‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਜਿਲ੍ਹਾ ਪੱਧਰੀ ਕਾਨਫਰੰਸਾਂ ਅਤੇ ਮੁਜਾਹਰੇ
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵਿੱਚ ਸ਼ਾਮਲ ਪਾਰਟੀਆਂ ਅਤੇ ਮੰਚਾਂ ਵੱਲੋਂ ਪ੍ਰਭਾਵਸ਼ਾਲੀ ਜਿਲ੍ਹਾ ਕਾਨਫਰੰਸਾਂ ਅਤੇ ਰੋਸ ਮੁਜ਼ਾਹਰੇ ਕੀਤੇ ਗਏ। ਉਕਤ ਕਾਨਫਰੰਸਾਂ ਅਤੇ ਮੁਜਾਹਰੇ, ਮੰਚ ਦੀ ਸੂਬਾਈ ਮੀਟਿੰਗ ਦੇ ਫੈਸਲੇ ਅਨੁਸਾਰ, ਜਨ ਸੰਗਰਾਮ ਬਣ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੀ ਜਿੱਤ ਲਈ ਮਿਹਨਤੀ ਤਬਕਿਆਂ, ਖਾਸ ਕਰਕੇ ਸ਼ਹਿਰੀ ਤੇ ਪੇਂਡੂ ਕਿਰਤੀਆਂ ਅਤੇ ਇਸਤਰੀਆਂ ਦੀ ਵਿਸ਼ਾਲ ਲਾਮਬੰਦੀ ਦੇ ਉਦੇਸ਼ ਤਹਿਤ ਕੀਤੇ ਗਏ ਸਨ। ਕਾਨਫਰੰਸਾਂ ਵਿੱਚ ਇਕੱਤਰ ਜਨ ਸਮੂਹਾਂ ਵੱਲੋਂ ਪਾਸ ਕੀਤੇ ਗਏ ਮਤਿਆਂ ਰਾਹੀਂ ਮੰਗ ਕੀਤੀ ਗਈ ਕਿ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਨਾਲ ਸਬੰਧਤ ਤੁਗਲਕੀ ਆਰਡੀਨੈਂਸ ਰੱਦ ਕੀਤੇ ਜਾਣ, ਡਾਕਟਰ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਸਮੁੱਚੀਆਂ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਗਰੰਟੀਸ਼ੁਦਾ ਖ੍ਰੀਦ ਦਾ ਕਾਨੂੰਨ ਪਾਸ ਕੀਤਾ ਜਾਵੇ, 26 ਜਨਵਰੀ ਨੂੰ ਗ੍ਰਿਫ਼ਤਾਰ ਕੀਤੇ ਬੇਕਸੂਰ ਕਾਰਕੁੰਨ ਰਿਹਾ ਕੀਤੇ ਜਾਣ ਅਤੇ ਕਿਸਾਨ ਸੰਘਰਸ਼ ਦੇ ਹਿਮਾਇਤੀਆਂ ਨੂੰ ਨਿਰਾਧਾਰ ਮੁਕੱਦਮਿਆਂ ਵਿੱਚ ਉਲਝਾ ਕੇ ਜੇਲ੍ਹੀਂ ਡੱਕਣਾ ਬੰਦ ਕੀਤਾ ਜਾਵੇ। ਇੱਕ ਹੋਰ ਮਤੇ ਰਾਹੀਂ ਮੌਜੂਦਾ ਵਿੱਤੀ ਵਰ੍ਹੇ ਦੇ ਬਜਟ ਦੀਆਂ ਲੋਕ ਮਾਰੂ- ਰਾਸ਼ਟਰ ਵਿਰੋਧੀ ਤਜਵੀਜਾਂ ਰੱਦ ਕਰਨ, ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਤਕਰੀਬਨ ਹਰ ਰੋਜ਼ ਦਾ ਕੀਤਾ ਜਾ ਰਿਹਾ ਵਾਧਾ ਵਾਪਸ ਲੈਣ, ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਦੀਆਂ ਸਾਜਿਸ਼ਾਂ ਬੰਦ ਕਰਕੇ ਸਭਨਾਂ ਗਰੀਬ ਪਰਿਵਾਰਾਂ ਨੂੰ ਅਤਿ ਸਸਤੀਆਂ ਦਰਾਂ ਤੇ ਜਿਉਂਦੇ ਰਹਿਣ ਲਈ ਜਰੂਰੀ ਅਨਾਜ, ਦਾਲਾਂ ਆਦਿ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਏ ਜਾਣ ਅਤੇ ਕਿਰਤ ਕਾਨੂੰਨਾਂ ਨੂੰ ਮੁੜ ਪਹਿਲੇ ਸਰੂਪ ਵਿੱਚ ਬਹਾਲ ਕਰਦਿਆਂ ਇਨ੍ਹਾਂ ਵਿੱਚ ਮਜ਼ਦੂਰ ਪੱਖੀ ਰੈਡੀਕਲ ਸੋਧਾਂ ਕੀਤੇ ਜਾਣ ਦੀ ਮੰਗ ਕੀਤੀ ਗਈ। ਮਤਿਆਂ ਰਾਹੀਂ ਲੋਕਾਈ ਨੂੰ ਅਪੀਲ ਕੀਤੀ ਗਈ ਕਿ ਉਹ ਦਿੱਲੀ ਦੀਆਂ ਜੂਹਾਂ ਤੇ ਮੋਰਚੇ ਮੱਲੀ ਬੈਠੇ ਮਜ਼ਦੂਰਾਂ-ਕਿਸਾਨਾਂ ਦੇ ਦੇਸ਼ ਭਗਤਕ, ਲੋਕ ਹਿਤੈਸ਼ੀ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਚੌਕਸ ਰਹਿੰਦਿਆਂ ਦੇਸ਼ ਦੇ ਭਵਿੱਖ ਨਾਲ ਖਤਰਨਾਕ ਖਿਲਵਾੜ ਕਰਨ ਵਾਲੀਆਂ ਸੰਘ-ਭਾਜਪਾ ਤੇ ਕੇਂਦਰੀ ਸਰਕਾਰ ਦੀਆਂ ਫਿਰਕੂ-ਫੁੱਟਪਾਊ ਸਾਜ਼ਿਸ਼ਾਂ ਅਤੇ ਜਾਬਰ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ। ਕਿਸਾਨ ਸੰਘਰਸ਼ ਦੀ ਹਰ ਪੱਖ ਤੋਂ ਡਟਵੀਂ ਹਿਮਾਇਤ ਕਰਨ ਲਈ ਤਹਿਦਿਲੋਂ ਧੰਨਵਾਦ ਕਰਦਿਆਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਫੈਡਰਲਿਜਮ ਦੇ ਜੜ੍ਹੀਂ ਤੇਲ ਦੇਣ ਵਾਲੇ ਮੋਦੀ ਸਰਕਾਰ ਦੇ ਤਾਨਾਸ਼ਾਹੀ-ਫਾਸ਼ੀ ਹੱਲਿਆਂ ਵਿਰੁੱਧ ਹਰ ਪੱਧਰ ਤੇ ਆਵਾਜ਼ ਬੁਲੰਦ ਕਰਦਿਆਂ ਸੰਘਰਸ਼ਾਂ ਦੇ ਪਿੜ ਮੱਲਣ। ਰੀਪੋਰਟ ਲਿਖੇ ਜਾਣ ਤੱਕ ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਨਵਾਂ ਸ਼ਹਿਰ, ਬਠਿੰਡਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਲੁਧਿਆਣਾ ਵਿਖੇ ਕਾਨਫਰੰਸਾਂ ਅਤੇ ਮੁਜਾਹਰੇ ਕੀਤੇ ਜਾ ਚੁੱਕੇ ਹਨ।
‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ‘ਤੇ ਹੋਏ ਲਾਮਿਸਾਲ ਕਾਮਯਾਬ ਐਕਸ਼ਨ
ਦਿੱਲੀ ਦੀਆਂ ਜੂਹਾਂ ਤੇ ਜਾਰੀ ਦੇਸ਼ ਵਿਆਪੀ ਮਜ਼ਦੂਰ-ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ‘ਸੰਯੁਕਤ ਕਿਸਾਨ ਮੋਰਚਾ’ ਵੱਲੋਂ ਫਰਵਰੀ ਮਹੀਨੇ ਵਿਚ ਦੇਸ਼ ਵਾਸੀਆਂ ਨੂੰ ਅਨੇਕਾਂ ਐਕਸ਼ਨਾਂ ਦਾ ਸੱਦਾ ਦਿੱਤਾ ਗਿਆ ਸੀ ।
ਉਕਤ ਸੱਦਿਆਂਂ ਪ੍ਰਤੀ ਲਾਮਿਸਾਲ ਹੁੰਗਾਰਾ ਭਰਦਿਆਂ ਲੋਕਾਈ ਨੇ ਉਪਰੋਥਲੀ ਸ਼ਾਨਦਾਰ ਸਫਲ ਐਕਸ਼ਨ ਕੀਤੇ।
6 ਫਰਵਰੀ ਨੂੰ 12 ਤੋਂ 3 ਵਜੇ ਤੱਕ ਸੜਕ ਆਵਾਜਾਈ ਰੋਕੀ ਗਈ।
12 ਫਰਵਰੀ ਨੂੰ ਟੋਲ ਪਲਾਜ਼ਿਆਂ ਦੀ ਜ਼ਜ਼ੀਆ ਵਸੂਲੀ ਬੰਦ ਕੀਤੀ ਗਈ।
14 ਫਰਵਰੀ ਨੂੰ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।
18 ਫਰਵਰੀ ਨੂੰ ਚਾਰ ਘੰਟਿਆਂ ਲਈ ਰੇਲਾਂ ਦਾ ਚੱਕਾ ਪੂਰੀ ਤਰ੍ਹਾਂ ਜਾਮ ਕੀਤਾ ਗਿਆ।
23 ਫਰਵਰੀ ਨੂੰ ਪ੍ਰਸਿਧ ਸੁਤੰਤਰਤਾ ਸੰਗਰਾਮੀਏ, ਮਿਸਾਲੀ ਕਿਸਾਨ ਘੁਲਾਟੀਏ ਚਾਚਾ ਅਜੀਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ।
24 ਫਰਵਰੀ ਨੂੰ ਜਬਰ ਵਿਰੋਧੀ ਦਿਵਸ ਮਨਾਇਆ ਗਿਆ।
27 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਦਿਹਾੜਾ ਮਨਾਇਆ ਗਿਆ।
ਇਸ ਤੋਂ ਇਲਾਵਾ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਕਿਸਾਨਾਂ ਦੇ ਮਸੀਹਾ ਸਰਕਾਰ ਛੋਟੂ ਰਾਮ ਦਾ ਜਨਮ ਦਿਵਸ ਵੀ ਮਨਾਇਆ ਗਿਆ।
ਇਹ ਡਾਢੀ ਤਸੱਲੀ ਦਾ ਵਿਸ਼ਾ ਹੈ ਕਿ ਬਹੁਤ ਹੀ ਘੱਟ ਵਕਫੇ ਨਾਲ ਦਿੱਤੇ ਗਏ ਸੱਦਿਆਂ ਨੂੰ ਦੇਸ਼ ਦੀ ਮਿਹਨਤੀ ਵਸੋਂ ਅਤੇ ਇਨਸਾਫ਼ ਪਸੰਦ ਲੋਕਾਂ ਵੱਲੋਂ ਖਿੜੇ ਮੱਥੇ ਪ੍ਰਵਾਨ ਕੀਤਾ ਗਿਆ ਅਤੇ ਸਾਰੇ ਐਕਸ਼ਨਾਂ ਵਿੱਚ ਲੱਖਾਂ ਲੋਕਾਂ ਨੇ, ਭਾਰੀ ਗਿਣਤੀ ਇਸਤਰੀਆਂ ਤੇ ਬਾਲਾਂ ਸਮੇਤ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਹੈ।
ਖੇਤੀ ਕਾਨੂੰਨਾਂ ਦੇ ਕਿਰਤੀ-ਕਿਸਾਨਾਂ, ਖਪਤਕਾਰਾਂ ‘ਤੇ ਮਾਰੂ ਪ੍ਰਭਾਵਾਂ ਬਾਰੇ ਦੋ ਸੈਮੀਨਾਰ
ਨਾਮਵਰ ਵਿੱਦਿਅਕ ਸੰਸਥਾ, ‘ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ’ ਜਲੰਧਰ ਵਿਖੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਕਾਬਲ ਪ੍ਰਿੰਸੀਪਲ ਮੈਡਮ ਡਾਕਟਰ ਨਵਜੋਤ ਕੌਰ ਦੀ ਸੁਚੱਜੀ ਅਗਵਾਈ ਵਿਚ ਹੋਏ ਇਸ ਆਯੋਜਨ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਜਗਦੀਸ਼ ਸਿੰਘ ਸ਼ੇਰਗਿੱਲ ਵੀ ਬਿਰਾਜਮਾਨ ਸਨ। ਸੈਮੀਨਾਰ ਦੀ ਪ੍ਰਧਾਨਗੀ, ਨਾਮਵਰ ਕਿਸਾਨ ਆਗੂ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕੀਤੀ। ਮੁੱਖ ਵਿਸ਼ੇ, ‘ਖੇਤੀ ਕਾਨੂੰਨਾਂ ਦੇ ਦੇਸ਼ ਦੀ ਵਿਸ਼ਾਲ ਵਸੋਂ, ਖਾਸ ਕਰਕੇ ਕਿਰਤੀ-ਕਿਸਾਨਾਂ, ਖਪਤਕਾਰਾਂ ਦੇ ਜੀਵਨ ‘ਤੇ ਪੈਣ ਜਾ ਰਹੇ ਦੁਰਪ੍ਰਭਾਵਾਂ’ ਸਬੰਧੀ ਕੁੰਜੀਵਤ ਭਾਸ਼ਣ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਦਿੱਤਾ। ਖਨਣ ਮਾਫੀਆ ਦੀ ਲੁੱਟ ਅਤੇ ਮਨਮਾਨੀਆਂ ਵਿਰੁੱਧ ਜਾਨ ਤਲੀ ਤੇ ਰੱਖ ਕੇ ਜੂਝਣ ਵਾਲੇ ਨੌਜਵਾਨ ਕਿਸਾਨ ਆਗੂ ਧਰਮਿੰਦਰ ਸਿੰਘ ਹੁਸ਼ਿਆਰਪੁਰ ਨੇ ਵੀ ਵਿਸ਼ੇਸ਼ ਭਾਸ਼ਣ ਕੀਤਾ। ਇਨ੍ਹਾਂ ਤੋਂ ਇਲਾਵਾ ਉੱਘੇ ਬੁਧੀਜੀਵੀ ਡਾਕਟਰ ਰਘਬੀਰ ਕੌਰ, ਡਾਕਟਰ ਤਜਿੰਦਰ ਵਿਰਲੀ, ਡਾਕਟਰ ਸ਼ਰਨਜੀਤ ਢਿੱਲੋਂ, ਮੈਡਮ ਸਰਿਤਾ ਤਿਵਾੜੀ, ਮੈਡਮ ਪੂਨਮ ਤਿਵਾੜੀ ਨੇ ਵੀ ਜਾਣਕਾਰੀ ‘ਚ ਅਸੀਮ ਵਾਧਾ ਕਰਨ ਵਾਲੇ ਵਿਚਾਰ ਰੱਖੇ। ਬੁਲਾਰਿਆਂ ਨੇ ਤੱਥਾਂ ਅਤੇ ਦਲੀਲਾਂ ਸਹਿਤ ਬਾਖੂਬੀ ਸਾਬਤ ਕੀਤਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ, ਤਿੰਨ ਖੇਤੀ ਕਾਨੂੰਨ ਖੇਤੀ ਧੰਦੇ ਨੂੰ ਲਾਹੇਵੰਦਾ ਬਨਾਉਣ ਜਾਂ ਕਿਸਾਨਾ-ਖੇਤ ਕਾਮਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨਹੀਂ ਬਣਾਏ ਗਏ ਬਲਕਿ ਭਾਰਤ ਦੀ ਸੈਂਕੜੇ ਕਰੋੜ ਵਸੋਂ ਦੇ ਵਿਸ਼ਾਲ ਭਾਗ ਦੇ ਗੁਜ਼ਾਰੇ ਦਾ ਸਾਧਨ ਖੇਤੀ ਕਿੱਤੇ ਨੂੰ ਅੰਬਾਨੀ-ਅਡਾਨੀ ਜਿਹੇ ਮੁੱਠੀ ਭਰ ਕਾਰਪੋਰੇਟ ਲੋਟੂਆਂ ਅਤੇ ਇਨ੍ਹਾਂ ਦੇ ਭਾਈਵਾਲ ਸਾਮਰਾਜੀ ਲੁਟੇਰਿਆਂ ਦੇ ਹਵਾਲੇ ਕਰਨ ਲਈ ਦੇਸ਼ ਦੇ ਸੰਵਿਧਾਨ ਦੀ ਮੁਜਰਮਾਨਾ ਉਲੰਘਣਾ ਕਰਕੇ ਘੜੇ ਗਏ ਹਨ।
ਬੁਲਾਰਿਆਂ ਨੇ ਅੰਕੜਿਆਂ ਰਾਹੀਂ ਸਿੱਧ ਕੀਤਾ ਕਿ ਉਕਤ ਕਾਨੂੰਨ ਨਾ ਕੇਵਲ ਖੇਤੀ ਕਿੱਤੇ, ਬਲਕਿ ਖੇਤੀ ਨਾਲ ਜੁੜੇ ਦਰਮਿਆਨੇ ਤੇ ਛੋਟੇ ਉਦਯੋਗ ਧੰਦੇ, ਕਾਰੋਬਾਰਾਂ ਅਤੇ ਪ੍ਰਚੂਨ ਵਿਉਪਾਰ ਦੀ ਸਫ ਵਲੵਟ ਕੇ ਇਸ ਸਾਰੇ ਤਾਣੇ ਬਾਣੇ ਉੱਪਰ ਵਿਸ਼ਵੀ ਤੇ ਸਥਾਨਕ ਅਜਾਰੇਦਾਰਾਂ ਦਾ ਏਕਾਧਿਕਾਰ ਸਥਾਪਤ ਕਰਵਾ ਦੇਣਗੇ। ਉਨ੍ਹਾਂ ਠੋਸ ਉਦਾਹਰਣਾਂ ਦੇ ਕੇ ਦੱਸਿਆ ਕਿ ਅਜਿਹੇ ਹੀ ਕਾਨੂੰਨਾਂ ਨੇ ਕਿਵੇਂ ਮੈਕਸੀਕੋ ਆਦਿ ਦੇਸ਼ਾਂ ਦੀ ਕਿਰਤੀ-ਕਿਸਾਨ ਵਸੋਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ। ਵਿਦਵਾਨ ਬੁਲਾਰਿਆਂ ਨੇ ਸਮੁੱਚੇ ਭਾਰਤੀ ਸਮਾਜ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਸੰਘਰਸ਼ ਤੇ ਢਾਹਿਆ ਜਾ ਰਿਹਾ ਹੁਕੂਮਤੀ ਜਬਰ, ਸੰਘ ਪਰਿਵਾਰ ਦੇ ਅਰਾਜਕ ਸੰਗਠਨਾਂ ਦੇ ਖਰੂਦੀ ਕਾਰਕੁੰਨਾਂ ਦੇ ਹਮਲੇ, ਫਿਰਕੂ-ਫੁੱਟਪਾਊ ਸਾਜਿਸ਼ਾਂ ਅਤੇ ਗੋਦੀ ਮੀਡੀਆ ਤੇ ਆਈਟੀਸੈਲ ਦੇ ਜਹਿਰੀਲੇ ਪ੍ਰਚਾਰ ਦੇ ਦੇਸ਼ ਨੂੰ ਗੰਭੀਰ ਪਰਿਣਾਮ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਕਿਸਾਨ ਸੰਘਰਸ਼ ਦੇ ਸਫਲਤਾ ਪੂਰਵਕ ਨੇਪਰੇ ਚੜ੍ਹਣ ਨਾਲ ਦੇਸ਼ ਅੰਦਰ ਜਮਹੂਰੀਅਤ, ਧਰਮ ਨਿਰਪੱਖਤਾ, ਫੈਡਰਲਿਜਮ ਦੇ ਲੋਕ ਹਿਤੈਸ਼ੀ ਸੰਕਲਪ ਮਜਬੂਤ ਹੋਣਗੇ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ , ਅਸਹਿਮਤੀ ਦੇ ਅਧਿਕਾਰ ਸਮੇਤ ਸਮੁੱਚੇ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਦਾ ਸੰਘਰਸ਼ ਜਿੱਤ ਵਲ ਵਧੇਗਾ। ਪਰ ਜੇ ਇਸ ਦੇ ਉਲਟ ਵਾਪਰਦਾ ਹੈ ਤਾਂ ਫਿਰਕੂ- ਫਾਸ਼ੀ, ਮੰਨੂਵਾਦੀ-ਹਿੰਦੂਤਵੀ ਸ਼ਕਤੀਆਂ ਸੁਤੰਤਰਤਾ ਸੰਗਰਾਮ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਤਹਿਸ-ਨਹਿਸ ਕਰ ਦੇਣਗੀਆਂ ਅਤੇ ਦੇਸ਼ ਮੁੜ ਤੋਂ ਸਾਮਰਾਜੀ ਗੁਲਾਮੀ ਦੇ ਜੂਲੇ ਵਿੱਚ ਜਕੜਿਆ ਜਾਵੇਗਾ। ਕਾਲਜ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਦੇਸ਼ ਦੇ ਮਿਹਨਤਕਸ਼ ਆਵਾਮ ਦੇ ਸਰਗਰਮ ਸਹਿਯੋਗ ਸਦਕਾ ਜਨ ਸੰਗਰਾਮ ਦੀ ਸ਼ਕਲ ਅਖਤਿਆਰ ਕਰ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਪਾਏ ਗਏ ਸਰਵਪੱਖੀ ਯੋਗਦਾਨ ਦਾ ਸਾਰੇ ਬੁਲਾਰਿਆਂ ਵੱਲੋਂ ਉਚੇਚਾ ਜਿਕਰ ਕੀਤਾ ਗਿਆ।
ਰਿਪੋਰਟ : ਮੈਡਮ ਹਰਮੋਹਨ
ਜਾਗਰੂਕ ਖਪਤਕਾਰ ਮੰਚ ਵੱਲੋਂ ਕੀਤੀ ਗਈ ਲਾਹੇਵੰਦੀ ਵਿਚਾਰ ਚਰਚਾ
“ਕੰਜ਼ਿਊਮਰ ਫੋਰਮ ਜਲੰਧਰ” ਦੇ ਸੱਦੇ ‘ਤੇ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। “ਖੇਤੀ ਕਾਨੂੰਨਾਂ ਦੇ ਆਮ ਆਦਮੀ ਦੇ ਜੀਵਨ ‘ਤੇ ਦੁਰਪ੍ਰਭਾਵ” ਵਿਸ਼ੇ ਅਧੀਨ ਸੱਦੇ ਗਏ ਸੈਮੀਨਾਰ ਵਿੱਚ ਉੱਘੇ ਲੇਖਕ ਅਤੇ ਫ਼ਿਲਮਕਾਰ ਸਤਨਾਮ ਚਾਨਾ ਨੇ ਕੁੰਜੀਵਤ ਭਾਸ਼ਣ ਦਿੱਤਾ। ਸੈਮੀਨਾਰ ਦੀ ਪ੍ਰਧਾਨਗੀ ਫੋਰਮ ਦੇ ਪ੍ਰਧਾਨ ਮੱਖਣ ਲਾਲ ਪਲੵਣ ਅਤੇ ਮੰਚ ਸੰਚਾਲਨ ਜਨਰਲ ਸਕੱਤਰ ਐਡਵੋਕੇਟ ਰਵਿੰਦਰਪਾਲ ਸਿੰਘ ਵੱਲੋਂ ਕੀਤਾ ਗਿਆ। ਪ੍ਰੋਫੈਸਰ ਗੋਪਾਲ ਸਿੰਘ ਬੁੱਟਰ, ਡਾ. ਤੇਜਿੰਦਰ ਵਿਰਲੀ, ਡਾ. ਰਘਬੀਰ ਕੌਰ ਤੇ ‘ਨਵੀਂ ਉਮੀਦ’ ਸੰਸਥਾ ਦੇ ਹਰਜੀਤ ਸਿੰਘ ਨੇ ਵੀ ਵਿਚਾਰ ਰੱਖੇ। ਮੁੱਖ ਬੁਲਾਰੇ ਨੇ ਤੱਥਾਂ ਅਤੇ ਦਲੀਲਾਂ ਸਹਿਤ ਨਵੇਂ ਖੇਤੀ ਕਾਨੂੰਨਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਅਖੌਤੀ ਨਵੇਂ ਖੇਤੀ ਕਾਨੂੰਨ ਕੇਵਲ ਖੇਤੀ ਕਿੱਤੇ ਨਾਲ ਸਬੰਧਤ ਲੋਕਾਂ ਨੂੰ ਹੀ ਨਹੀਂ, ਬਲਕਿ ਸਮੁੱਚੀ ਮਿਹਨਤੀ ਵਸੋਂ ਅਤੇ ਖਪਤਕਾਰਾਂ ਦੇ ਹਿਤਾਂ ਨੂੰ ਵੀ ਗੰਭੀਰ ਹਾਨੀ ਪੁਚਾਉਣ ਵਾਲੇ ਹਨ। ਇਹ ਕਾਨੂੰਨ ਛੋਟੇ ਤੇ ਦਰਮਿਆਨੇ ਉਦਯੋਗ ਧੰਦਿਆਂ ਅਤੇ ਪ੍ਰਚੂਨ ਵਿਉਪਾਰ ਦਾ ਖਾਤਮਾ ਕਰਕੇ ਦਿਓ ਕੱਦ ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਏਕਾਧਿਕਾਰ ਕਾਇਮ ਕਰਨ ਦੇ ਹਥਿਆਰ ਹਨ। ਕਾਰਪੋਰੇਟ ਘਰਾਣਿਆਂ ਨੂੰ ਜ਼ਰੂਰੀ ਖਾਧ ਵਸਤਾਂ ਦੇ ਭੰਡਾਰੀਕਰਨ ਦੀ ਖੁੱਲ੍ਹ ਦਿੱਤੇ ਜਾਣ ਨਾਲ ਨਕਲੀ ਥੁੜੋਂ ਪੈਦਾ ਹੋਣ ਕਰਕੇ ਮਹਿੰਗਾਈ ਤੇ ਕਾਲਾ ਬਜ਼ਾਰੀ ਨਾਲ ਹਰ ਖਪਤਕਾਰ ਬੇਕਿਰਕੀ ਨਾਲ ਨਪੀੜਿਆ ਜਾਵੇਗਾ। ਇਸੇ ਕਰਕੇ ਦੇਸ਼ ਦੀ ਵਿਸ਼ਾਲ ਵਸੋਂ, ਖਾਸ ਕਰਕੇ ਕਿਰਤੀ ਸ਼੍ਰੇਣੀ ਤੇ ਮੱਧ ਵਰਗ ਉਕਤ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੂਝ ਰਹੇ ਦੇਸ਼ ਦੇ ਕਿਸਾਨਾਂ ਦੇ ਅੰਗ-ਸੰਗ ਆਣ ਖੜ੍ਹੇ ਹਨ ਅਤੇ ਇਹ ਕਿਸਾਨ ਸੰਘਰਸ਼ ਸੰਸਾਰ ਭਰ ਦੇ ਸਾਵੀਂ ਸੋਚਣੀ ਵਾਲੇ ਲੋਕਾਂ ਦੇ ਸਹਿਯੋਗ ਸਦਕਾ ਜਨ ਸੰਗਰਾਮ ਬਣ ਚੁੱਕਾ ਹੈ। ਵਿਦਵਾਨ ਬੁਲਾਰੇ ਨੇ ਸੰਸਾਰ ਭਰ ਦੀ ਖਿੱਚ ਦਾ ਕੇਂਦਰ ਬਣੇ ਹੱਕੀ ਕਿਸਾਨ ਸੰਘਰਸ਼ ਪ੍ਰਤੀ ਮੋਦੀ ਸਰਕਾਰ ਵੱਲੋਂ ਅਪਣਾਈ ਸਿਰੇ ਦੀ ਦੋਖੀ ਪਹੁੰਚ, ਖਾਸ ਕਰਕੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਪ੍ਰਤੀ ਦਰਸਾਈ ਜਾ ਰਹੀ ਅਣਮਨੁੱਖੀ ਸੰਵੇਦਨਹੀਨਤਾ ਨੂੰ ਲੋਕ ਤੰਤਰ ਦੇ ਭਵਿੱਖ ਲਈ ਗੰਭੀਰ ਖਤਰਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਖਿਲਾਫ਼ ਮੋਦੀ ਦੀਆਂ ਫੁੱਟਪਾਊ ਸਾਜਿਸ਼ਾਂ ਅਤੇ ਜਾਬਰ ਹਮਲਿਆਂ ਪਿੱਛੇ ਅਸਲ ਕਾਰਨ ਇਹ ਹੈ ਕਿ ਮੌਜੂਦਾ ਸਰਕਾਰ ਦੇਸ਼ ਦੇ ਕਰੋੜਾਂ ਲੋਕਾਂ ਦੀ ਬਜਾਇ ਮੁੱਠੀ ਭਰ ਦੇਸੀ-ਵਿਦੇਸ਼ੀ ਲੋਟੂਆਂ ਦੇ ਹਿਤਾਂ ਦੀ ਰਖਵਾਲੀ ਲਈ ਪੱਬਾਂ ਭਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਸਾਮਰਾਜੀ ਤੇ ਫਾਸ਼ੀ ਸ਼ਕਤੀਆਂ ਦੇ ਗਠਜੋੜ ਵੱਲੋਂ ਧਰਮ ਨਿਰਪੱਖਤਾ, ਜਮਹੂਰੀਅਤ ਤੇ ਸੰਘਾਤਮਕ ਢਾਂਚੇ ਦੇ ਖਾਤਮੇ ਲਈ ਕੀਤੇ ਜਾ ਰਹੇ ਹੱਲਿਆਂ ਨੂੰ ਵੀ ਸੰਜੀਦਾ ਚੁਣੌਤੀ ਪੇਸ਼ ਕੀਤੀ ਹੈ। ਇਸੇ ਕਰਕੇ ਕਿਸਾਨ ਅੰਦੋਲਨ ਦੀ ਜਿੱਤ ਲੋਕਾਈ ਦੇ ਸੁਨਹਿਰੇ ਭਵਿੱਖ ਦੀ ਜਾਮਨੀ ਸਿੱਧ ਹੋਵੇਗੀ। ਇਸ ਮੌਕੇ ਸਰਵ ਸਾਥੀ ਹਰੀ ਮੁਨੀ ਸਿੰਘ, ਰਾਮ ਕਿਸ਼ਨ, ਸਾਬਕਾ ਮੁਲਾਜ਼ਮ ਆਗੂ ਕਰਨੈਲ ਸਿੰਘ, ਤਿਲਕ ਰਾਜ ਗੌਤਮ, ਬਲਦੇਵ ਸਿੰਘ ਨੂਰਪੁਰੀ, ਸੁਨੀਤਾ ਨੂਰਪੁਰੀ, ਕੰਚਣ, ਪਾਰਵਤੀ ਵੀ ਮੌਜੂਦ ਸਨ। ਸਰੋਤਿਆਂ ‘ਚ ਭਾਰੀ ਗਿਣਤੀ ਕਿਰਤੀਆਂ ਨੇ ਇਸਤਰੀਆਂ ਸਮੇਤ ਸ਼ਮੂਲੀਅਤ ਕੀਤੀ ਅਤੇ ਬੁਲਾਰਿਆਂ ਦੇ ਕੀਮਤੀ ਸ਼ਬਦਾਂ ਨੂੰ ਧਿਆਨ ਨਾਲ ਸੁਣਿਆ।
ਰਿਪੋਰਟ : ਬਲਦੇਵ ਸਿੰਘ ਨੂਰਪੁਰੀ