ਖਡੂਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਵਲੋਂ ਪਿੰਡ ਸਹਿੰਸਰਾ ਵਿਖੇ ਭਰਵੀਂ ਮੀਟਿੰਗ ਹੋਈ| ਮੀਟਿੰਗ ਦੀ ਪ੍ਰਧਾਨਗੀ ਜਗਿੰਦਰ ਸਿੰਘ ਸਹਿੰਸਰਾ ਨੇ ਕੀਤੀ| ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਰਾਏ ਨੇ ਕਿਹਾ ਕਿ 12 ਨਵੰਬਰ ਨੂੰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਇਕ ਵਿਸ਼ਾਲ ਰੈਲੀ ਖਡੂਰ ਸਾਹਿਬ ਵਿਖੇ ‘ਲੋਕ ਜਗਾਉ ਲੁਟੇਰੇ ਭਜਾਓ’ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿਚ ਪਾਰਟੀ ਵਲੋਂ 15 ਨੁਕਾਤੀ ਪ੍ਰੋਗਰਾਮ ਬਾਰੇ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਬਾਰੇ ਮੀਟਿੰਗ ਵਿਚ ਹਾਜ਼ਰ ਅਹੁਦੇਦਾਰਾਂ ਨੂੰ ਵਿਸਥਾਰ ਸਹਿਤ ਚਾਨਣਾ ਪਾਇਆ|
ਸਾਥੀ ਜਾਮਾਰਾਏ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦੇਸ਼ ਵਿਦੇਸ਼ ਦੀਆਂ ਵੱਡੀਆਂ ਕੰਪਨੀਆਂ ਅਤੇ ਦੇਸ਼ ਦੇ ਸਰਮਾਏਦਾਰ ਘਰਾਣਿਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ, ਜਿਸ ਨੂੰ ਗ਼ਰੀਬ ਲੋਕਾਂ ਤੋਂ ਖੁੱਸਦੀ ਜਾ ਰਹੀ ਵਿਦਿਆ, ਸਿਹਤ ਸਹੂਲਤਾਂ ਅਤੇ ਰੋਜ਼ਗਾਰ ਦੀ ਕੋਈ ਚਿੰਤਾ ਨਹੀਂ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ ਨੇ ਕਿਹਾ ਕਿ 12 ਨਵੰਬਰ ਨੂੰ ਜਲਿ੍ਹਆਂ ਵਾਲੇ ਬਾਗ ਤੋਂ ਜਥਾ ਜਿਸ ਦਾ ਕਿ ਪਿੰਡਾਂ ਵਿਚ ਢੋਟਾ, ਨਾਗੋਕੇ ਮੋੜ ‘ਤੇ ਸਵਾਗਤ ਕੀਤਾ ਜਾਵੇਗਾ ਤੇ ਇਹ ਜਥਾ ਬਾਅਦ ਵਿਚ ਖਡੂਰ ਸਾਹਿਬ ਵਿਖੇ ਲੋਕ ਜਗਾਓ ਲੁਟੇਰੇ ਭਜਾਓ ਰੈਲੀ ਵਿਚ ਸ਼ਾਮਲ ਹੋਵੇਗਾ | ਇਸ ਮੌਕੇ ਕਿਸਾਨ ਆਗੂ ਨੰਬਰਦਾਰ ਅਜੀਤ ਸਿੰਘ ਢੋਟਾ, ਬਲਵੰਤ ਸਿੰਘ, ਮੁਖਤਾਰ ਸਿੰਘ, ਜਗਤਾਰ ਸਿੰਘ, ਜਗੀਰ ਸਿੰਘ, ਚੰਨਣ ਸਿੰਘ, ਸਾਧਾ ਸਿੰਘ, ਤਰਸੇਮ ਸਿੰਘ ਆਦਿ ਆਗੂ ਹਾਜ਼ਰ ਸਨ|