਧੀਨ ਜਨਵਾਦੀ ਇਸਤਰੀ ਸਭਾ ਦੀ ਗੁਰਦਾਸਪੁਰ ਜ਼ਿਲ੍ਹਾ ਇਕਾਈ ਵਲੋਂ ਬੀਬੀ ਮਨਜੀਤ ਕੌਰ ਵੀਹਲਾ, ਸ਼ਿੰਦਰ ਕੌਰ ਮਨੇਸ਼ ਅਤੇ ਦਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਡੀਸੀ ਦਫਤਰ ਅੱਗੇ ਧਰਨਾ ਦਿੱਤਾ ਗਿਆ ਜਿਸ ਵਿਚ ਭਾਰੀ ਗਿਣਤੀ ਵਿਚ ਔਰਤਾਂ ਨੇ ਹਿੱਸਾ ਲਿਆ। ਧਰਨੇ ਤੋਂ ਪਹਿਲਾਂ ਸਥਾਨਕ ਸੁੱਕਾ ਤਲਾਅ ਵਿਖੇ ਭਾਰੀ ਇਕੱਠ ਕੀਤਾ ਗਿਆ। ਸੁੱਕਾ ਤਲਾਅ ਤੋਂ ਔਰਤਾਂ ਰੋਸ ਮਾਰਚ ਕਰਦੀਆਂ ਡੀ.ਸੀ. ਦਫਤਰ ਪੁੱਜੀਆਂ। ਧਰਨਾਕਾਰੀ ਔਰਤਾਂ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਕਿਹਾ ਕਿ ਦੇਸ਼ ਅੰਦਰ ਔਰਤਾਂ ਦੀ ਸਥਿਤੀ ਤਾਂ ਪਹਿਲਾਂ ਹੀ ਖਰਾਬ ਸੀ ਪਰ ਜਦ ਤੋਂ ਮੋਦੀ ਦੀ ਅਗਵਾਈ ਹੇਠ ਭਾਜਪਾ ਕੇਂਦਰ ਵਿਚ ਸੱਤਾ ਵਿਚ ਆਈ ਹੈ, ਔਰਤਾਂ ਦੀ ਹਾਲਤ ਹੋਰ ਨਿਘਾਰ ਵੱਲ ਗਈ ਹੈ। ਖਾਸਕਰ ਦਲਿਤ ਔਰਤਾਂ ਤੇ ਨਾਬਾਲਿਗ ਬੱਚੀਆਂ ਲਈ ਭਾਰਤ ਇਕ ਅਸੁਰੱਖਿਅਤ ਦੇਸ਼ ਬਣ ਗਿਆ ਹੈ। ਉਨ੍ਹਾਂ ਔਰਤਾਂ ਨੂੰ ਆਪਣੇ ਬੁਨਿਆਦੀ ਤੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਜਥੇਬੰਦ ਹੋਣ ਦਾ ਸੱਦਾ ਦਿੱਤਾ। ਧਰਨਾਕਾਰੀਆਂ ਨੂੰ ਬੀਬੀ ਭਜਨ ਕੌਰ ਬ੍ਰਾਹਮਣੀ, ਨੀਲਮ, ਰੋਜ਼ੀ ਭੈਣੀ ਮੀਆਂ ਖਾਂ, ਗੁਰਮੀਤ ਕੌਰ ਬਟਾਲਾ, ਪਰਮਜੀਤ ਕੌਰ ਬਾਲੇਵਾਲ ਆਦਿ ਨੇ ਵੀ ਸੰਬੋਧਨ ਕੀਤਾ।
ਸਾਥੀ ਵਧਾਵਾ ਰਾਮ ਦੀ ਯਾਦ ‘ਚ ਸਮਾਗਮ
ਵਧਾਵਾ ਰਾਮ ਮੈਮੋਰੀਅਲ ਵੈਲਫੇਅਰ ਸੁਸਾਇਟੀ ਰਜਿ ਵੱਲੋਂ ਪ੍ਰਤਾਪ ਬਾਗ ਫਾਜਿਲਕਾ ਵਿਖੇ 15 ਅਗਸਤ 2018 ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਘੇ ਦੇਸ਼ ਭਗਤ ਕਾਮਰੇਡ ਵਧਾਵਾ ਰਾਮ ਦੀ ਯਾਦ ਵਿੱਚ ਖੱਬੇ ਪੱਖੀ ਪਾਰਟੀਆਂ ਦੇ ਸਾਂਝੇ ਸਹਿਯੋਗ ਨਾਲ ਯਾਦਗਾਰੀ ਸਮਾਗਮ ਕੀਤਾ ਗਿਆ। ਇਸ ਸਮਾਗਮ ਨੂੰ ਕਾਮਰੇਡ ਮੰਗਤ ਰਾਮ ਪਾਸਲਾ, ਸੁਖਿੰਦਰ ਧਾਲੀਵਾਲ, ਕਾਮਰੇਡ ਜਗਰੂਪ, ਸੁਖਵਿੰਦਰ ਸੇਖੋਂ ਨੇ ਸੰਬੋਧਨ ਕੀਤਾ। ਜਿਲਾ ਫਾਜਿਲਕਾ ਦੇ ਸਾਥੀਆਂ ਸਤਨਾਮ ਖੂਈਆਂ ਸਰਵਰ, ਹੰਸ ਰਾਜ ਗੋਲਡਨ, ਤੇਜਾ ਸਿੰਘ, ਰਾਮ ਕ੍ਰਿਸ਼ਨ ਧੁਨਕੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਮਾਂਹਗਾ ਰਾਮ, ਦੁਨੀ ਚੰਦ, ਬੀਬੀ ਵੀਰਾਂ, ਦਰਸ਼ਨ ਲਾਧੂਕਾ, ਤੇਜਾ ਸਿੰਘ, ਨੇ ਕੀਤੀ। ਬਲਬੀਰ ਸ਼ਾਲਾਪੁਰੀ ਦੀ ਟੀਮ ਨੇ ਨਾਟਕ ਪੇਸ਼ ਕੀਤੇ।
ਗੁੰਡਾਗਰਦੀ ਨੂੰ ਵਿਧਾਇਕ ਵਲੋਂ ਸ਼ਹਿ ਦੇਣ ਖਿਲਾਫ਼ ਆਰ.ਐਮ.ਪੀ.ਆਈ. ਵਲੋਂ ਮੁਜ਼ਾਹਰਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 17 ਮਾਰਚ ਨੂੰ ਬਾਬਾ ਬਕਾਲਾ ਵਿਖੇ ਗੁੰਡਾਗਰਦੀ ਖਿਲਾਫ ਰੋਹ ਭਰਿਆ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਲਕਾ ਬਾਬਾ ਬਕਾਲਾ ਦੇ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਇਕ ਵੀਡੀਓ ਵਰੋਲੇ ਵਾਂਗ ਸ਼ੋਸ਼ਲ ਮੀਡੀਆ ‘ਚ ਘੁੰਮ ਰਿਹਾ ਹੈ ਜਿਸ ਵਿਚ ਉਹ ਪਿੰਡ ਭਲਾਈਪੁਰ ਪੂਰਬਾਂ ਵਿਖੇ ਬੋਲਦੇ ਹੋਏ ਸਰੇਆਮ ਕਹਿ ਰਿਹਾ ਹੈ ਕਿ ਹੁਣ ਕਾਂਗਰਸ ਦੀ ਸਰਕਾਰ ਹੈ, ਅਸੀਂ ਆਪਣੀਆਂ ਪੰਚਾਇਤਾਂ ਬਣਾਉਣੀਆਂ ਹਨ, ਜਿੰਨੇ ਧੱਕੇ ਬਾਦਲ ਸਰਕਾਰ ਵੇਲੇ ਹੋਏ, ਉਸ ਤੋਂ ਦੱਸ ਗੁਣਾਂ ਜ਼ਿਆਦਾ ਧੱਕੇਸ਼ਾਹੀ ਅਸੀਂ ਕਰਾਂਗੇ ਤੇ ਕਿਸੇ ਵੀ ਭਲੇਮਾਣਸ ਪੁਲਸ ਤੇ ਸਿਵਲ ਅਫਸਰ ਨੂੰ ਡਿਊਟੀ ‘ਤੇ ਨਹੀਂ ਰੱਖਿਆ ਜਾਵੇਗਾ। ਉਹੀ ਥਾਣੇਦਾਰ ਲਗਾਇਆ ਜਾਵੇਗਾ ਜਿਹੜਾ ਡਾਂਗ ਫੇਰਦਾ ਲੋਕਾਂ ਨੂੰ ਘਰਾਂ ‘ਚੋਂ ਕੱਢ ਕੇ ਲਿਆਵੇ।
ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂ ਸਾਥੀ ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ, ਗੁਰਨਾਮ ਸਿੰਘ ਭਿੰਡਰ ਤੇ ਪਲਵਿੰਦਰ ਸਿੰਘ ਮਹਿਸਮਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਦੀ ਗੁੰਡਾਗਰਦੀ ਤੋਂ ਅੱਕੇ ਪਏ ਸਨ। ਉਨ੍ਹਾਂ ਸੱਤਾ ਤਬਦੀਲੀ ਇਸ ਗੁੰਡਾਗਰਦੀ ਤੋਂ ਰਾਹਤ ਪਾਉਣ ਲਈ ਵੀ ਕੀਤੀ ਸੀ ਪਰ ਵਿਧਾਇਕ ਭਲਾਈਪੁਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗੁੰਡਾਗਰਦੀ ਘਟੇਗੀ ਨਹੀਂ, ਸਗੋਂ ਵਧੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਆਰ.ਐਮ.ਪੀ.ਆਈੇ. ਇਸ ਤਰ੍ਹਾਂ ਦੀ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਹਰ ਤਰ੍ਹਾਂ ਦੀ ਗੁੰਡਾਗਰਦੀ ਖਿਲਾਫ ਜਥੇਬੰਦ ਹੋ ਕੇ ਸੰਘਰਸ਼ ਦੇ ਮੈਦਾਨ ਵਿਚ ਨਿਤਰੋ ਕਿਉਂਕਿ ਚੁੱਪ ਰਹਿਣ ਦਾ ਵੇਲਾ ਨਹੀਂ। ਜੇ ਕਾਂਗਰਸੀਆਂ ਦੀ ਗੁੰਡਾਗਰਦੀ ਨੂੰ ਵੇਲੇ ਸਿਰ ਨਾ ਰੋਕਿਆ ਗਿਆ ਤਾਂ ਇਸ ਦੇ ਸਿੱਟੇ ਪੂਰੇ ਪੰਜਾਬ ਨੂੰ ਭੁਗਤਣੇ ਪੈਣਗੇ।
ਲੁਧਿਆਣਾ ‘ਚ ਸਾਂਝੀ ਕਿਸਾਨ ਕਨਵੈਨਸ਼ਨ
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ 9 ਅਗਸਤ ਨੂੰ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕਨਵੈਨਸ਼ਨ ਕੀਤੀ। ਇਹ ਕਨਵੈਨਸ਼ਨ ਸਰਕਾਰ ਵੱਲੋਂ ਸਾਉਣੀ ਦੀਆਂ ਫ਼ਸਲਾਂ ਦੇ ਭਾਅ ਦਾ ਐਲਾਨ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਨਾ ਕਰਨ ਅਤੇ ਕਿਸਾਨਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਦੀ ਪੋਲ ਖੋਲ੍ਹਣ ਲਈ ਕੀਤੀ ਗਈ।
ਭਾਈ ਬਾਲਾ ਚੌਕ ਸਥਿਤ ਅੰਬੈਸੀ ਪੈਲਿਸ ਵਿੱਚ ਹੋਈ ਇਸ ਕਨਵੈਨਸ਼ਨ ਦੌਰਾਨ ਸੂਬਾਈ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਅਵਤਾਰ ਸਿੰਘ ਗਿੱਲ, ਗੁਰਨਾਮ ਸਿੰਘ ਭਿੱਖੀ, ਹਰਜਿੰਦਰ ਸਿੰਘ ਟਾਂਡਾ, ਸੁੱਚਾ ਸਿੰਘ ਪਟਿਆਲਾ, ਚਮਕੌਰ ਸਿੰਘ, ਰਘਬੀਰ ਸਿੰਘ, ਗੁਰਮੀਤ ਸਿੰਘ ਮਹਿਮਾ, ਡਾ. ਚਰਨ ਸਿੰਘ, ਜਗਦੀਸ਼ ਲਾਲ, ਇੰਦਰਜੀਤ ਸਿੰਘ ਕੋਟ ਬੁੱਢਾ, ਨਿਰਭੈ ਸਿੰਘ ਢੁੱਡੀਕੇ ਅਤੇ ਕੁਲਵੰਤ ਸਿੰਘ ਸਿੱਧੂ ਸਣੇ ਕਈ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਸਲਾਂ ਦੀ ਘੱਟੋ-ਘੱਟ ਖ਼ਰੀਦ ਕੀਮਤ ਨਿਸ਼ਚਿਤ ਕੀਤੇ ਜਾਣ ਬਾਰੇ ਕੀਤੀ ਜਾ ਰਹੀ ਗ਼ਲਤ ਬਿਆਨੀ ਅਤੇ ਕਿਸਾਨਾਂ ਨਾਲ ਕੀਤੇ ਜਾ ਰਹੇ ਧੋਖੇ ਦੀ ਨਿਖੇਧੀ ਕੀਤੀ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਫ਼ਸਲਾਂ ਦੀ ਲਾਗਤ ਕੀਮਤ ਨਿਸ਼ਚਿਤ ਕਰਨ ਬਾਰੇ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਾਗਤ ਕੀਮਤ ਤੈਅ ਕਰਨ ਸਮੇਂ ਲਾਗਤਾਂ ਦਾ ਡਿਊਢਾ ਫਾਰਮੂਲਾ ਅਪਣਾ ਕੇ ਕਣਕ ਦਾ ਏ-21 ਐਫ.ਐਲ. ਭਾਅ 1750 ਰੁਪਏ ਪ੍ਰਤੀ ਕੁਇੰਟਲ ਦੇ ਰਹੀ ਹੈ ਜਦੋਂਕਿ ਸੀ-2 ਫਾਰਮੂਲੇ (ਕਿਸਾਨ ਦੀ ਜ਼ਮੀਨ ਦਾ ਠੇਕਾ ਅਤੇ ਆਪਣੇ ਵਲੋਂ ਖਰਚ ਕੀਤੀ ਪੂੰਜੀ) ਅਨੁਸਾਰ ਇਹ ਡਿਊਢੀ ਕੀਮਤ 2340 ਰੁਪਏ ਪ੍ਰਤੀ ਕੁਇੰਟਲ ਬਣਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕਣਕ ਹੀ ਨਹੀਂ ਬਲਕਿ ਹੋਰਨਾਂ ਫਸਲਾਂ ਦੀਆਂ ਕੀਮਤਾਂ ਵਿੱਚ ਵੀ ਸਰਕਾਰ ਕਿਸਾਨਾਂ ਦੀ ਲੁੱਟ ਕਰ ਰਹੀ ਹੈ। ਇਸ ਸਮੇਂ ਬੁਲਾਰਿਆਂ ਨੇ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਸੀ-2 ਫਾਰਮੂਲੇ ਅਨੁਸਾਰ ਭਾਅ ਪ੍ਰਾਪਤ ਕਰਨ ਸਣੇ ਹੋਰ ਮੰਗਾਂ ਦੀ ਪੂਰਤੀ ਲਈ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤਹਿਤ 8 ਤੋਂ 10 ਅਕਤੂਬਰ ਤੱਕ ‘ਮੰਡੀ ਚੱਲੋ’ ਪ੍ਰੋਗਰਾਮ ਅਧੀਨ ਮੰਡੀਆਂ ਵਿੱਚ ਸਰਕਾਰੀ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਪਿੱਛੋਂ 30 ਨਵੰਬਰ ਨੂੰ ਲੱਖਾਂ ਕਿਸਾਨ ਦਿੱਲੀ ਵਿੱਚ ਇਕੱਠੇ ਹੋ ਕੇ ਸਰਕਾਰ ਨੂੰ ਉਕਤ ਬਿੱਲ ਪਾਸ ਕਰਨ ਲਈ ਦਬਾਅ ਪਾਉਣਗੇ।
ਇਸ ਕਨਵੈਨਸ਼ਨ ਦੌਰਾਨ ਕੁੱਲ ਹਿੰਦ ਕਿਸਾਨ, ਸਭਾ ਬੀਕੇਯੂ ਏਕਤਾ, ਜਮੂਹਰੀ ਕਿਸਾਨ ਸਭਾ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਜ਼ਿਲ੍ਹਾ ਕਿਸਾਨ ਮੰਚ, ਕੁੱਲ ਹਿੰਦ ਕਿਸਾਨ ਸਭਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਟਾਂਡਾ ਦੀ ਅਗਵਾਈ ਹੇਠ ਕਿਸਾਨਾਂ ਨੇ ਹਿੱਸਾ ਲਿਆ। ਕਿਸਾਨਾਂ ਨੇ ਭਾਈਬਾਲਾ ਚੌਕ ਤੋਂ ਡੀਸੀ ਦਫ਼ਤਰ ਤੱਕ ਮਾਰਚ ਕਰਕੇ ਨਾਅਰੇਬਾਜ਼ੀ ਕੀਤੀ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀਆਂ ਸਰਗਰਮੀਆਂ
ਸਭਿਆਚਾਰਕ ਪ੍ਰੋਗਰਾਮ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਸਰਦੂਲਗੜ੍ਹ ਇਕਾਈ ਵਲੋਂ ਸਾਥੀ ਨਰਿੰਦਰ ਕੁਮਾਰ ਸੋਮਾ ਦੀ ਯਾਦ ਵਿਚ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਅਤੇ ਕਾਨਫਰੰਸ ਕਰਵਾਈ ਗਈ। ਸਭਾ ਦੇ ਜਨਰਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ। ਉਨ੍ਹਾਂ ਤੋਂ ਇਲਾਵਾ ਬੰਸੀ ਲਾਲ, ਮਨਦੀਪ ਸੰਧੂ, ਸੰਦੀਪ ਕੁਮਾਰ, ਰਵੀ ਸਿੰਘ, ਗਗਨਦੀਪ ਨੇ ਵੀ ਆਪਣੇ ਵਿਚਾਰ ਰੱਖੇ।
ਰੈਡ ਆਰਟਸ ਪੰਜਾਬ ਵਲੋਂ ਇਨਕਲਾਬੀ ਨਾਟਕਾਂ ਅਤੇ ਗੀਤ ਸੰਗੀਤ ਦੀ ਪੇਸ਼ਕਾਰੀ ਕੀਤੀ ਗਈ।
ਸਭਾ ਦੀ ਸਥਾਨਕ ਇਕਾਈ ਵਲੋਂ ਉਕਤ ਪ੍ਰੋਗਰਾਮ ਦੀ ਸਫਲਤਾ ਲਈ ਜਨਤਕ ਉਗਰਾਹੀ ਵੀ ਕੀਤੀ ਗਈ।
ਭਾਰੀ ਗਿਣਤੀ ਲੋਕਾਂ ਨੇ ਦੇਰ ਰਾਤ ਤੱਕ ਲੋਕ ਪੱਖੀ ਪੇਸ਼ਕਾਰੀ ਦਾ ਆਨੰਦ ਮਾਣਿਆ ਅਤੇ ਠਰ੍ਹਮੇਂ ਨਾਲ ਆਗੂਆਂ ਦੇ ਵਿਚਾਰ ਸੁਣੇ।
ਅਵਾਰਾ ਪਸ਼ੂਆਂ ਦੀ ਸਮੱਸਿਆ ਵਿਰੁੱਧ ਸੰਘਰਸ਼
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦਾ ਇਕ ਵਫ਼ਦ ਐਸ.ਡੀ.ਐਮ. ਸਰਦੂਲਗੜ੍ਹ (ਮਾਨਸਾ) ਨੂੰ ਮਿਲਿਆ।
ਸੂਬਾ ਕਮੇਟੀ ਮੈਂਬਰ ਬੰਸੀ ਲਾਲ ਦੀ ਅਗਵਾਈ ‘ਚ ਮਿਲੇ ਵਫ਼ਦ ਵਲੋਂ ਮੰਗ ਕੀਤੀ ਗਈ ਕਿ ਅਵਾਰਾ ਪਸ਼ੂਆਂ ਦਾ ਪੂਰਾ ਬੱਝਵਾਂ ਇੰਤਜ਼ਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂ ਨਾ ਕੇਵਲ ਫਸਲਾਂ ਦਾ ਉਜਾੜਾ ਕਰਦੇ ਹਨ, ਬਲਕਿ ਬਹੁਗਿਣਤੀ ਸੜਕ ਹਾਦਸਿਆਂ ਲਈ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ‘ਚ ਨਿਰਦੋਸ਼ ਲੋਕਾਂ ਦੀਆਂ ਜਾਨਾਂ ਅਜਾਈਂ ਜਾਂਦੀਆਂ ਹਨ ਅਤੇ ਅਨੇਕਾਂ ਲੋਕ ਉਮਰ ਭਰ ਲਈ ਨਕਾਰਾ ਹੋ ਜਾਂਦੇ ਹਨ।
ਨੌਜਵਾਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਅਨੇਕਾਂ ਮੱਦਾਂ ਰਾਹੀਂ ਗਊ ਸੇਵਾ ਸੈਸ ਦੇ ਨਾਂਅ ‘ਤੇ ਆਮ ਲੋਕਾਂ ਤੋਂ ਖਰਬਾਂ ਰੁਪਏ ਵਸੂਲਦੀ ਹੈ ਪਰ ਅਵਾਰਾ ਪਸ਼ੂਆਂ ਦੀ ਸਮੱਸਿਆ ਨਾ ਕੇਵਲ ਜਿਉਂ ਦੀ ਤਿਓਂ ਹੈ ਬਲਕਿ ਵੱਧਦੀ ਜਾਂਦੀ ਹੈ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀ ਸ਼ਹਿ ਪ੍ਰਾਪਤ, ਅਖੌਤੀ ਗਊ ਰੱਖਿਅਕਾਂ ਦੇ ਭੇਸ ‘ਚ ਅਪਰਾਧੀ ਟੋਲਿਆਂ ਨੇ ਵੀ ਇਸ ਸਮੱਸਿਆ ‘ਚ ਹੋਰ ਵਾਧਾ ਕੀਤਾ ਹੈ।
ਆਗੂਆਂ ਨੇ ਐਲਾਨ ਕੀਤਾ ਕਿ ਆਮ ਸ਼ਹਿਰੀਆਂ ਨੂੰ ਨਾਲ ਲੈ ਕੇ ਇਸ ਸਮੱਸਿਆ ਵਿਰੁੱਧ ਸੰਘਰਸ਼ ਛੇੜਿਆ ਜਾਵੇਗਾ।