Now Reading
ਖੁਦਮੁਖਤਿਆਰ ਵਾਲੀਆਂ ਸੰਸਥਾ ਦੀ ਚੋਣ ਟਾਲ ਕੇ ਕੇਂਦਰ ਅਧੀਨ ਲਿਆਉਣ ਦੀ ਕੋਸ਼ਿਸ਼ ਦਾ ਹੋਵੇਗਾ ਵਿਰੋਧ

ਖੁਦਮੁਖਤਿਆਰ ਵਾਲੀਆਂ ਸੰਸਥਾ ਦੀ ਚੋਣ ਟਾਲ ਕੇ ਕੇਂਦਰ ਅਧੀਨ ਲਿਆਉਣ ਦੀ ਕੋਸ਼ਿਸ਼ ਦਾ ਹੋਵੇਗਾ ਵਿਰੋਧ

ਜਲੰਧਰ, 10 ਜੁਲਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਜਾਰੀ ਕੀਤੇ ਬਿਆਨ ‘ਚ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਨਾਲੋਂ ਵੱਖ ਕਰਨ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਅੱਜ ਇਥੋਂ ਜਾਰੀ ਬਿਆਨ ‘ਚ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਤੇ ਜਨਰਲ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਆਗੂ ਗਗਨਦੀਪ ਨੇ ਕਿਹਾ ਕਿ ਸੈਨਿਟ ਅਤੇ ਸਿੰਡੀਕੇਟ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ। ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਬਿਨ੍ਹਾਂ ਸਾਰੇ ਅਧਿਕਾਰ ਆਪਣੇ ਹੱਥ ‘ਚ ਲੈ ਕੇ ਕੇਂਦਰ ਸਰਕਾਰ ਇਸ ਇਤਿਹਾਸਕ ਯੂਨੀਵਰਸਿਟੀ ਨੂੰ ਪੰਜਾਬ ਨਾਲੋਂ ਤੋੜ ਰਹੀ ਹੈ, ਜਿਸ ਨਾਲ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ 200 ਕਾਲਜ ਪ੍ਰਭਾਵਿਤ ਹੋਣਗੇ।
ਆਗੂਆਂ ਨੇ ਕਿਹਾ ਕਿ ਖੁਦਮੁਖਤਿਆਰ ਵਾਲੀਆਂ ਸੰਸਥਾਵਾਂ ਦੀਆਂ ਚੋਣਾਂ ਨੂੰ ਟਾਲ ਕੇ ਸਿੱਧੇ ਤੌਰ ‘ਤੇ ਸੰਸਥਾਂ ਨੂੰ ਆਰਐੱਸ ਐੱਸ-ਭਾਜਪਾ ਦੇ ਕੰਟਰੋਲ ‘ਚ ਲਿਆਂਦਾ ਜਾ ਰਿਹਾ ਹੈ। ਆਗੂਆਂ ਨੇ ਚਾਂਸਲਰ ਦੀ ਉੱਚ ਪੱਧਰ ਕਮੇਟੀ ਦੀ ਰਿਪੋਰਟ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉੱਚ ਪੱਧਰ ਕਮੇਟੀ ਵਲੋਂ ਪ੍ਰਸਤਾਵਿਤ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੇ ਬਾਹਰੀ ਇਲਾਕੇ ਸ਼ਾਮਲ ਕਰਕੇ, ਯੂਨੀਵਰਸਿਟੀ ਦੇ ਖੇਤਰੀ ਅਧਿਕਾਰ ‘ਚ ਕਮੀ ਕਰਨ ਲਈ ਚੁੱਕਿਆ ਗਿਆ ਕੋਈ ਵੀ ਕਦਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਕਤ ਆਗੂਆਂ ਨੇ ਮੰਗ ਕੀਤੀ ਹੈ ਕਿ ਪਹਿਲਾਂ ਯੂਨੀਵਰਸਿਟੀ ਦੇ ਚਾਂਸਲਰ ਪੰਜਾਬ ਦੇ ਰਾਜਪਾਲ ਹੁੰਦੇ ਸਨ ਅਤੇ ਅੰਤ੍ਰਿਮ ਆਦੇਸ਼ ‘ਤੇ ਇਹ ਚਾਰਜ ਉੱਪ-ਰਾਸ਼ਟਰਪਤੀ ਨੂੰ ਦਿੱਤਾ ਸੀ, ਜਿਸ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ।

Scroll To Top