
ਚੰਡੀਗੜ੍ਹ, 24 ਅਗਸਤ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸਰਕਾਰ ਦੀ ਕਿਸਾਨ ਜੱਥੇਬੰਦੀਆਂ ਨਾਲ ਹੋਈ ਮੀਟਿੰਗ ਉਪਰੰਤ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਕਿਸਾਨਾਂ ਨੇ ਫ਼ੌਰੀ ਜਲੰਧਰ-ਫ਼ਗਵਾੜਾ ਮੁੱਖ ਮਾਰਗ ਤੇ ਚੱਲ ਰਹੇ ਧਰਨੇ ਅਤੇ ਰੇਲ ਰੋਕੋ ਪ੍ਰੋਗਰਾਮ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਕਿਸਾਨਾਂ ਨੇ 400 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕੀਤੀ ਸੀ ਪਰ ਆਖੜ ਇਹ ਸਮਝੌਤਾ 50 ਰੁਪਏ ਵਾਧੇ ਦੇ ਨਾਲ 310 ਰੁਪਏ ਤੋਂ ਵਧਾ ਕੇ 360 ਰੁਪਏ ਕਰਨ ਨਾਲ ਸਿਰੇ ਚੜ੍ਹ ਗਿਆ।
ਇਸ ਤੋਂ ਪਹਿਲਾ ਪੰਜਾਬ ਸਰਕਾਰ ਨੇ 310 ਰੁਪਏ ਤੋਂ 15 ਰੁਪਏ ਵਧਾ ਕੇ 325 ਰੁਪਏ ਕਰਨ ਦਾ ਐਲਾਨ ਕੀਤਾ ਸੀ ਜਿਸ ਨੂੰ ਕਿਸਾਨਾਂ ਨੇ ਰੱਦ ਕਰਦਿਆਂ ਪਹਿਲਾਂ ਜਲੰਧਰ ਫ਼ਗਵਾੜਾ ਹਾਈਵੇਅ ਜਾਮ ਕਰ ਦਿੱਤਾ ਸੀ ਅਤੇ ਉਸਤੋਂ ਬਾਅਦ ਜਲੰਧਰ ਅਤੇ ਫ਼ਗਵਾੜਾ ਵਿਚਾਲੇ ਰੇਲ ਰੂਟ ਤੇ ਰੇਲ ਗੱਡੀਆਂ ਰੋਕ ਦਿੱਤੀਆ ਸਨ।
ਪਰਸੋਂ ਕੈਬਨਿਟ ਮੰਤਰੀ ਸੁਖ਼ਜਿੰਦਰ ਸਿੰਘ ਰੰਧਾਵਾ ਨਾਲ ਕਿਸਾਨ ਜਥੇਬੰਦੀਆਂ ਦੀ ਇਕ ਮੀਟਿੰਗ ਹੋਈ ਸੀ ਅਤੇ ਲੰਘੇ ਕੱਲ੍ਹ ਜਲੰਧਰ ਵਿਖ਼ੇ ਖ਼ੇਤੀਬਾੜੀ ਮਾਹਿਰਾਂ ਦੀ ਕਿਸਾਨਾਂ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਗੰਨੇ ਤੇ ਲਾਗਤ ਬਾਰੇ ਚਰਚਾ ਕੀਤੀ ਗਈ ਸੀ।ਜਿਸ ਚ ਕਿਸਾਨ ਆਗੂਆਂ ਨੇ 470 ਰੁਪਏ ਦੇ ਖਰਚ ਗਿਣਾਏ ਸਨ।
ਅੱਜ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ 50 ਰੁਪਏ ਵਾਧੇ ਤੋਂ ਖੁਸ਼ ਕਿਸਾਨਾਂ ਨੇ ਉਸੇ ਵੇਲੇ ਹੀ ਜਲੰਧਰ ਫ਼ਗਵਾੜਾ ਸੜਕ ਅਤੇ ਰੇਲ ਟਰੈਕ ’ਤੇ ਸ਼ੁਰੂ ਕੀਤੇ ਧਰਨੇ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।