ਜਲੰਧਰ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- “ਬੀਤੇ ਕਲ੍ਹ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਖੇ, ਯੋਗੀ ਸਰਕਾਰ ਦੀ ਸ਼ਹਿ ਪ੍ਰਾਪਤ ਗੁੰਡਾ ਗਰੋਹਾਂ ਵੱਲੋਂ ਕਿਸਾਨਾਂ ਨੂੰ ਸ਼ਹੀਦ ਕਰਨ ਅਤੇ ਅਨੇਕਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਘਟਨਾ, ਆਰ.ਐਸ.ਐਸ. ਤੇ ਭਾਜਪਾ ਦੀ ਦੇਸ਼ ਵਿਆਪੀ ਕਿਸਾਨ ਘੋਲ ਨੂੰ ਲੀਹੋਂ ਲਾਹੁਣ ਲਈ ਕੀਤੀ ਗਈ ਹਿੰਸਾ ਭੜਕਾਉਣ ਦੀ ਗਿਣੀ-ਮਿਥੀ ਸਾਜ਼ਿਸ਼ ਦਾ ਨਤੀਜਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ, ਉਕਤ ਘਟਨਾ ਤੋਂ ਠੀਕ ਪਹਿਲਾਂ ਸੰਘੀ ਕਾਰਕੁੰਨਾਂ ਨੂੰ ਪੁਰਅਮਨ ਵਿਰੋਧ ਕਰ ਰਹੇ ਕਿਸਾਨਾਂ ‘ਤੇ ਡਾਂਗਾਂ ਵਰ੍ਹਾਉਣ ਲਈ ਉਕਸਾਏ ਜਾਣ ਤੋਂ ਉਕਤ ਸਾਜ਼ਿਸ਼ ਦੀ ਪੁਸ਼ਟੀ ਹੁੰਦੀ ਹੈ।” ਇਹ ਗੱਲ ਅੱਜ ਇੱਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਹੀ।
ਸਾਥੀ ਪਾਸਲਾ ਅਤੇ ਜਾਮਾਰਾਏ ਨੇ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਵੱਲੋਂ ਕਿਸਾਨਾਂ ਨੂੰ ਗੱਡੀ ਹੇਠ ਦਰੜ ਕੇ ਕਤਲ ਕਰ ਦੇਣਾ, ਗੋਲੀਆਂ ਦੀ ਬੁਛਾੜ ਕਰਦੇਣਾ ਅਤੇ ਪੁਲਸ ਦਾ ਮੂਕ ਦਰਸ਼ਕ ਬਣੇ ਰਹਿਣਾ ਸੁਤੇ ਸਿੱਧ ਵਾਪਰਿਆ ਵਰਤਾਰਾ ਨਹੀਂ ਬਲਕਿ ਹਿੰਦੂਤਵੀ ਲਾਣੇ ਦੀ ਚਿਰੋਕਣੀ ਵਿਉਂਤਬੰਦੀ ਦਾ ਨਤੀਜਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਸ਼ਾਂਤਮਈ ਸੰਘਰਸ਼, ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਜਮਾਤੀ ਏਕਤਾ ਅਤੇ ਮਹਾਂਪੰਚਾਇਤਾਂ ਵਿੱਚ ਆਰਐੱਸਐੱਸ ਦੇ ਫਿਰਕੂ-ਫਾਸ਼ੀ, ਫੁੱਟਪਾਊ ਏਜੰਡੇ ਨੂੰ ਚੁਣੌਤੀ ਦਿੱਤੇ ਜਾਣ ਤੋਂ ਸੰਘ-ਪਰਿਵਾਰ ਬੁਖਲਾਹਟ ਵਿੱਚ ਆ ਗਿਆ ਹੈ ਅਤੇ ਆਪਣੇ ਕੁਲਹਿਣੇ ਇਰਾਦਿਆਂ ਨੂੰ ਸਿਰੇ ਚੜ੍ਹਾਉਣ ਲਈ ਅਜਿਹੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ।
ਪਾਸਲਾ ਅਤੇ ਜਾਮਾਰਾਏ ਨੇ ਭੜਕਾਹਟਾਂ ਤੋਂ ਬਚਦੇ ਹੋਏ ਪੁਰਅਮਨ ਤਰੀਕੇ ਨਾਲ ਕਿਸਾਨ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਸੰਘੀ ਸਾਜ਼ਿਸ਼ਾਂ ਦਾ ਬੁਥਾੜ ਭੰਨਣ ਦੀ ਅਪੀਲ ਕੀਤੀ ਹੈ।