ਤਰਨ ਤਾਰਨ : ਦੋ ਖੱਬੇ ਪੱਖੀ ਪਾਰਟੀਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਅਤੇ ਸੀ ਪੀ ਆਈ (ਐਮਐਲ) ਲਿਬਰੇਸ਼ਨ ਦੇ ਸੱਦੇ ‘ਤੇ ਨਸ਼ਿਆਂ ਕਾਰਨ ਨੌਜਵਾਨਾਂ ਦੀ ਬਰਬਾਦੀ ਅਤੇ ਨਸ਼ੇ ਨਾਲ ਹੋ ਰਹੀਆਂ ਮੌਤਾਂ ਖ਼ਿਲਾਫ਼ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਡੀਸੀ ਤਰਨ ਤਾਰਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਵਫ਼ਦ ਦੀ ਅਗਵਾਈ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਸਿੰਘ ਜਾਮਾਰਾਏ, ਜ਼ਿਲ੍ਹਾ ਸਕੱਤਰੇਤ ਦੇ ਮੈਂਬਰ ਬਲਬੀਰ ਸੂਦ, ਜਸਪਾਲ ਸਿੰਘ ਢਿੱਲੋਂ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਦਾਰਾ ਸਿੰਘ ਮੁੰਡਾ ਪਿੰਡ, ਨਿਰਪਾਲ ਸਿੰਘ ਜੌਣੇਕੇ, ਮਨਜੀਤ ਸਿੰਘ ਬੱਗੂ ਕੋਟ, ਲੱਖਾ ਸਿੰਘ ਮੰਨਣ ਆਦਿ ਆਗੂਆਂ ਨੇ ਕੀਤੀ। ਪੰਜਾਬ ਸਰਕਾਰ ਨੂੰ ਭੇਜੇ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਵਿਰੁੱਧ ਬਾਦਲ ਸਰਕਾਰ ਦੇ ਦਸਾਂ ਸਾਲਾਂ ਦੇ ਮਾਫ਼ੀਆ ਸ਼ਾਸਨ ਅਤੇ ਮੌਜੂਦਾ ਹਕੂਮਤ ਦੇ 14 ਮਹੀਨਿਆਂ ਦੇ ਰਾਜਭਾਗ ਦੌਰਾਨ ਲਗਦੇ ਰਹੇ ਦੋਸ਼ਾਂ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਅਗਵਾਈ ਹੇਠ ਸੀਬੀਆਈ ਕੋਲੋਂ ਮਿਤੀ ਬੱਧ ਪੜਤਾਲ ਕਰਾਈ ਜਾਵੇ, ਨਸ਼ੇ ਕਾਰਨ ਹੋ ਰਹੀਆਂ ਮੌਤਾਂ ਸਬੰਧੀ ਸਬੰਧਿਤ ਥਾਣੇ ਦੇ ਐਸਐਚਓ ਦੀ ਜ਼ਿੰਮੇਵਾਰੀ ਨਿਸ਼ਚਤ ਕਰਦਿਆਂ ਉਸ ਨੂੰ ਦੋਸ਼ੀ ਠਹਿਰਾਇਆ ਜਾਵੇ, ਨਸ਼ਾਖੋਰੀ ਦੇ ਸ਼ਿਕਾਰ ਨੌਜਵਾਨਾਂ ਦੇ ਮੁਕੰਮਲ ਇਲਾਜ ਲਈ ਸਬ ਡਵੀਜ਼ਨ ਪੱਧਰ ‘ਤੇ ਹਰ ਕਿਸਮ ਦੇ ਸਾਧਨ ਅਤੇ ਮਾਹਿਰ ਡਾਕਟਰ ਮੁਹੱਈਆ ਕੀਤੇ ਜਾਣ,।ਨਸ਼ਾ ਸਪਲਾਈ ਅਤੇ ਤਸਕਰੀ ਦੇ ਸਮੁੱਚੇ ਤਾਣੇ ਨੂੰ ਸਖ਼ਤੀ ਨਾਲ ਕੁਚਲਿਆ ਜਾਵੇ।